ਜਮੀਨ ਤੇ ਰਿਸ਼ਤੇ - ਅਰਸ਼ਪ੍ਰੀਤ ਸਿੱਧੂ
ਔਰਤ ਅਕਸਰ ਆਪਣੇ ਸੁਪਨੇ ਕੁਰਬਾਨ ਕਰਦੀ ਹੈ ਕੋਈ ਆਪਣੇ ਮਾਪਿਆ ਦੇ ਘਰ ਪਿਉ ਤੇ ਭਰਾ ਤੋਂ ਡਰ ਕੇ ਅਤੇ ਕੋਈ ਆਪਣੇ ਸਹੁਰੇ ਘਰ ਸਾਰੀ ਉਮਰ ਆਪਣੇ ਘਰ ਵਾਲੇ ਤੋਂ ਡਰ ਕੇ ਰਹਿੰਦੀ ਹੈ। ਹਰ ਔਰਤ ਦਾ ਇੱਕ ਸੁਪਨਾ ਜਰੂਰ ਹੁੰਦਾ ਹੈ ਉਸ ਦੇ ਭਰਾਵਾ ਦੀ ਅਤੇ ਉਸ ਦੇ ਘਰਵਾਲੇ ਦੀ ਅਕਸਰ ਬਣੀ ਰਹੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਬਹੁਤ ਕੁਝ ਬਰਦਾਸਤ ਵੀ ਕਰਦੀ ਹੈ। ਇਸੇ ਤਰ੍ਹਾਂ ਪੰਮੀ ਨੇ ਵੀ ਬਹੁਤ ਬਹੁਤ ਕੋਸਿਸ ਕੀਤੀ ਕਿ ਉਸਦੀ ਇਹ ਬਰਦਾਸਤ ਕਰਨ ਦੀ ਕੁਰਬਾਨੀ ਬੇਕਾਰ ਨਾ ਜਾਵੇ। ਜੀਤ ਤੇ ਪੰਮੀ ਦੋਨੋ ਭੈਣ ਭਰਾ ਇੱਕ ਦੂਜੇ ਬਿਨ ਸਾਹ ਵੀ ਨਹੀ ਸਨ ਲੈਦੇ। ਵਕਤ ਬਦਲਿਆ ਤੇ ਵਕਤ ਦੇ ਨਾਲ ਨਾਲ ਜੀਤ ਵੀ ਬਦਲ ਗਿਆ। ਉਹ ਜੀਤ ਜਿਹੜਾ ਪੰਮੀ ਬਿਨ ਇੱਕ ਮਿੰਟ ਵੀ ਨਹੀਂ ਰਹਿੰਦਾ ਸੀ ਜਮੀਨ ਦੇ ਲਾਲਚ ਵਿੱਚ ਏਨਾ ਅੰਨਾ ਹੋ ਗਿਆ ਕਿ ਉਸਨੂੰ ਆਪਣੀ ਵੱਡੀ ਭੈਣ ਹੁਣ ਭੈਣ ਨਹੀਂ ਸਰੀਕ ਬਣੀ ਨਜਰ ਆਉਂਦੀ। ਜਦੋਂ ਪੰਮੀ ਤੇ ਜੀਤ ਦਾ ਬਾਪ ਗੁਜਰਿਆ ਜੀਤ ਦੇ ਮਨ ਵਿੱਚ ਹਰ ਪਲ ਇੱਕੋ ਗੱਲ ਰਹਿੰਦੀ ਕਿ ਕਿਤੇ ਪੰਮੀ ਆਪਣੇ ਹਿੱਸੇ ਦੀ ਜਮੀਨ ਨਾਲ ਨਾ ਲੈ ਜਾਵੇ। ਬੇਮੁਖ ਹੋਏ ਜੀਤ ਦਾ ਇਹ ਵਿਵਹਾਰ ਪੰਮੀ ਦੀ ਬਰਦਾਸਤ ਤੋ ਬਾਹਰ ਸੀ, ਉਸਨੇ ਆਪਣੇ ਹਿੱਸੇ ਦੀ ਜਮੀਨ ਜੀਤ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਜਮੀਨ ਪਿੱਛੇ ਪਾਗਲ ਜੀਤ ਆਪਣੀ ਹੀ ਭਾਣਜੇ ਨੂੰ ਮਾਰਨ ਦੀਆਂ ਸਕੀਮਾ ਬਣਾਉਣ ਲੱਗਾ। ਜਦੋਂ ਪੰਮੀ ਦੇ ਕੰਨੀ ਇਹ ਗੱਲ ਪਈ ਮਾਨੋ ਪੰਮੀ ਦਾ ਸੰਸਾਰ ਹੀ ਉਜੜ ਗਿਆ। ਉਸਨੇ ਬਿਨ ਕੁਝ ਸੋਚਿਆ ਜਮੀਨ ਜੀਤ ਦੇ ਨਾਮੇ ਕਰ ਦਿੱਤੀ ਪਰ ਉਸ ਦਿਨ ਤੋਂ ਬਾਅਦ ਪੰਮੀ ਤੇ ਜੀਤ ਪਰਾਏ ਹੋ ਗਏ। ਹਰ ਰੱਖੜੀ ਪੰਮੀ ਜੀਤ ਨੂੰ ਉਡੀਕਦੀ ਕਦੇ ਤਾ ਜੀਤ ਆਵੇਗਾ ਪਰ ਜੀਤ ਦਾ ਸਾਇਦ ਭੁਲ ਹੀ ਗਿਆ ਸੀ ਕਿ ਪੰਮੀ ਨਾਮ ਵੀ ਕੋਈ ਉਸਦੀ ਭੈਣ ਵੀ ਹੈ। 20 ਵਰ੍ਹਿਆ ਬਾਅਦ ਉਹ ਹੀ ਭਾਣਜਾ ਜਿਸਨੂੰ ਉਹ ਜਮੀਨ ਪਿਛੇ ਮਾਰਨਾ ਚਾਹੁੰਦਾ ਸੀ, ਉਸ ਦੇ ਹੀ ਪਿੰਡ ਖੇਤੀਬਾੜੀ ਅਫਸਰ ਬਣ ਉਸ ਦੀ ਹੀ ਜਮੀਨ ਦੇ ਮਾਮਲੇ ਵਿੱਚ ਆਪਣੇ ਨਾਨਕੇ ਪਿੰਡ ਪਹੁੰਚਿਆ। ਜਦੋਂ ਜੀਤ ਨੂੰ ਪਤਾ ਚੱਲਾ ਕਿ ਇਹ ਤਾਂ ਪੰਮੀ ਦਾ ਪੁੱਤ ਹੈ ਤਾ ਇੰਨੇ ਵਰ੍ਹਿਆਂ ਦੀ ਪੰਮੀ ਅੱਜ ਉਸ ਨੂੰ ਯਾਦ ਆ ਗਈ। ਉਹ ਹੀ ਜੀਤ ਪੰਮੀ ਦੇ ਘਰ ਰੋਜਾਨਾ ਆਉਂਦਾ ਕਿ ਮੇਰਾ ਭਾਣਜਾ ਹੁਣ ਫੈਸਲਾ ਤਾ ਮੇਰੇ ਹੱਕ ਵਿੱਚ ਹੀ ਹੋਵੇਗਾ। ਪੰਮੀ ਜੋ ਇੰਨੇ ਵਰ੍ਹੇ ਆਪਣੇ ਅੰਦਰ ਦਰਦ ਛੁਪਾਈ ਬੈਠੀ ਸੀ ਸਭ ਕੁਝ ਭੁਲ ਕੇ ਬਸ ਇੱਕ ਹੀ ਕੋਸ਼ਿਸ ਕਰਨ ਵਿੱਚ ਰੁਝ ਗਈ ਕਿ ਮੁੜ ਇਹ ਪਰਿਵਾਰ ਆਪਸ ਵਿੱਚ ਇੱਕ ਹੋਵੇ ਮੁੜ ਇਹ ਮੇਰਾ ਜੀਤ ‘ਜੀਤ’ ਬਣ ਮੇਰੇ ਘਰ ਆਵੇ। ਉਹ ਮਾਮੇ ਭਾਣਜੇ ਨੂੰ ਇੱਕਠਿਆ ਦੇਖ ਸਾਇਦ ਇਨ੍ਹੇ ਵਰਿਆ ਦਾ ਦੁੱਖ ਕੁਝ ਹੀ ਪਲਾ ਵਿੱਚ ਭੁਲ ਗਈ ਸੀ।
ਅਰਸ਼ਪ੍ਰੀਤ ਸਿੱਧੂ-9478622509