ਜੀਵਨ ਮਨੋਰਥ - ਐਡਵੋਕੇਟ ਸੁਰਿੰਦਰ ਸਿੰਘ ਕੰਵਰ
ਸੰਸਾਰ ਵਿਚ ਬਹੁਤ ਪ੍ਰਕਾਰ ਦੇ ਜੀਵ ਜੰਤੂ ਹਨ। ਇਨ੍ਹਾਂ ਵਿਚੋਂ ਇਕ ਸ਼ਰੇਣੀ ਐਸੀ ਹੈ ਜਿਸ ਨੂੰ ਡੰਗਰ, ਜਾਨਵਰ ਜਾਂ ਹੈਵਾਨ ਕਿਹਾ ਜਾਂਦਾ ਹੈ ਅਤੇ ਇਕ ਸ਼ਰੇਣੀ ਐਸੀ ਹੈ ਜਿਸ ਨੂੰ ਮਨੁੱਖ ਜਾਂ ਇਨਸਾਨ ਕਿਹਾ ਜਾਂਦਾ ਹੈ। ਇਨ੍ਹਾਂ ਦੋਵੇਂ ਸ਼ਰੇਣੀਆਂ ਵਿਚ ਜਾਨ ਹੁੰਦੀ ਹੈ, ਪ੍ਰਾਣ ਹੁੰਦੇ ਹਨ, ਇਨ੍ਹਾਂ ਦੋਵਾਂ ਦੀ ਆਪਣੀ ਜ਼ਿੰਦਗੀ ਹੁੰਦੀ ਹੈ।ਇਹ ਦੋਵੇਂ ਸ਼ਰੇਣੀਆਂ ਜੀਵਨ ਜੀਉਂਦੀਆਂ ਹਨ।ਪਰ ਮਨੁੱਖ ਨੂੰ ਜਾਂ ਇਨਸਾਨ ਨੂੰ ਸਭ ਤੋਂ ਉਤਮ ਅਤੇ ਸਰੇਸ਼ਟ ਸ਼ਰੇਣੀ ਗਿਣਿਆ ਗਿਆ ਹੈ। ਗੁਰਬਾਣੀ ਵੀ ਇਸ ਸੰਬੰਧ ਵਿਚ ਹਾਮੀ ਭਰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ:ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥(ਗ:ਗ:ਸ: ਪੰਨਾ-374) ਭਾਵ ਇਹ ਕਿ ਹੇ ਮਨੁੱਖ ਇਸ ਸੰਸਾਰ ਵਿਚ ਤੇਰੀ ਸਰਦਾਰੀ ਹੈ। ਇਸ ਸੰਸਾਰ ਵਿਚ ਹੋਰ ਜਿਤਨੀਆਂ ਵੀ ਜੂਨਾਂ ਹਨ ਉਹ ਤੇਰਾ ਪਾਣੀ ਭਰਦੀਆਂ ਹਨ ਭਾਵ ਤੇਰੀਆਂ ਗੁਲਾਮ ਹਨ।ਇਸ ਸਭ ਦਾ ਭਾਵ ਇਹ ਹੋਇਆ ਕਿ ਡੰਗਰ ਦੀ ਜੀਵਨੀ ਵਿਚ ਅਤੇ ਮਨੁੱਖ ਦੀ ਜੀਵਨੀ ਵਿਚ ਕੁਝ ਫਰਕ ਹੈ। ਸੁਭਾਵਕ ਹੈ ਕਿ ਇਸ ਫਰਕ ਨੂੰ ਸਮਝ ਕੇ ਡੰਗਰ ਨਾਲੋਂ ਵੱਖਰਾ ਜੀਵਨ ਜੀਊਣਾਂ ਹੀ ਮਨੁੱਖ ਦੇ ਜੀਵਨ ਦਾ ਮਨੋਰਥ ਹੋ ਸਕਦਾ ਹੈ।
ਇਕ ਓਪਰੀ ਝਾਤ ਨਾਲ ਜਦੋਂ ਡੰਗਰ ਦੇ ਜੀਵਨ ਜੀਊਣ ਦੀ ਝਾਤ ਮਾਰੀ ਜਾਵੇ ਤਾਂ ਇਹ ਪਤਾ ਚਲਦਾ ਹੈ ਕਿ ਡੰਗਰ ਆਪਣੇ ਸੁਭਾਅ ਅਨੁਸਾਰ ਇਕ ਜੀਵਨ ਜੀਊਂਦਾ ਹੈ। ਡੰਗਰ ਜਨਮ ਲੈਂਦਾ ਹੈ, ਖਾਂਦਾ-ਪੀਂਦਾ ਹੈ, ਬੱਚੇ ਵੀ ਪੈਦਾ ਕਰਦਾ ਹੈ। ਡੰਗਰ ਬੱਚਿਆਂ ਦੀ ਪਾਲਣਾਂ ਵੀ ਕਰਦਾ ਹੈ। ਡੰਗਰ ਦਾ ਬੱਚਿਆਂ ਨਾਲ ਮੋਹ ਵੀ ਹੁੰਦਾ ਹੈ। ਬੱਚਿਆਂ ਵਾਸਤੇ ਬਹੁਤ ਵਾਰ ਦੁਖ ਵੀ ਝੇਲਦਾ ਹੈ। ਇਸੇ ਤਰ੍ਹਾਂ ਵੇਖਣ ਵਿਚ ਆਇਆ ਹੈ ਕਿ ਮਨੁੱਖ ਵੀ ਆਮ ਤੌਰ ’ਤੇ ਆਪਣੀ ਬਹੁਤ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰਦਾ ਹੈ। ਜਿਵੇਂ ਕਿ: ਮਨੁੱਖ ਵੀ ਜਨਮ ਲੈਂਦਾ ਹੈ, ਖਾਂਦਾ-ਪੀਂਦਾ ਹੈ, ਬੱਚੇ ਪੈਦਾ ਕਰਦਾ ਹੈ ਅਤੇ ਬੱਚਿਆਂ ਨਾਲ ਮੋਹ ਕਰਦਾ ਹੋਇਆ ਉਨ੍ਹਾਂ ਦੀ ਪਾਲਣਾਂ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਦੇ ਜੀਵਨ ਵਿਚ ਅਤੇ ਡੰਗਰ ਦੇ ਜੀਵਨ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਫਿਰ ਸਰਦਾਰੀ ਕੀ ਹੋਈ? ਸਿਰਫ ਇਹ ਹੀ ਕਿ ਮਨੁੱਖ ਡੰਗਰਾਂ ਨੂੰ ਆਪਣੇ ਮਕਸਦ ਲਈ ਵਰਤਣ ਦੇ ਕਾਬਲ ਹੈ? ਇਹ ਤਾਂ ਡਗਰਾਂ ਵਰਗਾ ਹੀ ਜੀਵਨ ਹੋਇਆ। ਇਸ ਤਰ੍ਹਾਂ ਦੇ ਜੀਵਨ ਅਨੁਸਾਰ ਸਰਦਾਰੀ ਤਾਂ ਕੋਈ ਨਾ ਹੋਈ।
ਅਸਲ ਵਿਚ ਫਰਕ ਇਹ ਹੈ ਕਿ ਪਸ਼ੂ ਵਾਸਤੇ ਕੋਈ ਜੀਵਨ ਦਾ ਮਨੋਰਥ ਨਹੀਂ ਹੁੰਦਾ। ਉਹ ਤਾਂ ਸਿਰਫ ਆਪਣੀ ਜ਼ਿੰਦਗੀ ਜੀਊਂਦਾ ਹੈ। ਇਸ ਦੇ ਇਲਾਵਾ ਕੁਦਰਤ ਨੇ ਮਨੁੱਖ ਦੀ ਸਰਦਾਰੀ ਵਾਸਤੇ ਜੋ ਕਲਾ ਬਖਸ਼ੀ ਹੈ, ਉਹ ਹੈ: ਵਿਲੱਖਣ ਸੋਚ ਸ਼ਕਤੀ। ਕੁਦਰਤ ਨੇ ਮਨੁੱਖ ਨੂੰ ਇਕ ਵਿਲੱਖਣ ਬੋਧਕ ਸ਼ਕਤੀ, ਸਮਝ, ਸੋਝੀ ਦਾ ਗੁਣ ਪ੍ਰਦਾਨ ਕੀਤਾ ਹੈ ਜਿਸ ਦੀ ਵਰਤੋਂ ਕਰਕੇ ਮਨੁੱਖ ਡੰਗਰ ਨਾਲੋਂ ਵਖਰਾ ਜੀਵਨ ਜੀਊਣ ਦੇ ਸਮਰੱਥ ਹੈ। ਪਰ ਜੇਕਰ ਜੀਵਨ ਨੂੰ ਸਿਰਫ ਜੀਊਣਾ ਹੀ ਹੈ ਤਾਂ ਜਿਵੇਂ ਡੰਗਰ ਜਿਊਂਦੇ ਹਨ ਉਸੇ ਤਰ੍ਹਾਂ ਮਨੁੱਖ ਵੀ ਜੀਵਨ ਜੀਊਈ ਜਾਂਦਾ ਹੈ। ਭਾਵ ਸਵੇਰੇ ਉਠੇ ਤਿਆਰ ਹੋਏ ਖਾਂਦਾ-ਪੀਤਾ ਤੇ ਕੰਮ ਤੇ ਚਲੇ ਗਏ। ਆਏ ਫਿਰ ਖਾਦਾ-ਪੀਤਾ ਤੇ ਸੋਂ ਗਏ। ਇਸ ਦੇ ਨਾਲ ਕੁਝ ਬੱਚੇ ਪੈਦਾ ਕਰ ਲਏ। ਬਸ ਇਸੇ ਤਰ੍ਹਾਂ ਡੰਗਰਾਂ ਵਰਗਾ ਜੀਵਨ ਬਤੀਤ ਹੋ ਜਾਂਦਾ ਹੈ।
ਮਨੁੱਖ ਡੰਗਰ ਨਾਲੋਂ ਵੱਖਰਾ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਆਪਣੀ ਬੋਧਿਕ ਸ਼ਕਤੀ, ਜੋ ਕੁਦਰਤ ਵਲੋਂ ਉਸ ਨੂੰ ਵਰਦਾਨ ਵਿਚ ਮਿਲੀ ਹੈ, ਉਸ ਨੂੰ ਵਰਤ ਕੇ ਇਨਸਾਨ ਹੋਣ ਦਾ ਸਬੂਤ ਦੇਵੇ।ਇਸੇ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ (ਗ:ਗ:ਸ: ਪੰਨਾ-1418) ਭਾਵ ਸਪਸ਼ਟ ਹੈ ਕਿ ਜੇਕਰ ਮਨੁੱਖ ਸੁਚੱਜੇ ਗਿਆਨ ਦੀ ਪ੍ਰਾਪਤੀ ਵਾਸਤੇ ਉਧਮ ਨਹੀਂ ਕਰਦਾ, ਆਪਣੇ ਜੀਵਨ ਨੂੰ ਸੁਧਾਰਣ ਦਾ ਉਪਰਲਾ ਨਹੀਂ ਕਰਦਾ ਤਾਂ ਉਹ ਮਨੁੱਖੀ ਜੂਨ ਨਹੀਂ ਜੀਉਂਦਾ। ਉਹ ਡੰਗਰ ਹੀ ਹੁੰਦਾ ਹੈ। ਆਪਣੇ ਜੀਵਨ ਨੂੰ ਸੁਧਾਰਨ ਦੀ ਯੋਗਤਾ ਦਾ ਹੋਣਾ ਹੀ ਮਨੁੱਖ ਨੂੰ ਡੰਗਰ ਨਾਲੋਂ ਉਤਮ ਬਣਾਉਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਸੁਧਾਈ ਕਰਨਾਂ ਮਨੁੱਖੀ ਜੀਵਨ ਦਾ ਇਕ ਜ਼ਰੂਰੀ ਮਨੋਰਥ ਹੈ।ਜੀਵਨ ਵਿਚ ਕੁਝ ਸਿੱਖਣਾ, ਕੁਝ ਸਮਝਣਾ ਹੀ ਜ਼ਿੰਦਗੀ ਹੈ।ਇਹ ਸਿਖਲਾਈ ਦਾ ਸਿਲਸਲਾ ਜੀਵਨ ਦੇ ਆਖਰੀ ਦਿਨ ਤਕ ਚਲਦਾ ਰਹਿਣਾ ਜ਼ਰੂਰੀ ਹੈ।
ਇਸ ਜੀਵਨ ਮਨੋਰਥ ਦੇ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਭਈ ਪਰਾਪਤਿ ਮਾਨੁਖ ਦੇਹੁਰੀਆ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਗ:ਗ:ਸ: ਪੰਨਾ-12 ਅਤੇ 378) ਭਾਵ ਇਹ ਕਿ ਹੇ ਮਨੁੱਖ ਇਹ ਜੋ ਮਨੁੱਖਾ ਦੇਹੀ ਤੈਨੂੰ ਮਿਲੀ ਹੈ ਉਹ ਇਸ ਲਈ ਹੈ ਕਿ ਤੂੰ ਪਰਮਾਤਮਾਂ ਨਾਲ ਮਿਲ ਸਕੇਂ।ਗੁਰਬਾਣੀ ਦੇ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਸਮਜਣ ਵਾਸਤੇ “ਗੋਬਿੰਦ ਮਿਲਣ” ਦੇ ਭਾਵ ਨੂੰ ਸਮਜਣਾ ਜ਼ਰੂਰੀ ਹੈ। “ਗੋਬਿੰਦ ਮਿਲਣ” ਤੋਂ ਭਾਵ ਹੈ ਪਰਮਾਤਮਾਂ ਨੂੰ ਮਿਲਣਾ। ਗੁਰਬਾਣੀ ਅਨੁਸਾਰ ਪਰਮਾਤਮਾਂ ਦਾ ਕੋਈ ਰੰਗ ਰੂਪ ਜਾ ਅਕਾਰ ਤਾਂ ਹੈ ਨਹੀਂ। ਇਸ ਲਈ ਸਭ ਤੋਂ ਪਹਿਲਾਂ ਪਰਮਾਤਮਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਗੁਰਬਾਣੀ ਵਿਚ ਪਰਮਾਤਮਾਂ ਨੂੰ ‘ਗੁਣਤਾਸਾ’ ਅਤੇ ‘ਗੁਣੀ ਨਿਧਾਣ’ ਕਿਹਾ ਗਿਆ ਹੈ। ਭਾਵ ਪਰਮਾਤਮਾਂ ਗੁਣਾਂ ਦਾ ਖ਼ਜ਼ਾਨਾ ਹੈ। ਗੁਰਬਾਣੀ ਦੀ ਪੰਗਤੀ ਹੈ: ਨਾਨਕ ਗਾਵੀਐ ਗੁਣੀ ਨਿਧਾਨੁ॥ਗਾਵੀਐ ਸੁਣੀਐ ਮਨਿ ਰਖੀਐ ਭਾਉ॥ (ਗ:ਗ:ਸ: ਪੰਨਾ-2) ਭਾਵ ਉਹ ਪਰਮਾਤਮਾਂ ਜੋ ਗੁਣਾਂ ਦਾ ਖ਼ਜ਼ਾਨਾ ਹੈ ਉਨ੍ਹਾਂ ਗੁਣਾਂ ਦੇ ਖ਼ਜ਼ਾਨੇ ਨੂੰ (ਗਾਵੀਐ) ਭਾਵ ਪਰਮਾਤਮਾਂ ਦੇ ਗੁਣਾਂ ਨੂੰ ਹਰ ਸਮੇਂ ਮਨ ਵਿਚ ਵਸਾ ਕੇ ਰੱਖਿਆ ਜਾਵੇ।(ਗਾਵੀਐ ਸੁਣੀਐ ਮਨਿ ਰਖੀਐ ਭਾਉ॥) ਉਹ ਰੱਬੀ ਗੁਣ ਇਸ ਤਰ੍ਹਾਂ ਦ੍ਰਿੜ ਹੋ ਜਾਣ ਕਿ ਵਕਤ ਪੈਣ ’ਤੇ ਉਨ੍ਹਾਂ ਦੀ ਵਰਤੋਂ ਕਰਨ ਵਾਸਤੇ ਸੋਚਣਾ ਨਾ ਪਵੇ। ਜਿਵੇਂ ਸਕੂਟਰ ਜਾਂ ਕਾਰ ਦੀ ਬਰੇਕ ਆਪਣੇ ਆਪ ਲੱਗ ਜਾਂਦੀ ਹੈ, ਉਸ ਨੂੰ ਲਗਾਊਣ ਵਾਸਤੇ ਸੋਚਣਾ ਨਹੀਂ ਪੈਂਦਾ, ਇਸੇ ਤਰ੍ਹਾਂ ਗੁਣਵਾਨ ਹੋ ਕੇ ਸਮਾਜ ਵਿਚ ਵਿਚਰਿਆ ਜਾਵੇ। ਹਰ ਕਰਮ ਗੁਣਾਂ ਦੇ ਅਧਾਰ ਉਤੇ ਪੂਰਾ ਉਤਰੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਇਨਸਾਨ ਇਹ ਮਨੁਖਾ ਦੇਹੀ ਨਾਲ ਬੁਧੀ ਦੀ ਜੋ ਬਖਸ਼ਿਸ਼ ਹੋਈ ਹੈ ਉਸ ਅਨੁਸਾਰ ਪਰਮਾਤਮਾਂ ਦੇ ਗੁਣ, ਭਾਵ, ਚੰਗੇ ਗੁਣਾਂ ਨੂੰ ਸਮਝ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਅ ਕੇ ਇਹ ਮਨੁਖਾ, ਇਨਸਾਨੀਅਤ ਵਾਲ ਜੀਵਨ ਜੀਊ। ਇਹ ਹੈ: “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” ਇਹ ਹੈ: ਡੰਗਰਾਂ ਨਾਲੋ ਵੱਖ ਹੋ ਕੇ ਜੀਵਨ ਜੀਊਣ ਦਾ ਮਨੋਰਥ।
ਮਨੁੱਖ ਦੇ ਇਨਸਾਨੀਅਤ ਵਾਲੇ ਗੁਣਾਂ ਨੂੰ ਸਮਝਣ ਬਾਰੇ ਗੁਰਬਾਣੀ ਸਮਝਾਉਂਦੀ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਭਾਵ ਇਹ ਕਿ ਹੇ ਇਨਸਾਨ ਤੂੰ ਉਸ ਅਕਾਲਪੁਰਖ ਦੀ ਜੋਤ ਹੈਂ ਜੋ ਗੁਣੀ ਨਿਧਾਨ ਹੈ, ਗੁਣਾਂ ਦਾ ਖ਼ਜ਼ਾਨਾ ਹੈ। ਕਿਉਂਕਿ ਰੱਬੀ ਜੀ ਤੇਰੇ ਅੰਦਰ ਵਸਦੇ ਹਨ ਇਸ ਲਈ ਰੱਬੀ ਗੁਣ ਤੇਰੇ ਅੰਦਰ ਹੀ ਹਨ। ਉਹ ਨੂਰ ਤੇਰੇ ਅੰਦਰ ਹੀ ਹੈ। ਇਸ ਲਈ “ਆਪਣਾ ਮੂਲੁ ਪਛਾਣੁ” ਆਪਣੇ ਅੰਦਰ ਝਾਤੀ ਮਾਰ, ਆਪਣੀ ਪੜਚੋਲ ਕਰ ਕੇ ਉਨ੍ਹਾਂ ਗੁਣਾਂ ਅਨੁਸਾਰ ਜੀਵਨ ਜੀਊਣ ਦਾ ਉਪਰਾਲਾ ਕਰ।ਇਹ ਹੈ ਜੀਵਨ ਮਨੋਰਥ।
ਡੰਗਰ ਅਤੇ ਇਨਸਾਨ ਵਿਚ ਇਕ ਵੱਡਾ ਫਰਕ ਇਹ ਵੀ ਹੈ ਕਿ ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਸਮਾਜ ਤੋਂ ਵੱਖ ਹੋ ਕੇ ਮਨੁੱਖ, ਮਨੁੱਖੀ ਜੀਵਨ ਨਹੀਂ ਜਿਊਂ ਸਕਦਾ। ਹੁਣ ਜਦੋਂ ਮਨੁੱਖ ਨੇ ਸਮਾਜ ਵਿਚ ਵਿਚਰਨਾ ਹੈ ਤਾਂ ਸਮਾਜ ਪ੍ਰਤੀ ਉਸ ਦੀ ਖਾਸ ਜ਼ਿਮਾਵਾਰੀ ਇਹ ਬਣਦੀ ਹੈ ਕਿ ਉਹ ਸਮਾਜ ਵਿਚ ਰਹਿ ਕੇ ਸਮਾਜ ਨੂੰ ਸੁਖਾਵਾਂ ਬਣਾਵੇ। ਐਸਾ ਸਮਾਜ ਜਿਥੇ ਪ੍ਰੇਮ ਭਾਵ ਅਤੇ ਆਦਰ ਮਾਨ, ਸੁਖ ਸ਼ਾਂਤੀ ਹੋਵੇ। ਮਨੁੱਖੀ ਮਨੋਰਥ ਤਾਂ ਇਹ ਹੈ ਕਿ ਐਸੇ ਸਮਾਜ ਦੀ ਸਿਰਜਨਾਂ ਕੀਤੀ ਜਾਵੇ ਜਿਥੇ ਲੜਾਈ ਝਗੜੇ ਤੇ ਦੁਸ਼ਮਨੀ ਨਾ ਹੋਵੇ। ਐਸਾ ਸਮਾਜ ਜਿਥੇ ਕਿਸੇ ਨਾਲ ਵੈਰ ਵਿਰੋਧ ਅਤੇ ਈਰਖਾ ਨਾ ਹੋਵੇ। ਧਰਮ ਦੇ ਨਾਮ ’ਤੇ ਜ਼ੁਲਮ ਨਾ ਕੀਤਾ ਜਾਵੇ। ਇਸ ਜ਼ਿਮਾਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣਾ ਵੀ ਮਨੁੱਖ ਦਾ ਇਕ ਵਡਮੁੱਲਾ ਮਨੋਰਥ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਇਸ ਜ਼ਿਮਾਵਾਰੀ ਨੂੰ ਸਮਝੇ ਅਤੇ ਇਸ ਜ਼ਿਮਾਵਾਰੀ ਨੂੰ ਨਿਭਾਉਣ ਲਈ ਨਿਪੁਨਤਾ ਹਾਸਲ ਕਰੇ।ਇਸ ਤਰ੍ਹਾਂ ਮਨੁੱਖ ਦੇ ਜੀਵਨ ਦਾ ਮਨੋਰਥ ਜਿਥੇ ਆਪਾ ਸੁਧਾਰਨਾ ਹੈ ਉੱਥੇ ਸਮਾਜ ਸੁਧਾਰ ਦਾ ਮਨੋਰਥ ਵੀ ਹੈ। ਆਮ ਤੌਰ ’ਤੇ ਕਈ ਵਾਰ ਆਪਾ ਸੁਧਾਰਨ ਨੂੰ ਹੀ ਕਾਫੀ ਸਮਝ ਲਿਆ ਜਾਂਦਾ ਹੈ ਅਤੇ ਜਿੰਦਗੀ ਦਾ ਮਨੋਰਥ ਆਪਾ ਸੁਧਾਰਨ ਤਕ ਹੀ ਸੀਮਤ ਕੀਤਾ ਜਾਂਦਾ ਹੈ। ਗੁਰਬਾਣੀ ਅਨੁਸਾਰ ਜੀਵਨ ਮਨੋਰਥ ਇੱਥੇ ਹੀ ਸਮਾਪਤ ਨਹੀਂ ਹੁੰਦਾ। ਜੇਕਰ ਕੋਈ ਮਨੁੱਖ ਕਿਸੇ ਗਿਆਨ ਦੀ ਪ੍ਰਾਪਤੀ ਕਰ ਕੇ ਆਪਾ ਸੁਧਾਰਦਾ ਹੈ ਤਾਂ ਇਹ ਵੀ ਉਸ ਦਾ ਫਰਜ਼ ਹੈ ਕਿ ਉਹ ਉਸ ਗਿਆਨ ਨਾਲ ਸਮਾਜ ਦੀ ਭਲਾਈ ਕਰੇ। ਉਸ ਗਿਆਨ ਨੂੰ ਵੰਡਣਾ ਵੀ ਇਨਸਾਨ ਦਾ ਫਰਜ਼ ਬਣਦਾ ਹੈ। ਇਹ ਵੀ ਹੈ ਜੀਵਨ ਦਾ ਇਕ ਮਨੋਰਥ।ਇਸ ਮਨੋਰਥ ਦੀ ਪੁਰਤੀ ਲਈ ਗੁਰਬਾਣੀ ਇਸ ਤਰ੍ਹਾਂ ਫ਼ਰਮਾਨ ਕਰਦੀ ਹੈ: ਸੁਨਤ ਕਮਾਵਤ ਹੋਤ ਉਧਾਰ॥ਆਪਿ ਤਰੈ ਲੋਕਹ ਨਿਸਤਾਰ॥(ਗ:ਗ:ਸ: ਪੰਨਾ-295) ਭਾਵ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਵਿਚ ਸਮਝਾਇਆ ਇਹ ਗਿਆ ਹੈ ਕਿ ਮਨੁੱਖ ਦਾ ਜੀਵਨ ਮਨੋਰਥ ਹੈ: ਕਿ ਉਹ ਸੱਚੇ ਸੁਚੱਜੇ ਗੁਣਾਂ ਵਾਲੇ ਗਿਆਨ ਨੂੰ ਸੁਣੇ, ਸਮਝੇ, ਉਨ੍ਹਾਂ ਗੁਣਾ ਨਾਲ ਆਪਣੇ ਜੀਵਨ ਦਾ ਉਧਾਰ ਕਰੇ। ਇਸ ਤਰ੍ਹਾਂ ਜਿਥੇ ਉਸ ਨੇ ਆਪਣਾ ਜੀਵਨ ਸਫਲਾ ਕਰਨਾ ਹੈ ਉੱਥੇ ਨਾਲ ਹੀ (ਲੋਕਹ ਨਿਸਤਾਰ) ਸਮਾਜ ਦਾ ਸੁਧਾਰ ਵੀ ਕਰੇ।
ਗੁਰਬਾਣੀ ਵਿਚ ਇਸ ਮਨੋਰਥ ਦੀ ਮਹੱਤਤਾ ਇਸ ਤਰ੍ਹਾਂ ਦਰਸਾਈ ਹੈ: ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਗ:ਗ:ਸ: ਪੰਨਾ-306) ਭਾਵ ਗੁਰੂ ਨਾਨਕ ਸਾਹਿਬ ਉਸ ਗੁਰਸਿਖ (ਚੰਗੇ ਗੁਣਾਂ ਵਾਲੇ ਵਿਅਕਤੀ) ਦਾ ਧਨਵਾਦ ਕਰਦੇ ਹਨ ਜੋ ਖੁਦ ਤਾਂ ਗੁਣਾਂ ਨੂੰ ਅਪਣਾਉਂਦਾ ਹੈ ਅਤੇ ਹੋਰਨਾਂ ਨੂੰ ਵੀ ਗੁਣਵਾਨ ਬਣਾਉਂਦਾ ਹੈ। ਇਸ ਤਰ੍ਹਾਂ ਗੁਣਵਾਨ ਵਿਅਕਤੀ ਦਾ ਇਹ ਜੀਵਨ ਮਨੋਰਥ ਹੈ ਕਿ ਉਹ ਆਪ ਤਾਂ ਗੁਣਾਂ ਦਾ ਧਾਰਣੀ ਹੋਵੇ ਹੀ, ਆਪ ਤਾਂ ਗਿਆਨ ਹਾਸਲ ਕਰੇ ਹੀ, ਨਾਲ ਹੀ ਹੋਰਨਾਂ ਨੂੰ ਵੀ ਗੁਣਵਾਨ ਹੋਣ ਲਈ ਪ੍ਰੇਰੇ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਆਪ ਕਈ ਮੁਲਕਾਂ ਵਿਚ ਚੱਲ ਕੇ ਗਏ ਅਤੇ ਭੁਲੇ ਭਟਕੇ ਲੋਕਾਂ ਨੂੰ ਸਿਧੇ ਰਾਹ ਉੱਤੇ ਚਲਣ ਲਈ ਸੇਧ ਦਿੱਤੀ। ਗੁਰੂ ਸਾਹਿਬਾਨ ਨੇ ਜੋ ਘਾਲਣਾ ਘਾਲੀ, ਤਸੀਹੇ ਸਹੇ, ਕੁਰਬਾਣੀਆਂ ਦਿੱਤੀਆਂ, ਤਾਂ ਉਸ ਦਾ ਮਨੋਰਥ ਸਮਾਜ ਵਿਚੋਂ ਵਹਿਮਾਂ-ਭਰਮਾਂ, ਅਤੇ ਕਰਮਕਾਂਡਾਂ ਵਾਲੀ ਅਗਿਆਨਤਾ ਨੂੰ ਦੂਰ ਕਰ ਕੇ ਇਕ ਸੁਚੱਜੇ ਸਮਾਜ ਦੀ ਸਿਰਜਣਾ ਕਰਨਾ ਹੀ ਸੀ। ਇਹ ਤਾਂ ਸਪਸ਼ਟ ਹੈ ਕਿ ਕਿਸੇ ਵੀ ਸਮਾਜ ਦੀ ਉਨਤੀ ਤਾਂ ਹੀ ਹੋ ਸਕਦੀ ਹੈ ਜੇ ਕਰ ਹਰ ਕੋਈ ਆਪਣੇ ਗਿਆਨ ਅਤੇ ਇਨਸਾਨੀਅਤ ਵਾਲੇ ਚੰਗੇ ਗੁਣਾਂ ਦੀ ਸਾਂਝ ਕਰੇ।
ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਮਨੁੱਖ ਵਿਚ ਦੋ ਬਿਰਤੀਆਂ ਕੰਮ ਕਰਦੀਆਂ ਹਨ। ਇਕ ਬਿਰਤੀ ਹੈ ਇਨਸਾਨੀਅਤ ਵਾਲੀ ਅਤੇ ਦੂਸਰੀ ਬਿਰਤੀ ਹੈ ਸ਼ੈਤਾਨ ਅਤੇ ਹੈਵਾਨੀਅਤ ਵਾਲੀ।ਇਸ ਤਰ੍ਹਾਂ ਮਨੁੱਖ ਆਪਣੀ ਬੋਧਿਕ ਸ਼ਕਤੀ ਦੀ ਦੁਰਵਰਤੋਂ ਕਰਕੇ ਹੈਵਾਨ ਹੋਣ ਦਾ ਪ੍ਰਗਟਾਵਾ ਵੀ ਕਰਦਾ ਹੈ। ਜਦੋਂ ਮਨੁੱਖ ਹੈਵਾਨ ਅਤੇ ਸ਼ੈਤਾਨ ਹੋ ਕੇ ਵਿਚਰਦਾ ਹੈ ਤਾਂ ਉਹ ਸਾਰੇ ਸਮਾਜ ਨੂੰ ਭਰਿਸ਼ਟ ਕਰ ਦਿੰਦਾ ਹੈ। ਇਹ ਮਨੁੱਖ ਹੋਣ ਦਾ ਦੁਰਭਾਗ ਹੁੰਦਾ ਹੈ। ਇਸ ਤਰ੍ਹਾਂ ਦੀ ਸ਼ੈਤਾਨ ਬਿਰਤੀ ਕਾਰਨ ਉਹ ਸੁਹਿਰਦ ਵਿਕਤੀ ਦਾ ਸਾਮਜ ਵਿਚ ਰਹਿਣਾ ਦੁਰਲਭ ਕਰ ਦਿੰਦਾ ਹੈ। ਇਨਸਾਨ ਦੀ ਇਹ ਸ਼ੈਤਾਨ ਬਿਰਤੀ ਦੇ ਕਾਰਨ ਹੀ ਹੈ ਕਿ ਦੁਨੀਆਂ ਦੇ ਬਹੁਤ ਲੋਕ ਭੁਖਮਰੀ ਦਾ ਸ਼ਿਕਾਰ ਹੋਏ ਬੈਠੇ ਹਨ। ਇਸ ਸ਼ੈਤਾਨ ਬਿਰਤੀ ਦੇ ਕਾਰਨ ਹੀ ਭੋਲੀ ਭਾਲੀ ਜਨਤਾ ਨੂੰ ਕਈ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੇ ਚੱਕਰ ਵਿਚ ਫਸਾ ਕੇ ਕੁਰਾਹੇ ਪਾ ਰੱਖਿਆ ਹੈ। ਜੇਕਰ ਭਾਰਤ ਵਿਚ ਕਈ ਮਜ਼ਲੂਮ ਲੋਕਾਂ ਨੂੰ ਦਲਿਤ ਆਖ ਕੇ ਬਹੁਤ ਜ਼ੁਲਮ ਕੀਤੇ ਜਾ ਰਹੇ ਹਨ, ਮਜ਼੍ਹਬ ਅਤੇ ਧਰਮ ਦੇ ਨਾਮ ਤੇ ਈਰਖਾ ਵੈਰ ਵਿਰੋਧ ਨੂੰ ਫੈਲਾਇਆ ਜਾ ਰਿਹਾ ਹੈ ਤਾਂ ਇਹ ਸਭ ਸ਼ੈਤਾਨ ਬਿਰਤੀ ਦੇ ਕਾਰਨ ਹੀ ਹੈ। ਇਹ ਸਭ ਇਨਸਾਨ ਦੀ ਜ਼ਿੰਦਗੀ ਦਾ ਮਨੋਰਥ ਨਹੀਂ ਹੋ ਸਕਦਾ।ਇਹ ਪਸ਼ੂ ਹੋਣ ਦੇ ਤੁਲ ਹੈ।
ਐਸੀ ਪਸ਼ੂ ਬਿਰਤੀ ਦੇ ਸੰਬੰਧ ਵਿਚ ਗੁਰਬਾਣੀ ਜ਼ਿਕਰ ਕਰਦੀ ਹੈ: ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥(ਗ:ਗ:ਸ: ਪੰਨਾ-870) ਇਸ ਪੰਗਤੀ ਰਾਹੀਂ ਇਹ ਸਮਝਾਇਆ ਗਿਆ ਹੈ: (ਨਰੂ ਮਰੈ ਨਰੁ ਕਾਮਿ ਨ ਆਵੈ॥) ਭਾਵ: ਜੇ ਕਰ (ਨਰੂ ਮਰੈ= ਇਨਸਾਨ ਦੀ ਜ਼ਮੀਰ ਮਰ ਜਾਵੇ) ਜੇ ਕਰ ਇਨਸਾਨ ਵਿਚੋਂ ਇਨਸਾਨੀਅਤ ਵਾਲੀ ਸੁਹਿਰਦ ਬਿਰਤੀ ਮਰ ਜਾਵੇ ਤਾਂ ਇਨਸਾਨ ਕਿਸੇ ਕੰਮ ਦਾ ਨਹੀਂ ਹੁੰਦਾ। ਇਨਸਾਨ ਦੀ ਜ਼ਮੀਰ ਦੇ ਮਰ ਜਾਣ ਨਾਲ ਅੰਦਰ ਹੈਵਾਨੀਅਤ ਪੈਦਾ ਹੋ ਜਾਂਦੀ ਹੈ। ਚੰਗੇ ਗੁਣ ਖਤਮ ਹੋ ਜਾਂਦੇ ਹਨ। ਇਸ ਲਈ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਉਹ ਕਿਸੇ ਦਾ ਕੋਈ ਕੰਮ ਨਹੀਂ ਸਵਾਰ ਸਕਦਾ। ਇਸ ਦੇ ਉਲਟ ਜੇ ਕਰ (ਪਸੂ ਮਰੈ ਦਸ ਕਾਜ ਸਵਾਰੈ॥) ਇਨਸਾਨ ਵਿਚੋਂ ਪਸ਼ੂਆਂ ਵਾਲੀ ਬਿਰਤੀ ਮਰ ਜਾਵੇ, ਅਗਿਆਨਤਾ ਦੂਰ ਹੋ ਜਾਵੇ, (ਪਸ਼ੂਆਂ ਵਿਚ ਗਿਆਨ ਦੀ ਘਾਟ ਹੁੰਦੀ ਹੈ, ਉਨ੍ਹਾਂ ਵਿਚ ਮਨੁੱਖ ਜਿਤਨੀ ਬੁੱਧੀ ਨਹੀਂ ਹੁੰਦੀ) ਇਸ ਤਰ੍ਹਾਂ ਪਸ਼ੂ ਬਿਰਤੀ ਦੇ ਮਰ ਜਾਨ ਨਾਲ, ਅਗਿਆਨਤਾ ਦੂਰ ਹੋਣ ਦੇ ਨਾਲ ਮਨੁੱਖ, ਇਨਸਾਨੀਅਤ ਦੇ ਨਾਤੇ ਸਮਾਜ ਦੇ ਕਈ ਕੰਮ ਸਵਾਰ ਸਕਦਾ ਹੈ। ਸਮਾਜ ਵਿਚ ਖੇੜਾ ਪੈਦਾ ਕਰ ਸਕਦਾ ਹੈ। ਭਾਵ ਲੋੜ ਹੈ (ਪਸ਼ੂ ਮਰੈ) ਇਨਸਾਨ ਵਿਚੋਂ ਪਸ਼ੂ ਬਿਰਤੀ ਮਾਰਨ ਦੀ, ਅਗਿਆਨਤਾ ਨੂੰ ਦੂਰ ਕਰਨ ਦੀ।
ਜੀਵਨ ਦੇ ਇਸ ਮਨੋਰਥ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਇਕ ਫ਼ਲਸਫ਼ਾ ਉਲੀਕ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਪ੍ਰਦਾਨ ਕੀਤਾ। ਪਰ ਅਫਸੋਸ ਇਹ ਹੈ ਕਿ ਇਸ ਫ਼ਲਸਫ਼ੇ ਨੂੰ ਇਕ ਅਨੋਖਾ ਰੂਪ ਦੇ ਕੇ ਪੁਜਾਰੀ ਵਰਗ ਨੇ ਕਬਜ਼ਾ ਕਰ ਲਿਆ ਹੈ। ਐਸਾ ਪੁਜਾਰੀ ਵਰਗ ਇਹ ਕਦੀ ਨਹੀਂ ਚਾਹੁੰਦਾ ਕਿ ਕੋਈ ਵੀ ਇਸ ਫ਼ਲਸਫ਼ੇ ਦੀ ਅਹਿਮੀਅਤ ਜਾਣ ਸਕੇ। ਇਸੇ ਕਰਕੇ ਗਿਆਨ ਦੇ ਇਸ ਖਜ਼ਾਨੇ ਨੂੰ ਰੁਮਾਲਿਆਂ ਵਿਚ ਲਪੇਟ ਕੇ ਇਸ ਦੀ ਪੂਜਾ ਹੀ ਕਰਵਾਈ ਜਾਂਦੀ ਹੈ।ਇਸ ਫ਼ਲਸਫ਼ੇ ਨੂੰ ਮਾਇਆ ਕਮਾਉਣ ਦਾ ਵਸੀਲਾ ਬਣਾ ਲਇਆ ਗਿਆ ਹੈ। ਗੁਰਦੁਆਰਿਆਂ ਵਿਚ ਜਾਂ ਹੋਰ ਕੀਰਤਨ ਦਰਬਾਰਾਂ ਵਿਚ ਜੋ ਪੰਡਿਤ ਬਿਰਤੀ ਵਾਲੇ ਰਾਗੀ ਜੱਥੇ ਜਾਂ ਪਰਚਾਰਕ ਆਦਿ ਆਂਉਂਦੇ ਹਨ, ਬਹੁਤ ਕਰਕੇ, ਉਹ ਆਪਣੀ ਮਾਇਆ ਦੀ ਭੁਖ ਲੈ ਕੇ ਹੀ ਆਂਉਂਦੇ ਹਨ। ਇਸ ਤਰ੍ਹਾਂ ਨਾ ਤਾਂ ਉਹ ਆਪ ਇਸ ਗਿਆਨ ਦੁਆਰਾ ਆਪਣਾ ਜੀਵਨ ਸੁਧਾਰਦੇ ਹਨ ਅਤੇ ਨਾ ਹੀ ਉਹ ਕਿਸੇ ਹੋਰ ਨੂੰ ਜੀਵਨ ਜਾਚ ਦੱਸ ਸਕਦੇ ਹਨ।ਉਹ ਮਨੁੱਖ ਨੂੰ ਜੀਵਨ ਦੇ ਅਸਲ ਮਨੋਰਥ ਤੋਂ ਜਾਣੂੰ ਨਹੀਂ ਕਰਵਾਉਂਦੇ।
ਇਨਸਾਨ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਜੀਵਨ ਮਨੋਰਥ ਨੂੰ ਸਮਝੇ ਅਤੇ ਡੰਗਰ ਨਾਲੋਂ ਵੱਖ ਹੋ ਕੇ ਇਨਸਾਨਾਂ ਵਾਲਾ ਜੀਵਨ ਜੀਵੇ।ਭਾਵ ਨਫ਼ਰਤ, ਈਰਖਾ, ਵੈਰ, ਵਿਰੋਧ ਅਤੇ ਆਪਣੀ ਹੋਉਮੈ ਛੱਡ ਕੇ ਪਿਆਰ ਭਰਿਆ ਜੀਵਨ ਜੀਵੇ। ਇਸ ਮਨੋਰਥ ਦੀ ਸੋਝੀ ਗੁਰੂ ਗ੍ਰੰਥ ਸਾਹਿਬ ਤੋਂ ਬੜੇ ਵਿਸਥਾਰ ਨਾਲ ਮਿਲ ਸਕਦੀ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।
ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp +61-468432632 and +91-8284863803
E-mail: kanwar238@yahoo.com