ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 Aug. 2020
ਆਪਸੀ ਫੁੱਟ ਕਰ ਕੇ ਪੰਜਾਬ ਕਾਂਗਰਸ ਨਿਰਾਸ਼ਾ ਦੇ ਆਲਮ ‘ਚ- ਇਕ ਖ਼ਬਰ
ਪੂਰਨ ਆਖਦਾ ਗ਼ਮੀ ਦਾ ਤਾਪ ਚੜ੍ਹਿਆ, ਜ਼ਿਮੀਂ ਉੱਤੇ ਨਾ ਲਗਦੇ ਪੈਰ ਮਾਤਾ।
ਪੀ.ਐਮ. ਕੇਅਰ ਫੰਡਾਂ ਨੂੰ ਪੜਚੋਲ ਤੋਂ ਛੁਪਾ ਰਹੀ ਹੈ ਸਰਕਾਰ- ਚਿਦੰਬਰਮ
ਵਾਰਸ ਸ਼ਾਹ ਲੁਕਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ।
ਇਸ ਵਾਰ ਪ੍ਰਮਿੰਦਰ ਸਿੰਘ ਢੀਂਡਸਾ ਵਿਧਾਨ ਸਭਾ ਸੈਸ਼ਨ ‘ਚ ਭਾਗ ਲੈਣ ਲਈ ਪੂਰੀ ਤਰ੍ਹਾਂ ਤਿਆਰ-ਇਕ ਖ਼ਬਰ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
ਪੰਜਾਬ ਦੇ ਪਾਣੀ ‘ਤੇ ਕਿਸੇ ਵੀ ਹੋਰ ਸੂਬੇ ਦਾ ਕੋਈ ਅਧਿਕਾਰ ਨਹੀਂ- ਢੀਂਡਸਾ
ਸੁੱਤੀ ਪਈ ਨੇ ਲੁਹਾਈਆਂ ਚੂੜੀਆਂ, ਅਜੇ ਵੀ ਘੁਰਾੜੇ ਮਾਰਦੀ।
ਤਸਕਰਾਂ ਨੂੰ ਖੁੱਲ੍ਹ ਦੇਣ ਲਈ ਰਾਤ ਦਾ ਕਰਫਿਊ ਲਾਇਆ- ਆਪ ਪਾਰਟੀ
ਗਲ਼ੀਆਂ ਹੋਵਣ ਸੁੰਨੀਆਂ, ਵਿਚ ਮਿਰਜ਼ਾ ਯਾਰ ਫਿਰੇ।
ਪੰਜਾਬ ਸਰਕਾਰ ਦੀਆਂ ਬੈਠਕਾਂ ਦੀ ਗਿਣਤੀ 42 ਤੋਂ ਘਟ ਕੇ 12 ਰਹਿ ਗਈ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।
ਓਬਾਮਾ ਨੇ ਕੰਮ ਚੰਗਾ ਨਹੀਂ ਕੀਤਾ ਜਿਸ ਕਰ ਕੇ ਮੈਂ ਰਾਸ਼ਟਰਪਤੀ ਬਣਿਆ- ਟਰੰਪ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।
ਅਕਾਲੀ ਦਲ ਬਾਦਲ ਵਲੋਂ ਚੁੱਪ ਚੁਪੀਤੇ ਧਰਨਾ ਚੁੱਕੇ ਜਾਣ ਨੇ ਖੜ੍ਹੇ ਕੀਤੇ ਸਵਾਲ- ਇਕ ਖ਼ਬਰ
ਮਿੱਤਰਾਂ ਨੂੰ ਦਗ਼ਾ ਦੇਣੀਏ, ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ।
ਅਕਾਲੀ ਅਤੇ ਭਾਜਪਾ ਨੇ ਇਕ ਦੂਜੇ ਦੇ ਧਰਨਿਆਂ ‘ਚ ਸ਼ਾਮਲ ਨਾ ਹੋਣ ਦੇ ਦਿਤੇ ਸੰਕੇਤ-ਇਕ ਖ਼ਬਰ
ਮੋਤੀ ਖਿੱਲਰ ਗਏ, ਚੁਗ ਲੈ ਕਬੂਤਰ ਬਣ ਕੇ।
ਸਿੱਟ ਦੀ ਜਾਂਚ ‘ਚ ਪ੍ਰਚਾਰਕ ਤੇ ਸਿੱਖ ਜਥੇਬੰਦੀਆਂ ਦੇ ਆਗੂ ਬੇਕਸੂਰ- ਇਕ ਖ਼ਬਰ
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।
ਕਾਂਗਰਸੀਆਂ ਵਲੋਂ ਦੂਲੋ ਦੀ ਕੋਠੀ ਦਾ ਘਿਰਾਉ, ਜੰਮ ਕੇ ਕੀਤੀ ਨਾਹਰੇਬਾਜ਼ੀ- ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।
ਪ੍ਰਸ਼ਾਂਤ ਭੂਸ਼ਨ ਦੇ ਹੱਕ ‘ਚ ਨਿੱਤਰੇ ਸਮਾਜਕ ਕਾਰਕੁੰਨ- ਇਕ ਖ਼ਬਰ
ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।
ਨਿਆਂਪਾਲਿਕਾ ਦੀ ਭਰੋਸੇਯੋਗਤਾ ‘ਤੇ ਉੱਠ ਰਹੇ ਹਨ ਸਵਾਲ- ਗਹਿਲੋਤ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਸਾਊਦੀ ਅਰਬ ਨੂੰ ਮਨਾਉਣ ਗਏ ਪਾਕਿ ਫੌਜ ਮੁਖੀ ਬਾਜਵਾ ਤੇ ਹਮੀਦ ਖਾਲੀ ਹੱਥ ਪਰਤੇ- ਇਕ ਖ਼ਬਰ
ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।
ਮੇਰੀਆਂ ਟਿੱਪਣੀਆਂ ਮੇਰੇ ਅਸਲ ਵਿਚਾਰ, ਮਾਫ਼ੀ ਨਹੀਂ ਮੰਗਾਂਗਾ- ਪ੍ਰਸ਼ਾਂਤ ਭੂਸ਼ਨ
ਬਾਜ਼ੀ ਮਾਰ ਗਿਆ ਬਠਿੰਡੇ ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।