ਅਣਥੱਕ ਔਰਤ - ਅਰਸ਼ਪ੍ਰੀਤ ਸਿੱਧੂ

ਜੰਗੀਰੋ ਮਾਪਿਆ ਦੀ ਇੱਕਲੀ ਇੱਕਲੀ ਧੀ ਸੀ। ਬਾਪ ਦੇ ਗੁਜਰਨ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਦੂਸਰੇ ਪਿਉ ਨੇ ਆਪਣਾ ਫਰਜ ਨਿਭਾਉਦਿਆ ਜੋਗੀਰੋ ਨੂੰ ਇਕ ਅਮਲੀ ਦੇ ਨਾਲ ਵਿਆਹ ਕੇ ਆਪਣੇ ਘਰੋਂ ਵਿਦਾ ਕਰ ਦਿੱਤਾ। ਜੰਗੀਰੋ ਜਿੰਦਗੀ ਦੇ ਰੰਗ ਤੋਂ ਅਨਜਾਣ ਵਿਆਹ ਦੇ ਚਾਅ ਵਿੱਚ ਲਿਪਟੀ ਹੋਈ ਸਹੁਰੇ ਘਰ ਆ ਗਈ। ਉਸ ਸਮੇਂ ਜੰਗੀਰੋ ਦੀ ਉਮਰ 15 ਕੁ ਵਰ੍ਹਿਆਂ ਦੀ ਸੀ। ਬਾਪ ਨੇ ਮੁੜ ਜੰਗੀਰੋ ਦੀ ਮਾਂ ਨੂੰ ਜੰਗੀਰੋ ਨਾਲ ਮਿਲਣ ਨਾ ਦਿੱਤਾ। ਜੰਗੀਰੋ ਜਿਸ ਘਰ ਵਿਆਹ ਕੇ ਆਈ ਉਸ ਘਰ ਵਿੱਚ ਜੰਗੀਰੋ ਨੂੰ ਬਹੁਤਾ ਚੰਗਾ ਨਾ ਸਮਝਿਆ ਜਾਦਾ। ਸੱਸ ਵੀ ਦਿਨ ਰਾਤ ਮੇਹਨੇ ਮਾਰਦੀ। ਜੰਗੀਰੋ ਵਿਆਹ ਤੋਂ ਬਾਅਦ ਮੁੜ ਕਦੀ ਪੇਕੇ ਨਾ ਗਈ। ਵਿਆਹ ਤੋਂ ਬਾਅਦ ਪੇਕੇ ਜਾਣ ਦਾ ਚਾਅ ਜੰਗੀਰੋ ਦੇ ਮਨ ਵਿੱਚ ਅਧੂਰਾ ਰਹਿ ਗਿਆ। ਅਮਲੀ ਨਾਲ ਸਾਰੀ ਜਿੰਦਗੀ ਗੁਜਰਨ ਲਈ ਹੁਣ ਉਹ ਆਪਣਾ ਮਨ ਤਿਆਰ ਕਰ ਚੁੱਕੀ ਸੀ। ਪਰਮਾਤਮਾ ਨੇ ਜੰਗੀਰੋ ਦੇ ਘਰ ਦੋ ਜੁੜਵੇਂ ਬੱਚਿਆ ਦੀ ਦਾਤ ਬਖਸੀ। ਜੰਗੀਰੋ ਘਰ ਦਾ ਸਾਰਾ ਕੰਮ ਕਰਦੀ ਫਿਰ ਬੱਚੇ ਸੰਭਲਾਦੀ ਅਤੇ ਸਾਮ ਹੁੰਦਿਆ ਖੇਤੋ ਪਸੂਆ ਲਈ ਪੱਠੇ ਲੈ ਕੇ ਆਉਂਦੀ। ਵਕਤ ਗੁਜਰਦਾ ਗਿਆ ਅਮਲੀ ਦਾ ਨਸ਼ਾ ਦਿਨੋ ਦਿਨ ਵਧਦਾ ਰਿਹਾ ਤੇ ਜੰਗੀਰੋ ਦੀ ਕਬਲੀਦਾਰੀ। ਬੱਚੇ ਵੱਡੇ ਹੋ ਗਏ ਉਹਨਾਂ ਦੀ ਸਕੂਲ ਫੀਸ ਦਾ ਫਿਕਰ ਵੀ ਜੰਗੀਰੋ ਨੂੰ ਹੀ ਹੁੰਦਾ। ਉਹ ਕਦੀ ਕਿਸੇ ਦੇ ਸਵੈਟਰ ਬੁਣਦੀ ਕਦੇ ਕਿਸੇ ਦਾ ਸੂਟ ਸਿਉਂ ਕੇ ਦਿੰਦੀ ਤਾ ਕਿ ਬੱਚਿਆ ਦੇ ਫੀਸ ਜੋਗੇ ਪੈਸੇ ਜੁੜ ਜਾਣ। ਜੰਗੀਰੋ ਨੇ ਘਰ 4-5 ਮੱਝਾ ਰੱਖੀਆ, ਦੁੱਧ ਵੇਚ ਕੇ ਉਹ ਘਰਦਾ ਅਤੇ ਬੱਚਿਆ ਦਾ ਗੁਜਾਰਾ ਕਰਦੀ। ਅਮਲੀ ਪਤੀ ਵੀ ਕਦੇ ਕਦੇ ਜੰਗੀਰੋ ਨੂੰ ਕੁੱਟ ਕੇ ਉਸ ਤੋਂ ਪੈਸੇ ਖੋ ਕੇ ਲੈ ਜਾਦਾ। ਜੰਗੀਰੋ ਕਦੀ ਵੀ ਕੰਮ ਕਰਦੀ ਨਾ ਥਕਦੀ। ਬੱਚੇ ਵੱਡੇ ਹੋਏ ਤਾਂ ਉਹਨਾ ਦੇ ਵਿਆਹਾ ਦਾ ਫਿਕਰ ਵੀ ਜੰਗੀਰੋ ਨੂੰ ਹੀ ਸੀ। ਕੁੜੀ ਦੇ ਵਿਆਹ ਤੋਂ ਮਗਰੋਂ ਜੰਗੀਰੋ ਦਾ ਪਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜੰਗੀਰੋਂ ਕੁੜੀ ਦੇ ਵਿਆਹ ਦਾ ਕਰਜ ਉਤਾਰਨ ਲਈ ਦਿਨ ਰਾਤ ਕੰਮ ਕਰਦੀ। ਮੁੰਡੇ ਨੇ ਆਪਣੀ ਮਰਜੀ ਨਾਲ ਇੱਕ ਪੜੀ-ਲਿੱਖੀ ਕੁੜੀ ਨਾਲ ਵਿਆਹ ਕਰਵਾ ਲਿਆ। ਉਹ ਵੀ ਘਰ ਦਾ ਕੰਮ ਨਾ ਕਰਦੀ। ਵਿਆਹ ਤੋਂ ਬਾਅਦ ਵੀ ਘਰ ਦਾ ਸਾਰਾ ਕੰਮ ਜੰਗੀਰੋ ਹੀ ਕਰਦੀ। ਘਰ ਵਿੱਚ ਤਿੰਨ ਪੋਤੇ ਪੋਤੀਆ ਨੇ ਜਨਮ ਲਿਆ। ਉਹਨਾਂ ਨੂੰ ਸੰਭਾਲਣ ਦੀ ਜੁੰਮੇਵਾਰੀ ਵੀ ਜੰਗੀਰੋ ਦੀ ਹੀ ਸੀ। ਆਪਣੀ ਉਮਰ ਦੇ ਵਿੱਚ ਮੈਂ ਜੰਗੀਰੋਂ ਨੂੰ ਨਾ ਕਦੇ ਉਦਾਸ ਨਾ ਹੀ ਕਦੇ ਥੱਕਿਆ ਹੋਇਆ ਦੇਖਿਆ। ਜੰਗੀਰੋ ਅਣਥੱਕ ਔਰਤ ਅੱਜ ਵੀ ਘਰ ਦਾ ਸਾਰਾ ਕੰਮ ਕਰਦੀ ਹੋਈ ਹਮੇਸ਼ਾ ਮੁਸਕਰਾਉਂਦੀ ਹੋਈ ਨਜਰ ਆਉਂਦੀ ਹੈ। ਭਾਵੇ ਜੰਗੀਰੋ ਬਜੁਰਗ ਹੋ ਗਈ ਹੈ ਪਰ ਉਸ ਦੀ ਜਿੰਦਾ ਦਿਲੀ ਅੱਜ ਵੀ ਜਵਾਨ ਹੈ। ਸਾਰੀ ਉਮਰ ਜੰਗੀਰੋ ਦੇ ਚਿਹਰੇ ਤੇ ਮੁਸ਼ਕਰਾਹਟ ਹੀ ਨਜਰ ਆਈ, ਨਾ ਕਿ ਜਿੰਦਗੀ ਨਾਲ ਨਿਰਾਜਗੀ।


ਅਰਸ਼ਪ੍ਰੀਤ ਸਿੱਧੂ 94786-22509