ਰੋਣਾ ਵੀ ਸਿਹਤ ਲਈ ਚੰਗਾ ਹੈ - ਡਾ. ਹਰਸ਼ਿੰਦਰ ਕੌਰ, ਐਮ. ਡੀ.,
ਜ਼ਰਾ ਜਿੰਨੀ ਗੱਲ ਉੱਤੇ ਫਿਸ ਪੈਣਾ ਵੀ ਕਿਸੇ ਕਿਸੇ ਦਾ ਕਿਰਦਾਰ ਹੁੰਦਾ ਹੈ। ਕੋਈ ਵੱਡੇ ਤੋਂ ਵੱਡੇ ਸਦਮੇ ਨੂੰ ਵੀ ਹੰਝੂ ਕੱਢੇ ਬਗ਼ੈਰ ਜਰ ਜਾਂਦਾ ਹੈ।
ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਈ ਇਕ ਜਣਾ ਦੂਜੇ ਤੋਂ ਮਾਨਸਿਕ ਪੱਖੋਂ ਵੱਧ ਜਾਂ ਘੱਟ ਤਾਕਤਵਾਰ ਹੈ। ਕਈ ਵਾਰ ਬਿਲਕੁਲ ਨਾ ਰੋਣ ਵਾਲੇ ਅਤੇ ਲੋਕਾਂ ਵਿਚ ਬੜੀ ਮਕਬੂਲ ਸ਼ਖ਼ਸੀਅਤ ਵਾਲੇ ਵੀ ਖ਼ੁਦਕੁਸ਼ੀ ਕਰ ਜਾਂਦੇ ਹਨ ਤੇ ਦੂਜੇ ਪਾਸੇ ਜ਼ਰਾ ਜਿੰਨੀ ਗੱਲ ਉੱਤੇ ਰੋਣ ਵਾਲੇ ਕਈ ਵਾਰ ਔਖਾ ਸਮਾਂ ਸੌਖਿਆਂ ਪਾਰ ਕਰ ਜਾਂਦੇ ਹਨ।
ਇਹ ਵੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਰੋਣਾ ਆਪਣੀ ਗੱਲ ਨਾਲੋਂ ਹੋਰਨਾਂ ਕਰਕੇ ਵੱਧ ਆਉਂਦਾ ਹੈ। ਆਪਣੀ ਔਖਿਆਈ ਨਾਲੋਂ ਦੂਜੇ ਦਾ ਸੁਖ ਜਰਨਾ ਜ਼ਿਆਦਾ ਔਖਾ ਹੁੰਦਾ ਹੈ। ਇਸੇ ਲਈ ਬਹੁਤੇ ਲੋਕ ਲੁਕ ਛਿਪ ਕੇ ਰੋਂਦੇ ਅਤੇ ਮਨ ਅੰਦਰਲੀ ਭੜਾਸ ਕੱਢ ਲੈਂਦੇ ਹਨ, ਪਰ ਕੁੱਝ ਸਾਰਿਆਂ ਦੇ ਸਾਹਮਣੇ ਹੀ ਦੂਜੇ ਲਈ ਮਾੜੀ ਸ਼ਬਦਾਵਲੀ ਬੋਲ ਕੇ ਸੀਨੇ ਵਿਚ ਠੰਡ ਪਾ ਲੈਂਦੇ ਹਨ।
ਗੱਲ ਦਰਅਸਲ ਆਪਣੇ ਮਨ ਨੂੰ ਸਮਝਾਉਣ ਦੀ ਹੁੰਦੀ ਹੈ। ਹਰ ਕਿਸੇ ਦਾ ਆਪੋ ਆਪਣਾ ਸਮਾਂ ਹੁੰਦਾ ਹੈ। ਕਦੇ ਨਿਵਾਣ, ਕਦੇ ਚੜ੍ਹਾਈ!
ਕਿਸੇ ਨੇ 11 ਸਾਲਾਂ ਉੱਤੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਕੋਲ ਛੇਤੀ ਵਾਧੂ ਪੈਸਾ ਆ ਗਿਆ ਪਰ ਉਸ ਦੀ ਕੰਪਨੀ ਦਾ ਦੀਵਾਲਾ ਉਦੋਂ ਨਿਕਲ ਗਿਆ ਜਦੋਂ ਉਹ ਹਾਲੇ 45 ਸਾਲਾਂ ਦਾ ਸੀ। ਕਿਸੇ ਹੋਰ ਕੋਲ 45 ਸਾਲਾਂ ਉੱਤੇ ਵੱਡੀ ਕਾਰ ਆਈ ਤੇ ਉਸ ਦਾ ਜਵਾਨ ਪੁੱਤਰ ਉਸ ਕਾਰ ਨੂੰ ਚਲਾਉਂਦਾ ਐਕਸੀਡੈਂਟ ਵਿਚ ਮਾਰਿਆ ਗਿਆ।
ਕਹਿਣ ਦਾ ਭਾਵ ਇਹ ਹੈ ਕਿ ਅਮਰੀਕਾ ਤੇ ਭਾਰਤ ਵਿਚਲੇ ਵਕਤ ਦੇ ਫ਼ਰਕ ਸਦਕਾ ਕੋਈ ਦਿਨ ਵੇਲੇ ਕੰਮ ਕਰ ਰਿਹਾ ਹੈ ਤਾਂ ਦੂਜਾ ਉਸੇ ਵੇਲੇ ਵਕਤ ਦੀ ਉਲਟ ਫੇਰ ਕਰਕੇ ਸੌਂ ਰਿਹਾ ਹੁੰਦਾ ਹੈ। ਸੋ ਕਿਸੇ ਦੂਜੇ ਦੀ ਤਕਦੀਰ ਨਾਲ ਆਪਣੀ ਮੇਚੀ ਨਹੀਂ ਜਾ ਸਕਦੀ।
ਕੋਈ 100 ਸਾਲ ਤਕ ਜੀਅ ਲੈਂਦਾ ਹੈ ਤੇ ਕੋਈ 16 ਵਰ੍ਹਿਆਂ 'ਤੇ ਕੂਚ ਕਰ ਜਾਂਦਾ ਹੈ। ਕਿਸੇ ਦੀ ਕੋਈ ਪਛਾਣ, ਕਿਸੇ ਦਾ ਕੋਈ ਰੁਤਬਾ, ਕੋਈ ਸਾਰੀ ਉਮਰ ਹੱਥ ਅੱਡਦਾ ਰਹਿ ਜਾਂਦਾ ਹੈ ਤੇ ਕੋਈ ਅਣਪਛਾਤੀ ਲਾਸ਼ ਬਣ ਜਾਂਦਾ ਹੈ।
ਸਪਸ਼ਟ ਹੋ ਗਿਆ ਕਿ ਕਿਸੇ ਹੋਰ ਸਦਕਾ ਰੋਣਾ ਬੇਵਕੂਫ਼ੀ ਹੈ। ਕਿਸੇ ਹੋਰ ਦੀ ਪ੍ਰਾਪਤੀ ਉੱਤੇ ਆਪਣਾ ਲਹੂ ਸਾੜ ਕੇ ਕੁੱਝ ਹਾਸਲ ਨਹੀਂ ਹੁੰਦਾ।
ਕੁਦਰਤ ਨੇ ਇਨਸਾਨ ਨੂੰ ਬਹੁਤ ਕਮਾਲ ਦੀ ਆਦਤ ਬਖ਼ਸ਼ੀ ਹੈ-'ਰੋਣਾ'! ਇਸ ਨਾਲ ਬੇਅੰਤ ਫਾਲਤੂ ਦੇ ਜਜ਼ਬਾਤ, ਜੋ ਦਿਮਾਗ਼ ਨੂੰ ਜਕੜ ਕੇ ਬੈਠੇ ਹੁੰਦੇ ਹਨ, ਹੰਝੂਆਂ ਰਾਹੀਂ ਵਹਿ ਕੇ ਦਿਮਾਗ਼ ਦੀ ਸਫ਼ਾਈ ਕਰ ਦਿੰਦੇ ਹਨ।
ਜੰਮਣ ਸਮੇਂ ਦਾ ਰੋਣਾ ਸਾਡੇ ਫੇਫੜੇ ਸਾਫ਼ ਕਰਦਾ ਹੈ। ਕੁੱਝ ਵੱਡੇ ਹੋ ਜਾਣ ਉੱਤੇ ਸਾਡੀਆਂ ਜ਼ਿੱਦਾਂ ਪੂਰੀਆਂ ਕਰਵਾ ਦਿੰਦਾ ਹੈ ਅਤੇ ਹੋਰ ਵੱਡੇ ਹੋ ਕੇ ਮਗਰਮੱਛ ਦੇ ਹੰਝੂ ਹੋਣ ਤੇ ਭਾਵੇਂ ਅਸਲ ਦੇ, ਕਿਸੇ ਨਾ ਕਿਸੇ ਕੰਮ ਤਾਂ ਆਉਂਦੇ ਹੀ ਹਨ।
ਕੁੱਝ ਮਨੋਗਿਵਿਆਨੀ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਜੇ ਉੱਕਾ ਹੀ ਨਹੀਂ ਰੋ ਰਹੇ ਤਾਂ ਢਹਿੰਦੀ ਕਲਾ ਵਿਚ ਜਾਣ ਜਾਂ ਲੋੜੋਂ ਵੱਧ ਗੁੱਸਾ ਕਰਦੇ ਰਹਿਣ ਦਾ ਖ਼ਤਰਾ ਹੋ ਸਕਦਾ ਹੈ।
ਰਾਓਲ ਵਾਲਨਬਰਗ ਇੰਸਟੀਚਿਊਟ ਆਫ ਐਥਿੱਕਸ ਦੇ ਡਾਇਰੈਕਟਰ ਡਾ. ਸਟੀਫਨ ਸਾਈਡਰੌਫ ਨੇ ਖੋਜ ਕਰ ਕੇ ਇਹ ਤੱਥ ਦੱਸੇ ਹਨ ਕਿ ਦਿਮਾਗ਼ ਨੂੰ ਕੱਸ ਕੇ ਬੰਨ੍ਹੇ ਜਜ਼ਬਾਤਾਂ ਦੇ ਸੰਗਲ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਜੇ ਕਦੇ ਕਦਾਈਂ ਦਿਮਾਗ਼ ਦੀ ਸਫ਼ਾਈ ਨਾ ਹੁੰਦੀ ਰਹੇ ਤਾਂ ਉੱਲੀ ਲੱਗਣ ਵਾਂਗ ਹੀ ਅਜਿਹੇ ਬੰਦੇ ਦੀ ਸ਼ਖ਼ਸੀਅਤ ਅੜਬ ਤੇ ਘਿਨਾਉਣੀ ਹੋਣ ਲੱਗ ਪੈਂਦੀ ਹੈ।
ਜਪਾਨ ਵਿਚ ਤਾਂ ਹੁਣ 'ਰੋਣ ਦੇ ਕਲੱਬ' ਬਣ ਚੁੱਕੇ ਹਨ ਜਿਨ੍ਹਾਂ ਨੂੰ 'ਰੂਈ ਕਤਸੂ' ਕਹਿੰਦੇ ਹਨ। ਜਪਾਨ ਵਿਚ ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ ਵੇਖਦਿਆਂ ਹੀ ਇਹ ਕਦਮ ਚੁੱਕਿਆ ਗਿਆ ਹੈ। ਇਸ ਵਿਚ ਕਲੱਬਾਂ ਵਿਚ ਰੋਣ ਦੇ ਕੁੱਝ ਸੀਨ ਜਾਂ ਭਾਵੁਕ ਘਟਨਾਵਾਂ ਵਿਖਾ ਕੇ ਵੀ ਰੁਆਇਆ ਜਾਂਦਾ ਹੈ। ਕਲੱਬ ਦੇ ਮੈਂਬਰਾਂ ਦੀ ਹਰ ਮਹੀਨੇ ਮਾਨਸਿਕ ਸਿਹਤ ਚੈੱਕ ਕੀਤੀ ਜਾਂਦੀ ਹੈ। ਅਨੇਕ ਤਰ੍ਹਾਂ ਦੇ ਟੈਸਟਾਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਇਨ੍ਹਾਂ ਲੋਕਾਂ ਵਿਚ ਢਹਿੰਦੀ ਕਲਾ ਹੌਲੀ-ਹੌਲੀ ਘੱਟ ਗਈ ਅਤੇ ਸਹਿਨਸ਼ੀਲਤਾ ਵੱਧ ਗਈ।
ਇੱਕ ਹੋਰ ਖੋਜ ਜੋ ਸਾਈਡਰੌਫ ਨੇ ਕੀਤੀ, ਉਸ ਵਿਚ ਸਪਸ਼ਟ ਹੋਇਆ ਕਿ ਰੋਣ ਵੇਲੇ ਨਿਕਲੇ ਹੰਝੂਆਂ ਵਿਚ ਤਣਾਓ ਦੇ ਹਾਰਮੋਨ ਵੀ ਬਾਹਰ ਨਿਕਲ ਰਹੇ ਹੁੰਦੇ ਹਨ। ਇਹ ਹਾਰਮੋਨ ਅੱਖ ਵਿਚ ਕੁੱਝ ਪੈ ਜਾਣ ਉੱਤੇ ਨਿਕਲੇ ਪਾਣੀ ਵਿਚ ਨਹੀਂ ਹੁੰਦੇ।
ਭਾਵੁਕ ਹੋ ਕੇ ਨਿਕਲੇ ਹੰਝੂਆਂ ਵਿਚ ਮੈਂਗਨੀਜ਼ ਵੀ ਕਾਫ਼ੀ ਬਾਹਰ ਨਿਕਲ ਜਾਂਦਾ ਹੈ ਜੋ ਮੂਡ ਉੱਤੇ ਅਸਰ ਪਾਉਂਦਾ ਹੈ। ਰੋਣ ਨਾਲ ਦਿਮਾਗ਼ ਵਿਚਲਾ ਪੈਰਾਸਿੰਪਾਥੈਟਿਕ ਹਿੱਸਾ ਵੀ ਚੁਸਤ ਹੋ ਕੇ ਦਿਮਾਗ਼ ਤੇ ਸਰੀਰ ਵਿਚਲਾ ਸੰਤੁਲਨ ਠੀਕ ਕਰ ਦਿੰਦਾ ਹੈ, ਸਰੀਰ ਦੇ ਆਕੜੇ ਹੋਏ ਪੱਠੇ ਢਿੱਲੇ ਕਰਦਾ ਹੈ ਅਤੇ ਪਾਟਣ ਉੱਤੇ ਆਏ ਸਿਰ ਨੂੰ ਜਕੜਨ ਦੇ ਇਹਸਾਸ ਤੋਂ ਮੁਕਤ ਕਰ ਦਿੰਦਾ ਹੈ।
ਭਾਵੁਕ ਇਨਸਾਨ ਦੂਜਿਆਂ ਉੱਤੇ ਬਹੁਤਾ ਜ਼ੁਲਮ ਨਹੀਂ ਕਰਦਾ ਤੇ ਨਾ ਚੁਭਵੀਆਂ ਗੱਲਾਂ ਕਰਦਾ ਹੈ। ਰੋਣ ਦੇ ਕਲੱਬਾਂ ਵਿਚ ਅਜਿਹੇ ਲੋਕ ਵੀ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਵੇਖਿਆ ਤੇ ਉਹ ਲੋਕਾਂ ਵਿਚ ਆਪਣੇ ਜਜ਼ਬਾਤ ਹਮੇਸ਼ਾ ਦੱਬ ਕੇ ਰੱਖਦੇ ਹਨ। ਕਲੱਬਾਂ ਵਿਚ ਸਭ ਨਾਲ ਰਲ ਕੇ ਰੋਣ ਨਾਲ ਗਿਲੇ ਸ਼ਿਕਵੇ ਵੀ ਘੱਟ ਜਾਂਦੇ ਹਨ ਤੇ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਮੁਸ਼ਕਲਾਂ ਹਰ ਕਿਸੇ ਉੱਤੇ ਆਉਂਦੀਆਂ ਹਨ। ਸਿਰਫ਼ ਸਾਡੇ ਨਾਲ ਹੀ ਰਬ ਦਾ ਵੈਰ ਨਹੀਂ ਹੈ।
ਸਾਈਕੈਟਰੀ ਦੇ ਪ੍ਰੋਫੈੱਸਰ ਜੂਡਿੱਥ ਜੋ ਲਾਸ ਏਂਜਲਸ ਦੀ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ, ਨੇ ਦੱਸਿਆ ਹੈ ਕਿ ਨਕਾਰਾਤਮਕ ਵਿਚਾਰਾਂ ਤੋਂ ਛੁੱਟੀ ਪਾਉਣ ਲਈ ਰੋਣਾ ਬਹੁਤ ਜ਼ਰੂਰੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਦਿਨ ਰੋਂਦੇ ਹੀ ਰਹੋ।
ਆਪਣਾ ਮਜ਼ਾਕ ਬਣ ਜਾਣ ਤੋਂ ਬਚਣ ਲਈ ਬਿਹਤਰ ਹੈ ਇਕੱਲੇ ਬਹਿ ਕੇ ਭਾਵੇਂ ਕੁੱਝ ਚਿਰ ਹੀ ਸਹੀ, ਜ਼ਾਰ-ਜ਼ਾਰ ਰੋ ਲਿਆ ਜਾਵੇ। ਜੇ ਅਜਿਹਾ ਸੰਭਵ ਨਹੀਂ ਤਾਂ ਰੋਣ ਵਾਲੇ ਕਲੱਬਾਂ ਵਿਚ ਜ਼ਰੂਰ ਹਫ਼ਤੇ ਵਿਚ ਜਾਂ ਪੰਦਰੀਂ ਦਿਨੀਂ ਇੱਕ ਵਾਰ ਜਾ ਆਉਣਾ ਚਾਹੀਦਾ ਹੈ। ਜੇ ਬਹੁਤਾ ਦਿਲ ਖ਼ਰਾਬ ਹੋਵੇ ਤਾਂ ਹਫ਼ਤੇ ਵਿਚ ਦੋ ਵਾਰ ਵੀ ਜਾਇਆ ਜਾ ਸਕਦਾ ਹੈ।
ਭਾਵੁਕ ਹੋ ਕੇ ਰੋਣ ਨਾਲ ਨਿਕਲੇ ਹੰਝੂਆਂ ਨਾਲ ਅੱਖਾਂ ਵਿਚ ਪਏ ਘੱਟੇ ਮਿੱਟੀ ਦੇ ਕਣ ਨਿਕਲ ਜਾਣ ਨਾਲ ਅੱਖਾਂ ਵੀ ਸਾਫ਼ ਹੋ ਜਾਂਦੀਆਂ ਹਨ ਅਤੇ ਅੱਖਾਂ ਤੋਂ ਨੱਕ ਤੱਕ ਜਾਂਦਾ ਰਾਹ ਵੀ ਸਾਫ਼ ਹੋ ਜਾਂਦਾ ਹੈ। ਰੋਂਦੇ ਸਾਰ ਸਹਿਜ ਨਹੀਂ ਹੋਇਆ ਜਾਂਦਾ। ਕੁੱਝ ਪਲ ਰੋਂਦੇ ਰਹਿਣ ਬਾਅਦ ਹੀ ਅਸਰ ਦਿਸਦਾ ਹੈ।
ਰੋਣ ਤੋਂ 10-15 ਮਿੰਟ ਬਾਅਦ ਸਰੀਰ ਅੰਦਰ ਓਕਸੀਟੋਸਿਨ ਅਤੇ ਐਂਡੋਜੀਨੱਸ ਓਪੀਆਇਡ ਨਿਕਲਦੇ ਹਨ ਜਿਨ੍ਹਾਂ ਨੂੰ ਐਂਡੋਰਫਿਨ ਕਿਹਾ ਜਾਂਦਾ ਹੈ। ਇਹ ਤਣਾਓ ਦੂਰ ਕਰ ਕੇ ਪੀੜ ਨੂੰ ਜਰਨ ਦੀ ਤਾਕਤ ਵੀ ਵਧਾ ਦਿੰਦੇ ਹਨ। ਸਰੀਰ ਸੁੰਨ ਜਿਹਾ ਹੋ ਜਾਂਦਾ ਹੈ ਤੇ ਮਨ ਸਹਿਜ ਹੋ ਜਾਂਦਾ ਹੈ।
ਸੁਬਕ ਸੁਬਕ ਕੇ ਰੋਣ ਵੇਲੇ ਠੰਡਾ ਸਾਹ ਅੰਦਰ ਖਿੱਚਿਆ ਜਾਂਦਾ ਹੈ ਤੇ ਦਿਮਾਗ਼ ਨੂੰ ਠੰਡਕ ਪਹੁੰਚਾ ਦਿੰਦਾ ਹੈ ਯਾਨੀ ਮੂਡ ਠੀਕ ਹੋਣ ਲੱਗ ਪੈਂਦਾ ਹੈ।
ਕੁੱਝ ਲੋਕ ਸਿਰਫ਼ ਧਿਆਨ ਖਿੱਚਣ ਲਈ ਰੋਣ ਲੱਗ ਪੈਂਦੇ ਹਨ। ਜੇ ਕਿਸੇ ਵੱਲੋਂ ਹੌਸਲਾ ਅਫਜ਼ਾਈ ਮਿਲ ਜਾਏ ਤਾਂ ਵੀ ਮਨ ਨੂੰ ਧਰਾਸ ਮਿਲ ਜਾਂਦੀ ਹੈ। ਅਫ਼ਸੋਸ ਮਹਿਸੂਸ ਹੁੰਦੇ ਸਾਰ ਰੋ ਲੈਣ ਨਾਲ ਛੇਤੀ ਸਹਿਜ ਹੋਇਆ ਜਾ ਸਕਦਾ ਹੈ। ਅਜਿਹਾ ਯੇਲ ਯੂਨੀਵਰਸਿਟੀ ਵਿਚ ਹੋਈ ਖੋਜ ਦੌਰਾਨ ਪਤਾ ਲੱਗਿਆ ਹੈ।
ਬੱਚਿਆਂ ਵਿਚ ਕੀਤੀ ਖੋਜ ਵਿਚ ਵੀ ਰੋਣ ਤੋਂ ਬਾਅਦ ਜਦੋਂ ਨਿੱਕੇ ਬੱਚੇ ਨੂੰ ਪਿਆਰ ਨਾਲ ਥਾਪੜ ਕੇ ਸੁਆਇਆ ਗਿਆ ਤਾਂ ਉਨ੍ਹਾਂ ਨੇ ਡੂੰਘੀ ਨੀਂਦਰ ਲਈ।
ਰੋਣ ਦੇ ਫ਼ਾਇਦੇ ਵੇਖਦੇ ਹੋਏ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਹਮੇਸ਼ਾ ਰੋਂਦੇ ਹੀ ਰਹਿਣਾ ਹੈ।
ਜੇ ਲੋੜੋਂ ਵੱਧ ਰੋਣਾ ਆਉਂਦਾ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਢਹਿੰਦੀ ਕਲਾ ਦਾ ਲੱਛਣ ਵੀ ਹੋ ਸਕਦਾ ਹੈ।
ਡਾਕਟਰ ਕੋਲ ਕਦੋਂ ਜਾਈਏ :-
- ਜੇ ਚਿੜਚਿੜਾਪਨ ਰੋਜ਼ ਮਹਿਸੂਸ ਹੋਣ ਲੱਗ ਪਵੇ
- ਸਾਰਾ ਦਿਨ ਉਦਾਸੀ ਘੇਰੀ ਰੱਖੇ
- ਭੁੱਖ ਮਰ ਜਾਵੇ ਜਾਂ ਭਾਰ ਵਧਣਾ ਸ਼ੁਰੂ ਹੋ ਜਾਵੇ
- ਕੰਮ ਕਰਨ ਨੂੰ ਦਿਲ ਨਾ ਕਰੇ
- ਨੀਂਦਰ ਵੱਧ ਜਾਂ ਬਹੁਤ ਘੱਟ ਜਾਵੇ
- ਸਰੀਰ ਵਿਚ ਪੀੜਾਂ ਹੁੰਦੀਆਂ ਰਹਿਣ
- ਮਰਨ ਨੂੰ ਦਿਲ ਕਰੇ।
ਕਿੰਨਾ ਰੋਣਾ ਠੀਕ ਹੁੰਦਾ ਹੈ ?
ਅਮਰੀਕਾ ਵਿਚ ਹੋਈ ਖੋਜ ਅਨੁਸਾਰ ਔਸਤਨ ਇੱਕ ਅਮਰੀਕਨ ਔਰਤ ਹਰ ਮਹੀਨੇ 3 ਤੋਂ 4 ਵਾਰ ਰੋਂਦੀ ਹੈ ਤੇ ਅਮਰੀਕਨ ਮਰਦ ਲਗਭਗ ਮਹੀਨੇ ਵਿਚ 2 ਵਾਰ। ਚੀਨੀ ਔਰਤ ਮਹੀਨੇ ਵਿਚ 1 ਜਾਂ 2 ਵਾਰ ਰੋ ਲੈਂਦੀ ਹੈ ਤੇ ਬੁਲਗੇਰੀਆ ਦੇ ਮਰਦ ਤਿੰਨ ਮਹੀਨਿਆਂ ਵਿਚ ਇਕ ਵਾਰ ਰੋਂਦੇ ਹਨ।
ਸਾਰ ਇਹ ਹੈ ਕਿ ਰੋਣਾ ਮਾੜੀ ਗੱਲ ਨਹੀਂ ਹੈ ਤੇ ਨਾ ਹੀ ਕਿਸੇ ਦੀ ਕਮਜ਼ੋਰੀ ਮੰਨਣਾ ਚਾਹੀਦਾ ਹੈ। ਜੇ ਮਨ ਬਹੁਤ ਦੁਖੀ ਹੋਵੇ ਤਾਂ ਰੋ ਲੈਣ ਨਾਲ ਛੇਤੀ ਸਹਿਜ ਹੋਇਆ ਜਾ ਸਕਦਾ ਹੈ। ਪਰ, ਕਿਸੇ ਵੀ ਹਾਲ ਵਿਚ ਰੋਜ਼ ਰੋਣਾ ਨਹੀਂ ਚਾਹੀਦਾ ਤੇ ਮਗਰਮੱਛ ਦੇ ਹੰਝੂਆਂ ਤੋਂ ਲੋਕਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783