ਪ੍ਰੇਰਨਾਦਾਇਕ ਲੇਖ : ਸਫ਼ਲ ਜੀਵਨ - ਗੁਰਸ਼ਰਨ ਸਿੰਘ ਕੁਮਾਰ
ਹਰ ਮਨੁੱਖ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਸ ਦਾ ਜੀਵਨ ਸਫ਼ਲ ਹੋਵੇ। ਉਹ ਚਾਹੁੰਦਾ ਹੈ ਕਿ ਉਹ ਦੂਸਰੇ ਨੂੰ ਸੋਹਣਾ ਲੱਗੇ। ਇਸ ਲਈ ਉਹ ਆਪਣੀ ਫ਼ੱਬਤ ਨੂੰ ਸੁਹਣਾ ਸੁਨੱਖਾ ਬਣਾ ਕੇ ਰੱਖਦਾ ਹੈ। ਉਹ ਘਰੋਂ ਬਾਹਰ ਜਾਣ ਲੱਗਿਆਂ ਸੋਹਣੇ ਪ੍ਰੈਸ ਕੀਤੇ ਹੋਏ ਕੱਪੜੇ ਪਾ ਕੇ ਅਤੇ ਚਿਹਰੇ ਨੂੰ ਚਮਕਾ ਕੇ ਰੱਖਦਾ ਹੈ। ਇਸੇ ਆਸ਼ੇ ਨੂੰ ਲੈ ਕੇ ਅੱਜ ਕੱਲ ਔਰਤਾਂ ਬਿਉਟੀ ਪਾਰਲਰ ਦਾ ਵੀ ਸਹਾਰਾ ਲੈਂਦੀਆਂ ਹਨ ਤਾਂ ਕਿ ਉਨ੍ਹਾਂ ਦੇ ਚਿਹਰੇ ਦੀ ਚਮਕ ਬਣੀ ਰਹੇ। ਪਾਉਡਰ, ਕਰੀਮਾਂ ਅਤੇ ਬਿਉਟੀ ਪਾਰਲਰ ਦਾ ਧੰਦਾ ਅੱਜ ਕੱਲ ਬਹੁਤ ਪ੍ਰਫੁਲਤ ਹੋ ਰਿਹਾ ਹੈ। ਥਾਂ ਥਾਂ ਬਿਉਟੀ ਪਾਰਲਰ ਖੁੱਲ ਰਹੇ ਹਨ। ਇਨ੍ਹਾਂ ਕਰੀਮਾਂ ਅਤੇ ਪਾਉਡਰ ਦੀ ਚਮਕ ਥੋੜ੍ਹ ਚਿਰੀ ਹੀ ਹੁੰਦੀ ਹੈ। ਜਦ ਮੂੰਹ ਧੋ ਲਉ, ਚਮਕ ਗਾਇਬ। ਚਿਹਰੇ ਦੀ ਅਜਿਹੀ ਚਮਕ ਬੰਦੇ ਦੇ ਮੂੰਹ ਤੇ ਅਸਲੀ ਚਮਕ ਨਹੀਂ ਲਿਆ ਸਕਦੀ। ਅਸਲੀ ਖ਼ੂਬਸੂਰਤੀ ਤਾਂ ਬੰਦੇ ਦੇ ਗੁਣਾਂ ਕਾਰਨ ਹੀ ਆਉੰਦੀ ਹੈ। ਅਜਿਹੇ ਬੰਦੇ ਦੇ ਚਿਹਰੇ ਦੀ ਚਮਕ ਦੂਜੇ ਦੀਆਂ ਅੱਖਾਂ ਚੁੰਧਿਆ ਦਿੰਦੀ ਹੈ। ਫਿਰ ਭਾਵੇਂ ਬੰਦਾ ਕਿੰਨਾ ਵੀ ਕਾਲਾ ਕਿਉਂ ਨਾ ਹੋਵੇ, ਸਭ ਨੂੰ ਮਨ ਭਾਉਂਦਾ ਹੈ ਅਤੇ ਹਰਮਨ ਪਿਆਰਾ ਲੱਗਦਾ ਹੈ। ਭਾਰਤ ਦੇ ਮਹਾਤਮਾਂ ਗਾਂਧੀ ਅਤੇ ਅਬਦੁਲ ਕਲਾਮ, ਅਮਰੀਕਾ ਦੇ ਅਬਰਾਹਿਮ ਲਿੰਕਨ ਅਤੇ ਬਰਾਕ ਉਬਾਮਾ ਅਤੇ ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਸਧਾਰਨ ਦਿੱਖ ਵਾਲੇ ਬੰਦੇ ਸਨ। ਉਹ ਕਦੀ ਪਾਉਡਰ ਅਤੇ ਕਰੀਮਾਂ ਨਹੀਂ ਸਨ ਲਾਉਂਦੇ ਪਰ ਫਿਰ ਵੀ ਆਪਣੇ ਗੁਣਾਂ ਕਰ ਕੇ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ। ਮਹਾਤਮਾਂ ਗਾਂਧੀ ਨੂੰ ਦੇਸ਼ ਦੇ ਰਾਸ਼ਟਰ ਪਿਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਅਤੇ ਬਾਕੀ ਸਾਰੇ ਬੰਦੇ ਆਪਣੇ ਆਪਣੇ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬਿਰਾਜਮਾਨ ਹੋਏ। ਇਸ ਤੋਂ ਸਾਬਤ ਹੁੰਦਾ ਹੈ ਕਿ ਮਨੁੱਖ ਨੂੰ ਜੀਵਨ ਵਿਚ ਸਫ਼ਲ ਹੋਣ ਲਈ ਕਈ ਹੋਰ ਪੱਖਾਂ ਤੋਂ ਵੀ ਉੱਚਾ ਉੱਠਣ ਦੀ ਲੋੜ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਸਨ, ਜੁਆਨੀ ਅਤੇ ਦੌਲਤ ਦੀ ਆਪਣੀ ਵਿਸ਼ੇਸ਼ ਖਿੱਚ ਹੈ। ਇਸ ਵਿਸ਼ੇਸ਼ਤਾ ਦਾ ਪ੍ਰਭਾਵ ਦੂਜੇ 'ਤੇ ਸਭ ਤੋਂ ਪਹਿਲਾਂ ਪੈਂਦਾ ਹੈ। ਇਹ ਗੁਣ ਦੂਜੇ ਨੂੰ ਸੰਮੋਹਿਤ ਕਰਦੇ ਹਨ। ਸਫ਼ਲ ਜੀਵਨ ਲਈ ਕੇਵਲ ਇਨਾਂ ਚੀਜ਼ਾਂ ਦਾ ਹੋਣਾ ਹੀ ਕਾਫ਼ੀ ਨਹੀਂ। ਨਹੀਂ ਤੇ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਿਸ ਮਨੁੱਖ ਕੋਲ ਇਹ ਗੁਣ ਨਹੀਂ ਉਨ੍ਹਾਂ ਦਾ ਜੀਵਨ ਸਫ਼ਲ ਹੋ ਹੀ ਨਹੀਂ ਸਕਦਾ। ਇਹ ਧਾਰਨਾ ਬਿਲਕੁਲ ਗ਼ਲਤ ਹੈ। ਇਨ੍ਹਾਂ ਗੁਣਾ ਤੋਂ ਬਿਨਾ ਜ਼ਿੰਦਗੀ ਦੇ ਹੋਰ ਵੀ ਕਈ ਜ਼ਰੂਰੀ ਪੱਖ ਹਨ ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਮਨੁੱਖ ਆਪਣਾ ਜੀਵਨ ਸਫ਼ਲ ਬਣਾ ਸਕਦਾ ਹੈ। ਸਫ਼ਲ ਜੀਵਨ ਲਈ ਕਿਹੜੇ ਹੋਰ ਗੁਣ ਜ਼ਰੂਰੀ ਹਨ ਇਸ ਲਈ ਡੂੰਗੀ ਵਿਚਾਰ ਦੀ ਲੋੜ ਹੈ। ਮਨੁੱਖ ਨੂੰ ਸੋਹਣੇ ਦਿਸੱਣ ਦੇ ਨਾਲ ਨਾਲ ਚੰਗਾ ਇਨਸਾਨ ਬਣਨ ਦੀ ਵੀ ਲੋੜ ਹੈ। ਸਫ਼ਲ ਜੀਵਨ ਲਈ ਬੰਦੇ ਨੂੰ ਸਾਵੀਂ ਪੱਧਰੀ (ਸੰਤੁਲਿਤ) ਜ਼ਿੰਦਗੀ ਜਿਉਣ ਦੀ ਲੋੜ ਹੈ।
ਸਫ਼ਲ ਜੀਵਨ ਲਈ ਸਭ ਤੋਂ ਜ਼ਰੂਰੀ ਹੈ ਕਿ ਬੰਦੇ ਦੀ ਸਿਹਤ ਠੀਕ ਹੋਵੇ। ਸਿਹਤ ਹੈ ਤਾਂ ਉਸ ਕੋਲ ਬਹੁਤ ਕੁਝ ਹੈ। ਜਿਸ ਬੰਦੇ ਦੀ ਸਿਹਤ ਠੀਕ ਨਹੀਂ, ਉਸ ਕੋਲ ਭਾਵੇਂ ਜਿੰਨਾ ਮਰਜ਼ੀ ਧਨ, ਦੌਲਤ ਅਤੇ ਸੁੱਖਾਂ ਦੇ ਸਾਧਨ ਹੋਣ, ਉਹ ਕਦੀ ਖ਼ੁਸ਼ ਨਹੀਂ ਰਹਿ ਸਕਦਾ। ਖ਼ੁਸ਼ੀ ਹੀ ਕਿਸੇ ਮਨੁੱਖ ਦੀ ਸਫ਼ਲ ਜ਼ਿੰਦਗੀ ਦਾ ਰਾਜ਼ ਹੈ। ਮਨੁੱਖ ਦਾ ਸਰੀਰ ਉਮਰ ਮੁਤਾਬਿਕ ਤਕੜਾ ਅਤੇ ਤੰਦਰੁਸਤ ਹੋਣਾ ਚਾਹੀਦਾ ਹੈ। ਉਸ ਦੇ ਸਾਰੇ ਅੰਗ ਨਰੋਏ ਅਤੇ ਠੀਕ ਤਰ੍ਹਾਂ ਕੰਮ ਕਰਦੇ ਹੋਣੇ ਚਾਹੀਦੇ ਹਨ। ਉਸ ਦੇ ਚਿਹਰੇ ਤੋਂ ਆਤਮ ਵਿਸ਼ਵਾਸ ਅਤੇ ਸਰੀਰਕ ਮਜ਼ਬੂਤੀ ਝਲਕਣੀ ਚਾਹੀਦੀ ਹੈ।ਜ਼ਿਆਦਾਤਰ ਲੋਕ ਆਪਣੇ ਬਚਪਨ ਅਤੇ ਜੁਆਨੀ ਵਿਚ ਆਪਣੀ ਸਿਹਤ ਵਲ ਪੂਰਾ ਧਿਆਨ ਨਹੀਂ ਦਿੰਦੇ। ਜਦ ਵੇਲਾ ਹੱਥੋਂ ਨਿਕਲ ਜਾਂਦਾ ਹੈ ਤਾਂ ਪਛਤਾਉਂਦੇ ਹਨ। ਪੈਸਾ ਜ਼ਿੰਦਗੀ ਦਾ ਗੁਜ਼ਰਾਨ ਹੈ। ਪੈਸੇ ਤੋਂ ਬਿਨਾ ਵੀ ਜ਼ਿੰਦਗੀ ਸਫ਼ਲ ਨਹੀਂ ਹੁੰਦੀ। ਪਰਿਵਾਰਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸੇ ਦੀ ਬਹੁਤ ਲੋੜ ਹੈ। ਇਸ ਤੋਂ ਬਿਨਾ ਜ਼ਿੰਦਗੀ ਇਕ ਸਰਾਪ ਬਣ ਕੇ ਰਹਿ ਜਾਂਦੀ ਹੈ ਪਰ ਬੇਈਮਾਨੀ ਜਾਂ ਜ਼ਿਆਦਾ ਲਾਲਚ ਕਰ ਕੇ ਕਮਾਇਆ ਧਨ ਵੀ ਦੁਖੀ ਹੀ ਕਰਦਾ ਹੈ। ਲਾਲਚ ਵੱਸ ਕਈ ਵਾਰੀ ਬੰਦਾ ਆਪਣੀ ਜ਼ਿੰਦਗੀ ਵਿਚ ਏਨੇ ਕੰਡੇ ਬੀਜ ਲੈਂਦਾ ਹੈ ਕਿ ਜ਼ਿੰਦਗੀ ਦਾ ਚੱਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਪੈਸੇ ਨੇ ਭਰਾ ਭਰਾ ਵਿਚ ਦੁਸ਼ਮਣੀਆਂ ਪਾ ਕੇ ਪਵਿੱਤਰ ਰਿਸ਼ਤਿਆਂ ਦਾ ਘਾਨ ਕਰ ਦਿੱਤਾ ਹੈ। ਕਈ ਵਾਰੀ ਮਨੁੱਖ ਪੈਸਾ ਕਮਾਉਣ ਲਈ ਆਪਣੀ ਸਿਹਤ ਖਰਾਬ ਕਰ ਲੈਂਦਾ ਹੈ। ਫਿਰ ਸਿਹਤ ਠੀਕ ਕਰਨ ਲਈ ਸਾਰਾ ਪੈਸਾ ਦੁਵਾਈਆਂ ਅਤੇ ਡਾਕਟਰਾਂ ਕੋਲ ਗੁਵਾ ਬੈਠਦਾ ਹੈ। ਫਿਰ ਮਾਇਆ ਮਿਲੀ ਨਾ ਰਾਮ ਵਾਲਾ ਹਿਸਾਬ ਹੁੰਦਾ ਹੈ। ਇਸ ਲਈ ਬੰਦੇ ਨੂੰ ਧਨ ਦਾ ਅਤੇ ਆਪਣੀਆਂ ਜ਼ਰੂਰਤਾਂ ਦਾ ਤਵਾਜੁਨ ਬਣਾ ਕੇ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।
ਤੰਦਰੁਸਤ ਰਹਿਣ ਲਈ ਬੰਦੇ ਨੂੰ ਆਪਣੀ ਸਿਹਤ ਦਾ ਖ਼ੁਦ ਧਿਆਨ ਰੱਖਣ ਦੀ ਜ਼ਰੂਰਤ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੰਦੇ ਦੀ ਖ਼ੁਰਾਕ ਠੀਕ ਅਤੇ ਪੋਸ਼ਟਿਕ ਹੋਵੇ ਤਾਂ ਕਿ ਸਰੀਰ ਨੂੰ ਪੂਰੀ ਊਰਜ਼ਾ ਮਿਲ ਸੱਕੇ ਅਤੇ ਉਹ ਬਿਮਾਰੀਆਂ ਤੋਂ ਬਚਿਆ ਰਹੇ। ਬੰਦਾ ਸਮੇਂ ਸਿਰ ਪੂਰਾ ਭੋਜਨ ਕਰੇ। ਨਸ਼ਿਆਂ ਦੇ ਸੇਵਨ ਤੋਂ ਬਚੇ। ਦਿਨ ਭਰ ਦੀ ਮੁਸ਼ੱਕਤ ਦਾ ਕੰਮ ਭੋਜਨ ਨੂੰ ਹਜ਼ਮ ਕਰਦਾ ਹੈ। ਸੈਰ ਅਤੇ ਕਸਰਤ ਵੀ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਈ ਹੁੰਦੀ ਹੈ॥ ਸਾਰਾ ਦਿਨ ਕੰਮ ਵਿਚ ਰੁੱਝੇ ਰਹਿਣ ਦੇ ਨਾਲ ਨਾਲ ਬੰਦੇ ਨੂੰ ਆਪਣੇ ਲਈ ਵੀ ਕੁਝ ਸਮਾਂ ਕੱਢਣਾ ਚਾਹੀਦਾ ਹੈ, ਜਿਸ ਵਿਚ ਉਹ ਆਪਣੇ ਹਿਸਾਬ ਸਿਰ ਮਨੋਰੰਜਨ ਕਰ ਸੱਕੇ ਅਤੇ ਉਸ ਦੇ ਸਰੀਰ ਦੇ ਸਾਰੇ ਸੈਲ ਅਗਲੇ ਦਿਨ ਦੇ ਕੰਮ ਕਰਨ ਲਈ ਫਿਰ ਤੋਂ ਚਾਰਜ ਹੋ ਸੱਕਣ। ਇਸ ਤਰ੍ਹਾਂ ਉਸ ਦਾ ਸਰੀਰ ਤਕੜਾ, ਤੰਦਰੁਸਤ ਅਤੇ ਮਜ਼ਬੂਤ ਰਹੇਗਾ। ਉਸ ਦੇ ਸਰੀਰ ਦੇ ਸਾਰੇ ਅੰਗ ਨਰੋਏ ਰਹਿਣਗੇ। ਉਸ ਦੇ ਚਿਹਰੇ ਤੇ ਅਸਲੀ ਚਮਕ ਆਵੇਗੀ ਅਤੇ ਉਸ ਦੇ ਦਿਮਾਗ਼ ਨੂੰ ਵੀ ਅਰਾਮ ਮਿਲੇਗਾ। ਉਹ ਸਹਿਜ ਵਿਚ ਰਹੇਗਾ ਤਾਂ ਹੀ ਉਹ ਜ਼ਿੰਦਗੀ ਦੀਆਂ ਔਕੜਾਂ ਨਾਲ ਦਸਤਪੰਜਾ ਲੈ ਸੱਕੇਗਾ। ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੋਹਣੀ ਪਰਵਰਿਸ਼ ਕਰ ਸੱਕੇਗਾ। ਸੋਹਣੀ ਫ਼ੱਬਤ ਅਤੇ ਮਜ਼ਬੂਤ ਸਰੀਰ ਸਫ਼ਲ ਜੀਵਨ ਦੀ ਪਹਿਲੀ ਪੋੜ੍ਹੀ ਹੈ।
ਸਫ਼ਲ ਜੀਵਨ ਲਈ ਅਗਲਾ ਵਿਸ਼ੇਸ਼ ਗੁਣ ਹੈ ਵਿਦਿਆ ਅਤੇ ਲਿਆਕਤ। ਬੰਦਾ ਜਿੰਨਾ ਮਰਜ਼ੀ ਸਰੀਰਕ ਤੋਰ ਤੇ ਤੰਦਰੁਸਤ ਅਤੇ ਤਕੜਾ ਹੋਵੇ, ਜੇ ਉਸ ਦਾ ਦਿਮਾਗ਼ ਹੀ ਨਹੀਂ ਚੱਲਦਾ ਤਾਂ ਕੋਈ ਫਾਇਦਾ ਨਹੀਂ। ਫਿਰ ਤਾਂ ਉਸ ਦਾ ਇਹ ਹਿਸਾਬ ਹੈ ਕਿ ਅਕਲ ਵੱਡੀ ਕਿ ਭੈਂਸ? ਹਰ ਮਨੁੱਖ ਲਈ ਵਿਦਿਆ ਬਹੁਤ ਜ਼ਰੂਰੀ ਹੈ। ਵਿਦਿਆ ਨਾਲ ਬੰਦੇ ਦਾ ਗਿਆਨ ਵਧਦਾ ਹੈ। ਉਸ ਦੇ ਅੰਦਰਲੇ ਨੇਤਰ ਖੁਲ੍ਹਦੇ ਹਨ। ਉਸ ਨੂੰ ਵਸਤੂ ਨੂੰ ਪਰਖਣ ਦੀ ਸਮਝ ਪੈਂਦੀ ਹੈ। ਉਹ ਕਿਸੇ ਮਨੁੱਖ, ਵਸਤੂ, ਘਟਨਾ ਜਾ ਸਮੱਸਿਆ ਬਾਰੇ ਆਪਣਾ ਨਜ਼ਰੀਆ ਕਾਇਮ ਕਰ ਸਕਦਾ ਹੈ ਅਤੇ ਅੱਗੋਂ ਉਸ ਮੁਤਾਬਿਕ ਅਮਲ ਕਰਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆਂ 73 ਸਾਲ (2020 ਵਿਚ) ਹੋ ਗਏ ਹਨ ਪਰ ਏਨੇ ਸਾਲਾਂ ਵਿਚ ਸਾਡੀਆਂ ਸਰਕਾਰਾਂ ਵਿਦਿਆ ਦੀ ਕੋਈ ਠੋਸ ਨੀਤੀ ਨਹੀਂ ਬਣਾ ਸੱਕੀਆਂ। ਸਕੂਲਾਂ ਕਾਲਜਾਂ ਵਿਚ ਜੋ ਪੜਾਇਆ ਜਾਂਦਾ ਹੈ ਉਹ ਗਿਆਨ ਮਨੁੱਖ ਦੀ ਜ਼ਿੰਦਗੀ ਵਿਚ ਕੋਈ ਖਾਸ ਕੰਮ ਨਹੀਂ ਆਉਂਦਾ। ਕਾਲਜ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਨੌਜੁਆਨ ਡਿਗਰੀੌਆਂ ਲੈ ਕੇ ਰੁਜ਼ਗਾਰ ਦੀ ਭਾਲ ਵਿਚ ਅੰਨ੍ਹਿਆਂ ਦੀ ਤਰ੍ਹਾਂ ਬੰਦ ਕਮਰਿਆਂ ਵਿਚ ਭਟਕਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ। ਉਨ੍ਹਾਂ ਦੀ ਬਦਨਸੀਬੀ ਹੈ ਕਿ 20/25 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਦੇ ਖੜ੍ਹੇ ਨਹੀਂ ਹੋ ਸਕਦੇ। ਉਹ ਤਣਾਅ ਵਿਚ ਆ ਕੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਕਰਜ਼ੇ ਚੁੱਕ ਕੇ ਰੋਟੀ ਰੋਜ਼ੀ ਦੀ ਤਲਾਸ਼ ਵਿਚ ਪਰਦੇਸਾਂ ਵਿਚ ਪਰਵਾਸ ਕਰਦੇ ਹਨ। ਅੱਜ ਕੱਲ ਦੀ ਪੜਾਈ ਰੱਟਾ ਸਿਸਟਮ ਤੇ ਜ਼ੋਰ ਦਿੰਦੀ ਹੈ। 99% ਨੰਬਰਲੈਣ ਵਾਲੇ ਬੱਚੇ ਰੱਟਾ ਲਾ ਕੇ ਪੇਪਰਾਂ ਵਿਚ ਜਾ ਕੇ ਉਲਟੀ ਕਰ ਦਿੰਦੇ ਹਨ। ਉਹ ਅੰਦਰੋਂ ਖਾਲੀ ਦੇ ਖਾਲੀ ਹੀ ਰਹਿੰਦੇ ਹਨ। ਉਨ੍ਹਾਂ ਕੋਲ ਕੋਈ ਠੋਸ ਤਕਨੀਕੀ ਹੁਨਰ ਨਹੀਂ ਹੁੰਦਾ। ਜਦ ਉਨ੍ਹਾਂ ਦਾ ਜ਼ਿੰਦਗੀ ਦੀ ਤਲਖ ਹਕੀਕਤ ਨਾਲ ਵਾਸਤਾ ਪੈਂਦਾ ਹੈ ਤਾਂ ਉਹ ਫੇਲ੍ਹ ਹੋ ਜਾਂਦੇ ਹਨ।
ਚਲੋ ਜੇ ਤੁਸੀਂ ਪੜਾਈ ਕਰ ਵੀ ਲਈ ਤਾਂ ਕੇਵਲ ਬੀ ਏ ਜਾਂ ਐਮ ਏ ਕਰਨ ਨਾਲ ਕੋਈ ਬੰਦਾ ਲਾਇਕ ਨਹੀਂ ਬਣ ਜਾਂਦਾ। ਜਿਸ ਬੰਦੇ ਵਿਚ ਸਲੀਕਾ ਜਾਂ ਨਿਮਰਤਾ ਨਹੀਂ ਉਸ ਦੀ ਅਜਿਹੀ ਪੜਾਈ ਦਾ ਕੀ ਫਾਇਦਾ? ਇਸੇ ਲਈ ਕਹਿੰਦੇ ਹਨ ਕਿ ਅਕਲਾਂ ਬਾਝੋਂ ਖੂਹ ਖਾਲੀ। ਇਹ ਅਕਲ ਅਤੇ ਸਲੀਕਾ ਸਾਨੂੰ ਸਕੂਲਾਂ ਜਾਂ ਕਾਲਜਾਂ ਵਿਚ ਨਹੀਂ ਸਿਖਾਇਆ ਜਾਂਦਾ। ਸਲੀਕਾ ਸਾਨੂੰ ਸਾਡਾ ਪਰਿਵਰ ਅਤੇ ਸਮਾਜ ਸਿਖਾਉਂਦਾ ਹੈ। ਲਿਆਕਤ ਅਤੇ ਸਮਝਦਾਰੀ ਬੰਦੇ ਦੇ ਗਿਆਨ ਨੂੰ ਤਿੱਖਾ ਕਰਦੀ ਹੈ ਅਤੇ ਉਹ ਕਾਮਯਾਬ ਹੋ ਕੇ ਸਮਾਜ ਵਿਚ ਵਿਚਰਦਾ ਹੈ। ਮੁਸੀਬਤ ਸਮੇਂ ਕਦੀ ਦਿਲ ਨਾਂ ਛੱਡੋ। ਹਮੇਸ਼ਾਂ ਹਾਂ ਪੱਖੀ ਨਜ਼ਰੀਆ ਰੱਖੋ। ਹਰ ਸਮੇਂ ਕੁਝ ਨਵਾਂ ਸਿੱਖਣ ਦੀ ਸਟੇਜ਼ ਤੇ ਰਹੋ। ਤੁਸੀਂ ਛੋਟੇ ਜਿਹੇ ਬੱਚੇ ਤੋਂ ਵੀ ਕੁਝ ਸਿੱਖ ਸਕਦੇ ਹੋ। ਸਦਾ ਚੜ੍ਹਦੀ ਕਲਾ ਵਿਚ ਰਹੋ ਅਤੇ ਹੌਸਲੇ ਬੁਲੰਦ ਰੱਖੋ। ਤੁਹਾਡੇ ਵਿਚਾਰ ਪਿਛਾਂਹ ਖਿੱਚੂ ਅਤੇ ਢਾਹੂ ਨਹੀਂ ਹੋਣੇ ਚਾਹੀਦੇ।
ਤੁਸੀ ਕਿਸੇ ਵਸਤੂ ਜਾਂ ਘਟਨਾ ਨੂੰ ਕਿਸ ਢੰਗ ਨਾਲ ਲੈਂਦੇ ਹੋ? ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ? ਇਹ ਵਿਚਾਰਨ ਦੀ ਲੋੜ ਹੈ। ਤੁਹਾਡਾ ਨਜ਼ਰੀਆ ਹੀ ਤੁਹਾਡੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਵਿਚ ਸਹਾਈ ਹੁੰਦਾ ਹੈ। ਸਰੀਰਕ ਬਲ, ਤੇਜ਼ ਦਿਮਾਗ਼, ਹੌਸਲੇ ਅਤੇ ਮਿਹਨਤ ਨਾਲ ਹੀ ਬੰਦਾ ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਸਫ਼ਲ ਹੁੰਦਾ ਹੈ ਅਤੇ ਅੱਗੇ ਵੱਧਦਾ ਹੈ। ਉਹ ਬੁਲੰਦੀਆਂ ਨੂੰ ਛੂਹੰਦਾ ਹੈ। ਇਹ ਕਾਮਯਾਬੀਆਂ ਜਾਂ ਪ੍ਰਾਪਤੀਆਂ ਵੀ ਬੰਦੇ ਦੀ ਅੰਤਿਮ ਮੰਜ਼ਿਲ ਨਹੀਂ। ਮਨੁੱਖ ਨੂੰ ਸਫ਼ਲ ਜ਼ਿੰਦਗੀ ਲਈ ਹੋਰ ਕਈ ਪਹਿਲੂਆਂ ਤੇ ਵੀ ਪੂਰਾ ਉਤਰਣ ਦੀ ਲੋੜ ਹੈ। ਬੰਦੇ ਦਾ ਜ਼ਿੰਦਗੀ ਪ੍ਰਤੀ ਰਵਈਆ ਕਿੰਨਾ ਕੁ ਸਾਰਥਿਕ ਹੈ? ਬੰਦਾ ਜ਼ਿੰਦਗੀ ਵਿਚ ਕਿੰਨਾ ਕੁ ਸਹਿਜ ਹੈ? ਉਸ ਵਿਚ ਕਿੰਨੀ ਕੁ ਸਹਿਣ ਸ਼ਕਤੀ ਹੈ। ਉਸ ਵਿਚ ਕਿੰਨਾ ਕੁ ਸਬਰ ਹੈ? ਉਹ ਛੋਟੀ ਛੋਟੀ ਗੱਲ ਨੂੰ ਭਾਵਕ ਹੋ ਕੇ ਬਾਤ ਦਾ ਬਤੰਗੜ ਤਾਂ ਨਹੀਂ ਬਣਾਉਂਦਾ? ਪਰਿਵਾਰ ਅਤੇ ਸਮਾਜ ਪ੍ਰਤੀ ਉਸ ਦਾ ਕੀ ਵਰਤਾਰਾ ਹੈ? ਸਫ਼ਲ ਜ਼ਿੰਦਗੀ ਲਈ ਇਨਾਂ ਪੱਖਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕਦੀ ਦੂਸਰੇ ਨਾਲ ਆਪਣਾ ਮੁਕਾਬਲਾ ਕਰ ਕੇ ਦੁਖੀ ਨਹੀਂ ਹੋਣਾ ਚਾਹੀਦਾ। ਦੂਸਰੇ ਦੀ ਉਨਤੀ ਅਤੇ ਧਨ ਦੇਖ ਕੇ ਮਨ ਵਿਚ ਕਲੇਸ਼ ਨਹੀਂ ਰੱਖਣਾ ਚਾਹੀਦਾ। ਉਸ ਦੇ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਜੇ ਅਸੀਂ ਅੋਗੁਣਾਂ ਨੂੰ ਪਰਖਣ ਤੇ ਜਾਵਾਂਗੇ ਤਾਂ ਸੋਨੇ ਵਿਚ ਵੀ ਕਈ ਅੋਗੁਣ ਨਜ਼ਰ ਆਉਣਗੇ। ਜੇ ਅਸੀਂ ਗੁਣਾਂ ਨੂੰ ਦੇਖੀਏ ਤਾਂ ਮਿੱਟੀ ਵਿਚ ਵੀ ਕਈ ਗੁਣ ਹਨ। ਰੱਬ ਨੇ ਸਭ ਦਾ ਸੁਭਾਅ ਅਲੱਗ ਅਲੱਗ ਬਣਾਇਆ ਹੈ। ਧੀਰਜ਼ ਰੱਖੋ। ਹਰ ਸਮੇਂ ਹਾਇ ਤੌਬਾ ਨਾ ਕਰਦੇ ਰਹੋ। ਕੁਝ ਗੱਲਾਂ ਅਣਗੋਲੀਆਂ ਕਰਨੀਆਂ ਸਿੱਖੋ ਅਤੇ ਕੁਝ ਗੱਲਾਂ ਸਹਿਣ ਕਰਨੀਆਂ ਵੀ ਸਿੱਖੋ। ਮਨ ਵਿਚੋਂ ਈਰਖਾ ਦਵੈਸ਼ ਕੱਢੋ। ਮੁਸ਼ਕਲਾਂ ਦੇਖ ਕੇ ਘਬਰਾਓ ਨਾ। ਸਮਾਂ ਪੈਣ ਤੇ ਕੁਦਰਤ ਕੁਝ ਸਮੱਸਿਆਵਾਂ ਆਪੇ ਹੱਲ ਕਰ ਦਿੰਦੀ ਹੈ॥ ਆਸ਼ਾਵਾਦੀ ਲੋਕ ਤਾਂ ਉਲਝੇ ਰਾਹਾਂ ਵਿਚੋਂ ਵੀ ਆਪਣਾ ਰਸਤਾ ਤਲਾਸ਼ ਕਰ ਲੈਂਦੇ ਹਨ।
ਬੰਦੇ ਦੀ ਸਹਿਣ ਸ਼ਕਤੀ ਦੀ ਘਾਟ ਕਾਰਨ ਅੱਜ ਕੱਲ ਪਰਿਵਾਰ ਬਿਖਰ ਰਹੇ ਹਨ। ਪਰਿਵਾਰ ਸੰਗਠਿਤ ਹੋਵੇ ਤਾਂ ਬੰਦਾ ਵੱਡੀ ਤੋਂ ਵੱਡੀ ਪ੍ਰੇਸ਼ਾਨੀ ਵੀ ਅਸਾਨੀ ਨਾਲ ਝੱਲ ਲੈਂਦਾ ਹੈ। ਆਪਣੇ ਪਰਿਵਾਰ ਅਤੇ ਮਾਂ ਪਿਓ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰੋ। ਉਨ੍ਹਾਂ ਨੂੰ ਵੀ ਰੋਜ਼ਾਨਾ ਕੁਝ ਸਮਾਂ ਦਿਓ। ਉਨ੍ਹਾਂ ਨਾਲ ਮਿੱਠੀਆਂ ਮਿੱਠੀਆਂ ਅਤੇ ਪਿਆਰੀਆਂ ਗੱਲਾਂ ਕਰੋ। ਉਨ੍ਹਾਂ ਦੇ ਦਿਲ ਵਿਚ ਵੱਸੋ। ਉਨ੍ਹਾਂ ਨਾਲ ਹੱਸੋ ਖੇਡੋ ਅਤੇ ਘੁਲ ਮਿਲ ਕੇ ਰਹੋ। ਕੋਈ ਮਨੁੱਖ ਭਾਵੇਂ ਜਿੰਨਾਂ ਮਰਜ਼ੀ ਸਿਆਣਾ, ਧਨਵਾਨ ਅਤੇ ਤੰਦਰੁਸਤ ਹੋਵੇ, ਜੇ ਉਸ ਦੀ ਪਰਿਵਾਰਿਕ ਜ਼ਿੰਦਗੀ ਸੁਖੀ ਨਹੀਂ, ਤਾਂ ਉਹ ਜ਼ਿੰਦਗੀ ਭਰ ਪਿਆਰ ਲਈ ਤਰਸਦਾ ਹੋਇਆ, ਦੁਖੀ ਹੀ ਰਹੇਗਾ। ਉਸ ਦੀਆਂ ਸਾਰੀਆਂ ਸਿਆਣਪਾਂ ਧਰੀਆਂ ਹੀ ਰਹਿ ਜਾਣਗੀਆ। ਇਹ ਕਮੀ ਉਸ ਦੀ ਦੁਖਦੀ ਰਗ ਬਣ ਕੇ ਰਹਿ ਜਾਵੇਗੀ।
ਇਸ ਤੋਂ ਅਗਲਾ ਪੱਖ ਹੈ ਕਿ ਤੁਸੀਂ ਕਿੰਨੇ ਕੁ ਮਨੁੱਖਵਾਦੀ ਹੋ? ਤੁਹਾਡੇ ਵਿਚ ਕਿੰਨੀ ਕੁ ਦਇਆ ਭਾਵਨਾ ਹੈ? ਦੁਸਰੇ ਦਾ ਦੁੱਖ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਉਸ ਦਾ ਦੁੱਖ ਦੂਰ ਕਰਨ ਲਈ ਬਹੁੜਦੇ ਹੋ ਜਾਂ ਨਹੀਂ? ਤੁਸੀਂ ਬੇਸ਼ੱਕ ਜਿਹੜੇ ਮਰਜ਼ੀ ਧਰਮ ਨੂੰ ਮੰਨੋ ਜਾਂ ਬਿਲਕੁਲ ਨਾਸਤਿਕ ਹੋਵੋ ਪਰ ਤੁਹਾਡੇ ਅੰਦਰ ਮਨੁੱਖਤਾ ਲਈ ਪਿਆਰ ਅਤੇ ਹਮਦਰਦੀ ਜ਼ਰੂਰ ਹੋਣੀ ਚਾਹੀਦੀ ਹੈ। ਦੂਸਰੇ ਦੇ ਦਰਦ ਨੂੰ ਸਮਝੋ। ਦੁਖੀਆਂ ਦੇ ਅੱਥਰੂ ਪੂੰਝੋ। ਉਨ੍ਹਾਂ ਦੇ ਜ਼ਖ਼ਮਾਂ ਤੇ ਮਲਮ ਲਾਓ। ਇਹ ਹੀ ਅਸਲੀ ਇਨਸਾਨੀਅਤ ਹੈ। ਬੰਦਾ ਬੇਸ਼ੱਕ ਜ਼ਿੰਦਗੀ ਵਿਚ ਬੇਫ਼ਿਕਰ ਹੋਵੇ ਪਰ ਉਹ ਆਪਣੇ ਫ਼ਰਜ਼ ਤੋਂ ਲਾਪਰਵਾਹ ਨਹੀਂ ਹੋਣਾ ਚਾਹੀਦਾ। ਉਸ ਨੂੰ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਫ਼ਰਜ਼ ਦਾ ਪਾਲਣ ਕਰਨਾ ਹੀ ਚਾਹੀਦਾ ਹੈ। ਮਰਿਆਦਾ ਅਤੇ ਕਾਨੂਨ ਵਿਚ ਰਹਿ ਕੇ ਸਾਰੇ ਕੰਮ ਕਰਨੇ ਚਾਹੀਦੇ ਹਨ। ਫ਼ਸਲ ਹਮੇਸ਼ਾਂ ਬਾਰਿਸ਼ ਵਿਚ ਹੀ ਹੁੰਦੀ ਹੈ, ਹੜ੍ਹ ਵਿਚ ਨਹੀਂ। ਤਾਕਤ ਤੁਹਾਡੀ ਆਵਾਜ਼ ਵਿਚ ਨਹੀਂ, ਤੁਹਾਡੇ ਵਿਚਾਰਾਂ ਅਤੇ ਕੰਮਾਂ ਵਿਚ ਹੋਣੀ ਚਾਹੀਦੀ ਹੈ। ਦੂਜੇ ਤੇ ਬੋਝ ਬਣਨ ਦੀ ਥਾਂ ਉਸ ਦੇ ਬੋਝ ਨੂੰ ਵੰਡਾਓ।
ਜੇ ਕੋਈ ਸੋਚੇ ਕਿ ਮੈਂ ਹੇਰਾਫੇਰੀ ਕਰ ਕੇ ਅਤੇ ਡਾਕੇ ਮਾਰ ਕੇ ਬੇਸ਼ੁਮਾਰ ਦੌਲਤ ਇਕੱਠੀ ਕਰ ਲਈ ਹੈ। ਹੁਣ ਮੇਰੀ ਜ਼ਿੰਦਗੀ ਸੌਖੀ ਬਸਰ ਹੋ ਰਹੀ ਹੈ। ਇਸ ਹਿਸਾਬ ਸਿਰ ਮੈਂ ਇਕ ਇਕ ਕਾਮਯਾਬ ਜ਼ਿੰਦਗੀ ਜੀਅ ਰਿਹਾ ਹਾਂ ਤਾਂ ਇਹ ਗੱਲ ਠੀਕ ਨਹੀਂ। ਉਸ ਨੂੰ ਹਮੇਸ਼ਾਂ ਸਮਾਜ ਅਤੇ ਕਾਨੂੰਨ ਦਾ ਡਰ ਬਣਿਆ ਰਹੇਗਾ। ਇਹ ਡਰ ਹਮੇਸ਼ਾਂ ਉਸ ਨੂੰ ਚਿੰਤਾ ਵਿਚ ਰੱਖੇਗਾ। ਧਨ ਦੌਲਤ ਦਾ ਸੁੱਖ ਤਾਂ ਹੀ ਹੈ ਜੇ ਤੁਸੀਂ ਉਸ ਨੂੰ ਆਪਣੇ ਖੂਨ ਪਸੀਨੇ ਦੀ ਮਿਹਨਤ ਨਾਲ ਅਤੇ ਜਾਇਜ਼ ਢੰਗ ਨਾਲ ਕਮਾਇਆ ਹੋਵੇ।
ਸਭ ਤੋਂ ਅੰਤਿਮ ਪੜਾਅ ਬੁਢਾਪੇ ਦਾ ਹੁੰਦਾ ਹੈ। ਬੁਢਾਪੇ ਵਿਚ ਵਿਚਾਰੇ ਜਿਹੇ ਬਣ ਕੇ ਬਿਮਾਰਾਂ ਅਤੇ ਬੇਸਹਾਰਿਆਂ ਦੀ ਤਰ੍ਹਾਂ ਹਰ ਸਮੇਂ ਮੰਜੇ 'ਤੇ ਹੀ ਨਾ ਪਏ ਰਹੋ। ਇਸ ਉਮਰ ਵਿਚ ਵੀ ਤੁਸੀਂ ਸਮਾਜ ਅਤੇ ਪਰਿਵਾਰ ਦੀ ਉਨਤੀ ਵਿਚ ਆਪਣਾ ਭਰਪੂਰ ਯੋਗਦਾਨ ਪਾ ਸਕਦੇ ਹੋ। ਤੁਹਾਡੇ ਅੰਦਰ ਜ਼ਿੰਦਗੀ ਦੀ ਚੰਗਿਆੜੀ ਭਖਦੀ ਹੋਣੀ ਚਾਹੀਦੀ ਹੈ। ਇਕ ਦਿਨ ਮਰਨਾ ਤਾਂ ਸਭ ਨੇ ਹੀ ਹੈ। ਤੁਸੀਂ ਇਹ ਸਾਬਤ ਕਰੋ ਕਿ ਮੌਤ ਤੋਂ ਪਹਿਲਾਂ ਤੁਸੀਂ ਜ਼ਿੰਦਾ ਹੋ। ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਗਿਲੇ ਸ਼ਿਕਵਿਆ ਵਿਚ ਹੋਰ ਛੋਟੀ ਨਾ ਕਰੋ। ਬੁਢਾਪੇ ਵਿਚ ਬੰਦੇ ਨੂੰ ਆਰਥਿਕ ਤੋਰ ਤੇ, ਸਿਹਤ ਬਾਰੇ ਅਤੇ ਬੱਚਿਆਂ ਦੀ ਅਣਗਹਿਲੀ ਬਾਰੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਜ ਲੱਗਦਾ ਹੈ ਜਿਵੇਂ ਬੰਦੇ ਦਾ ਸਿੰਗਾਸਨ ਡੋਲ ਗਿਆ ਹੋਵੇ। ਉਹ ਸਿੱਧਾ ਆਸਮਾਨ ਤੋਂ ਧਰਤੀ 'ਤੇ ਡਿੱਗ ਪਿਆ ਹੋਵੇ। ਜਿਹੜੇ ਲੋਕ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹਨ, ਉਹ ਪਹਿਲਾਂ ਹੀ ਆਉਣ ਵਾਲੀ ਸਥਿਤੀ ਦਾ ਉਪਾਅ ਕਰ ਲੈਂਦੇ ਹਨ। ਉਨ੍ਹਾਂ ਦਾ ਬੁਢਾਪਾ ਸੌਖਾ ਲੰਘ ਜਾਂਦਾ ਹੈ। ਉਹ ਪਿਆਰ ਅਤੇ ਅਸੀਸਾਂ ਵੰਡਦੇ ਹਨ ਅਤੇ ਬੱਚਿਆਂ ਤੋਂ ਆਪਣਾ ਬਣਦਾ ਮਾਣ ਸਤਿਕਾਰ ਹਾਸਿਲ ਕਰਦੇ ਹਨ।
ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਵੀਂ ਪੱਧਰੀ ਜ਼ਿੰਦਗੀ ਜੀਓ। ਸਾਰੇ ਪੱਖਾਂ ਨੂੰ ਸੰਤੁਲਿਤ ਰੱਕ ਕੇ ਹੀ ਜ਼ਿੰਦਗੀ ਬਸਰ ਕਰੋ। ਜੇ ਤੁਸੀਂ ਜ਼ਿੰਦਗੀ ਪ੍ਰਤੀ ਹਾਂ ਪੱਖੀ ਨਜ਼ਰੀਆ ਰੱਖੋਗੇ ਅਤੇ ਚੰਗੇ ਅਮਲ ਕਰੋਗੇ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਸਵਾਰ ਸਕੋਗੇ ਅਤੇ ਤੁਹਾਡੀ ਜ਼ਿੰਦਗੀ ਸਫ਼ਲ ਕਹੀ ਜਾਵੇਗੀ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
gursharan1183@yahoo.in