ਸ਼ਹਾਦਤਾਂ ਦੇ ਵਾਰਸ ਹੋਣ ਦੇ 'ਦਾਅਵੇਦਾਰ' ਕਿਥੇ ਨੇ? - ਜਸਵੰਤ ਸਿੰਘ 'ਅਜੀਤ'
ਕੋਈ ਤਿੰਨ-ਕੁ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ 97ਵਾਂ ਸਥਾਪਨਾ ਦਿਵਸ ਮੰਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਵਿਸ਼ਸ਼ੇ ਸਮਾਗਮ ਦਾ ਅਯੋਜਨ ਕੀਤਾ ਗਿਆ ਸੀ। ਇਸ ਸਮਾਗਮ ਨੂੰ ਸੰਬੋਧਿਤ ਕਰਦਿਆਂ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀਆਂ ਸਥਾਪਤ ਪਰੰਪਰਾਵਾਂ ਅਨੁਸਾਰ ਮਨੁਖਤਾ ਦੇ ਭਲੇ ਅਤੇ ਕਾਂਗ੍ਰਸ (ਗੈਰ-ਕਾਂਗ੍ਰਸੀ ਸੱਤwਧਾਰੀਆਂ ਦੇ ਨਹੀਂ, ਕਿਉਂਕਿ ਉਨ੍ਹਾਂ ਨਾਲ ਉਨ੍ਹਾਂ ਸੱਤਾ ਵਿੱਚ ਭਾਈਵਾਲੀ ਕਰਨੀ ਹੁੰਦੀ ਹੈ) ਦੇ ਜਬਰ-ਜ਼ੁਲਮ ਅਤੇ ਬੇਇਨਸਾਫੀ ਵਿਰੁਧ ਅਵਾਜ਼ ਉਠਾਂਦਿਆਂ ਰਹਿਣ ਦਾ ਪ੍ਰਣ ਦੁਹਰਾਉਂਦਿਆਂ 'ਵਾਲੰਟੀਅਰ ਫੋਰਸ' ਬਨਾਉਣ ਲਈ ਵਰਕਰਾਂ ਨੂੰ ਇੱਕ-ਜੁਟ ਹੋਣ ਦਾ ਸਦਾ ਦਿੱਤਾ। ਇਸਦੇ ਨਾਲ ਹੀ ਸ. ਬਾਦਲ ਨੇ ਇਹ ਦਾਅਵਾ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਜਬਰ-ਜ਼ੁਲਮ ਵਿੁਧ ਸੰਘਰਸ਼ ਕਰਦਿਆਂ, ਉਨਾਂ ਆਦਰਸ਼ਾਂ ਦਾ ਪਾਲਣ ਕਰਦਾ ਚਲਿਆ ਆ ਰਿਹਾ ਹੈ, ਜਿਨ੍ਹਾਂ ਪੁਰ ਗੁਰੂ ਸਾਹਿਬਾਨ ਵਲੋਂ 'ਮਨੁਖੀ ਅਧਿਕਾਰਾਂ' ਅਤੇ 'ਸੱਚ' ਦੀ ਰਖਿਆ ਕਰਨ ਦੀ ਲੜਾਈ ਲੜਦਿਆਂ ਦ੍ਰਿੜ੍ਹ਼ਤਾ ਨਾਲ ਪਹਿਰਾ ਦਿੱਤਾ ਜਾਂਦਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਜ਼ਾਦੀ ਤੋਂ ਪਹਿਲਾਂ ਅਤੇ ਉਸਤੋਂ ਬਾਅਦ ਅਕਾਲ ਤਖਤ ਦੀ ਛਤੱਰ-ਛਾਇਆ ਹੇਠ ਸਮੇਂ ਦੀਆਂ ਸਰਕਾਰਾਂ ਵਲੋਂ ਸਮੇਂ-ਸਮੇਂ ਦੇਸ਼ ਅਤੇ ਪੰਜਾਬ-ਵਾਸੀਆਂ ਪੁਰ ਕੀਤੇ ਗਏ ਜ਼ੁਲਮ ਵਿਰੁਧ ਮੋਰਚੇ ਲਾ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਜਾਂ ਕਿਸੇ ਹੋਰ ਦੀ ਬਪੌਤੀ ਨਹੀਂ, ਸਗੋਂ ਸਿੱਖ ਪੰਥ ਦੀ ਪ੍ਰਤੀਨਿਧ ਜੱਥੇਬੰਦੀ ਹੈ। ਸੀਨੀਅਰ ਤੇ ਜੁਨੀਅਰ ਬਾਦਲ ਦੇ ਦਾਅਵਿਆਂ ਪੁਰ ਚਰਚਾ ਕਰਨ ਦੀ ਬਜਾਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੂਲ ਉਦੇਸ਼ਾਂ ਅਤੇ ਆਦਰਸ਼ਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਤਮਾਨ ਸਰੂਪ ਤੇ ਕਾਰਜ-ਪ੍ਰਣਾਲੀ ਪੁਰ ਇੱਕ ਉਡਦੀ ਨਜ਼ਰ ਮਾਰੀ ਜਾਏ ਤਾਂ ਦੋਹਾਂ ਦੇ ਦਾਅਵਿਆਂ ਦੀ ਸੱਚਾਈ ਆਪਣੇ ਆਪ ਸਪਸ਼ਟ ਹੋ ਸਾਹਮਣੇ ਆ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੂਲ ਉਦੇਸ਼: ਸ਼੍ਰੋਮਣੀ ਅਕਾਲੀ ਦੀ ਸਥਾਪਨਾ ਜਿਨ੍ਹਾਂ ਆਦਰਸ਼ਾਂ ਅਤੇ ਉਦੇਸ਼ਾਂ ਨੂੰ ਮੁੱਖ ਰਖ ਕੇ ਕੀਤੀ ਗਈ ਉਸਦਾ ਵਰਣਨ, ਅਕਾਲੀ ਦਲ ਦੇ ਸੰਵਿਧਾਨ ਵਿੱਚ ਇਸਤਰ੍ਹਾਂ ਕੀਤਾ ਗਿਆ ਹੈ: 'ਅਕਾਲੀ ਦਲ, ਸਿੱਖਾਂ ਵਿਚ ਧਾਰਮਕ-ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਵਿਚ ਸਿੱਖ ਹੋਣ ਦਾ ਮਾਣ ਪੈਦਾ ਕਰਨਾ, ਆਪਣਾ ਮੁਖ ਮਨੋਰਥ ਸਮਝਦਾ ਹੈ, ਇਸਦੀ ਪੂਰਤੀ ਲਈ ਅਕਾਲੀ ਦਲ ਅਗੇ ਦਿੱਤਾ ਪ੍ਰੋਗਰਾਮ ਅਮਲ ਵਿਚ ਲਿਆਇਗਾ: (ੳ) ਵਾਹਿਗੁਰੂ ਦੀ ਵਾਹਿਦ ਹਸਤੀ ਦਾ ਪ੍ਰਚਾਰ ਕਰਨਾ, ਨਾਮ ਸਿਮਰਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਣਾ, ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਦ੍ਰਿੜ੍ਹ ਨਿਸਚਾ ਕਰਵਾਉਣਾ ਤੇ ਉਨ੍ਹਾਂ ਦੇ ਉਪਦੇਸ਼ਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ, ਉਨ੍ਹਾਂ ਪੁਰ ਅਮਲ ਕਰਵਾਣ ਦੇ ਯਤਨ ਕਰਨਾ। (ਅ) ਗੁਰਮਤਿ, ਸਿੱਖ ਫਲਸਫਾ, ਰਹਿਤ ਮਰਿਅਦਾ ਅਤੇ ਕੀਰਤਨ ਆਦਿ ਦੇ ਪ੍ਰਚਾਰ ਨੂੰ ਸਫਲਤਾ ਸਹਿਤ ਚਲਾਉਣ ਲਈ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰਚਾਰਕ ਤੇ ਚੰਗੇ ਰਾਗੀ ਤੇ ਢਾਡੀ ਕਵੀਸ਼ਰ ਤਿਆਰ ਕਰਨੇ, ਤਾਂ ਜੋ ਦੇਸ ਤੇ ਪ੍ਰਦੇਸ, ਕਾਲਜਾਂ ਤੇ ਸਕੂਲਾਂ, ਪਿੰਡਾਂ ਤੇ ਸ਼ਹਿਰਾਂ ਵਿੱਚ, ਮਤਲਬ ਇਹ ਕਿ ਹਰ ਥਾਂ ਲਈ ਪ੍ਰਚਾਰ ਦੀ ਯੋਗਤਾ ਰਖਣ ਵਾਲੇ ਸਜਣ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੁਚਜੱਤਾ ਨਾਲ ਸੰਭਾਲ ਸਕਣ। (ੲ) ਵਡੇ ਪੈਮਾਨੇ ਤੇ ਅੰਮ੍ਰਿਤ ਪ੍ਰਚਾਰ ਦਾ ਪ੍ਰਬੰਧ ਕਰਨਾ, ਕਾਲਜਾਂ ਅਤੇ ਸਕੂਲਾਂ ਵਿਖੇ ਇਸ ਸਬੰਧ ਵਿਚ ਪੂਰਾ ਤਾਣ ਲਾਉਣਾ ਅਤੇ ਇਸ ਮਨੋਰਥ ਨੂੰ ਸਾਹਮਣੇ ਰਖ, ਕਾਲਜਾਂ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੇ ਬਾਕਾਇਦਾ ਸਟੱਡੀ-ਸਰਕਲ ਲਾਉਣ ਦਾ ਵੀ ਪ੍ਰਬੰਧ ਕਰਨਾ। (ਸ) ਗੁਰਦੁਆਰਾ ਪ੍ਰਬੰਧ ਨੂੰ ਵਧੇਰੇ ਸੁਚਜਾ ਅਤੇ ਸੋਹਣਾ ਬਣਾਉਣ ਲਈ ਯਤਨ ਕਰਨਾ। ਇਸ ਸਬੰਧ ਵਿਚ ਸਮੇਂ-ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਵਿਚਲੇ ਆਪਣੇ ਪ੍ਰਤੀਨਿਧਾਂ ਨੂੰ ਯੋਗ ਹਿਦਾਇਤਾਂ ਭੇਜਦਿਆਂ ਰਹਿਣਾ। (ਹ) ਇਕ ਨਵਾਂ ਸਰਬ-ਹਿੰਦ ਗੁਰਦੁਆਰਾ ਕਾਨੂੰਨ ਬਣਾਉਣ ਦੇ ਬਾਨ੍ਹਣੂ ਬੰਨ੍ਹਣਾ, ਜਿਸ ਨਾਲ ਦੇਸ਼ ਭਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਕੋ ਜਥੇਬੰਦੀ ਦੇ ਹੱਥ ਵਿੱਚ ਆ, ਵਧੇਰੇ ਸੁਚੱਜਾ ਤੇ ਸ਼ੋਭਾ-ਜਨਕ ਹੋ ਸਕੇ ਅਤੇ ਜਿਸ ਨਾਲ ਪ੍ਰਚਾਰ ਕਰਨ ਵਾਲੀਆਂ ਪ੍ਰਾਚੀਨ ਸੰਪ੍ਰਦਾਵਾਂ, ਜਿਹਾ ਕਿ ਉਦਾਸੀ, ਨਿਰਮਲੇ ਆਦਿ ਮੁੜ ਸਮੁਚੇ ਸਿੱਖ ਸਮਾਜ ਤੇ ਪੰਥ ਦਾ ਅਨਿਖੜ ਅੰਗ ਬਣ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਵਲੋਂ ਦਲ ਦੀ ਸਥਾਪਨਾ (ਸੰਨ-1921) ਦੇ ਸਮੇਂ ਮਿਥੇ ਅਤੇ ਫਿਰ ਉਸਤੋਂ ਬਾਅਦ ਅਨੰਦਪੁਰ ਦੇ ਮਤੇ ਵਿੱਚ ਇਨ੍ਹਾਂ ਮਨੋਰਥਾਂ ਅਤੇ ਨਿਸ਼ਾਨਿਆਂ ਦੀ ਪੁਸ਼ਟੀ ਕੀਤਿਆਂ ਕਈ ਵਰ੍ਹਿਆਂ ਦਾ ਸਮਾਂ ਬੀਤ ਚੁਕਾ ਹੈ। ਜੇ ਇਤਨੇ ਲੰਮੇਂ ਸਮੇਂ ਦੌਰਾਨ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਪ੍ਰਬੰਧ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਇਹ ਦੋਵੇਂ ਸੰਸਥਾਵਾਂ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੇ ਮਨੋਰਥ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਪ੍ਰਤੀ ਕਦੀ ਵੀ ਗੰਭੀਰ ਤੇ ਈਮਾਨਦਾਰ ਨਹੀਂ ਹੋ ਸਕੀਆਂ। ਇਸਦੀ ਬਜਾਏ ਉਹ ਰਾਜਸੀ ਸੱਤਾ-ਪ੍ਰਾਪਤੀ ਦੀ ਦੌੜ ਵਿੱਚ ਹੀ ਲਗੀਆਂ ਚਲੀਆਂ ਆ ਰਹੀਆਂ ਹਨ।
ਉਨ੍ਹਾਂ ਦੀ ਇਸੇ ਨੀਤੀ ਦਾ ਹੀ ਨਤੀਜਾ ਹੈ ਕਿ ਆਹਿਸਤਾ-ਆਹਿਸਤਾ ਸਿੱਖ-ਪਨੀਰੀ ਧਾਰਮਕ ਤੇ ਇਤਿਹਾਸਕ ਵਿਰਸੇ ਤੋਂ ਅਨਜਾਣ ਰਹਿੰਦੀ ਚਲੀ ਜਾ ਰਹੀ ਹੈ। ਜਦੋਂ ਇਹ ਪਨੀਰੀ ਜਵਾਨੀ ਵਿਚ ਪੈਰ ਧਰਦੀ ਹੈ ਤਾਂ ਉਸ ਲਈ ਸਿੱਖੀ-ਸਰੂਪ ਜੀਵਨ ਦਾ ਇਕ ਜ਼ਰੂਰੀ ਅੰਗ ਨਾ ਰਹਿ, ਇਕ ਰਸਮੀ ਹਿੱਸਾ ਬਣ ਕੇ ਰਹਿ ਜਾਂਦਾ ਹੈ। ਇਸੇ ਕਾਰਣ ਸਿੱਖੀ-ਸਰੂਪ ਨੂੰ ਕਾਇਮ ਰਖਣਾ ਜਾਂ ਨਾ ਕਾਇਮ ਰਖਣਾ, ਉਸ ਲਈ ਕੋਈ ਮਹਤੱਤਾਪੂਰਣ ਨਹੀਂ ਰਹਿ ਜਾਂਦਾ। ਇਸ ਲਈ ਆਪਣੇ ਸਿੱਖੀ ਸਰੂਪ ਨੂੰ ਬਣਾਈ ਰਖਣਾ ਜਾਂ ਨਾ ਰਖਣਾ ਉਸ ਦੀ ਨਿਜੀ ਸੋਚ ਪੁਰ ਅਧਾਰਤ ਹੋ, ਰਹਿ ਜਾਂਦਾ ਹੈ।
ਅਜ ਦੇ ਸਿੱਖ ਨੌਜਵਾਨਾਂ ਦਾ ਇਕ ਵੱਡਾ ਹਿਸਾ ਸਿੱਖ ਇਤਿਹਾਸ ਤੋਂ ਬਿਲਕੁਲ ਅਨਜਾਣ ਹੈ। ਉਸਨੂੰ ਗੁਰੂ ਸਾਹਿਬਾਨ ਤੇ ਸਿੱਖਾਂ ਦੀਆਂ ਉਨ੍ਹਾਂ ਕੁਰਬਾਨੀਆਂ ਬਾਰੇ ਕੁਝ ਵੀ ਨਹੀਂ ਪਤਾ, ਜੋ ਉਨ੍ਹਾਂ ਸਿੱਖੀ-ਸਰੂਪ ਤੇ ਸਿੱਖ ਧਰਮ ਪ੍ਰਤੀ ਵਿਸ਼ਵਾਸ, ਗਰੀਬ-ਮਜ਼ਲੂਮ ਅਤੇ ਇਨਸਾਫ਼ ਦੀ ਰਖਿਆ ਲਈ ਦਿਤੀਆਂ ਹਨ। ਅਜ ਜਿਹੜੇ ਸਿੱਖ ਨੌਜਵਾਨ ਗੁਰਦੁਆਰੇ ਜਾਂਦੇ ਹਨ, ਉਹ ਉਥੇ ਹੁੰਦੀ ਅਰਦਾਸ ਵਿਚ ਸ਼ਾਮਲ ਹੋ, ਇਹ ਸ਼ਬਦ ਜ਼ਰੂਰ ਸੁਣਦੇ ਹਨ ਕਿ 'ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿਤੀਆਂ, ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ'।
ਇਹ ਸ਼ਬਦ ਸੁਣ ਉਹ 'ਵਾਹਿਗੁਰੂ ਜੀ' ਵੀ ਜ਼ਰੂਰ ਬੋਲਦੇ ਹਨ। ਪ੍ਰੰਤੂ ਜੇ ਉਨ੍ਹਾਂ ਪਾਸੋਂ ਇਹਨਾਂ ਸ਼ਬਦਾਂ ਨਾਲ ਜੁੜੇ ਸਿੱਖ ਇਤਿਹਾਸ ਜਾਂ ਇਨ੍ਹਾਂ ਦੀ ਮਹੱਤਤਾ ਬਾਰੇ ਪੁੱਛਿਆ ਜਾਏ ਤਾਂ ਉਨ੍ਹਾਂ ਦਾ ਜਵਾਬ 'ਨਾਂਹ' ਵਿਚ ਹੀ ਮਿਲਦਾ ਹੈ।
ਦੂਜੇ ਪਾਸੇ, ਜਿਸ ਰਾਜਸੀ ਸੁਆਰਥ ਦੀ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਆਪਣੀ ਧਾਰਮਕ ਜ਼ਿਮੇਂਦਾਰੀ ਨੂੰ ਨਿਭਾਉਣ ਵਲੋਂ ਮੂੰਹ ਮੋੜ ਲਿਆ ਹੈ, ਉਥੇ ਵੀ ਉਹ ਆਪਣੀ ਅਤੇ ਸਿੱਖਾਂ ਦੀ ਸੁਤੰਤਰ ਰਾਜਸੀ ਹੋਂਦ ਕਾਇਮ ਨਹੀਂ ਰਖ ਸਕੇ। ਇਤਿਹਾਸ ਗੁਆਹ ਹੈ ਕਿ 'ਰਾਜ ਬਿਨਾ ਨਹਿ ਧਰਮ ਚਲੈ ਹੈਂ' ਦਾ ਭੁਲਾਵਾ ਦੇ, ਜਦੋਂ ਕਦੀ ਵੀ ਅਕਾਲੀ ਦਲ ਨੇ ਸਿੱਖਾਂ ਦੇ ਸਹਿਯੋਗ ਨਾਲ ਪੰਜਾਬ ਦੀ ਸੱਤਾ ਵਲ ਕਦਮ ਵਧਾਇਆ, ੳਨ੍ਹਾਂ ਸਿੱਖੀ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਦੀ ਬਜਾਏ ਆਪਣੇ ਅਤੇ ਸਿੱਖੀ ਸੋਚ ਦੇ ਵਿਰੋਧੀਆਂ ਨਾਲ ਹੱਥ ਮਿਲਾ, ਉਨ੍ਹਾਂ ਨੂੰ ਆਪਣਾ ਭਾਈਵਾਲ ਬਣਾ ਕੇ ਸਿੱਖੀ ਨੂੰ ਨੁਕਸਾਨ ਹੀ ਪਹੁੰਚਾਇਆ।
...ਅਤੇ ਅੰਤ ਵਿਚ: ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਜੋ ਮਨੋਰਥ ਅਤੇ ਸਿੱਖ ਪੰਥ ਲਈ ਜਿਸ ਨਿਸ਼ਾਨੇ ਦੀ ਪ੍ਰਾਪਤੀ ਦਾ ਨਿਸ਼ਾਨਾ ਮਿਥਿਆ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਾਜਸੀ ਲਾਲਸਾ ਦਾ ਸ਼ਿਕਾਰ ਹੋ, ਉਸਤੋਂ ਭਟਕ ਸ਼੍ਰੋਮਣੀ ਅਕਾਲੀ ਦਲ ਨੂੰ ਮੂਲ ਆਦਰਸ਼ਾਂ ਤੋਂ ਭਟਕਾ ਕਿਤੇ ਬਹੁਤ ਹੀ ਦੂਰ ਲੈ ਆਏ ਹੋਏ ਹਨ, ਜਿਥੋਂ ਉਨ੍ਹਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ। ਇਕ ਪਾਸੇ ਤਾਂ ਉਹ ਸਿੱਖੀ ਦੀਆਂ ਸਥਾਪਤ ਮਰਿਅਦਾਵਾਂ ਤੇ ਪਰੰਪਰਾਵਾਂ ਦੀ ਰਖਿਆ ਕਰਨ ਦਾ ਦਾਅਵਾ ਤਾਂ ਕਰਦੇ ਚਲੇ ਆ ਰਹੇ ਹਨ, ਪ੍ਰੰਤੂ ਦੂਸਰੇ ਪਾਸੇ ਉਸ ਦਾਅਵੇ ਨੂੰ ਅਮਲੀ ਰੂਪ ਵਿੱਚ ਲਿਆਉਣ ਪ੍ਰਤੀ ਉਹ ਇਮਾਨਦਾਰ ਅਤੇ ਗੰਭੀਰ ਨਹੀਂ ਰਹਿ ਸਕੇ। ਉਨ੍ਹਾਂ ਨੇ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਆਪਣੀ ਤੇ ਸਿੱਖ ਪੰਥ ਦੀ ਸੁਤੰਤਰ ਹੋਂਦ ਨੂੰ ਵੀ ਵਿਰੋਧੀ ਸ਼ਕਤੀਆਂ ਪਾਸ ਗਹਿਣੇ ਰਖ ਦਿਤਾ ਹੋਇਆ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085