ਮਲਵਈ ਗਿੱਧੇ ਨਾਲ ਚਰਚਾ 'ਚ -ਮੇਜਰ ਸਿੰਘ ਚੱਠਾ - ਯਾਦਵਿੰਦਰ ਸਿੱਧੂ

ਪ੍ਰੋ: ਮੇਜਰ ਸਿੰਘ ਚੱਠਾ ਕਲਾ ਦਾ ਇੱਕ ਅਜਿਹਾ ਭੰਡਾਰ ਹੈ ਕਿ ਉਸ ਬਾਰੇ ਗੱਲ ਕਰਨੀ ਵੀ ਔਖੀ ਹੋ ਜਾਂਦੀ ਹੈ ਕਿ ਗੱਲ ਕਿੱਥੋਂ ਸ਼ੁਰੂ ਕਰੀਏ । ਉਹ 22 ਦੇ ਲੱਗ ਭੱਗ ਸਾਜ ਵਜਾ ਲੈਂਦਾ ਹੈ । ਸਾਰੇ ਪੰਜਾਬੀ  ਲੋਕ ਨਾਚ ਨੱਚ ਲੈਂਦਾ ਹੈ ।ਮਲਵਈ ਗਿੱਧੇ ਵਿੱਚ ਉਸਦੀ ਧਾਂਕ ਹੈ ਕਿਉਂਕਿ ਉਸਦੇ ਪਿੰਡ ਵਿੱਚ ਇਸ ਲੋਕ ਨਾਚ ਨੇ ਅੰਗੜਾਈ ਲਈ ਤੇ ਉਦੋਂ ਉਹ 14 ਕੁ ਵਰਿਆਂ ਦਾ ਸੀ ਜਦੋਂ ਉਸ ਪਹਿਲੀ ਵਾਰ ਬਾਬਿਆਂ ਦੀ ਟੀਮ ਵਿੱਚ ਇੱਕ ਮੇਲੇ ਤੇ ਗਿੱਧਾ ਪਾਇਆ ।ਮਲਵਈ ਗਿੱਧੇ ਦੇ ਸਟੇਜੀਕਰਨ ਵਿੱਚ  ਉਹ ਮੋਢੀ ਮੈਂਬਰ ਸੀ।ਪੰਜਾਬ ਦੇ ਲੋਕ ਸਾਜਾਂ ਤੇ ਅਧਾਰਿਤ ਫੋਕ ਆਰਕੈਸਟਰਾ ਦੀ ਨੀਂਹ ਰੱਖਣ ਵਾਲਾ ਵੀ ਮੇਜਰ ਸਿੰਘ ਹੈ ਜੋ ਉਸਦੀ ਪੰਜਾਬੀ ਸੰਗੀਤ ਲਈ ਨਿਵੇਕਲੀ ਪ੍ਰਾਪਤੀ ਹੈ ।  ਹਿਸਟਰੀ ਵਿੱਚ ਖੋਜ ਕੀਤੀ ਹੈ- " ਗੁਰੂ ਕੇ ਬਾਗ ਦਾ ਬਦਲਾ: ਬੀ.ਟੀ. ਦਾ ਕਤਲ " ਪੁਸਤਕ ਰੂਪ ਵਿੱਚ ਪਾਠਕਾਂ ਦੀ  ਝੋਲੀ ਪਾਇਆ ।ਉਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਦੁਨੀਆਂ ਦੇ ਛੇ ਦਰਜਨ  ਦੇਸ਼ਾਂ ਵਿੱਚ ਆਪਣੀ ਕਲਾ ਦੀ ਧਾਂਕ ਜਮਾ ਚੁੱਕਾ ਹੈ ।  ਉਸਦੇ ਲਿਖੇ ਗੀਤ ਦਰਜਨ ਤੋਂ ਵੱਧ ਗਾਇਕਾਂ ਨੇ ਗਾਏ । ਗਾਇਕੀ ਵਿੱਚ 'ਨਾਗ' ਕੈਸਟ ਆਈ ਤਾਂ ਹਿੱਟ ਰਹੀ ਤੇ ਉਸਦਾ ਗਾਇਕੀ ਦੇ ਖੇਤਰ ਵਿੱਚ ਨਾਂ ਬਣ ਗਿਆ ।ਕਲਾ ਅਤੇ ਕੌਮੀ ਸੇਵਾ ਯੋਜਨਾ ਤਹਿਤ ਸੇਵਾ ਕਾਰਜਾਂ ਸਦਕਾ ਪੰਜਾਬ ਸਰਕਾਰ ਦਾ 'ਸ਼ਹੀਦ ਭਗਤ ਸਿੰਘ ਅਵਾਰਡ ' 1990 ਵਿੱਚ ਹਾਸਲ ਕੀਤਾ ।ਹੁਣ ਉਹ ਫਾਇਨਟੋਨ ਕੰਪਨੀ ਰਾਹੀਂ ਰਲੀਜ ਕੀਤੇ ਗੀਤ "ਗੱਭਰੂ ਕੈਂਠਿਆਂ ਵਾਲੇ" ਅਤੇ ਮਲਵਈ ਬੋਲੀਆਂ ਨਾਲ ਚਰਚਾ ਵਿੱਚ ਹੈ । ਪੰਜਾਬੀ ਸੰਗੀਤ ਦੇ ਉੱਘੇ ਹਸਤਾਖਰ ਸੁਖਪਾਲ ਸੁੱਖ ਦੇ ਸੰਗੀਤ ਨਾਲ ਸ਼ਿੰਗਾਰੇ ਇਹ ਦੋਵੇਂ ਸੰਗੀਤਕ ਸ਼ਾਹਕਾਰਾਂ ਨਾਲ ਉਸਦਾ ਗਾਇਕੀ ਦੇ ਖੇਤਰ ਵਿੱਚ ਕੱਦ ਹੋਰ ਵੀ ਉੱਚਾ ਹੋ ਗਿਆ ਹੈ । ਮੇਜਰ ਦੀ ਗਾਇਕੀ ਦਾ ਵਿਸ਼ੇਸ਼ ਪੱਖ ਇਹ ਰਿਹਾ ਹੈ ਕਿ ਉਸਨੇ ਲੋਕ ਸੰਗੀਤ ਦਾ ਮਾਹਿਰ ਹੋਕੇ ਵੀ ਆਪਣੀ ਗਾਇਕੀ ਵਿੱਚ ਵਕਤੀ ਸ਼ੋਹਰਤ ਲਈ ਸਾਹਿਤਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਢਾਹ ਨਹੀਂ ਲਾਈ । ਉਸਦੇ ਗੀਤਾਂ ਵਿੱਚ ਪੰਜਾਬ ਦੀ ਧਰਤੀ, ਇਥੋਂ ਦੀ ਜਵਾਨੀ , ਖਾਣ ਪੀਣ ,ਪਹਿਨਣ ਤੇ ਸੰਗੀਤ ਦੀ ਝਲਕ ਡੁੱਲ੍ਹ ਡੁੱਲ੍ਹ ਪੈਂਦੀ ਹੈ । ਦੇਖੋ ਕਿਵੇਂ ਉਹ ਪੰਜਾਬੀ ਨੌਜਵਾਨ ਦੀ ਸਿਫਤ ਕਰਦਾ ਹੈ -  "ਮੁੱਛ ਫੁੱਟ ਗੱਭਰੂ ਕੈਠਿਆਂ ਵਾਲੇ , ਬਈ ਮਾਵਾਂ ਦੁੱਧ ਮੱਖਣਾਂ ਨਾਲ ਪਾਲੇ, ਜਿੱਥੇ ਲਾਉਂਦੇ ਵਾਰਦੇ ਜਾਨਾਂ , ਬਈ ਦੁਨੀਆਂ ਖੜ੍ਹ ਖੜ੍ਹ ਕਰੇ ਸਲਾਮਾਂ ।" ਮਲਵਈ ਗਿੱਧੇ ਦੀਆਂ ਬੋਲੀਆਂ ਦਾ ਮੇਜਰ ਮਾਸਟਰ ਹੈ ਕਿਉਂਕਿ ਉਸਨੇ ਮਲਵਈ ਗਿੱਧੇ ਤੇ ਖੋਜ ਕਾਰਜ ਕਰਕੇ ਪੁਸਤਕ ਲਿਖੀ ਹੈ ਜਿਸਨੂੰ ਤਿਆਰ ਕਰਦਿਆਂ ਉਸ ਬੋਲੀਆਂ ਦਾ ਸੰਗ੍ਰਿਹ ਵੀ ਕੀਤਾ ਤੇ ਕੁਝ ਨਵੀਆਂ ਲਿਖੀਆਂ।ਫਾਈਨਟੋਨ ਰਾਹੀਂ ਰੀਲੀਜ ਕੀਤਾ ਮਲਵਈ ਗਿੱਧਾ 9 ਮਿੰਟ ਦਾ ਦਿਲ ਖਿੱਚਵੀਆਂ ਬੋਲੀਆਂ ਦਾ ਪੈਕ ਹੈ । ਮੇਜਰ ਸਿੰਘ ਦਾ ਕਹਿਣਾ ਹੈ ਕਿ ਇਹ ਟਰੈਕ ਮਲਵਈ ਗਿੱਧੇ ਦੀ ਮੰਚ ਪੇਸ਼ਕਾਰੀ ਨੂੰ ਸਾਹਮਣੇ ਰੱਖ ਕੇ ਤਿਆਰ ਕੀਤਾ ਗਿਆ ਹੈ । ਇਸ ਨਾਲ ਗਿੱਧੇ ਦੀ ਟੀਮ ਤਿਅਰ ਕਰਨ ਵਾਲਿਆਂ ਜਾਂ ਪੇਸ਼ਕਾਰੀ ਕਰਨ ਵਾਲਿਆਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ ।ਇਸਦਾ ਸੰਗੀਤ ਨਿਰੋਲ ਪੰਜਾਬੀ ਫੋਕ ਹੈ ਜਿਸ ਵਿੱਚ ਉਹ ਸਾਰੇ ਲੋਕ ਸਾਜ ਵਰਤੇ ਗਏ ਹਨ ਜੋ ਮਲਵਈ ਗਿੱਧੇ ਦੀ ਪੇਸ਼ਕਾਰੀ ਮੌਕੇ ਵਰਤੇ ਜਾਂਦੇ ਹਨ।

Yadwinder Sidhu
 #515, St. No. 3, Dashmesh Ave.
Sangrur-148001 (Punjab`)
PH. 98764 72400
 E-mail:yadwindersidhu@yahoo.com

Attached Photo: Major Singh Chattha Singer