ਅਸਫ਼ਲਤਾ ਨੂੰ ਸਫ਼ਲਤਾ ਬਣਾਉਂਦਿਆਂ - ਸਵਰਾਜਬੀਰ
ਇਹ ਕਥਨ ਕਿ ਆਜ਼ਾਦ ਮੰਡੀਕਰਨ ਜਮਹੂਰੀ ਸਮਾਜਾਂ ਵਿਚ ਜਮਹੂਰੀ ਤਰੀਕੇ ਨਾਲ ਫੈਲਦਾ ਹੈ, ਇਹ ਕਹਿਣ ਦਾ ਯਤਨ ਵੀ ਹੈ ਕਿ ਜਮਹੂਰੀਅਤ ਅਤੇ ਆਜ਼ਾਦ ਮੰਡੀ ਇਕ-ਦੂਸਰੇ ਨਾਲ ਹੱਥ ਮਿਲਾ ਕੇ ਚੱਲਦੇ ਹਨ ਅਤੇ ਇਨ੍ਹਾਂ ਦਾ ਮਿਲਾਪ ਕੁਦਰਤੀ ਅਤੇ ਸੁਭਾਵਿਕ ਹੈ।
ਆਪਣੀਆਂ ਵੱਖ ਵੱਖ ਕਿਤਾਬਾਂ ਅਤੇ ਖ਼ਾਸ ਕਰਕੇ 'ਸਦਮਾ ਸਿਧਾਂਤ' (ਦਿ ਸ਼ਾਕ ਡਾਕਟਰੀਨ - The Shock Doctrine) ਵਿਚ ਨੋਇਮੀ ਕਲੀਨ ਨੇ ਇਸ ਕਥਨ ਨੂੰ ਨਕਾਰਦਿਆਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਚੰਗੀ ਤਰ੍ਹਾਂ ਚੱਲ ਰਹੀ ਜਮਹੂਰੀਅਤ ਵਿਚ ਸਰਮਾਏਦਾਰ ਜਮਾਤ ਆਪਣਾ ਗ਼ਲਬਾ ਇਕ ਹੱਦ ਤਕ ਵਧਾ ਸਕਦੀ ਹੈ ਪਰ ਸਰਮਾਏਦਾਰ ਜਮਾਤ ਇਸ ਨਾਲ ਸੰਤੁਸ਼ਟ ਨਹੀਂ ਹੁੰਦੀ, ਉਹ ਆਪਣਾ ਗ਼ਲਬਾ ਅਤਿਅੰਤ ਤੇਜ਼ੀ ਨਾਲ ਵਧਾਉਣਾ ਚਾਹੁੰਦੀ ਹੈ, ਇਸ ਲਈ ਉਹ ਜਮਾਤ ਯੁੱਧ, ਅਤਿਵਾਦ, ਸਮਾਜਿਕ ਹਫ਼ੜਾ-ਦਫ਼ੜੀ, ਅਰਾਜਕਤਾ ਅਤੇ ਕੁਦਰਤੀ ਆਫ਼ਤਾਂ ਨੂੰ ਆਪਣੇ ਹਿੱਤਾਂ ਨੂੰ ਤੇਜ਼ੀ ਨਾਲ ਵਧਾਉਣ ਦੇ ਸੰਦ ਵਜੋਂ ਵਰਤਦੀ ਹੈ। ਅਜਿਹੇ ਵਰਤਾਰਿਆਂ ਦੌਰਾਨ ਮਨੁੱਖਾਂ ਵਿਚ ਡਰ ਅਤੇ ਦਹਿਸ਼ਤ ਫੈਲਦੀ ਹੈ, ਉਹ ਸਮੂਹਿਕ ਸਦਮੇ ਵਿਚ ਹੁੰਦੇ ਹਨ, ਸਮਾਜਿਕ ਚੇਤਨਾ ਤ੍ਰਿਸ਼ੰਕੂ ਵਾਂਗ ਭਟਕਦੀ ਹੈ।
ਨੋਇਮੀ ਕਲੀਨ ਨੇ 1960ਵਿਆਂ ਵਿਚ ਮਨੋਵਿਗਿਆਨਕ ਸਮੱਸਿਆਵਾਂ ਨਾਲ ਜੂਝਦੇ ਲੋਕਾਂ ਦੀਆਂ ਉਦਾਹਰਨਾਂ ਦਿੱਤੀਆਂ ਹਨ ਜਿਨ੍ਹਾਂ ਦਾ 'ਇਲਾਜ' ਕਰਨ ਲਈ ਉਨ੍ਹਾਂ ਨੂੰ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸਨ, ਉਨ੍ਹਾਂ ਦਾ ਦਿਮਾਗ਼ ਖਾਲੀ ਸਲੇਟਾਂ ਵਾਂਗ ਹੋ ਜਾਂਦਾ ਸੀ ਜਿਨ੍ਹਾਂ 'ਤੇ ਕੁਝ ਵੀ ਲਿਖਿਆ ਜਾ ਸਕਦਾ ਹੈ, ਉਹ ਮਨੁੱਖ ਡਾਕਟਰੀ ਸਮਾਜ ਦੇ ਹੱਥਾਂ ਵਿਚ ਅੰਤਾਂ ਦੇ ਅਸੀਲ ਮਨੁੱਖ ਬਣ ਜਾਂਦੇ ਹਨ/ਸਨ ਤੇ ਉਹ ਉਨ੍ਹਾਂ ਦੇ ਮਨ/ਦਿਮਾਗ਼ ਵਿਚ ਕਿਸੇ ਵੀ ਤਰ੍ਹਾਂ ਦੇ ਵਿਚਾਰ ਭਰ ਸਕਦੇ ਹਨ।
ਇਸੇ ਤਰ੍ਹਾਂ ਕਿਸੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਆਫ਼ਤ ਵਿਚ ਲੋਕ ਘਬਰਾ ਜਾਂਦੇ ਹਨ। ਹਾਕਮ ਜਮਾਤਾਂ ਯੁੱਧ, ਅਤਿਵਾਦ, ਸਮਾਜਿਕ ਉੱਥਲ-ਪੁੱਥਲ ਜਾਂ ਮਨੁੱਖ ਦੁਆਰਾ ਬਣਾਈਆਂ ਆਫ਼ਤਾਂ (ਕਲੀਨ ਇਰਾਕ ਯੁੱਧ ਦੀ ਉਦਾਹਰਨ ਦਿੰਦੀ ਹੈ) ਦਾ ਅਜਿਹਾ ਵਿਕਰਾਲ ਰੂਪ ਲੋਕਾਂ ਸਾਹਮਣੇ ਪੇਸ਼ ਕਰਦੀਆਂ ਹਨ ਕਿ ਮਨੁੱਖ ਆਪਣੀ ਸੁੱਧ-ਬੁੱਧ ਖੋ ਬਹਿੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਕੀ ਹੋਵੇਗੀ। ਹਾਕਮ ਜਮਾਤਾਂ ਲੋਕਾਂ 'ਤੇ ਯੁੱਧ ਥੋਪਦੀਆਂ ਹਨ ਅਤੇ ਉਨ੍ਹਾਂ ਦੀਆਂ ਨੀਤੀਆਂ ਕਾਰਨ ਅੰਤਾਂ ਦੀ ਗ਼ਰੀਬੀ ਅਤੇ ਅਤਿਵਾਦ ਪੈਦਾ ਹੁੰਦੇ ਹਨ। ਇਨ੍ਹਾਂ ਨੂੰ ਆਫ਼ਤ ਦੇ ਰੂਪ ਵਿਚ ਪੇਸ਼ ਕਰਕੇ ਹਾਕਮ ਧਿਰਾਂ ਕਾਰਪੋਰੇਟ ਏਜੰਡੇ ਨੂੰ ਲਾਗੂ ਕਰਦੀਆਂ ਹਨ। ਸੁੱਧ-ਬੁੱਧ ਖੋ ਚੁੱਕੇ ਡਰੇ ਹੋਏ ਲੋਕ ਹਾਕਮਾਂ ਨੂੰ ਬਹੁਤ ਰਾਸ ਆਉਂਦੇ ਹਨ, ਉਹ ਕੋਈ ਵਿਰੋਧ ਨਹੀਂ ਕਰਦੇ। ਇਸੇ ਤਰ੍ਹਾਂ ਕੁਦਰਤੀ ਆਫ਼ਤਾਂ ਨੂੰ ਵੀ ਕਾਰਪੋਰੇਟ ਅਤੇ ਹਾਕਮ ਜਮਾਤਾਂ ਦੇ ਏਜੰਡਿਆਂ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਕਲੀਨ ਸੁਨਾਮੀ ਦੀ ਉਦਾਹਰਨ ਦਿੰਦੀ ਹੈ ਜਦ ਸ੍ਰੀਲੰਕਾ ਦੀ ਸਰਕਾਰ ਨੇ ਸੁਨਾਮੀ ਤੋਂ ਬਾਅਦ ਸਮੁੰਦਰ ਦੇ ਕਿਨਾਰੇ ਦੀਆਂ ਬੀਚਾਂ ਨਿੱਜੀ ਵਪਾਰਕ ਅਦਾਰਿਆਂ ਦੇ ਹਵਾਲੇ ਕਰ ਦਿੱਤੀਆਂ।
ਕੋਵਿਡ-19 ਮਹਾਮਾਰੀ ਦੌਰਾਨ ਵੀ ਅਜਿਹੇ ਵਰਤਾਰੇ ਵਾਪਰ ਹੀ ਰਹੇ ਹਨ। ਸਾਡੇ ਦੇਸ਼ ਵਿਚ ਇਸ ਦੀ ਵਿਕਰਾਲਤਾ ਨੂੰ ਭਿਅੰਕਰ ਅਤੇ ਅਚਨਚੇਤ ਤਰੀਕੇ ਨਾਲ ਪੇਸ਼ ਕਰਦਿਆਂ ਇਹ ਚਿੱਤਰ ਲੋਕਾਂ ਦੇ ਸਾਹਮਣੇ ਰੱਖਿਆ ਗਿਆ ''ਜਾਨ ਹੈ ਤਾਂ ਜਹਾਨ ਹੈ।'' ਭਾਵ ਲੋਕਾਂ ਦੀ ਸਮੂਹਿਕ ਚੇਤਨਾ ਵਿਚ ਇਹ ਡਹਿਸ (Shock) ਅਤੇ ਦਹਿਸ਼ਤ ਦਾਖ਼ਲ ਕੀਤੀ ਗਈ ਕਿ ਜਿਵੇਂ ਸਾਰੀ ਦੁਨੀਆ ਮਰਨ ਕਿਨਾਰੇ ਹੋਵੇ। ਇਹ ਚਿੱਤਰ ਏਦਾਂ ਦਾ ਸੀ ਜਿਸ ਸਦਕਾ ਹਰ ਬੰਦੇ ਨੇ ਇਹ ਸਮਝਿਆ ਕਿ ਜਿਵੇਂ ਸੰਸਾਰ ਖ਼ਤਮ ਹੋ ਜਾਣ ਵਾਲਾ ਹੈ, ਉਸ ਦੀ ਜਾਨ 'ਤੇ ਮਨੁੱਖਤਾ ਦੇ ਇਤਿਹਾਸ ਦਾ ਸਭ ਤੋਂ ਭਿਅੰਕਰ ਖ਼ਤਰਾ ਮੰਡਰਾ ਰਿਹਾ ਹੈ, ਉਸ ਨੇ ਆਪਣੇ ਨਜ਼ਦੀਕੀਆਂ, ਰਿਸ਼ਤੇਦਾਰਾਂ, ਦੋਸਤਾਂ, ਪਰਿਵਾਰ ਦੇ ਮੈਂਬਰਾਂ ਤੋਂ ਸਰੀਰਕ ਦੂਰੀ ਦੇ ਨਾਲ-ਨਾਲ ਮਾਨਸਿਕ ਦੂਰੀ ਵੀ ਬਣਾ ਲਈ, ਬਿਮਾਰ ਪਏ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਇਲਾਜ ਤੋਂ ਪਾਸਾ ਵੱਟਣਾ ਸ਼ੁਰੂ ਕੀਤਾ। ਕਰੋਨਾ ਨਾਲ ਮੌਤ ਹੋਣ 'ਤੇ ਘਰ ਦੇ ਲੋਕ ਹੀ ਅੰਤਿਮ ਸਸਕਾਰ ਕਰਨ ਤੋਂ ਕੰਨੀ ਕਤਰਾ ਗਏ। ਕਈ ਥਾਵਾਂ 'ਤੇ ਕਰੋਨਾ ਨਾਲ ਮੌਤ ਤੋਂ ਬਾਅਦ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਤੋਂ ਰੋਕਿਆ ਗਿਆ। ਵਿਗਿਆਨਕ ਡਾਕਟਰੀ ਜਮਾਤ ਤੇ ਮੀਡੀਆ ਨੇ ਵੀ ਇਸ ਖੇਡ ਵਿਚ ਸ਼ਾਮਲ ਹੋ ਕੇ ਦੇਹਾਂ ਦੇ ਸਸਕਾਰ ਨੂੰ ਇਕ ਨਵੀਂ ਤਰ੍ਹਾਂ ਦਾ ਦ੍ਰਿਸ਼ (Spectacle) ਬਣਾ ਦਿੱਤਾ। ਪੀਪੀਈ ਕਿੱਟਾਂ ਪਹਿਨੀ ਕੁਝ ਲੋਕ ਪੀਪੀਈ ਕਿੱਟ ਵਿਚ ਸੀਲ ਮ੍ਰਿਤਕ ਦੇਹ ਦਾ ਸਸਕਾਰ ਕਰਦੇ ਨਜ਼ਰ ਆਏ। ਅਸੀਮ ਦੁੱਖ ਦੇ ਸਮੇਂ 'ਚੋਂ ਮਨੁੱਖੀ ਚਿਹਰਾ ਗਾਇਬ ਹੋ ਗਿਆ।
ਜਦ ਮਨੁੱਖ ਨੂੰ ਇਹ ਦੱਸਿਆ ਜਾਵੇ ਕਿ ਉਸ ਦਾ ਸਰੀਰ ਅਸੀਮ ਖ਼ਤਰੇ ਵਿਚ ਹੈ, ਕਿਸੇ ਵੇਲੇ ਵੀ ਕਰੋਨਾ ਹੋਣ ਕਾਰਨ ਉਸ ਦੀ ਮੌਤ ਹੋ ਸਕਦੀ ਹੈ ਤਾਂ ਨਿਸ਼ਚੇ ਹੀ ਉਹ ਆਪਣੀ ਸੁੱਧ-ਬੁੱਧ ਖੋ ਬੈਠੇਗਾ। ਸਾਡੇ ਨਾਲ ਵੀ ਏਦਾਂ ਹੋਇਆ। ਮਨੁੱਖ ਹਜ਼ਾਰਾਂ ਸਦੀਆਂ ਤੋਂ ਆਪਣੀ ਸਾਧਾਰਨ ਸੂਝ-ਸਮਝ (Common Sense) ਦੇ ਆਸਰੇ ਜਿਊਂਦਾ ਆਇਆ ਹੈ ਪਰ ਇਸ ਮਹਾਮਾਰੀ ਦੀ ਵਿਕਰਾਲ ਰੂਪ ਵਿਚ ਪੇਸ਼ਕਾਰੀ ਨੇ ਸਾਡੀ ਸੂਝ-ਬੂਝ ਖੋਹ ਲਈ। ਅਸੀਂ ਇਹ ਤਾਂ ਸਮਝ ਲਿਆ ਕਿ ਮਹਾਮਾਰੀ ਤੋਂ ਬਚਣ ਲਈ ਸਰੀਰਕ ਦੂਰੀ, ਸਰੀਰਕ ਸਫ਼ਾਈ, ਮਾਸਕ ਪਹਿਨਣ, ਭੀੜ-ਭੜੱਕਾ ਕਰਨ ਤੇ ਭੀੜ-ਭੜੱਕੇ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਪਰ ਇਹ ਨਾ ਸਮਝ ਸਕੇ ਕਿ ਸਾਡੇ ਕੋਲੋਂ ਸਮਾਜਿਕ ਸੂਝ-ਬੂਝ, ਜਿਸ ਨੇ ਸਾਨੂੰ ਸਮੂਹਿਕ ਰੂਪ ਵਿਚ ਇਸ ਮਹਾਮਾਰੀ ਨਾਲ ਲੜਨ ਲਈ ਪ੍ਰੇਰਿਤ ਕਰਨਾ ਸੀ, ਖੋਹ ਲਈ ਗਈ ਜਾਂ ਦੂਸਰੇ ਸ਼ਬਦਾਂ ਵਿਚ ਅਸੀਂ ਆਪਣੀ ਸੋਚਣ ਸ਼ਕਤੀ ਰਿਆਸਤ/ ਸਟੇਟ/ਹਾਕਮ ਜਮਾਤ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤੀ।
ਜਦ ਸਮਾਜ ਦੀ ਸਮੂਹਿਕ ਸੁਰਤ ਮਾਰੀ ਗਈ ਹੋਵੇ ਤਾਂ ਹਾਕਮ ਜਮਾਤ ਕੀ ਕਰਦੀ ਹੈ? ਉਹ ਕਾਰਪੋਰੇਟ ਅਤੇ ਹਾਕਮ ਧਿਰਾਂ ਦੇ ਹਿੱਤਾਂ ਨੂੰ ਹੀ ਅੱਗੇ ਹੀ ਨਹੀਂ ਵਧਾਉਂਦੀ ਸਗੋਂ ਸਮਾਜ ਦੀ ਸੁਰਤ 'ਤੇ ਕਾਬਜ਼ ਹੋਣ ਦੀ ਵੀ ਕੋਸ਼ਿਸ਼ ਕਰਦੀ ਹੈ। ਦੁੱਖ-ਦੁਸ਼ਵਾਰੀਆਂ, ਮਾਯੂਸੀ ਅਤੇ ਬੇਬਸੀ ਦੇ ਮਾਰੇ ਲੋਕ ਅਜਿਹੇ ਆਗੂਆਂ ਦੀ ਤਲਾਸ਼ ਕਰਦੇ ਹਨ ਜਿਹੜੇ ਮਜ਼ਬੂਤ ਤੇ ਫ਼ੈਸਲੇ ਕਰਨ ਵਾਲੇ ਹੋਣ ਅਤੇ ਆਪਣੇ ਫ਼ੈਸਲਿਆਂ ਤੇ ਵਿਸ਼ਵਾਸਾਂ ਨੂੰ ਅਸਰਦਾਇਕ ਭਾਸ਼ਾ ਵਿਚ ਲੋਕਾਂ ਤਕ ਪਹੁੰਚਾ ਸਕਣ। ਇਸ ਵੇਲੇ ਵੀ ਹਾਕਮ ਧਿਰ ਇਹੀ ਕਰ ਰਹੀ ਹੈ। ਉਸ ਕੋਲ ਅਜਿਹੇ ਆਗੂ ਮੌਜੂਦ ਅਤੇ ਸੰਚਾਰ ਦੇ ਸਾਧਨਾਂ 'ਤੇ ਕਬਜ਼ਾ ਹੋਣ ਕਾਰਨ ਉਹ ਸਮੂਹਿਕ ਸਮਾਜਿਕ ਸੁਰਤ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਵਿਚ ਸਫ਼ਲ ਹੁੰਦੀ ਦਿਖਾਈ ਦੇ ਰਹੀ ਹੈ। ਦੁੱਖ-ਦੁਸ਼ਵਾਰੀਆਂ ਝੱਲਦੇ ਲੋਕ ਅਜੇ ਵੀ ਦੇਸ਼ ਦੇ ਮਜ਼ਬੂਤ ਹਾਕਮ/ਆਗੂ ਨੂੰ ਸਭ ਤੋਂ ਕਾਰਜਕੁਸ਼ਲ ਨੇਤਾ ਮੰਨਦੇ ਹਨ।
ਕੁਝ ਮਾਹਿਰਾਂ ਨੂੰ ਇਸ ਮਹਾਮਾਰੀ ਦੇ ਮਾਰੂ ਪ੍ਰਭਾਵ ਦੇ ਸੀਮਤ ਹੋਣ ਦੀ ਜਾਣਕਾਰੀ ਸੀ। ਉਨ੍ਹਾਂ ਦੀ ਰਾਏ ਸੀ ਕਿ ਇਸ ਬਿਮਾਰੀ ਨਾਲ ਲੜਨ ਲਈ ਸਮੂਹ ਸਮਾਜ, ਸਮਾਜਿਕ ਸੰਸਥਾਵਾਂ, ਪੰਚਾਇਤਾਂ, ਮਿਉਂਸਿਪਲ ਕਮੇਟੀਆਂ, ਵਾਰਡ/ਗਲੀ/ਮੁਹੱਲਾ ਕਮੇਟੀਆਂ ਆਦਿ ਨੂੰ ਹਿੱਸੇਦਾਰ ਬਣਾਇਆ ਜਾਣਾ ਚਾਹੀਦਾ ਹੈ। ਇਸ ਮਾਡਲ ਅਨੁਸਾਰ ਜੇ ਪਿੰਡ ਵਿਚ ਕਿਸੇ ਬੰਦੇ ਵਿਚ ਇਸ ਬਿਮਾਰੀ ਦੇ ਮਾਮੂਲੀ ਲੱਛਣ ਲੱਗਦੇ ਹਨ ਤਾਂ ਇਹ ਜ਼ਿੰਮੇਵਾਰੀ ਪਿੰਡ ਦੇ ਲੋਕਾਂ ਤੇ ਪੰਚਾਇਤ ਦੀ ਹੋਣੀ ਚਾਹੀਦੀ ਹੈ ਕਿ ਉਸ ਨੂੰ ਇਕਾਂਤਵਾਸ ਵਿਚ ਰੱਖੇ, ਉਸ ਦੇ ਬਾਕੀ ਪਰਿਵਾਰ ਨੂੰ ਵੀ ਇਕਾਂਤਵਾਸ ਕਰਾਏ ਅਤੇ ਉਨ੍ਹਾਂ ਦੀ ਦੇਖਭਾਲ ਕਰੇ। ਪਿੰਡ ਵਿਚ ਮੌਜੂਦ ਕੋਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ (ਆਰਐੱਮਪੀ), ਪੈਰਾ-ਮੈਡੀਕਲ ਕਾਮਾ (ਨਰਸ, ਏਐੱਨਐੱਮ, ਐੱਲਐੱਚਵੀ) ਜਾਂ ਆਸ਼ਾ ਵਰਕਰ ਦੇਖੇ ਕੇ ਉਸ ਦਾ ਤਾਪਮਾਨ ਕੀ ਹੈ, ਸਾਹ ਠੀਕ ਆ ਰਿਹਾ ਆਦਿ ਅਤੇ ਡਾਕਟਰ ਨਾਲ ਸੰਪਰਕ ਰੱਖ ਕੇ ਉਹਦਾ ਘਰ/ਪਿੰਡ ਵਿਚ ਹੀ ਇਲਾਜ ਕੀਤਾ ਜਾਵੇ ਪਰ ਅਜਿਹੀ ਰਾਏ ਰੱਖਣ ਵਾਲੇ ਨਾ ਤਾਂ ਆਪਣੀ ਗੱਲ ਜਨਤਕ ਪੱਧਰ 'ਤੇ ਕਹਿ ਸਕੇ ਅਤੇ ਨਾ ਹੀ ਅਜਿਹੀ ਕਿਸੇ ਰਾਏ 'ਤੇ ਵਿਸ਼ਵਾਸ ਕੀਤਾ ਗਿਆ। ਸਾਨੂੰ ਏਨਾ ਡਰਾਇਆ ਗਿਆ ਕਿ ਅਸੀਂ ਕਿਸੇ ਪੀੜਤ ਦੀ ਸਹਾਇਤਾ ਤਾਂ ਕੀ ਕਰਨੀ ਸੀ, ਅਸੀਂ ਉਸ ਤੋਂ ਦੂਰ ਭੱਜ ਜਾਣਾ ਚਾਹੁੰਦੇ ਸਾਂ/ਹਾਂ। ਇਸ ਤਰ੍ਹਾਂ ਹਾਕਮ ਜਮਾਤ ਭਾਈਚਾਰਕ ਅਤੇ ਸਮਾਜਿਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੇ ਆਪਣੇ ਮਕਸਦ ਵਿਚ ਕਾਮਯਾਬ ਰਹੀ ਹੈ, ਸਾਨੂੰ ਕਰੋਨਾ ਪੀੜਤ ਆਪਣੇ ਭੈਣ-ਭਰਾ ਆਪਣੇ ਅਤੇ ਸਮਾਜ ਦੇ ਦੁਸ਼ਮਣ ਲੱਗਦੇ ਹਨ। ਜਦ ਅਸੀਂ ਆਪਣੇ ਪੀੜਤ ਭੈਣ-ਭਰਾ, ਜਿਨ੍ਹਾਂ ਦੀ ਅਸੀਂ ਬਾਂਹ ਫੜਨੀ ਹੁੰਦੀ ਹੈ, ਨੂੰ ਹੀ ਦੁਸ਼ਮਣ ਜਾਂ ਆਪਣੇ ਤੋਂ ਪਰ੍ਹੇ ਰੱਖਣ ਵਾਲੀਆਂ ਵਸਤਾਂ ਸਮਝਣ ਲੱਗ ਪਈਏ ਤਾਂ ਨਿਸ਼ਚੇ ਹੀ ਅਸੀਂ ਅਮਨੁੱਖਤਾ ਅਤੇ ਅਸਮਾਜਿਕਤਾ ਵੱਲ ਵਧ ਰਹੇ ਹੁੰਦੇ ਹਾਂ।
ਸਾਡੇ ਦੇਸ਼ ਵਿਚ ਸਿਹਤ-ਪ੍ਰਬੰਧ ਪਹਿਲਾਂ ਹੀ ਕਮਜ਼ੋਰ ਤੇ ਜਰਜਰਾ ਸੀ/ਹੈ। ਅਸੀਂ ਆਪਣੇ ਕੁੱਲ ਘਰੇਲੂ ਉਤਪਾਦਨ ਦਾ ਸਿਰਫ਼ 1.28 ਫ਼ੀਸਦੀ ਸਰਕਾਰੀ ਖੇਤਰ ਦੇ ਸਿਹਤ-ਪ੍ਰਬੰਧ 'ਤੇ ਖਰਚ ਕਰਦੇ ਹਾਂ। ਕਈ ਦਹਾਕਿਆਂ ਤੋਂ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਇਸ ਦੀ ਭੂਮਿਕਾ ਨੂੰ ਹੋਰ ਘਟਾਉਂਦਿਆਂ ਨਿੱਜੀ ਖੇਤਰ ਨੂੰ ਉਤਸ਼ਾਹਿਤ ਕੀਤਾ ਹੈ। ਪਿਛਲੇ ਤੀਹ ਸਾਲਾਂ ਦੌਰਾਨ ਨਿੱਜੀ ਖੇਤਰ ਦੇ ਵੱਡੇ ਹਸਪਤਾਲ ਵਧੇ-ਫੁੱਲੇ ਹਨ ਜਿਨ੍ਹਾਂ ਤਕ ਆਮ ਆਦਮੀ ਦੀ ਕੋਈ ਪਹੁੰਚ ਨਹੀਂ। ਹਸਪਤਾਲਾਂ ਵਿਚ 81 ਫ਼ੀਸਦੀ ਬੈੱਡ ਨਿੱਜੀ ਖੇਤਰ ਵਿਚ ਹਨ ਅਤੇ 80 ਫ਼ੀਸਦੀ ਡਾਕਟਰ ਨਿੱਜੀ ਖੇਤਰ ਵਿਚ ਕੰਮ ਕਰਦੇ ਹਨ। ਸਰਕਾਰੀ ਖੇਤਰ ਵਿਚ ਫੰਡਾਂ ਦੀ ਕਮੀ ਦੇ ਨਾਲ-ਨਾਲ ਜਵਾਬਦੇਹੀ ਦੀ ਘਾਟ, ਜਰਜਰਾ ਪ੍ਰਬੰਧ, ਸਰਕਾਰੀ ਅਣਗਹਿਲੀ ਤੇ ਭ੍ਰਿਸ਼ਟਾਚਾਰ ਨੇ ਵੀ ਸਰਕਾਰੀ ਸਿਹਤ-ਪ੍ਰਬੰਧ ਦੀ ਕਾਰਜਕੁਸ਼ਲਤਾ ਨੂੰ ਹੋਰ ਘਟਾ ਦਿੱਤਾ। ਫਿਰ ਵੀ ਆਮ ਆਦਮੀ ਦੀ ਓਟ ਸਰਕਾਰੀ ਹਸਪਤਾਲ ਹਨ। ਕੋਵਿਡ-19 ਮਹਾਮਾਰੀ ਵਿਚ ਘਾਟਾਂ ਦੇ ਬਾਵਜੂਦ ਜੋ ਵੀ ਕੰਮ ਹੋਏ ਹਨ, ਉਹ ਸਰਕਾਰੀ ਹਸਪਤਾਲਾਂ ਵਿਚ ਹੀ ਹੋਏ ਹਨ। ਨਿੱਜੀ ਖੇਤਰ ਪਹਿਲਾਂ ਤਾਂ ਇਸ ਪ੍ਰਤੀ ਉਦਾਸੀਨ ਰਿਹਾ ਪਰ ਜਦ ਉਹ ਇਲਾਜ ਦੇ ਖੇਤਰ ਵਿਚ ਕੁੱਦਿਆ ਤਾਂ ਇਲਾਜ ਦਰਾਂ ਏਨੀਆਂ ਵੱਧ ਹਨ ਕਿ ਆਮ ਆਦਮੀ ਇਨ੍ਹਾਂ ਹਸਪਤਾਲਾਂ ਦਾ ਇਕ ਦਿਨ ਦਾ ਖਰਚਾ ਵੀ ਨਹੀਂ ਦੇ ਸਕਦਾ। ਦੂਸਰਾ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਵੀ ਕੋਵਿਡ-19 ਹਸਪਤਾਲ ਨਹੀਂ ਬਣਾਇਆ ਜਿਸ ਕਾਰਨ ਕੁਝ ਹਸਪਤਾਲਾਂ 'ਤੇ ਬੇਇੰਤਹਾ ਅਤੇ ਲਗਾਤਾਰ ਬੋਝ ਪਿਆ ਤੇ ਉੱਥੋਂ ਦੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਕਾਮੇ ਕਈ ਮਹੀਨਿਆਂ ਤੋਂ ਲਗਾਤਾਰ ਕੰਮ ਕਰਨ ਕਾਰਨ ਦਬਾਉ ਵਿਚ ਹਨ। ਸਰਕਾਰ ਦੀ ਇਹ ਨੀਤੀ ਇੰਝ ਹੈ ਜਿਵੇਂ ਯੁੱਧ ਦੌਰਾਨ ਫ਼ੌਜ ਦੇ ਸਿਰਫ਼ ਇਕ ਹਿੱਸੇ ਨੂੰ ਯੁੱਧ ਕਰਨ ਲਈ ਕਿਹਾ ਜਾਵੇ ਤੇ ਬਾਕੀ ਹਿੱਸੇ ਆਰਾਮ ਕਰਨ। ਲੋਕਾਂ ਸਾਹਮਣੇ ਸਮੱਸਿਆਵਾਂ ਦਾ ਢੇਰ ਲੱਗਿਆ ਹੋਇਆ ਹੈ, ਕੋਵਿਡ-19 ਦੇ ਮਰੀਜ਼ਾਂ ਦਾ ਗ਼ੈਰ-ਤਸੱਲੀਬਖ਼ਸ਼ ਇਲਾਜ, ਪਰਵਾਸੀ ਮਜ਼ਦੂਰਾਂ ਦੀ ਸਮੱਸਿਆ, ਵਧ ਰਹੀ ਬੇਰੁਜ਼ਗਾਰੀ, ਸਰਕਾਰ ਲਗਭਗ ਹਰ ਮੁਹਾਜ਼ 'ਤੇ ਅਸਫ਼ਲ ਰਹੀ ਹੈ।
ਹਾਕਮ ਜਮਾਤ ਲੋਕਾਂ ਦੀ ਸਾਂਭ-ਸੰਭਾਲ ਵਿਚ ਆਪਣੀ ਅਸਫ਼ਲਤਾ ਨੂੰ ਹੀ ਹੋਰ ਡਹਿਸ ਤੇ ਦਹਿਸ਼ਤ ਭਰੀ ਬਣਾ ਕੇ ਪੇਸ਼ ਕਰਨ ਵਿਚ ਇੰਨੀ ਸਫ਼ਲ ਰਹੀ ਕਿ ਜਮਹੂਰੀ, ਤਰਕਸ਼ੀਲ ਅਤੇ ਸੂਝਵਾਨ ਧਿਰਾਂ ਨੇ ਲੰਮੀ ਦੇਰ ਤਕ ਚੁੱਪ ਧਾਰ ਰੱਖੀ। ਦੇਸ਼ ਦੇ ਲੱਖਾਂ ਪਰਵਾਸੀ ਮਜ਼ਦੂਰ ਸੜਕਾਂ 'ਤੇ ਆਏ ਅਤੇ ਪੈਦਲ ਆਪਣੇ ਘਰਾਂ ਨੂੰ ਤੁਰ ਪਏ ਪਰ ਜਮਹੂਰੀ ਧਿਰਾਂ ਦੜ ਵੱਟ ਕੇ ਘਰਾਂ ਵਿਚ ਬੈਠੀਆਂ ਰਹੀਆਂ, ਕਿਸੇ ਨੇ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਹਾਕਮ ਜਮਾਤ ਨੇ ਖੇਤੀ ਦੇ ਮੰਡੀਕਰਨ ਨਾਲ ਸਬੰਧਿਤ ਆਰਡੀਨੈਂਸ ਜਾਰੀ ਕਰਕੇ ਕਿਸਾਨੀ ਹਿੱਤਾਂ ਅਤੇ ਦੇਸ਼ ਦੇ ਫੈਡਰਲ ਢਾਂਚੇ 'ਤੇ ਵੱਡੀ ਚੋਟ ਮਾਰੀ ਹੈ। ਰੇਲ ਸੇਵਾਵਾਂ ਅਤੇ ਕੋਲਾ ਖੇਤਰ ਵਿਚ ਨਿੱਜੀਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰਾਂ ਨੇ ਮਜ਼ਦੂਰਾਂ ਦੇ ਹੱਕ ਖੋਹਣ ਵਾਲੇ ਕਾਨੂੰਨ ਬਣਾਏ ਹਨ, ਲੋਕਾਂ ਨੂੰ ਅੰਦੋਲਨ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਰੋਜ਼ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਲੌਕਡਾਊਨ ਜਾਂ ਕਰਫਿਊ ਫਿਰ ਲਗਾ ਦਿੱਤਾ ਜਾਵੇਗਾ।
ਇਸ ਤਰ੍ਹਾਂ ਇਕ ਪਾਸੇ ਤਾਂ ਹਾਕਮ ਜਮਾਤ ਆਪਣੀ ਅਸਫ਼ਲਤਾ ਨੂੰ ਢਕਦੀ ਹੈ, ਦੂਸਰੇ ਪਾਸੇ ਉਹ ਨਵੀਂ ਤਰ੍ਹਾਂ ਦੀ ਮਹਾਮਾਰੀ ਪੈਦਾ ਕਰਨ ਦੀ ਕੋਸ਼ਿਸ਼ ਰਹੀ ਹੈ, ਇਹ ਮਹਾਮਾਰੀ ਹੈ ਲੋਕਾਂ ਤੋਂ ਸਰਕਾਰ ਦੀਆਂ ਲੋਕ-ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਨ ਦਾ ਜਜ਼ਬਾ ਖੋਹ ਲੈਣ ਦੀ ਮਹਾਮਾਰੀ, ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਉਣ ਦੀ ਥਾਂ ਚੁੱਪ ਰਹਿਣ ਲਈ ਰਾਜ਼ੀ ਕਰ ਲੈਣ ਦੀ ਮਹਾਮਾਰੀ। ਇਸ ਤਰ੍ਹਾਂ ਸਰਕਾਰਾਂ ਲੋਕਾਂ ਦੀ ਸਿਹਤ-ਸੰਭਾਲ ਕਰਨ ਵਿਚ ਆਪਣੀ ਅਸਫ਼ਲਤਾ ਨੂੰ ਇਕ ਵੱਖਰੀ ਤਰ੍ਹਾਂ ਦੀ ਸਫ਼ਲਤਾ, ਇਕ ਨਵੀਂ ਤਰ੍ਹਾਂ ਦੀ ਮਹਾਮਾਰੀ ਵਿਚ ਬਦਲਣ ਦਾ ਯਤਨ ਕਰ ਰਹੀਆਂ ਹਨ, ਇਸ ਮਹਾਮਾਰੀ ਦੇ ਨਕਸ਼ ਹੋਰ ਡਰਾਉਣੇ ਹਨ।
ਇਨ੍ਹਾਂ ਸਭ ਪਾਬੰਦੀਆਂ ਦੇ ਬਾਵਜੂਦ ਦੇਸ਼ ਦੇ ਮਜ਼ਦੂਰ, ਕਿਸਾਨ, ਮੁਲਾਜ਼ਮ, ਲਿਖਾਰੀ ਅਤੇ ਹੋਰ ਲੋਕ ਸੰਘਰਸ਼ ਕਰ ਰਹੇ ਹਨ। ਕੋਲਾ ਖਾਣਾਂ ਦੇ ਮਜ਼ਦੂਰਾਂ ਨੇ ਕੋਲਾ ਖਾਣਾਂ ਦੇ ਨਿੱਜੀਕਰਨ ਦੇ ਵਿਰੁੱਧ ਤਿੰਨ ਦਿਨਾਂ ਲਈ ਹੜਤਾਲ ਕੀਤੀ। ਪੰਜਾਬ ਵਿਚ ਕਿਸਾਨ, ਮਜ਼ਦੂਰ, ਲੇਖਕ ਅਤੇ ਮੁਲਾਜ਼ਮ ਆਪੋ-ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਹਨ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਖੇਤੀ ਮੰਡੀਆਂ ਦੇ ਨਿੱਜੀਕਰਨ ਸਬੰਧੀ ਆਰਡੀਨੈਂਸਾਂ ਵਿਰੁੱਧ ਲਗਾਤਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ਸੰਘਰਸ਼ ਹੀ ਲੋਕ-ਆਵਾਜ਼ ਨੂੰ ਜਿਊਂਦੇ ਰੱਖ ਕੇ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਲੋਕਾਂ ਸਾਹਮਣੇ ਬੇਪਰਦ ਕਰ ਸਕਦੇ ਹਨ।
ਸਭ ਸਿਧਾਂਤਾਂ ਵਾਂਗ ਸਦਮਾ ਸਿਧਾਂਤ (Shock Doctrine) ਅਧੂਰਾ ਸਿਧਾਂਤ ਹੈ। ਜੇ ਸਰਮਾਏਦਾਰ ਜਮਾਤ ਨੇ ਪਿਛਲੀ ਸਦੀ ਵਿਚ ਯੁੱਧਾਂ, ਅਤਿਵਾਦ, ਕੁਦਰਤੀ ਆਫ਼ਤਾਂ ਦਾ ਫ਼ਾਇਦਾ ਉਠਾਇਆ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਹਿਲੀ ਅਤੇ ਦੂਸਰੀ ਆਲਮੀ ਜੰਗ ਦੌਰਾਨ ਜਮਹੂਰੀ ਤਾਕਤਾਂ ਨੇ ਵੀ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਸਨ। ਸਮਾਜਵਾਦੀ ਇਨਕਲਾਬ ਹੋਏ ਅਤੇ ਬਸਤੀਵਾਦ ਵਿਰੁੱਧ ਸੰਘਰਸ਼ਾਂ ਨੇ ਬਸਤੀਵਾਦ ਦਾ ਖ਼ਾਤਮਾ ਕੀਤਾ। ਇਸ ਤਰ੍ਹਾਂ ਜੇ ਹਾਕਮ ਅਤੇ ਸਰਮਾਏਦਾਰ ਜਮਾਤਾਂ ਸਮਾਜਿਕ ਉੱਥਲ-ਪੁੱਥਲ ਅਤੇ ਬੇਚੈਨੀ ਦਾ ਫ਼ਾਇਦਾ ਉਠਾ ਸਕਦੀਆਂ ਹਨ ਤਾਂ ਜਮਹੂਰੀ ਤਾਕਤਾਂ ਵੀ ਇਨ੍ਹਾਂ ਹਾਲਾਤ ਵਿਚ ਜਮਹੂਰੀ ਚੇਤਨਾ ਬਹਾਲ ਕਰਨ ਲਈ ਸੰਘਰਸ਼ ਕਰਕੇ ਕਾਮਯਾਬੀ ਹਾਸਲ ਕਰ ਸਕਦੀਆਂ ਹਨ।