ਬਰਦਾਸ਼ਤ - ਅਰਸ਼ਪ੍ਰੀਤ ਸਿੱਧੂ
ਵਿਆਹ ਨੂੰ ਅਜੇ ਤਿੰਨ ਕੁ ਵਰ੍ਹੇ ਹੀ ਹੋਏ ਸਨ ਕਿ ਗੋਰੀ ਦਾ ਘਰਵਾਲਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਵਕਤ ਗੋਰੀ ਮਾਂ ਬਣਨ ਵਾਲੀ ਸੀ। ਗੋਰੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਸਹੁਰਿਆ ਦੇ ਕਹਿਣ ਤੇ ਗੋਰੀ ਆਪਣੇ ਸਹੁਰੇ ਘਰ ਹੀ ਰਹੀ। ਜਦੋਂ ਗੋਰੀ ਦੇ ਦਿਉਰ ਦਾ ਵਿਆਹ ਸੀ ਤਾ ਗੋਰੀ ਨੂੰ ਉਸਦੇ ਪੇਕੇ ਘਰ ਭੇਜ ਦਿੱਤਾ ਗਿਆ ਕਿ ਇਹ ਵਿਧਵਾ ਨਵੀ ਬਹੁ ਦੇ ਮੱਥੇ ਨਹੀਂ ਲਾਉਣੀ। ਦੋ ਮਹੀਨਿਆ ਬਾਅਦ ਗੋਰੀ ਮੁੜ ਆਪਣੇ ਸਹੁਰੇ ਆ ਗਈ। ਸੱਸ ਗੋਰੀ ਤੇ ਉਸਦੀ ਦਰਾਣੀ ਨੂੰ ਆਪਸ ਵਿੱਚ ਬੋਲਣ ਨਾ ਦਿੰਦੀ ਉਹ ਕਹਿੰਦੀ ਕਿ ਇਸ ਵਿਧਵਾ ਦਾ ਪਰਛਾਵਾ ਕਿਤੇ ਨਵੀਂ ਬਹੂ ਤੇ ਨਾ ਪੈ ਜਾਵੇ। ਗੋਰੀ ਸਭ ਕੁਝ ਚੁਪ ਚਾਪ ਸਹਿਣ ਕਰਦੀ ਆਪਣੇ ਪੁੱਤ ਨੂੰ ਵੱਡਾ ਹੁੰਦਾ ਦੇਖਦੀ। ਕੋਈ ਵੀ ਖੁਸ਼ੀ ਦਾ ਮੌਕਾ ਹੁੰਦਾ ਗੋਰੀ ਘਰੋ ਭੇਜ ਦਿੱਤੀ ਜਾਦੀ। ਗੋਰੀ ਹੁਣ ਇਹ ਸਭ ਕੁਝ ਸਹਿਣਾ ਸਿੱਖ ਗਈ ਸੀ ਉਹ ਪਹਿਲਾ ਹੀ ਆਪਣੇ ਪੁੱਤ ਨੂੰ ਲੈ ਆਪਣੇ ਪੇਕੇ ਚਲੀ ਜਾਂਦੀ। ਪੁੱਤ ਵੱਡਾ ਹੋਇਆ ਉਸ ਦੇ ਵਿਆਹ ਦੇ ਕਾਰਜ ਵੀ ਗੋਰੀ ਤੋਂ ਨਾ ਕਰਵਾਏ ਗਏ। ਗੋਰੀ ਇਹ ਸਭ ਕੁਝ ਵੀ ਪੁੱਤ ਦੀ ਖੁਸ਼ੀ ਲਈ ਬਰਦਾਸਤ ਕਰ ਗਈ। ਵਿਆਹ ਦੇ ਬਾਅਦ ਨਵੀਂ ਬਹੁ ਦਾ ਚਾਅ ਭਲਾ ਕਿਸ ਨੂੰ ਨਹੀਂ ਹੁੰਦਾ ਪਰ ਗੋਰੀ ਦੀ ਸੱਸ ਨੇ ਉਸਨੂੰ ਇਸ ਖੁਸੀ ਤੋਂ ਵੀ ਵਾਝਾ ਕਰ ਦਿੱਤਾ। ਗੋਰੀ ਨੂੰ ਪੁੱਤ ਨੂੰਹ ਤੋਂ ਅਲੱਗ ਰਹਿਣ ਲਈ ਘਰ ਵਿੱਚ ਇੱਕ ਕਮਰਾ ਬਣਾ ਦਿੱਤਾ ਉਹ ਉਸ ਕਮਰੇ ‘ਚ ਬੈਠੀ ਆਪਣੀ ਨੂੰਹ ਨੂੰ ਦੇਖਦੀ ਰਹਿੰਦੀ। ਘਰ ਪੋਤਾ ਹੋਇਆ ਤਾਂ ਗੋਰੀ ਨੂੰ ਸਵਾ ਮਹੀਨਾ ਪੋਤੇ ਦਾ ਮੂੰਹ ਨਾ ਦੇਖਣ ਦਿੱਤਾ ਗਿਆ। ਗੋਰੀ ਸਭ ਕੁਝ ਬਰਦਾਸਤ ਕਰਦੀ ਆਪਣੇ ਪਰਿਵਾਰ ਦੀ ਸੁੱਖ ਮੰਗਦੀ। ਬੁਢਾਪੇ ਸਮੇਂ ਗੋਰੀ ਆਪਣੇ ਪੇਕਿਆ ਦੀ ਗੱਲ ਨਾ ਮੰਨ ਸਹੁਰਿਆ ਦੀ ਮੰਨੀ ਗੱਲ ਤੇ ਪਛਤਾਉਂਦੀ-ਪਛਤਾਉਦੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਗੌਰੀ ਨੇ ਸਾਰੀ ਉਮਰ ਬਹੁਤ ਕੁਝ ਬਰਦਾਸਤ ਕੀਤਾ ਪਰ ਉਸ ਦੀ ਬਰਦਾਸਤ ਦਾ ਸਾਇਦ ਕਿਤੇ ਮੁੱਲ ਨਹੀ ਪਿਆ।
ਅਰਸ਼ਪ੍ਰੀਤ ਸਿੱਧੂ-9478622509