ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਲੋਕਤੰਤਰ ਦੀ ਰਾਖੀ - ਡਾ. ਅਰੁਣ ਮਿੱਤਰਾ
ਪ੍ਰਗਤੀਸ਼ੀਲ ਵਿਚਾਰਧਾਰਾ ਵਾਲਿਆਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਭਾਜਪਾ ਦਾ ਸੱਤਾ ਵਿਚ ਆਉਣਾ ਸਾਧਾਰਨ ਸੱਤਾ ਪਰਿਵਰਤਨ ਨਹੀਂ ਹੋਵੇਗਾ। ਹੁਣ ਤੱਕ ਚੋਣਾਂ ਰਾਹੀਂ ਵੱਖ ਵੱਖ ਪਾਰਟੀਆਂ ਦੇਸ਼ ਦੇ ਸੰਵਿਧਾਨ ਮੁਤਾਬਕ ਕੇਂਦਰ ਜਾਂ ਸੂਬਿਆਂ ਵਿਚ ਸਰਕਾਰਾਂ ਬਣਾਉਂਦੀਆਂ ਰਹੀਆਂ ਅਤੇ ਆਪਣੀ ਸੋਚ ਦੇ ਮੁਤਾਬਿਕ ਨੀਤੀਆਂ ਨੂੰ ਸੱਤਾ ਵਿਚ ਆਉਣ ਤੋਂ ਬਾਅਦ ਲਾਗੂ ਕਰਦੀਆਂ ਰਹੀਆਂ। ਇਸ ਦੌਰਾਨ ਖੱਬੀਆਂ ਅਤੇ ਹੋਰ ਪ੍ਰਗਤੀਸ਼ੀਲ ਪਾਰਟੀਆਂ ਤੇ ਨਾਲ ਜੁੜੀਆਂ ਅਵਾਮੀ ਜਥੇਬੰਦੀਆਂ ਲੋਕ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀਆਂ ਰਹੀਆਂ। ਇਨ੍ਹਾਂ ਸੰਘਰਸ਼ਾਂ ਵਿਚ ਅਨੇਕ ਵਾਰ ਸਫਲਤਾ ਪ੍ਰਾਪਤ ਹੋਈ ਲੇਕਿਨ ਕਈ ਵਾਰ ਕੁਝ ਨਹੀਂ ਵੀ ਮਿਲਿਆ ਪਰ ਮਿਹਨਤਕਸ਼ ਜਮਾਤ ਹਰ ਚੁਣੌਤੀ ਦਾ ਸਾਹਮਣਾ ਕਰਦੀ ਰਹੀ।
ਹੁਣ ਹਾਲਾਤ ਬਿਲਕੁਲ ਅਲੱਗ ਹਨ। ਭਾਜਪਾ ਦੀ ਬਹੁਮਤ ਵਾਲੀ ਐੱਨਡੀਏ ਦੀ ਸਰਕਾਰ ਆਰਐੱਸਐੱਸ ਦੀ ਸੋਚ ਤੋਂ ਸੰਚਾਲਿਤ ਹੈ। ਆਰਐੱਸਐੱਸ ਦੀ ਕੋਈ ਵੀ ਗੱਲ ਲੁਕੀ ਹੋਈ ਨਹੀਂ, ਉਹ ਸਾਫ਼ ਆਖਦੇ ਹਨ ਕਿ ਉਹ ਇਸ ਦੇਸ਼ ਵਿਚ ਹਿੰਦੂ ਰਾਸ਼ਟਰ ਦੀ ਸਥਾਪਨਾ ਚਾਹੁੰਦੇ ਹਨ। ਆਰਐੱਸਐੱਸ ਦੇ ਸੰਸਥਾਪਕ ਹੈਡਗੇਵਾਰ ਅਤੇ ਉਨ੍ਹਾਂ ਤੋਂ ਬਾਅਦ ਮਾਧਵ ਰਾਓ ਗੋਲਵਲਕਰ ਜੋ ਆਰਐੱਸ ਐੱਸ ਦੇ ਮੁੱਖ ਵਿਚਾਰਕ ਹੋਏ ਹਨ, ਨੇ ਕਦੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਇਤਿਹਾਸ ਨੂੰ ਤੋੜ-ਮਰੋੜ ਕੇ ਮੁਗ਼ਲ ਬਾਦਸ਼ਾਹਾਂ ਦੁਆਰਾ ਕੀਤੇ ਅੱਤਿਆਚਾਰਾਂ ਨੂੰ ਇਸਲਾਮ ਧਰਮ ਦੇ ਨਾਲ ਜੋੜ ਕੇ ਪੇਸ਼ ਕੀਤਾ ਜਦ ਕਿ ਦੁਨੀਆਂ ਦਾ ਇਹ ਸੱਚ ਹੈ ਕਿ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਬਾਦਸ਼ਾਹ ਦਾ ਰਵੱਈਆ ਇੱਕੋ ਜਿਹਾ ਹੀ ਹੁੰਦਾ ਹੈ। ਸਿੰਧੂ ਘਾਟੀ ਦੇ ਇਸ ਖਿੱਤੇ ਤੇ ਅਨੇਕਾਂ ਲੋਕ ਬਾਹਰੋਂ ਆਏ। ਇਨ੍ਹਾਂ ਵਿਚ ਆਰੀਆ, ਹੂਨ ਤੇ ਸ਼ੱਕ ਇੱਥੇ ਆ ਕੇ ਵੱਸ ਗਏ। ਇਨ੍ਹਾਂ ਤੋਂ ਇਲਾਵਾ ਮੱਧ ਏਸ਼ੀਆ ਤੋਂ ਅਨੇਕਾਂ ਹਮਲਾਵਰ ਆਏ ਤੇ ਇੱਥੋਂ ਮਾਲ ਲੁੱਟ ਕੇ ਲੈ ਗਏ। ਰਾਜੇ ਰਜਵਾੜੇ ਸਦਾ ਹੀ ਸਾਮੰਤੀ ਸੋਚ ਦੇ ਮਾਲਿਕ ਹੁੰਦੇ ਹਨ। ਜਿਸ ਤਰ੍ਹਾਂ ਬਾਕੀ ਰਾਜਿਆਂ ਨੇ ਆਪਣੀ ਸੱਤਾ ਨੂੰ ਵਧਾਉਣ ਦੇ ਲਈ ਯੁੱਧ ਕੀਤੇ ਤੇ ਲੋਕਾਂ ਦੇ ਹੱਕਾਂ ਦੀ ਅਣਦੇਖੀ ਕੀਤੀ, ਇਸੇ ਤਰ੍ਹਾਂ ਮੁਗ਼ਲਾਂ ਨੇ ਵੀ ਆਪਣੀ ਸਲਤਨਤ ਨੂੰ ਵਧਾਉਣ ਦੇ ਲਈ ਦੂਜਿਆਂ ਦਾ ਦਮਨ ਕੀਤਾ ਪਰ ਮੁਗ਼ਲ ਇੱਥੋਂ ਦੇ ਬਣ ਕੇ ਰਹਿ ਗਏ। ਮੁਗ਼ਲਾਂ ਦੇ ਰਾਜ ਦੇ ਦੌਰਾਨ ਇੱਸ ਖਿੱਤੇ ਦਾ ਆਰਥਿਕ ਤੇ ਸਭਿਆਚਾਰਕ ਵਿਕਾਸ ਵੀ ਹੋਇਆ। ਬਾਅਦ ਵਿਚ ਬਰਤਾਨਵੀ ਸਾਮਰਾਜੀ 16ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਵਜੋਂ ਇੱਥੇ ਆਏ।
ਅੰਗਰੇਜ਼ ਸਾਡੇ ਦੇਸ਼ ਵਿਚ ਵਪਾਰ ਕਰਨ ਆਏ ਸੀ ਪਰ ਉਨ੍ਹਾਂ ਸਾਡੇ ਤੇ ਸ਼ਾਸਨ ਕੀਤਾ ਤੇ ਅੰਨ੍ਹੀ ਲੁੱਟ ਕੀਤੀ। ਉਨ੍ਹਾਂ ਇੱਥੋਂ ਦੇ ਰਾਜਿਆਂ ਰਜਵਾੜਿਆਂ ਨੂੰ ਲੜਾ ਕੇ, ਕੁਝ ਨਾਲ ਗੱਠਜੋੜ ਕਰ ਕੇ ਆਪਣਾ ਸ਼ਾਸਨ ਕਾਇਮ ਕੀਤਾ ਅਤੇ ਦੇਸ਼ ਦੇ ਲੋਕਾਂ ਦੀ ਮਿਹਨਤ ਸਦਕਾ ਪੈਦਾ ਕੀਤੇ ਅਸਾਸੇ ਇੰਗਲੈਂਡ ਵਿਚ ਲੈ ਗਏ। ਅੰਗਰੇਜ਼ਾਂ ਨੇ ਸਾਡੇ ਦੇਸ਼ ਦੇ ਵਾਸੀਆਂ ਤੇ ਅਥਾਹ ਜ਼ੁਲਮ ਕੀਤੇ। ਇਸ ਨਾਲ ਸਾਡੇ ਬੁਣਕਰਾਂ ਦੁਆਰਾ ਬਣਾਏ ਮਾਲ ਦਾ ਬਰਾਮਦ 27 ਪ੍ਰਤੀਸ਼ਤ ਤੋਂ ਘਟ ਕੇ 2 ਪ੍ਰਤੀਸ਼ਤ ਰਹਿ ਗਿਆ। 19ਵੀਂ ਸਦੀ ਦੇ ਮੱਧ ਵਿਚ ਬਰਤਾਨਵੀ ਸਾਮਰਾਜ ਖ਼ਿਲਾਫ਼ ਸੰਘਰਸ਼ ਵਿਚ, ਜਿਸ ਨੂੰ ਆਜ਼ਾਦੀ ਦਾ ਪਹਿਲਾ ਸੰਗਰਾਮ ਕਿਹਾ ਜਾਂਦਾ ਹੈ, ਦੀ ਉਸ ਵੇਲੇ ਦੇ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਨੇ ਬਾਕੀ ਰਾਜਾਵਾਂ ਦੀ ਬੇਨਤੀ ਤੇ ਅਗਵਾਈ ਕੀਤੀ। ਇਹ ਗੱਲ ਵੱਖਰੀ ਹੈ ਕਿ ਉਸ ਸੰਗਰਾਮ ਵਿਚ ਅੰਗਰੇਜ਼ ਜਿੱਤ ਗਏ ਅਤੇ ਮੁਲਕ ਗੁਲਾਮ ਹੋ ਗਿਆ। ਆਰਐੱਸਐੱਸ ਨੇ 1925 ਵਿਚ ਐਲਾਨੀਆ, ਕੇਵਲ ਮੁਗ਼ਲਾਂ ਦੇ ਸ਼ਾਸਨ ਦੀਆਂ ਗੱਲਾਂ ਕੀਤੀਆਂ ਅਤੇ ਅੰਗਰੇਜ਼ਾਂ ਦੁਆਰਾ ਢਾਏ ਜਾ ਰਹੇ ਦਮਨ ਦੇ ਬਾਰੇ ਚੁੱਪ ਰਹੇ। ਆਰਐੱਸਐੱਸ ਤਾਂ ਇਸ ਲਈ ਵੀ ਤਿਆਰ ਸੀ ਕਿ ਅੰਗਰੇਜ਼ੀ ਸ਼ਾਸਨ ਅਧੀਨ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਜਾਏ। ਬਾਅਦ ਵਿਚ 1931-32 ਵਿਚ ਦਾਮੋਦਰ ਸਾਵਰਕਰ ਦੇ ਸਿਧਾਂਤ, ਕਿ ਹਿੰਦੂ ਤੇ ਮੁਸਲਮਾਨ ਵੱਖਰੀਆਂ ਕੌਮਾਂ ਹਨ, ਨੇ ਦੇਸ਼ ਦੇ ਵੰਡ ਦੀ ਸੋਚ ਦੀ ਨੀਂਹ ਰੱਖੀ। ਅੰਗਰੇਜ਼ਾਂ ਨੇ ਇਸ ਦਾ ਲਾਭ ਉਠਾਇਆ ਅਤੇ ਜਦੋਂ 1940ਵਿਆਂ ਵਿਚ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਚੁੱਕੀ ਤਾਂ ਬਰਤਾਨਵੀ ਸਾਮਰਾਜੀਆਂ ਨੇ 'ਵੰਡੋ ਤੇ ਰਾਜ ਕਰੋ' ਦੀ ਨੀਤੀ ਦੇ ਤਹਿਤ ਪੂਰੀ ਹਵਾ ਦਿੱਤੀ। ਜਿੱਥੇ ਇੱਕ ਪਾਸੇ ਇਸਲਾਮ ਦੇ ਆਧਾਰ ਤੇ ਪਾਕਿਸਤਾਨ ਬਣਿਆ, ਦੂਜੇ ਪਾਸੇ ਸਾਮਰਾਜ ਖ਼ਿਲਾਫ਼ ਲੰਬੀ ਲੜਾਈ ਲੜਨ ਦੇ ਕਾਰਨ ਪੈਦਾ ਹੋਏ ਵਿਚਾਰਾਂ ਤੇ ਨੇਤਾਵਾਂ ਦੀ ਦੂਰਦਰਸ਼ੀ ਸੋਚ ਦੇ ਸਿੱਟੇ ਵਜੋਂ ਭਾਰਤ ਧਰਮ ਨਿਰਪੱਖ ਅਤੇ ਲੋਕਤੰਤਰਕ ਰਾਜ ਬਣਿਆ।
ਇਸ ਸਾਰੇ ਸੰਘਰਸ਼ ਦੌਰਾਨ ਆਰਐੱਸਐੱਸ ਜਾਂ ਇਸ ਦੇ ਕਿਸੇ ਵੀ ਆਗੂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਇੱਕ ਵਾਰ ਵੀ ਆਵਾਜ਼ ਬੁਲੰਦ ਨਹੀਂ ਕੀਤੀ ਬਲਕਿ ਉਨ੍ਹਾਂ ਦਾ ਸਾਥ ਦਿੱਤਾ। ਉਹ ਤਾਂ ਸਮਾਜ ਨੂੰ ਹਿੰਦੂ ਤੇ ਮੁਸਲਮਾਨ ਵਜੋਂ ਫਿਰਕੂ ਲੀਹਾਂ ਤੇ ਵੰਡਣ ਵਿਚ ਲਗਾਤਾਰ ਕਾਰਜਸ਼ੀਲ ਰਹੇ। ਆਰਐੱਸਐੱਸ ਦੇ ਆਗੂ ਬੀਐੱਸ ਮੁੰਜੇ ਨੇ ਨਾਗਪੁਰ ਵਿਚ ਜਾਣਬੁੱਝ ਕੇ ਮਸੀਤਾਂ ਦੇ ਬਾਹਰ ਰੌਲਾ ਰੱਪਾ ਪਾ ਕੇ ਜਲੂਸ ਕੱਢ ਕੇ ਤਣਾਅ ਬਣਇਆ ਤੇ ਝਗੜੇ ਕਰਵਾਏ। ਮੁੰਜੇ ਆਰਐੱਸਐੱਸ ਦੇ ਮੁਖੀ ਹੈਡਗੇਵਾਰ ਦੀ ਹਦਾਇਤ ਤੇ ਇਟਲੀ ਜਾ ਕੇ ਮੁਸੋਲਿਨੀ ਨੂੰ ਮਿਲ ਕੇ ਆਏ ਤੇ ਉਨ੍ਹਾਂ ਤੋਂ ਤੌਰ ਤਰੀਕੇ ਸਿੱਖ ਕੇ ਆਏ। ਗੋਲਵਲਕਰ ਨੇ ਆਪਣੀਆਂ ਲਿਖਤਾਂ ਵਿਚ ਹਿਟਲਰ ਦੀਆਂ ਤਾਰੀਫਾਂ ਕੀਤੀਆਂ ਅਤੇ ਉਸ ਨੂੰ ਕੌਮ ਦੇ ਸ਼ੁੱਧੀਕਰਨ ਵਾਲਾ ਸ਼ਖ਼ਸ ਦੱਸਿਆ। ਇਸ ਲਈ ਕਮਿਊਨਿਸਟਾਂ ਤੇ ਪ੍ਰਗਤੀਸ਼ੀਲ ਲੋਕਾਂ ਨੇ ਪਹਿਲਾਂ ਹੀ ਇਸ ਗੱਲ ਨੂੰ ਪਛਾਣ ਲਿਆ ਅਤੇ ਜਾਣ ਲਿਆ ਕਿ ਆਰਐੱਸਐੱਸ ਦੀ ਥਾਪੜੀ ਭਾਰਤੀ ਜਨਸੰਘ ਪਾਰਟੀ ਜਿਸ ਦਾ ਹੁਣ ਨਾਮ ਭਾਰਤੀ ਜਨਤਾ ਪਾਰਟੀ ਹੈ, ਦੀ ਸਰਕਾਰ ਦਾ ਸੱਤਾ ਵਿਚ ਆਉਣਾ ਅਸਾਧਾਰਨ ਘਟਨਾ ਹੋਵੇਗੀ ਜੋ ਦੇਸ਼ ਬਹੁਤ ਪਿੱਛੇ ਧੱਕ ਦੇਵੇਗੀ।
ਆਜ਼ਾਦੀ ਤੋਂ ਬਾਅਦ ਆਰਐੱਸਐੱਸ ਨੇ 1951 ਵਿਚ ਸਰਦਾਰ ਪਟੇਲ ਨੂੰ ਲਿਖੇ ਪੱਤਰ 'ਚ ਖ਼ੁਦ ਨੂੰ ਰਾਜਨੀਤਕ ਖੇਤਰ ਤੋਂ ਦੂਰ ਆਖਿਆ ਤੇ ਭਰੋਸਾ ਦਿਵਾਇਆ ਕਿ ਉਹ ਕੇਵਲ ਸਭਿਆਚਾਰਕ ਕੰਮ ਵਾਲੀ ਸੰਸਥਾ ਬਣੇ ਰਹਿਣਗੇ। ਉਨ੍ਹਾਂ ਚਤੁਰਾਈ ਨਾਲ 1951 'ਚ ਜਨਸੰਘ ਨਾਮ ਦੀ ਪਾਰਟੀ ਮੈਦਾਨ ਵਿਚ ਲੈ ਕੇ ਆਂਦੀ। ਇਨ੍ਹਾਂ ਆਰਥਿਕ ਖੇਤਰ ਵਿਚ ਜਗੀਰਦਾਰਾਂ ਪੱਖੀ ਅਤੇ ਕਾਰਪੋਰੇਟ ਪੱਖੀ ਕਦਮਾਂ ਦਾ ਸਮਰਥਨ ਕੀਤਾ। ਬੈਂਕਾਂ ਦਾ ਕੌਮੀਕਰਨ, ਕੋਇਲੇ ਅਤੇ ਲੋਹੇ ਦੀਆਂ ਖਾਨਾਂ ਦਾ ਕੌਮੀਕਰਨ, ਜਾਂ ਫਿਰ ਰਾਜਿਆਂ ਦੇ ਭੱਤੇ ਸਮਾਪਤ ਕਰਨ ਦੇ ਸਵਾਲ ਤੇ ਇਨ੍ਹਾਂ ਨੇ ਨਾਂਹ-ਪੱਖੀ ਸਟੈਂਡ ਲਿਆ ਤੇ ਕਾਰਪੋਰੇਟ ਧਨ ਕੁਬੇਰਾਂ ਦੇ ਹੱਕ ਵਿਚ ਹਮੇਸ਼ਾਂ ਭੁਗਤਦੇ ਰਹੇ। ਉਨ੍ਹਾਂ ਨੇ ਫ਼ਿਰਕੂ ਨਾਅਰੇ ਦੇ ਕੇ ਲੋਕਾਂ ਨੂੰ ਮਗਰ ਲਾ ਕੇ ਧਰਮ ਦੀਆਂ ਵੰਡੀਆਂ ਪਾ ਕੇ ਅਤੇ ਝੂਠੇ ਦਿਲਾਸੇ ਦੇ ਕੇ ਸੱਤਾ ਵਿਚ ਆਉਣ ਦੀ ਕੋਈ ਕਸਰ ਨਹੀਂ ਛੱਡੀ। ਇਸ ਲਈ ਇਨ੍ਹਾਂ ਵੱਲੋਂ ਚੁੱਕੇ ਗਏ ਆਰਥਿਕ ਕਦਮ ਜੋ ਨੰਗੇ ਚਿੱਟੇ ਕਾਰਪੋਰੇਟ ਜਗਤ ਦੇ ਹੱਕ ਵਿਚ ਹਨ ਤੇ ਮਿਹਨਤਕਸ਼ ਲੋਕਾਂ ਦੇ ਵਿਰੋਧੀ ਹਨ, ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਤੇ ਨਾ ਹੀ ਇਨ੍ਹਾਂ ਵੱਲੋਂ ਫ਼ਿਰਕੇਦਾਰਾਨਾ ਆਧਾਰ ਤੇ ਸਮਾਜ ਨੂੰ ਵੰਡਣ ਬਾਰੇ ਕੋਈ ਹੈਰਾਨੀ ਵਾਲੀ ਗੱਲ ਹੈ। ਝੂਠ ਬੋਲਣਾ ਤੇ ਝੂਠ ਨੂੰ ਇੰਨਾ ਜ਼ਿਆਦਾ ਬੋਲਣਾ ਕਿ ਉਹ ਸੱਚ ਲੱਗਣ ਲੱਗ ਜਾਏ! ਇਹ ਲੋਕ ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ਗੋਇਬਲਜ਼ ਦੀ ਨੀਤੀ ਤੇ ਚੱਲਣ ਵਾਲੇ ਹਨ। ਇਸ ਲਈ ਹਰ ਪੰਦਰਾਂ ਦਿਨ ਬਾਅਦ ਕੋਈ ਨਾ ਕੋਈ ਨਵਾਂ ਲੋਕ ਲੁਭਾਵਣਾ ਨਾਅਰਾ ਦੇ ਕੇ ਲੋਕਾਂ ਨੂੰ ਉਸ ਵਿਚ ਉਲਝਾ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਲੋਕ ਇਨ੍ਹਾਂ ਦੀਆਂ ਪਿਛਲੀਆਂ ਅਸਫ਼ਲਤਾਵਾਂ ਨੂੰ ਭੁੱਲ ਜਾਣ। ਕਾਰਪੋਰੇਟ ਜਗਤ ਦੇ ਨੰਗੇ ਚਿੱਟੇ ਪੈਰੋਕਾਰ ਹੋਣ ਕਾਰਨ ਤਕਰੀਬਨ ਸਾਰਾ ਮੀਡੀਆ, ਖਾਸ ਤੌਰ ਤੇ ਇਲੈਕਟ੍ਰਾਨਿਕ ਮੀਡੀਆ, ਜੋ ਧਨ ਕੁਬੇਰਾਂ ਦੇ ਕੰਟਰੋਲ ਵਿਚ ਹੈ, ਇਨ੍ਹਾਂ ਦੀ ਹੀ ਬੋਲੀ ਬੋਲਦਾ ਹੈ। ਜੁਡੀਸ਼ਰੀ ਸਮੇਤ ਸਾਰੀਆਂ ਸੰਵਿਧਾਨਕ ਸੰਸਥਾਵਾਂ ਦਾ ਜੋ ਹਾਲ ਕੀਤਾ ਹੈ, ਉਹ ਸਾਹਮਣੇ ਹੀ ਹੈ। ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਇਨ੍ਹਾਂ ਤੋਂ ਡਰਦੇ ਹਨ। ਜਿਸ ਢੰਗ ਦੇ ਨਾਲ ਮੁਸਲਮਾਨ ਇਨ੍ਹਾਂ ਦੀਆਂ ਭੀੜਾਂ ਵੱਲੋਂ ਕਤਲ ਕੀਤੇ ਗਏ, ਉਹ ਲੁਕਵੀਂ ਗੱਲ ਨਹੀਂ ਹੈ। ਜਿਸ ਢੰਗ ਦੇ ਨਾਲ ਤਰਕਸ਼ੀਲ ਲੋਕਾਂ ਜਿਵੇਂ ਗੋਵਿੰਦ ਪਨਸਾਰੇ, ਐੱਮਐੱਮ ਕੁਲਬੁਰਗੀ, ਨਰਿੰਦਰ ਦਬੋਲਕਰ ਅਤੇ ਗੌਰੀ ਲੰਕੇਸ਼ ਦੇ ਕਤਲ ਕੀਤੇ ਗਏ, ਉਹ ਵੀ ਸਾਹਮਣੇ ਹਨ। ਸੀਏਏ ਦਾ ਵਿਰੋਧ ਕਰਨ ਵਾਲਿਆਂ ਤੇ ਜਾਂ ਫਿਰ ਜਾਮੀਆ ਮਿਲੀਆ ਅਤੇ ਜੇਐੱਨਯੂ ਵਿਦਿਆਰਥੀਆਂ ਤੇ ਝੂਠੇ ਕੇਸ ਬਣਾਏ ਜਾ ਰਹੇ ਹਨ। ਆਦਿਵਾਸੀਆਂ, ਦਲਿਤਾਂ ਤੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਆਨੰਦ ਤੇਲਤੁੰਬੜੇ ਅਦਿ ਵਰਗਿਆਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਇਹ ਖਤਰਨਾਕ ਰੁਝਾਨ ਹੈ।
ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਪੁਲੀਸ ਰਾਜ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਪੁਲੀਸ ਕਰਮੀ ਗੁੰਡਿਆਂ ਵਾਂਗ ਵਿਹਾਰ ਕਰ ਰਹੇ ਹਨ। ਕਿਸੇ ਦੀ ਕਿਸੇ ਕੋਲ ਕੋਈ ਸੁਣਵਾਈ ਨਹੀਂ। ਲੋਕਾਂ ਦੀ ਮਾਨਸਿਕਤਾ ਵਿਚ ਪਰਿਵਰਤਨ ਕਰਨ ਵਿਚ ਕੁਝ ਹੱਦ ਤੱਕ ਇਹ ਕਾਮਯਾਬ ਹੋਏ ਹਨ। ਇਸ ਲਈ ਜਦੋਂ ਪੁਲੀਸ ਕੋਈ ਹਿੰਸਾ ਕਰਦੀ ਹੈ ਤਾਂ ਲੋਕ ਉਸ ਦੀ ਤਾਰੀਫ਼ ਕਰਦੇ ਹਨ ਤੇ ਆਖਦੇ ਹਨ ਕਿ ਇਨ੍ਹਾਂ ਗੁੰਡਿਆਂ ਦਾ ਇਹੀ ਹਸ਼ਰ ਹੋਣਾ ਚਾਹੀਦਾ ਸੀ! ਵਿਕਾਸ ਦੂਬੇ ਦਾ ਮੁਕਾਬਲਾ ਹੋਵੇਂ ਜਾਂ ਫਿਰ ਆਂਧਰਾ ਪ੍ਰਦੇਸ਼ ਵਿਚ ਬਿਨਾਂ ਕਿਸੇ ਜਾਂਚ ਦੇ ਬਲਾਤਕਾਰ ਦੇ ਅਪਰਾਧੀਆਂ ਦਾਮੁਕਾਬਲਾ ਹੋਵੇ, ਇਹ ਨਿਆਂ ਪ੍ਰਣਾਲੀ ਦਾ ਮਜ਼ਾਕ ਹੈ।
ਆਰਥਿਕ ਖੇਤਰ ਪੂਰੀ ਤਰ੍ਹਾਂ ਫ਼ੇਲ ਹੋਣ, ਲੋਕਾਂ ਦੀਆਂ ਸਮੱਸਿਆਵਾਂ ਲਗਾਤਾਰ ਵਧਣ ਕਾਰਨ ਭਾਜਪਾ ਦੀ ਸਾਖ ਡਿੱਗੀ ਹੋਈ ਹੈ। ਹੌਲੀ ਹੌਲੀ ਲੋਕ ਡਰ ਤੇ ਭੈਅ ਦੇ ਮਾਹੌਲ ਤੋਂ ਉੱਭਰ ਕੇ ਇਨ੍ਹਾਂ ਦੇ ਖਿਲਾਫ ਬੋਲਣ ਵੀ ਲੱਗ ਪਏ ਹਨ ਪਰ ਕੋਈ ਬਦਲ ਲੋਕਾਂ ਨੂੰ ਨਹੀ੬ਂ ਦਿਸ ਰਿਹਾ। ਕਾਂਗਰਸ ਜੋ ਮੁੱਖ ਵਿਰੋਧੀ ਦਲ ਹੈ, ਆਪਣੀ ਬਣਦੀ ਭੂਮਿਕਾ ਨਹੀਂ ਨਿਭਾਅ ਰਹੀ। ਖੱਬੀਆਂ ਪਾਰਟੀਆਂ ਲੋਕ ਹਿਤੂ ਮੰਗਾਂ ਲਈ ਆਵਾਜ਼ ਚੁੱਕ ਰਹੀਆਂ ਹਨ ਤੇ ਅੰਦੋਲਨ ਕਰ ਰਹੀਆਂ ਹਨ ਪਰ ਉਨ੍ਹਾਂ ਦੀ ਆਵਾਜ਼ ਮੀਡੀਆ ਵਿਚ ਦਿਖਾਈ ਨਾ ਜਾਣ ਕਰ ਕੇ ਲੋਕਾਂ ਦੇ ਸਾਹਮਣੇ ਨਹੀਂ ਆ ਰਹੀ। ਖੱਬੀ ਧਿਰ ਇੱਕ ਸੁਰ ਅਤੇ ਇੱਕ ਮੁੱਠ ਵੀ ਨਹੀਂ ਹੈ ਅਤੇ ਕੁਝ ਦੀ ਸੋਚ ਬਹੁਤ ਸੌੜੀ ਹੈ, ਜਦਕਿ ਵਧ ਰਹੇ ਫਾਸ਼ੀਵਾਦ ਬਾਰੇ ਉਨ੍ਹਾਂ ਦਾ ਵਿਸ਼ਲੇਸ਼ਣ ਸਹੀ ਹੋਣਾ ਚਾਹੀਦਾ ਹੈ ਤਾਂ ਹੀ ਇੱਕ ਮੁੱਠ ਹੋ ਇਸ ਹਾਲਾਤ ਦਾ ਮੁਕਾਬਲਾ ਕਰ ਸਕਣਗੇ।
ਹਾਲਾਤ ਇਹ ਹੈ ਕਿ ਇਕੱਲੇ ਲੜ ਕੇ ਕੋਈ ਵੀ ਰਾਜਨੀਤਕ ਪਾਰਟੀ ਜਾਂ ਧੜਾ ਫਾਸ਼ੀਵਾਦੀ ਸ਼ਕਤੀਆਂ ਨੂੰ ਹਰਾਉਣ ਦੇ ਸਮਰੱਥ ਨਹੀਂ। ਇਸ ਲਈ ਵਿਸ਼ਾਲ ਅਗਾਂਹਵਧੂ ਲੋਕਤੰਤਰਿਕ ਅਤੇ ਧਰਮ ਨਿਰਪੱਖ ਮੋਰਚੇ ਦੀ ਜ਼ਰੂਰਤ ਹੈ। ਇਸ ਮੋਰਚੇ ਵਿਚ ਚਾਹੇ ਅਣਚਾਹੇ ਕਈਆਂ ਨੂੰ ਜੁੜਨਾ ਪਏਗਾ, ਇਸ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਪੈਣਗੀਆਂ। ਇਹ ਲੜਾਈ ਕੇਵਲ ਚੋਣਾਂ ਤੱਕ ਹੀ ਨਹੀਂ, ਉਸ ਤੋਂ ਬਾਅਦ ਵੀ ਜਾਰੀ ਰੱਖਣੀ ਪਏਗੀ ਤਾਂ ਜੋ ਸੰਵਿਧਾਨਿਕ ਸੰਸਥਾਵਾਂ ਨੂੰ ਪੁਚਾਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਜੇ ਹੁਣ ਵੀ ਨਾ ਲੜੇ, ਜੇ ਹੁਣ ਸਹੀ ਫ਼ੈਸਲੇ ਨਾ ਕੀਤੇ ਅਤੇ ਵਿਸ਼ਾਲ ਏਕਾ ਨਾ ਉਸਾਰਿਆ, ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਤਬਾਹੀ ਦੇ ਕੰਢੇ ਤੇ ਚਲਾ ਜਾਏਗਾ। ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਰਾਜਨੀਤਕ ਧਿਰਾਂ ਅਤੇ ਲੋਕਾਂ ਨੂੰ 1930-40ਵਿਆਂ ਦੇ ਯੂਰੋਪ ਦੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ।
ਸੰਪਰਕ : 94170-00360