ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
02 Aug. 2020
ਰਾਜਸਥਾਨ ਮਾਮਲਾ: ਰਾਜਪਾਲ ਨੇ ਤੀਜੀ ਵਾਰੀ ਮੋੜੀ ਫ਼ਾਈਲ- ਇਕ ਖ਼ਬਰ
ਉੱਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।
ਪੰਜਾਬ ‘ਚ ਭਾਜਪਾ ਅਕਾਲੀ ਦਲ ਬਾਦਲ ਤੋਂ ਪੱਲਾ ਛੁਡਾਉਣ ਲਈ ਪਰ ਤੋਲਣ ਲੱਗੀ- ਇਕ ਖ਼ਬਰ
ਟੁੱਟ ਜਾਊਗਾ ਬਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।
ਰਾਜਸਥਾਨ ‘ਚ ਹੋ ਰਹੇ ਤਮਾਸ਼ੇ ਨੂੰ ਬੰਦ ਕਰਵਾਉਣ ਪ੍ਰਧਾਨ ਮੰਤਰੀ ਮੋਦੀ- ਗਹਿਲੋਤ
ਹਮ ਕੋ ਉਨ ਸੇ ਹੈ ਵਫ਼ਾ ਕੀ ਉਮੀਦ, ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।
ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਜ਼ਿੰਮੇਵਾਰਾਂ ਵਿਰੁੱਧ ਹੋਵੇ ਸਖ਼ਤ ਕਾਰਵਾਈ- ਜਾਖੜ
ਜਾਖੜ ਸਾਹਿਬ ਛੋਟੀਆਂ ਮੱਛੀਆਂ ਹੀ ਫੜ ਹੋਣੀਆਂ, ਮਗਰਮੱਛ ਨਹੀਂ ਫੜਨੇ ਕਿਸੇ ਨੇ।
ਡੇਢ ਕਿੱਲੋ ਅਫ਼ੀਮ ਸਮੇਤ ਸਾਬਕਾ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ- ਇਕ ਖ਼ਬਰ
ਪਹਿਲਾਂ ਸਟਾਰਾਂ ਤੇ ਫੀਤੀਆਂ ਸਦਕਾ ਬਚਦਾ ਰਿਹੈਂ ਪੁੱਤਰਾ।
ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਲਈ ਸੁਖਬੀਰ ਬਾਦਲ ਜ਼ਿੰਮੇਵਾਰ-ਦੇਸਰਾਜ ਸਿੰਘ ਧੁੱਗਾ
ਡੁੱਬਦੀ ਬੇੜੀ ‘ਚੋਂ ਮਾਰ ਕੇ ਛਾਲ ਮਿੱਤਰੋ, ਘਰ ਨਵਾਂ ਹੋਰ ਕੋਈ ਲੱਭੀਏ ਜੀ।
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੇ ਵਾਰਸਾਂ ਨੇ ਸੁਣਾਏ ਆਪਣੇ ਦੁਖੜੇ- ਇਕ ਖ਼ਬਰ
ਸਭ ਲੱਭਦੇ ਵੋਟਾਂ ਜੀ, ਇੱਥੇ ਕੋਈ ਨਹੀਂ ਕਿਸੇ ਦਾ ਦਰਦੀ।
ਪੰਜਾਬ ਸਰਕਾਰ ਨੇ ਕੁੱਤਿਆਂ ਦੀ ਨਸਬੰਦੀ ਕੀਤੀ ਸ਼ੁਰੂ-ਇਕ ਖ਼ਬਰ
ਚਲੋ ਕੁਝ ਤਾਂ ਕਾਰਗੁਜ਼ਾਰੀ ਪਈ ਕੈਪਟਨ ਸਰਕਾਰ ਦੀ।
ਸਹੀ ਸਮੇਂ ‘ਤੇ ਸਹੀ ਫ਼ੈਸਲੇ ਲੈਣ ਨਾਲ਼ ਦੇਸ਼ ਦੇ ਹਾਲਾਤ ਬਿਹਤਰ- ਮੋਦੀ
ਬਿਲਕੁਲ ਜੀ ਤਾਹੀਂਉਂ ਹੁਣ ਦੂਜੇ ਨੰਬਰ ‘ਤੇ ਆਉਣ ਵਾਲੇ ਹਾਂ।
ਯੂ.ਪੀ. ‘ਚ ਮਾਸਕ ਨਾ ਪਾਉਣ ਕਰ ਕੇ ਬੱਕਰੀ ਗ੍ਰਿਫ਼ਤਾਰ- ਇਕ ਖ਼ਬਰ
ਬੰਦੇ ਭਾਵੇਂ ਕੋਈ ਸਾਡੇ ਅੱਠ ਮਾਰ ਜਾਵੇ ਪਰ ਬੱਕਰੀ ਸੁੱਕੀ ਨਹੀਂ ਜਾਣ ਦੇਣੀ।
ਅਮਰੀਕੀ ਜੰਗੀ ਜਹਾਜ਼ ਦੇ ਸ਼ੰਘਾਈ ਨੇੜੇ ਗੇੜੇ ਨੇ ਵਧਾਇਆ ਤਣਾਅ- ਇਕ ਖ਼ਬਰ
ਨਿੱਤ ਮਾਰਦੇ ਗਲੀ ਦੇ ਵਿਚ ਗੇੜੇ, ਛੜਿਆਂ ਦੀ ਨੀਤ ਬੁਰੀ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਹੋਇਆ- ਇਕ ਖ਼ਬਰ
ਅੱਧ ਪਾ ਖਿਚੜੀ, ਚੁਬਾਰੇ ਰਸੋਈ।
ਸੁਖਬੀਰ ਬਾਦਲ ਆਪਣੀ ਦੋਗਲੀ ਨੀਤੀ ਛੱਡੇ- ਚੰਦੂਰਾਈਆਂ
ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।
ਸਰਕਾਰਾਂ ਸਿੱਖਾਂ ਦੇ ਸਬਰ ਦਾ ਇਮਤਿਹਾਨ ਲੈ ਰਹੀਆਂ ਹਨ- ਭਾਈ ਮੰਡ
ਤੁਹਾਡੇ ਸਬਰ ਨੂੰ ਵੀ ਨਮਸਕਾਰ ਐ ‘ਜਥੇਦਾਰ’ ਜੀ।
ਕਾਂਗਰਸ ਅਤੇ ਗਹਿਲੋਤ ਨੂੰ ਸਬਕ ਸਿਖਾਉਣ ਦੀ ਲੋੜ- ਮਾਇਆਵਤੀ
ਨੀਂ ਮੈਂ ਚੋਰੀ ਚੋਰੀ ਲਾ ਲਈਆਂ ਅੱਖੀਆਂ, ਨੀਂ ਮੈਂ ਚੋਰੀ ਚੋਰੀ।