ਅਜੋਕੇ ਰਾਮ - ਚੰਦ ਫਤਿਹਪੁਰੀ
ਅਯੁੱਧਿਆ ਵਿੱਚ ਰਾਮ ਮੰਦਰ ਲਈ ਭੂਮੀ ਪੂਜਾ ਸ਼ੁਰੂ ਹੋ ਚੁੱਕੀ ਹੈ ਤੇ ਅੱਜ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਦਾ ਨੀ੬ਂਹ ਪੱਥਰ ਰੱਖ ਦੇਣਗੇ। ਇਸ ਦੌਰਾਨ ਜੋਤਸ਼ੀਆਂ ਵਿਚਕਾਰ ਇਹ ਬਹਿਸ ਚੱਲ ਰਹੀ ਹੈ ਕਿ ਨੀਂਹ ਪੱਥਰ ਰੱਖਣ ਦਾ ਸਮਾਂ ਸ਼ੁੱਭ ਹੈ ਜਾਂ ਅਸ਼ੁੱਭ। ਹਿੰਦੂ ਮਾਨਤਾਵਾਂ ਅਨੁਸਾਰ ਹਿੰਦੂ ਪੰਚਾਂਗ ਦੇ ਹਿਸਾਬ ਨਾਲ ਪੰਚਕ ਦਾ ਦਿਨ ਅਸ਼ੁੱਭ ਮੰਨੇ ਜਾਣ ਦੇ ਬਾਵਜੂਦ ਨੀਂਹ ਪੱਥਰ ਰੱਖਣ ਲਈ 5 ਅਗਸਤ ਦੀ ਉਹ ਤਰੀਕ ਚੁਣੀ ਗਈ, ਜਿਹੜੀ ਹਕੂਮਤ ਵੱਲੋਂ ਜੰਮੂ-ਕਸ਼ਮੀਰ ਸੂਬੇ ਉੱਤੇ ਕੀਤੇ ਗਏ ਘਾਤਕ ਹਮਲੇ ਦੀ ਪਹਿਲੀ ਬਰਸੀ ਦੀ ਹੈ । ਆਪਣੇ ਹੀ ਦੇਸ਼ ਦੇ ਇੱਕ ਹਿੱਸੇ ਨੂੰ ਵੰਡਣ ਤੇ ਆਪਣੇ ਹੀ ਨਾਗਰਿਕਾਂ ਵਿਰੁੱਧ ਯੁੱਧ ਛੇੜਨ ਵਿੱਚ ਯਕੀਨ ਰੱਖਣ ਵਾਲੀ ਭਾਜਪਾ, ਅਯੁੱਧਿਆ ਨੂੰ ਇੱਕ ਵਾਰ ਮੁੜ ਫਿਰਕੂ ਨਫ਼ਰਤ ਫੈਲਾਉਣ ਦਾ ਅਖਾੜਾ ਨਹੀਂ ਬਣਾ ਦੇਵੇਗੀ, ਇਸ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਉਂਜ ਵੀ ਰਾਜਨੀਤੀ ਵਿੱਚ ਆਸਥਾ ਤੇ ਮਾਨਤਾਵਾਂ ਨਾਲੋਂ ਮੌਕੇ ਦਾ ਵੱਧ ਮਹੱਤਵ ਹੁੰਦਾ ਹੈ। ਇਹ ਹਰ ਕੋਈ ਜਾਣਦਾ ਹੈ ਕਿ 9 ਨਵੰਬਰ 1989 ਨੂੰ ਹਿੰਦੂ ਸਾਧੂ-ਸੰਤਾਂ ਦੀ ਦੇਖ-ਰੇਖ ਹੇਠ ਪੂਰੇ ਵਿਧੀ-ਵਿਧਾਨ ਨਾਲ ਇੱਕ ਦਲਿਤ ਨੌਜਵਾਨ ਕਾਮੇਸ਼ਵਰ ਚੌਪਾਲ ਰਾਹੀਂ ਪਹਿਲਾਂ ਹੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ, ਪਰ ਮੋਦੀ ਰਾਹੀਂ ਇਸ ਨੂੰ ਦੋਬਾਰਾ ਰੱਖਿਆ ਜਾਣਾ ਭਾਜਪਾ ਦੀ ਰਾਜਨੀਤੀ ਦੀ ਲੋੜ ਹੈ।
ਭਗਵਾਨ ਵਾਲਮੀਕ ਰਿਸ਼ੀ ਵੱਲੋਂ ਰਚੇ ਗਏ ਰਮਾਇਣ ਮਹਾਂਕਾਵ ਵਿਚਲਾ ਰਾਮ ਇਤਿਹਾਸਕ ਕਿਰਦਾਰ ਹੈ ਜਾਂ ਮਿਥਿਹਾਸਕ, ਇਹ ਬਹਿਸ ਅੱਜ ਨਿਰਾਰਥਕ ਹੈ। ਸਮੇਂ ਤੇ ਸਥਾਨ ਨਾਲ ਭਾਵੇਂ ਰਾਮ ਦਾ ਕਿਰਦਾਰ ਬਦਲਦਾ ਰਿਹਾ ਹੈ, ਪਰ ਉਹ ਕਦੇ ਵੀ ਰਾਜ ਸੱਤਾ ਤੋਂ ਅਲੱਗ ਨਹੀਂ ਹੋਇਆ। ਇੱਕ ਆਦਰਸ਼ ਪੁੱਤਰ, ਪਤਨੀਬਰਤਾ, ਤਿਆਗ ਮੂਰਤ, ਪ੍ਰਤਾਪੀ, ਬੁੱਧੀਮਾਨ, ਧੀਰਜਵਾਨ, ਪਰਜਾਪਾਲਕ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਰਾਮ ਨੂੰ ਮਰਿਆਦਾ ਪ੍ਰਸ਼ੋਤਮ ਕਿਹਾ ਗਿਆ ਹੈ। 12ਵੀਂ ਤੋਂ 16ਵੀਂ ਸਦੀ ਤੱਕ ਤੁਰਕ ਹਮਲਿਆਂ ਦੌਰਾਨ ਬੁਰਾਈ ਖ਼ਿਲਾਫ਼ ਚੰਗਿਆਈ ਦੀ ਸਥਾਪਨਾ ਲਈ ਰਾਮ ਇਸ ਖਿੱਤੇ ਦੇ ਰਾਜਿਆਂ ਲਈ ਢਾਲ ਬਣਿਆ ਰਿਹਾ। ਭਾਰਤ ਤੇ ਇਸ ਦੇ ਗੁਆਂਢੀ ਦੇਸ਼ਾਂ ਬਰਮਾ, ਇੰਡੋਨੇਸ਼ੀਆ, ਕੰਬੋਡੀਆ, ਲਾਊਸ, ਸ੍ਰੀਲੰਕਾ, ਨੇਪਾਲ, ਥਾਈਲੈਂਡ, ਮਲੇਸ਼ੀਆ, ਜਪਾਨ, ਮੰਗੋਲੀਆ, ਵੀਅਤਨਾਮ ਤੋਂ ਲੈ ਕੇ ਚੀਨ ਤੱਕ ਹਰ ਥਾਂ ਰਾਮ ਮੌਜੂਦ ਸੀ। ਇਨ੍ਹਾਂ ਸਭ ਦੇਸ਼ਾਂ ਤੇ ਭਾਰਤ ਦੀਆਂ ਅੱਡ-ਅੱਡ ਭਾਸ਼ਾਵਾਂ ਵਿੱਚ ਕੋਈ ਤਿੰਨ ਹਜ਼ਾਰ ਦੇ ਕਰੀਬ ਰਮਾਇਣਾਂ ਮੌਜੂਦ ਹਨ। ਹਰ ਰਮਾਇਣ ਵਿੱਚ ਰਾਮ ਦਾ ਕਿਰਦਾਰ ਸਮੇਂ, ਸਥਾਨ ਤੇ ਲੋੜ ਅਨੁਸਾਰ ਤਰਾਸ਼ਿਆ ਗਿਆ ਹੈ। ਇਥੋਂ ਤੱਕ ਕਿ ਅਕਬਰ ਵੱਲੋਂ ਫਾਰਸੀ ਵਿੱਚ ਤਿਆਰ ਕਰਵਾਈ ਅਕਬਰ ਰਮਾਇਣ, ਬੁੱਧ ਦੀ ਦਸ਼ਰਥ ਜਾਤਕ ਤੇ ਜੈਨੀਆਂ ਦੀ ਆਪਣੀ ਰਮਾਇਣ ਹੈ, ਯਾਨੀ ਕਿ ਹਰ ਇੱਕ ਦਾ ਆਪਣਾ-ਆਪਣਾ ਰਾਮ ਹੈ।
ਮਰਿਆਦਾ ਪ੍ਰਸ਼ੋਤਮ ਯਾਨੀ ਸਰਵੋਤਮ ਪੁਰਸ਼ ਰਾਮ ਸਭ ਮਾਨਵੀ ਗੁਣਾਂ ਵਿੱਚ ਪੂਰਨ ਹੈ, ਇਸ ਦੇ ਬਾਵਜੂਦ ਉਸ ਦੀਆਂ ਕੁਝ ਸੀਮਾਵਾਂ ਹਨ। ਇਸੇ ਲਈ ਕੋਈ ਵੀ ਮਾਂ ਆਪਣੀ ਧੀ ਨੂੰ ਇਹ ਅਸੀਸ ਨਹੀਂ ਦਿੰਦੀ ਕਿ ਤੈਨੂੰ ਸੀਤਾ ਦੇ ਪਤੀ ਵਰਗਾ ਪਤੀ ਮਿਲੇ। ਸੀਤਾ ਬਿਨਾਂ ਰਾਮ ਅਧੂਰਾ ਹੈ। ਇਸ ਲਈ ਆਮ ਜਨਤਾ ਦੇ ਮਨਾਂ ਵਿੱਚ ਰਾਮ, 'ਸੀਆਵਰ ਰਾਮ ਚੰਦਰ' ਤੇ 'ਸੀਤਾ ਰਾਮ' ਦੇ ਰੂਪ ਵਿੱਚ ਵਸੇ ਹੋਏ ਹਨ।
ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵਿੱਚ ਵੀ ਰਾਮ ਰੂਪਮਾਨ ਹੁੰਦੇ ਰਹੇ ਹਨ। ਗਵਾਲੀਅਰ ਦਾ ਜੰਮਪਲ ਸ੍ਰੀਧਰ ਬਲਵੰਤ 1904 ਵਿੱਚ ਇੱਕ ਕੁਲੀ ਵਜੋਂ ਫਿਜੀ ਵਿੱਚ ਗਿਆ। ਇਥੇ ਭਾਰਤੀ ਮਜ਼ਦੂਰਾਂ ਉੱਤੇ ਅੰਗਰੇਜ਼ਾਂ ਵੱਲੋਂ ਢਾਹੇ ਜਾਂਦੇ ਜ਼ੁਲਮ ਨੇ ਉਸ ਨੂੰ ਬਗਾਵਤ ਕਰਨ ਲਈ ਮਜਬੂਰ ਕਰ ਦਿੱਤਾ। ਉਸਨੇ ਮਜ਼ਦੂਰਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ 1917 ਵਿੱਚ ਉਸ ਨੂੰ ਉੱਥੋਂ ਕੱਢ ਦਿੱਤਾ ਤਾਂ ਉਸ ਨੇ ਅਯੁੱਧਿਆ ਵਿੱਚ ਆ ਕੇ ਬਾਬਾ ਰਾਮ ਚੰਦਰ ਵਜੋਂ ਅਵਧ ਦੇ ਕਿਸਾਨਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਉਹ ਹਮੇਸ਼ਾ ਆਪਣੇ ਕੋਲ ਰਮਾਇਣ ਦੀ ਪੋਥੀ ਰੱਖਦਾ ਤੇ ਲੋਕਾਂ ਨੂੰ ਜ਼ਿਮੀਦਾਰਾਂ ਵਿਰੁੱਧ ਲਾਮਬੰਦ ਕਰਦਾ ਰਹਿੰਦਾ। ਉਸਨੇ ਗਰੀਬ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਜ਼ਿਮੀਦਾਰਾਂ ਨੂੰ ਝੁਕ ਕੇ ਸਲਾਮ ਕਰਨ ਦੀ ਥਾਂ 'ਸੀਤਾ-ਰਾਮ ਦੀ ਜੈ' ਕਹਿ ਕੇ ਬੁਲਾਇਆ ਕਰਨ। ਇਸ 'ਸੀਤਾ ਰਾਮ' ਦੇ ਨਾਅਰੇ ਨੇ ਉਸ ਸਮੇਂ ਅਵਧ ਵਿੱਚ ਅਜਿਹਾ ਸ਼ਕਤੀਸ਼ਾਲੀ ਅੰਦੋਲਨ ਖੜ੍ਹਾ ਕਰ ਦਿੱਤਾ ਸੀ, ਜਿਸ ਨੇ ਜਵਾਹਰ ਲਾਲ ਨਹਿਰੂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਇਸੇ ਦੌਰਾਨ ਮਹਾਤਮਾ ਗਾਂਧੀ ਨੇ ਵੀ ਰਘੂਪਤੀ ਰਾਘਵ ਸੀਤਾ ਰਾਮ ਤੇ ਈਸ਼ਵਰ ਅੱਲਾ ਤੇਰੋ ਨਾਮ ਦੇ ਭਜਨ ਰਾਹੀਂ ਲੋਕਾਂ ਵਿੱਚ ਰਾਮ ਤੇ ਅੱਲਾਹ ਵਿਚਲਾ ਫ਼ਰਕ ਮਿਟਾਉਣ ਦਾ ਸੰਦੇਸ਼ ਦਿੱਤਾ।
ਪਰ ਅਜ਼ਾਦ ਭਾਰਤ ਵਿੱਚ ਰਾਮ ਨੇ ਬੜੀ ਤੇਜ਼ੀ ਨਾਲ ਆਪਣਾ ਰੂਪ ਬਦਲਿਆ ਹੈ। ਹੁਣ ਉਹ ਧੀਰਜਵਾਨ, ਦਿਆਲੂ ਤੇ ਸ਼ਾਂਤ ਸੁਭਾਅ ਵਾਲੇ ਰਾਮ ਨਹੀਂ ਰਹੇ, ਹੁਣ ਉਨ੍ਹਾ ਨੂੰ ਤਲਵਾਰ ਚੁੱਕੀ ਇੱਕ ਬੇਰਹਿਮ ਭੀੜ ਦੀ ਅਗਵਾਈ ਕਰਨ ਉੱਤੇ ਲਾ ਦਿੱਤਾ ਗਿਆ ਹੈ। ਹੁਣ ਉਨ੍ਹਾ ਨੂੰ ਸੀਤਾ ਦੀ ਕੋਈ ਜ਼ਰੂਰਤ ਨਹੀਂ ਹੈ। 'ਬੋਲ ਸੀਆਵਰ ਰਾਮ ਚੰਦਰ ਕੀ ਜੈ' ਦੀ ਥਾਂ ਹੁਣ ਉਹ 'ਜੈ ਸ੍ਰੀ ਰਾਮ' ਦੇ ਨਾਅਰੇ ਨਾਲ ਮਰਿਆਦਾ ਪ੍ਰਸ਼ੋਤਮ ਨਹੀਂ ਮਰਦਾਨਗੀ ਪ੍ਰਸ਼ੋਤਮ ਹੋ ਚੁੱਕੇ ਹਨ। ਗਊ ਰੱਖਿਆ ਦੇ ਨਾਂਅ ਉੱਤੇ ਜੈ ਸ੍ਰੀ ਰਾਮ ਦੀ ਅਗਵਾਈ ਵਿੱਚ ਨਿਕਲੀ ਭਗਵੀਂ ਭੀੜ ਦੇ ਖਾਤੇ ਵਿੱਚ ਦਰਜਨਾਂ ਦੰਗਿਆਂ, ਹਿੰਸਾ ਤੇ ਕਤਲ ਦੇ ਮਾਮਲੇ ਦਰਜ ਹਨ। ਅੱਜ ਇਹ ਭੀੜ ਜਸ਼ਨ ਮਨਾਏਗੀ ਕਿ ਉਸ ਨੇ ਭਾਰਤੀ ਸੰਵਿਧਾਨ ਦੇ ਧਰਮ-ਨਿਰਪੱਖਤਾ ਦੇ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕੇ ਮੁਖੌਟੇ ਦਾ ਵੀ ਅੰਤਮ ਸੰਸਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਚਾਂਦੀ ਦੀ ਇੱਟ ਨਾਲ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ ਤਾਂ ਉਸੇ ਨੀਂਹ ਵਿੱਚ ਧਰਮ-ਨਿਰਪੱਖਤਾ ਦੀਆਂ ਸਭ ਕਦਰਾਂ-ਕੀਮਤਾਂ, ਧੀਰਜ, ਸ਼ਾਂਤੀ, ਸਦਭਾਵ ਤੇ ਭਾਈਚਾਰਾ ਦਫਨ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਆਰ ਐੱਸ ਐੱਸ ਦੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ 95 ਸਾਲ ਪੁਰਾਣੇ ਸੁਫਨੇ ਦਾ ਮੁੱਢ ਬੱਝ ਜਾਵੇਗਾ ਅਤੇ ਦੇਸ਼ ਨੂੰ ਪ੍ਰਗਤੀਸ਼ੀਲ, ਆਧੁਨਿਕ, ਲੋਕਤੰਤਰਿਕ ਤੇ ਬਰਾਬਰੀ ਉੱਤੇ ਅਧਾਰਤ ਧਰਮ ਨਿਰਪੱਖ ਦੇਸ਼ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਘਾਤਕ ਚੋਟ ਪਹੁੰਚੇਗੀ। ਇਹ ਕੋਈ ਅੱਤਕਥਨੀ ਨਹੀਂ ਹੈ। ਕੀ ਇਹ ਸੱਚ ਨਹੀਂ ਕਿ ਅੱਜ ਸਭ ਲੋਕਤੰਤਰੀ ਸੰਵਿਧਾਨਕ ਸੰਸਥਾਵਾਂ ਦਾ ਹਿੰਦੂ ਕਰਨ ਹੋ ਚੁੱਕਾ ਹੈ। ਨਿਆਂ ਪਾਲਿਕਾ ਤੱਕ ਸਭ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਇਸ ਸਥਿਤੀ ਲਈ ਸਿਰਫ਼ ਸੱਤਾਧਾਰੀ ਹੀ ਨਹੀਂ, ਮੌਕਾਪ੍ਰਸਤ ਵਿਰੋਧੀ ਪਾਰਟੀਆਂ ਤੇ ਅਖੌਤੀ ਬੁੱਧੀਜੀਵੀ ਵੀ ਜ਼ਿੰਮੇਵਾਰ ਹਨ। ਹਿੰਦੂਤਵ ਦੇ ਅਸ਼ਵਮੇਧ ਦਾ ਘੋੜਾ ਸਭ ਨੂੰ ਦਰੜਦਾ ਹੋਇਆ ਅੱਗੇ ਵਧ ਰਿਹਾ ਹੈ ਤੇ ਸਭ ਇਸ ਦੇ ਅੱਗੇ ਸਮਰਪਣ ਕਰੀ ਜਾ ਰਹੇ ਹਨ। ਆਧੁਨਿਕ ਲੋਕਤੰਤਰਿਕ ਭਾਰਤ ਲਈ ਵਚਨਬੱਧ ਖੱਬੇ-ਪੱਖੀ ਪਾਰਟੀਆਂ, ਦਲਿਤ ਸੰਗਠਨ, ਵਿਚਾਰਕ ਸਮੂਹ ਤੇ ਅਗਾਂਹਵਧੂ ਬੁਧੀਜੀਵੀ ਇਸ ਅੱਥਰੇ ਘੋੜੇ ਦੀ ਨਕੇਲ ਕੱਸਣ ਲਈ ਵਿੱਤ ਮੁਤਾਬਕ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਦੀ ਕਾਮਯਾਬੀ ਇਸ ਲੜਾਈ 'ਚ ਜਨਤਾ ਜਨਾਰਧਨ ਦੀ ਸ਼ਮੂਲੀਅਤ ਉਤੇ ਨਿਰਭਰ ਕਰਦੀ ਹੈ।
ਰੋਜ਼ਾਨਾ 'ਨਵਾਂ ਜ਼ਮਾਨਾ' ਦੀ ਸੰਪਾਦਕੀ, ਧੰਨਵਾਦ ਸਹਿਤ