ਭੀਮ ਦੇ ਯਰਾਨੇ - ਕੁਲਦੀਪ ਚੁੰਬਰ
ਅਸੀਂ ਓਸ ਭੀਮ ਦੇ ਦੀਵਾਨੇ ਹਾਂ ਦੀਵਾਨੇ
ਦੁਖੀਆਂ ਗਰੀਬਾਂ ਨਾਲ ਜਿਸ ਦੇ ਯਰਾਨੇ।
ਓਹਦੇ ਸੰਗੀ ਸਾਥੀ ਹੌਕੇ ਹਾਵਿਆਂ 'ਚ ਸਿੰਨ੍ਹੇ
ਜਿਹਨਾਂ ਦੇ ਕਲੇਜੇ ਪਾਪੀ ਵੈਰੀਆਂ ਨੇ ਵਿੰਨ੍ਹੇ
ਸਿਰੋਂ ਪੈਰਾਂ ਤੱਕ ਜਿਹਨਾਂ ਝੱਲੇ ਮੇਹਣੇ ਤਾਹਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .
ਦੁੱਖਾਂ ਦੀ ਕਹਾਣੀ ਜਿਸ ਵਰਗ ਦੀ ਲੰਮੀ
ਓਹਨਾਂ ਦੀਆਂ ਛੱਤਾਂ ਥੱਲੇ ਭੀਮ ਦਿੱਤੀ ਥੰਮੀ
ਹਾਕਮਾਂ ਨੂੰ ਕਲਮ ਬਣਾ ਗਈ ਨਿਸ਼ਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .
ਖੂਨ ਤੇ ਪਸੀਨੇ ਨਾਲ ਭਿੱਜੇ ਰਹਿਣ ਜਿਹੜੇ
ਦੁੱਖ ਗ਼ਮ ਜਿਹਨਾਂ ਦੇ ਨੇ ਬੈਠੇ ਆਕੇ ਵਿਹੜੇ
ਜਿਹਨਾਂ ਦੀਆਂ ਸੁਰਾਂ ਵਿਚ ਦਰਦ ਤਰਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .
ਆਰ ਪਰਿਵਾਰ ਸਾਰਾ ਕੌਮ ਸਿਰੋਂ ਵਾਰਿਆ
ਆਪਣੇ ਅਖੀਰੀ ਦਮ ਤਾਈਂ ਵੀ ਨਾ ਹਾਰਿਆ
ਭਲਾਈ ਲਈ ਲੱਭਦਾ ਹੀ ਰਿਹਾ ਓਹ ਬਹਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .
ਅਸੀਂ ਭੀਮ ਮਰ ਕੇ ਵੀ ਭੁੱਲ ਨਹੀਂਓ ਸਕਦੇ
ਹੋਰ ਕਿਸੇ ਉੱਤੇ ਕਦੇ ਡੁੱਲ੍ਹ ਨਹੀਂਓ ਸਕਦੇ
'ਚੁੰਬਰਾ' ਨਾ ਕਦੇ ਅਸੀਂ ਓਸ ਲਈ ਬੇਗ਼ਾਨੇ
ਦੁਖੀਆਂ ਗਰੀਬਾਂ ਨਾਲ ਭੀਮ ਦੇ . . . . . .
ਲੇਖਕ : ਕੁਲਦੀਪ ਚੁੰਬਰ , 98151-37254