ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 June 2020
ਪ੍ਰਧਾਨ ਮੰਤਰੀ ਸਾਹਮਣੇ ਆਉਣ ਤੇ ਦੇਸ਼ ਨੂੰ ਭਰੋਸੇ ‘ਚ ਲੈਣ- ਸੋਨੀਆ ਗਾਂਧੀ
ਭੀੜੀ ਗਲੀ ਵਿਚ ਹੋ ਗਏ ਟਾਕਰੇ, ਬਹਿ ਕੇ ਗੱਲਾਂ ਕਰੀਏ।
ਅਦਾਲਤ ਵਲੋਂ ਭਗੌੜਾ ਕਰਾਰ ਦਿਤਾ ਗਿਆ ਵਿਅਕਤੀ ਬੀ.ਡੀ.ਓ. ਦੀ ਪਦਵੀ ‘ਤੇ- ਇਕ ਖ਼ਬਰ
ਜਿੱਥੇ ਨਿੰਮ ਨੂੰ ਪਤਾਸੇ ਲਗਦੇ, ਉਹ ਮੇਰਾ ਦੇਸ਼ ਬੇਲੀਓ।
ਭਾਜਪਾ ਵਲੋਂ ਸੰਘੀ ਢਾਂਚੇ ਦਾ ਗਲ਼ ਘੁੱਟਣ ਵਿਚ ਬਾਦਲ ਬਰਾਬਰ ਦੇ ਭਾਈਵਾਲ- ਕਾਂਗਰਸੀ ਮੰਤਰੀ
ਤਰਫ਼ ਕੌਮ ਦੇ ਨਹੀਂ ਖਿਆਲ ਤੇਰਾ, ਮਤਲਬ ਆਪਣੇ ਦਾ ਨਿਰਾ ਯਾਰ ਏਂ ਤੂੰ।
ਨਵਜੋਤ ਸਿੱਧੂ ਦੀ ਕੋਠੀ ਅੱਗੇ ਲਾਏ ਬਿਹਾਰ ਪੁਲਿਸ ਨੇ ਡੇਰੇ-ਇਕ ਖ਼ਬਰ
ਪੁਲਿਸ ਨੂੰ ਮਾਰ ਗਿਆ, ਤੇਰਾ ਮੁੜ ਕੇ ਆਉਣ ਦਾ ਲਾਰਾ।
ਕਿਸਾਨੀ ਮੁੱਦਿਆਂ ‘ਤੇ ਕੈਪਟਨ ਨੇ ਸੱਦੀ ਕੇਂਦਰ ਵਿਰੋਧੀ ਸਰਬ ਪਾਰਟੀ ਮੀਟਿੰਗ: ਅਕਾਲੀ ਦਲ ਮੁਸ਼ਕਿਲ ‘ਚ-ਇਕ ਖ਼ਬਰ
ਸੱਪ ਦੇ ਮੂੰਹ ‘ਚ ਕਿਰਲੀ, ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ।
ਬੇਅਦਬੀ ਕੇਸਾਂ ‘ਚ ਬਾਦਲਾਂ ਨੂੰ ਸ਼ਰੇਆਮ ਬਚਾਅ ਰਹੀ ਹੈ ਕੈਪਟਨ ਸਰਕਾਰ- ਹਰਪਾਲ ਚੀਮਾ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।
ਕੇਂਦਰ ਦੇ ਕਾਲੇ ਕਾਨੂੰਨ ਕਿਸਾਨੀ ਨੂੰ ਤਬਾਹ ਕਰ ਦੇਣਗੇ- ਜਾਖੜ
ਰਾਤੀਂ ਰੋਂਦੀ ਦਾ, ਭਿੱਜ ਗਿਆ ਲਾਲ ਪੰਘੂੜਾ।
ਦਿੱਲੀ ਦੇ ਸਿੱਖ ਆਗੂਆਂ ਨੂੰ ਉੱਤਰ ਪ੍ਰਦੇਸ਼ ਦੇ ਸਿੱਖਾਂ ਦੀ ਆਈ ਯਾਦ- ਇਕ ਖ਼ਬਰ
ਬੋਤਾ ਵੀਰ ਦਾ ਨਜ਼ਰ ਨਾ ਆਵੇ, ਉਡਦੀ ਧੂੜ ਦਿਸੇ।
ਅਕਾਲੀ ਦਲ ਇਕ ਦੇਸ਼ ਇਕ ਮੰਡੀ ਦਾ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ-ਸੁਖਬੀਰ ਬਾਦਲ
ਬੱਲੇ ਬਈ ਬਾਦਲੋ! ਦਿੱਲੀ ਇਹਦੇ ਹੱਕ ‘ਚ ਵੋਟਾਂ ਤੇ ਪੰਜਾਬ ‘ਚ ਵਿਰੋਧ।
ਸਰਹੱਦ ਰੇਖਾ ਵਧਾਉਣ ਲਈ ਨਿਪਾਲ ਨੂੰ ਚੀਨ ਕਰ ਰਿਹਾ ਹੈ ਪ੍ਰੇਰਿਤ- ਸੁਰੱਖਿਆ ਮਾਹਿਰ
ਚੁੱਕੀ ਹੋਈ ਪੰਚਾਂ ਦੀ, ਗਾਲ਼ ਬਿਨਾਂ ਨਾ ਬੋਲੇ।
ਕੋਰੋਨਾ ਦੇ ਕਹਿਰ ਦੇ ਬਾਵਜੂਦ ਸਿਆਸੀ ਏਜੰਡਾ ਤੋਰਨ ‘ਚ ਰੁੱਝੀ ਭਾਜਪਾ-ਇਕ ਖ਼ਬਰ
ਰੋਮ ਸਾਰਾ ਪਿਆ ਜਲ਼ਦਾ, ਨੀਰੋ ਆਪਣੀ ਹੀ ਬੰਸਰੀ ਵਜਾਵੇ।
ਭਾਰਤ-ਚੀਨ ਤਣਾਅ ‘ਤੇ ਸਾਡੀ ਨੇੜਿਉਂ ਨਜ਼ਰ-ਟਰੰਪ
ਸਭ ਜਾਣਦੇ ਐ ਕਿ ਇੱਲ ਦੀ ਨਿਗਾਹ ਕਾਹਦੇ ‘ਤੇ ਹੁੰਦੀ ਐ।
ਸਕੂਲ ਦੇ ਕਲਰਕ ਨੇ ਹੈੱਡਮਾਸਟਰ ਨਾਲ ਮਿਲ ਕੇ ਸਰਕਾਰ ਨੂੰ ਇਕ ਕਰੋੜ ਦਾ ਚੂਨਾ ਲਾਇਆ-ਇਕ ਖ਼ਬਰ
ਗੁਰੂ ਜਿਹਨਾਂ ਦੇ ਟੱਪਣੇ, ਚੇਲੇ ਜਾਣ ਛੜੱਪ।
ਸ਼ਹੀਦ ਜਵਾਨਾਂ ‘ਚ ਸਭ ਤੋਂ ਵੱਧ 12 ਬਿਹਾਰ ਰੈਜਮੈਂਟ ਦੇ- ਇਕ ਖ਼ਬਰ
56 ਇੰਚ ਸੀਨੇ ਵਾਲੇ ਕਿਧਰ ਗਏ ਬਈ।