ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
27 July 2020
ਗਰਭਵਤੀ ਔਰਤ ਨੂੰ ਹੋਇਆ ਕਰੋਨਾ, ਪਤੀ ਨੇ ਪਛਾਨਣ ਤੋਂ ਕੀਤਾ ਇਨਕਾਰ- ਇਕ ਖ਼ਬਰ
ਸੁਖ ਮੇਂ ਬਹੁ ਸੰਗੀ ਭਏ, ਦੁਖ ਮੇਂ ਸੰਗ ਨਾ ਕੋਇ ।
ਮੂਸੇਵਾਲਾ ਦੇ ਨਿੱਤ ਪੁਆੜੇ: ਮੁਹਾਲੀ ਪੁਲਿਸ ਵਲੋਂ ਨਵਾਂ ਕੇਸ ਦਰਜ- ਇਕ ਖ਼ਬਰ
ਨਿੱਤ ਨਵੇਂ ਪੁਆੜੇ ਪਾਉਂਦਾ ਨੀ ਮਰ ਜਾਣਾ ਅਮਲੀ।
ਕਰੋਨਾ ‘ਤੇ ਕੀਤੇ ਖ਼ਰਚਿਆਂ ਬਾਰੇ ਵਾਈਟ ਪੇਪਰ ਜਾਰੀ ਕਰੇ ਸਰਕਾਰ- ਆਪ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਢਿੱਲੀ, ਬਠਿੰਡਾ ਹਸਪਤਾਲ ‘ਚ ਚੈੱਕ-ਅੱਪ ਹੋਇਆ- ਇਕ ਖ਼ਬਰ
ਹਾਇ ਓਏ ਕਿਤੇ ਆਪਣੀ ਸਰਕਾਰ ਹੁੰਦੀ, ਫੁਰਨ ਕਰ ਕੇ ਮੈਂ ਅਮਰੀਕਾ ਨੂੰ ਉਡ ਜਾਣਾ ਸੀ।
ਆਮ ਆਦਮੀ ਪਾਰਟੀ: ਮੁੱਖ ਮੰਤਰੀ ਦੇ ਚਿਹਰੇ ਲਈ ਹੁਣ ਤੋਂ ਹੀ ਲੱਗੀ ਦੌੜ- ਇਕ ਖ਼ਬਰ
ਇਕ ਅਨਾਰ, ਸੌ ਬਿਮਾਰ।
ਸਾਰੀਆਂ ਸਿਆਸੀ ਧਿਰਾਂ ਵਲੋਂ ਸੁਖਬੀਰ ਬਾਦਲ ਦੀ ਘੇਰਾਬੰਦੀ, ਵੱਡਾ ਬਾਦਲ ਬੇਵੱਸ- ਇਕ ਖ਼ਬਰ
ਬਾਝ ਭਰਾਵਾਂ ਮਾਰਿਆ, ਕੋਈ ਨਾ ਮਿਰਜ਼ੇ ਸੰਗ।
ਹਰਿਆਣਾ ‘ਚ ਗੁਰਦੁਆਰਾ ਕਮੇਟੀਆਂ ਪੰਜਾਬੀ ਭਾਸ਼ਾ ਵਲ ਕੋਈ ਧਿਆਨ ਨਹੀਂ ਦੇ ਰਹੀਆਂ- ਸਿਕੰਦਰ ਸਿੰਘ ਸਿੱਧੂ
ਰੱਖਦੇ ਧਿਆਨ ਸਦਾ ਬਾਬੇ ਦੀਆਂ ਗੋਲਕਾਂ ‘ਤੇ, ਸਮਾਧੀ ਉੱਤੇ ਬੈਠਾ ਹੋਵੇ ਜਿਵੇਂ ਕੋਈ ਸੰਤ ਜੀ।
ਮੇਰੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ ਹੋ ਰਹੀ ਹੈ, ਗਹਿਲੋਤ ਨੇ ਮੋਦੀ ਨੂੰ ਪੱਤਰ ਲਿਖਿਆ- ਇਕ ਖ਼ਬਰ
ਚਿੱਠੀ ਰੋ ਕੇ ਨਹੀਂ ਲਿਖੀਦੀ ਸ਼ੁਦੈਣੇ, ਥੋੜ੍ਹਾ ਜਿਹਾ ਰੱਖ ਹੌਸਲਾ।
ਹਾਂਗਕਾਂਗ ਮਾਮਲੇ ‘ਚ ਬਰਤਾਨੀਆ ਦਾ ਦਖ਼ਲ ਬਰਦਾਸ਼ਤ ਨਹੀਂ- ਚੀਨ
ਨਾਰ ਬਿਗਾਨੀ ਦੀ, ਬਾਂਹ ਨਾ ਮੂਰਖਾ ਫੜੀਏ।
ਅਮਰੀਕਾ ’ਚ ਚੀਨ ਦੇ ਰਾਜਦੂਤ ਨੇ ਮਾਰੀ ਘੁਰਕੀ- ਇਕ ਖ਼ਬਰ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਜਥੇਦਾਰ ਕਹਿੰਦੈ ਕਿ ਸੌਦਾ ਸਾਧ ਨੂੰ ਪੁਸ਼ਾਕ ਕਿਸ ਨੇ ਦਿੱਤੀ ਆਦਿਕ ਗੱਲਾਂ ‘ਫਾਲਤੂ’ ਹਨ- ਇਕ ਖ਼ਬਰ
ਲੈ ਲਈਓ ਜਥੇਦਾਰ ਕੋਲੋਂ ਛੁਣਛੁਣਾ।
ਸੁਖਬੀਰ ਬਾਦਲ ਦਾ ਘਰ ਘੇਰਨ ਗਏ ਕਿਸਾਨਾਂ ‘ਤੇ ਪੁਲਿਸ ਨੇ ਵਰ੍ਹਾਇਆ ਡੰਡਾ- ਇਕ ਖਬਰ
ਓਏ ਕਿਸਾਨੋਂ ਮੇਰੇ ਭਤੀਜੇ ਦੇ ਘਰ ਨੂੰ ਘੇਰਨ ਦੀ ਜੁਰਅਤ ਕਿਵੇਂ ਕੀਤੀ ਤੁਸੀਂ!
ਬਾਦਲ ਦੇ ਕਹਿਣ ‘ਤੇ ਮੈਂ ਆਪਣੀ ਲੋਕ ਭਲਾਈ ਪਾਰਟੀ ਭੰਗ ਕਰ ਕੇ ਗ਼ਲਤੀ ਕੀਤੀ- ਰਾਮੂਵਾਲੀਆ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।