ਪ੍ਰੇਰਨਾਦਾਇਕ ਲੇਖ : ਨਜ਼ਰ ਅਤੇ ਨਜ਼ਰੀਆ - ਗੁਰਸ਼ਰਨ ਸਿੰਘ ਕੁਮਾਰ
ਮਨੁੱਖ ਦੀ ਨਜ਼ਰ ਅਤੇ ਨਜ਼ਰੀਏ ਵਿਚ ਇਕ ਖ਼ਾਸ ਅੰਤਰ ਹੁੰਦਾ ਹੈ ਜਿਸ ਵਲ ਸਾਧਾਰਨ ਲੋਕ ਧਿਆਨ ਨਹੀਂ ਦਿੰਦੇ। ਇਸ ਲਈ ਉਸ ਨੂੰ ਅਣਗੌਲਿਆਂ ਕਰ ਦਿੰਦੇ ਹਨ ਪਰ ਇਸ ਦੇ ਸਿੱਟੇ ਬੁਰੇ ਹੂੰਦੇ ਹਨ। ਨਜ਼ਰ ਦਾ ਅਰਥ ਹੈ ਜੋ ਵਸਤੂ ਜਾਂ ਦ੍ਰਿਸ਼ ਜਿਸ ਤਰ੍ਹਾਂ ਵੀ ਸਾਡੇ ਸਾਹਮਣੇ ਹੈ ਉਸ ਨੂੰ ਅਸੀਂ ਉਸੇ ਤਰ੍ਹਾਂ ਹੀ ਦੇਖ ਰਹੇ ਹਾਂ। ਨਜ਼ਰੀਏ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਅੱਖਾਂ ਨਾਲ ਜੋ ਦੇਖਦੇ ਹਾਂ ਉਸ ਨੂੰ ਅਸੀਂ ਕਿਸ ਪ੍ਰਭਾਵ ਨਾਲ ਲੈਂਦੇ ਹਾਂ। ਸਾਡੇ ਨਜ਼ਰੀਏ ਨਾਲ ਹੀ ਉਸ ਵਸਤੂ ਜਾਂ ਦ੍ਰਿਸ਼ 'ਤੇ ਸਾਡਾ ਪ੍ਰਤੀਕਰਮ ਹੁੰਦਾ ਹੈ। ਨਜ਼ਰੀਏ ਨੂੰ ਹੋਰ ਸਪਸ਼ਟ ਤੌਰ ਤੇ ਸਮਝਣ ਲਈ ਸਾਨੂੰ ਇਹ ਦੇਖਣਾ ਪਵੇਗਾ ਕਿ ਅਸੀਂ ਕਿਸ ਧਰਾਤਲ ਤੇ ਵਿਚਰ ਕੇ ਉਸ ਵਸਤੂ ਜਾਂ ਦ੍ਰਿਸ਼ ਨੂੰ ਦੇਖ ਰਹੇ ਹਾਂ। ਇਸ ਨਾਲ ਸਾਡੀ ਨਜ਼ਰ ਬਦਲ ਜਾਂਦੀ ਹੈ ਜੋ ਸਾਡੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਨਜ਼ਰੀਏ ਦੇ ਬਦਲਣ ਨਾਲ ਸਾਡੇ ਪ੍ਰਤੀਕਰਮ ਵੀ ਬਦਲ ਜਾਂਦੇ ਹਨ। ਉੱਚਾਈ 'ਤੇ ਖੜੇ ਹੋ ਕੇ ਹੇਠਲੀਆਂ ਚੀਜ਼ਾਂ ਹਮੇਸ਼ਾਂ ਛੋਟੀਆਂ ਹੀ ਨਜ਼ਰ ਆਉਂਦੀਆਂ ਹਨ। ਇਹ ਹੀ ਅਸੂਲ ਸਾਡੇ ਸੰਸਕਾਰ, ਮਰਿਆਦਾ, ਮਾਨਤਾਵਾਂ, ਆਲੇ ਦੁਆਲੇ, ਉਮਰ ਅਤੇ ਬੁੱਧੀ 'ਤੇ ਵੀ ਲਾਗੂ ਹੁੰਦਾ ਹੈ ਜੋ ਸਾਡੇ ਨਜ਼ਰੀਏ ਅਤੇ ਪ੍ਰਤੀ ਕਰਮ 'ਤੇ ਸਿੱਧਾ ਅਸਰ ਪਾਉਂਦਾ ਹੈ। ਅਸੀਂ ਉਸ ਤਰ੍ਹਾਂ ਦੇ ਹੀ ਬਣ ਜਾਂਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਨਜ਼ਰੀਆ ਹੁੰਦਾ ਹੈ ਅਤੇ ਸਾਡਾ ਵਤੀਰਾ ਵੀ ਪੱਖਵਾਦੀ ਜਾਂ ਵੱਖਵਾਦੀ ਬਣ ਜਾਂਦਾ ਹੈ। ਆਪਣੇ ਨਜ਼ਰੀਏ ਨੂੰ ਹਮੇਸ਼ਾਂ ਸਾਰਥਿਕ ਰੱਖੋ। ਜੇ ਜ਼ਿੰਦਗੀ ਵਿਚ ਕੋਈ ਦਿਨ ਮਾੜਾ ਆ ਜਾਏ ਤਾਂ ਇਹ ਹੀ ਸਮਝੋ ਕਿ ਉਹ ਦਿਨ ਮਾੜਾ ਹੈ ਨਾ ਕਿ ਸਾਰੀ ਜ਼ਿੰਦਗੀ ਹੀ ਮਾੜੀ ਹੈ। ਡਾਕਟਰ ਕੇਵਲ ਕਮਜ਼ੋਰ ਨਜ਼ਰ ਦਾ ਇਲਾਜ਼ ਕਰ ਸਕਦਾ ਹੈ, ਨਗ਼ਰੀਏ ਦਾ ਨਹੀਂ।
ਉਦਾਹਰਨ ਦੇ ਤੌਰ ਤੇ ਜੇ ਕੋਈ ਵਸਤੂ ਅਸੀਂ ਖ਼ੁਦ ਪੈਸੇ ਦੇ ਕੇ ਖ਼ਰੀਦੀ ਹੋਵੇ ਤਾਂ ਅਸੀਂ ਉਸ ਦੀ ਬਹੁਤ ਸੰਭਾਲ ਕੇ ਵਰਤੋਂ ਕਰਦੇ ਹਾਂ ਪਰ ਜੇ ਉਹ ਹੀ ਵਸਤੂ ਕਿਸੇ ਨੂੰ ਮੁਫ਼ਤ ਮਿਲ ਜਾਏ ਤਾਂ ਉਹ ਉਸ ਦੀ ਬੇਕਦਰੀ ਕਰਦਾ ਹੈ। ਉਸ ਦੀ ਵਰਤੋਂ ਵੀ ਬੜੀ ਬੇਦਰਦੀ ਨਾਲ ਹੁੰਦੀ ਹੈ। ਦੇਖਿਆ ਗਿਆ ਕਿ ਜਦ ਲੋਕਾਂ ਨੂੰ ਖ਼ੁਦ ਬਿਜਲੀ ਦਾ ਬਿਲ ਭਰਨਾ ਪੈਂਦਾ ਹੈ ਤਾਂ ਉਹ ਬਿਜਲੀ ਦੀ ਵਰਤੋਂ ਬੜੇ ਸੰਜਮ ਨਾਲ ਕਰਦੇ ਹਨ ਪਰ ਜਿਸ ਬਿਜਲੀ ਦਾ ਬਿਲ ਆਪ ਨੂੰ ਨਹੀਂ ਭਰਨਾ ਪੈਂਦਾ ਜਿਵੇਂ ਸਰਕਾਰੀ ਦਫ਼ਤਰ, ਸਾਂਝੀਆਂ ਥਾਵਾਂ ਅਤੇ ਬੇਗਾਨੇ ਘਰ ਆਦਿ, ਉੱਥੇ ਬਿਜਲੀ ਫ਼ਾਲਤੂ ਹੀ ਖ਼ਰਚ ਹੁੰਦੀ ਰਹਿੰਦੀ ਹੈ। ਉੱਥੇ ਬਿਨਾ ਲੋੜ ਤੋਂ ਹੀ ਪੱਖੇ ਚੱਲਦੇ ਰਹਿੰਦੇ ਹਨ ਅਤੇ ਲਾਈਟਾਂ ਜਗਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਇੱਥੇ ਸਾਡੇ ਨਜ਼ਰੀਏ ਅਤੇ ਉਸ ਦੇ ਪ੍ਰਤੀਕਰਮ ਦਾ ਫ਼ਰਕ ਸਾਫ਼ ਨਜ਼ਰ ਆਉਂਦਾ ਹੈ।
ਜਿੰਨ੍ਹਾਂ ਕੰਮਾਂ ਦੀ ਸਾਡੀ ਇੱਛਾ ਮੁਤਾਬਿਕ ਕਦਰ ਪੈਂਦੀ ਹੈ ਜਾਂ ਮੁਆਵਜ਼ੇ ਜਾਂ ਧਨ ਦੇ ਰੂਪ ਮੁੱਲ ਪੈਂਦਾ ਹੈ ਉਹ ਸਾਨੂੰ ਖ਼ੁਸ਼ੀ ਦਿੰਦੇ ਹਨ। ਉਨ੍ਹਾਂ ਨੂੰ ਕਰ ਕੇ ਸਾਨੂੰ ਸਕੂਨ ਮਿਲਦਾ ਹੈ ਪਰ ਵਗਾਰੀ ਕੰਮ ਸਾਨੂੰ ਮੁਸ਼ਕਿਲ ਲੱਗਦੇ ਹਨ। ਜਿਹੜੇ ਕੰਮ ਆਪਣੀ ਮਰਜ਼ੀ ਨਾਲ ਕੀਤੇ ਜਾਂਦੇ ਹਨ ਉਹ ਆਸਾਨ ਲੱਗਦੇ ਹਨ। ਉਨ੍ਹਾਂ ਨੂੰ ਕਰਨ ਨਾਲ ਖ਼ੁਸ਼ੀ ਵੀ ਮਿਲਦੀ ਹੈ। ਉਹ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹਨ ਅਤੇ ਮਨ ਨੂੰ ਸ਼ਾਂਤੀ ਦਿੰਦੇ ਹਨ। ਜਿਹੜੇ ਕੰਮ ਕਿਸੇ ਦੇ ਦਬਾਅ ਵਿਚ ਜਾਂ ਆਪਣੀ ਮਰਜ਼ੀ ਤੋਂ ਬਿਨਾ ਕਰਨੇ ਪੈਣ ਉਹ ਮੁਸ਼ਕਲ, ਅਕਾਉ ਅਤੇ ਥਕਾਉ ਲੱਗਦੇ ਹਨ। ਉਨ੍ਹਾਂ ਦੇ ਨਤੀਜੇ ਵੀ ਤਸੱਲੀ ਬਖਸ਼ ਨਹੀਂ ਨਿਕਲਦੇ।
ਅਸੀਂ ਆਪਣੇ ਬਜ਼ੁਰਗਾਂ ਤੋਂ ਇਕ ਅਖਾਣ ਸੁਣਦੇ ਆਏ ਹਾਂ ਕਿ-''ਪੈਸੇ ਦਾ ਘੋੜਾ ਮਹਿੰਗਾ ਅਤੇ ਲੱਖ ਰੁਪਏ ਦਾ ਘੋੜਾ ਸੱਸਤਾ''। ਇਸ ਗੱਲ ਨੂੰ ਇਸ ਕਹਾਣੀ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ-''ਇਕ ਵਾਰੀ ਇਕ ਗ਼ਰੀਬ ਬੰਦਾ ਆਪਣੇ ਚਾਰ ਸਾਲ ਦੇ ਛੋਟੇ ਬੱਚੇ ਨੂੰ ਮੇਲੇ ਲੈ ਗਿਆ। ਉੱਥੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਬੱਚੇ ਨੇ ਇਕ ਮਿੱਟੀ ਦਾ ਘੋੜਾ ਖਰੀਦਣ ਦੀ ਜ਼ਿਦ ਕੀਤੀ। ਪਿਓ ਨੇ ਭਾਅ ਪੁੱਛਿਆ ਤਾਂ ਭਾਈ ਨੇ ਕਿਹਾ ਕਿ ਇਕ ਪੈਸੇ ਦਾ ਇਕ ਘੋੜਾ ਹੈ। ਪਿਓ ਨੇ ਕਿਹਾ-ਪੁੱਤਰ ਇਕ ਪੈਸੇ ਦਾ ਇਕ ਘੋੜਾ ਤਾਂ ਬਹੁਤ ਮਹਿੰਗਾ ਹੈ। ਅਸੀਂ ਨਹੀਂ ਖ਼ਰੀਦ ਸਕਦੇ। ਕੁਝ ਸਮਾਂ ਬੀਤਿਆ। ਉਨ੍ਹਾਂ ਦੇ ਦਿਨ ਫਿਰ ਗਏ। ਗ਼ਰੀਬੀ ਕੱਟੀ ਗਈ। ਬੱਚਾ ਵੀ ਹੁਣ ਜੁਆਨ ਹੋ ਗਿਆ। ਉਸ ਨੇ ਅਮੀਰਾਂ ਵਾਲੇ ਸ਼ੌਂਕ ਪਾਲ ਲਏ। ਉਸ ਦੇ ਮਨ ਵਿਚ ਰੇਸ ਦੇ ਘੋੜੇ ਪਾਲਣ ਦਾ ਸ਼ੌਂਕ ਪੈਦਾ ਹੋ ਗਿਆ। ਇਕ ਦਿਨ ਦੋਵੇਂ ਪਿਓ ਪੁੱਤਰ ਘੋੜਿਆਂ ਦੀ ਮੰਡੀ ਗਏ। ਮੁੰਡੇ ਨੂੰ ਪੰਜ ਲੱਖ ਦਾ ਘੋੜਾ ਪਸੰਦ ਆ ਗਿਆ। ਪਿਓ ਨੂੰ ਪੁੱਛਿਆ। ਪਿਓ ਕਹਿੰਦਾ-ਲੈ ਲੈ ਬੇਟਾ ਲੈ ਲੈ, ਪੰਜ ਲੱਖ ਦਾ ਘੋੜਾ ਤਾਂ ਬਹੁਤ ਹੀ ਸੱਸਤਾ ਹੈ।'' ਸਮਾਂ ਤੇ ਹਾਲਾਤ ਬਦਲਣ ਨਾਲ ਉਸੇ ਪਿਓ ਦਾ ਨਜ਼ਰੀਆ ਅਤੇ ਪ੍ਰਤੀਕਰਮ ਵੀ ਬਦਲ ਗਿਆ।
ਸਾਡੀ ਆਸਥਾ ਅਤੇ ਸੇਵਾ ਭਾਵ ਨਾਲ ਸਾਡਾ ਨਜ਼ਰੀਆ ਹੀ ਬਦਲ ਜਾਂਦਾ ਹੈ। ਜੇ ਕਿਸੇ ਬੰਦੇ ਨੂੰ ਅੱਧਾ ਘੰਟਾ ਪਾਠ ਕਰਨ ਜਾਂ ਸੁਣਨ ਨੂੰ ਕਿਹਾ ਜਾਏ ਤਾਂ ਉਹ ਕਹੇਗਾ ਮੇਰਾ ਮਨ ਨਹੀਂ ਟਿਕਦਾ ਪਰ ਤਿੰਨ ਘੰਟੇ ਦੀ ਫਿਲਮ ਦੇਖਣ ਜਾਣ ਲੱਗੇ ਬੜਾ ਸੋਹਣਾ ਮਨ ਟਿਕ ਜਾਂਦਾ ਹੈ। ਕਈ ਔਰਤਾਂ ਬੀਮਾਰ ਘਰ ਵਾਲਿਆਂ ਦੀ ਸੇਵਾ ਕਰਨ ਲੱਗੇ ਨੱਕ ਮੂੰਹ ਵੱਟਦੀਆਂ ਹਨ ਪਰ ਉਹ ਡੇਰਿਆਂ 'ਤੇ ਜਾ ਕੇ ਬਾਬਿਆਂ ਦੀਆਂ ਲੱਤਾਂ ਘੁੱਟਦੀਆਂ ਹਨ। ਉਨ੍ਹਾਂ ਦੇ ਪੈਰਾਂ ਨੂੰ ਧੋ ਧੋ ਕੇ ਗੰਦਾ ਪਾਣੀ ਚਰਨਾਮਤ ਕਰਕੇ ਖ਼ੁਸ਼ੀ ਖ਼ੁਸ਼ੀ ਪੀਂਦੀਆਂ ਹਨ। ਇਸੇ ਤਰ੍ਹਾਂ ਘਰ ਵਿਚ ਜੇ ਕੋਈ ਬਜ਼ੁਰਗ ਚਾਹ ਜਾਂ ਰੋਟੀ ਮੰਗ ਲਏ ਤਾਂ ਕਹਿਣਗੀਆਂ ਆਪੇ ਬਣਾ ਲਉ। ਮੈਨੂੰ ਗੁਰਦਵਾਰੇ ਦੇਰ ਹੋ ਰਹੀ ਹੈ। ਮੈਂ ਉੱਥੇ ਜਾ ਕੇ ਲੰਗਰ ਦੀ ਸੇਵਾ ਕਰਨੀ ਹੈ। ਕਈ ਲੋਕ ਚੰਗੀ ਸਿਹਤ ਲਈ ਲੰਮੀ ਸੈਰ ਕਰਦੇ ਹਨ। ਉਹ ਜਿਮ ਜਾ ਕੇ ਪੈਸੇ ਦੇ ਕੇ ਕਸਰਤ ਵੀ ਕਰਦੇ ਹਨ। ਜੇ ਉਨ੍ਹਾਂ ਨੂੰ ਘਰ ਦਾ ਕੋਈ ਕੰਮ ਕਰਨਾ ਪੈ ਜਾਏ ਤਾਂ ਭਾਰਾ ਲੱਗਦਾ ਹੈ। ਘਰ ਦਾ ਰਾਸ਼ਨ ਪਾਣੀ ਖਰੀਦਣ ਲਈ ਉਹ ਸਕੂਟਰ ਜਾਂ ਕਾਰ ਤੋਂ ਬਿਨਾ ਬਾਹਰ ਪੈਰ ਨਹੀਂ ਕੱਢਦੇ। ਇਸੇ ਤਰ੍ਹਾਂ ਸਾਡੇ ਨੋਜੁਆਨ ਖੇਡਾਂ ਲਈ ਜਾਨ ਹੂਲ ਕੇ ਸਾਰੀ ਸ਼ਕਤੀ ਲਾ ਦੇਣਗੇ ਕਿਉਂਕਿ ਇਸ ਨਾਲ ਸਰੀਰ ਦੀ ਵਰਜਿਸ਼ ਹੁੰਦੀ ਹੈ ਪਰ ਜੇ ਉਨ੍ਹਾਂ ਨੂੰ ਕਿਸੇ ਖ਼ਰਾਬ ਬੱਸ ਨੂੰ ਦੋ ਮਿੰਟ ਲਈ ਧੱਕਾ ਲਾਣ ਲਈ ਕਿਹਾ ਜਾਏ ਤਾਂ ਉਨ੍ਹਾਂ ਦੀ ਸ਼ਾਨ ਵਿਚ ਫ਼ਰਕ ਪੈਂਦਾ ਹੈ। ਉਹ ਝੱਟ ਕਹਿਣਗੇ ਕਿਸੇ ਮਜ਼ਦੂਰ ਨੂੰ ਬੁਲਾ ਲਉ। ਇਹ ਹੈ ਨਜ਼ਰੀਏ ਦਾ ਫ਼ਰਕ। ਹੁਣ ਉਨ੍ਹਾਂ ਦੀ ਵਰਜਿਸ਼ ਨਹੀਂ ਹੁੰਦੀ?
ਕਿਸੇ ਕਿਸਾਨ ਕੋਲ ਵਾਹੀ ਲਈ ਜਿੰਨੀ ਵੀ ਜ਼ਮੀਨ ਹੋਵੇ ਉਸ ਨੂੰ ਉਹ ਥੋੜ੍ਹੀ ਹੀ ਲੱਗਦੀ ਹੈ। ਜ਼ਮੀਨ ਵਿਚੋਂ ਹੀ ਉਸ ਦੀ ਫ਼ਸਲ ਪੈਦਾ ਹੁੰਦੀ ਹੈ ਅਤੇ ਉਸ ਦੀ ਖ਼ੁਸ਼ਹਾਲੀ ਵਧਦੀ ਹੈ। ਉਸ ਵਿਚ ਹੋਰ ਜ਼ਮੀਨ ਹਾਸਿਲ ਕਰਨ ਦੀ ਲਾਲਸਾ ਪੈਦਾ ਹੁੰਦੀ ਹੈ। ਉਹ ਧਰਤੀ ਨੂੰ ਆਪਣੀ ਮਾਂ ਦੇ ਬਰਾਬਰ ਗਿਣਦਾ ਹੈ। ਧਰਤੀ ਹੀ ਉਸ ਦੀ ਪਾਲਣਹਾਰ ਹੈ ਪਰ ਜੇ ਕਿਸੇ ਕਿਸਾਨ ਨੂੰ ਕਿਸੇ ਬਿਲਕੁਲ ਉਜਾੜ ਟਾਪੂ ਤੇ ਕਾਫ਼ੀ ਸਾਰੀ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਏ ਅਤੇ ਕਿਹਾ ਜਾਏ ਲੈ ਭਈ ਹੁਣ ਤੂੰ ਜਿੰਨੀ ਮਰਜ਼ੀ ਜ਼ਮੀਨ ਵਾਹੀ ਜਾ ਅਤੇ ਖ਼ੁਸ਼ੀਆਂ ਮਾਣੀ ਜਾ। ਉੱਥੇ ਉਸ ਕਿਸਾਨ ਦਾ ਜ਼ਮੀਨ ਪ੍ਰਤੀ ਨਜ਼ਰੀਆ ਹੀ ਬਦਲ ਜਾਵੇਗਾ। ਉਸ ਦੀ ਫ਼ਸਲ ਨੂੰ ਖਰੀਦਣ ਵਾਲਾ ਹੀ ਕੋਈ ਨਹੀਂ ਹੋਵੇਗਾ। ਖੇਤੀ ਉਸ ਨੂੰ ਫ਼ਾਲਤੂ ਜਿਹਾ ਕੰਮ ਲੱਗੇਗਾ। ਜ਼ਮੀਨ ਉਸ ਲਈ ਬੇਲੋੜੀ ਚੀਜ਼ ਬਣ ਕੇ ਰਹਿ ਜਾਵੇਗੀ।
ਸਾਡੀ ਮਮਤਾ ਅਤੇ ਅਪਣੱਤ ਕਾਰਨ ਵੀ ਸਾਡਾ ਨਜ਼ਰੀਆ ਬਦਲਦਾ ਹੈ। ਹਰ ਮਾਂ ਪਿਓ ਨੂੰ ਆਪਣਾ ਬੱਚਾ ਦੁਨੀਆਂ ਦਾ ਸਭ ਤੋਂ ਸੋਹਣਾ ਬੱਚਾ ਹੀ ਨਜ਼ਰ ਆਉਂਦਾ ਹੈ। ਉਸ ਲਈ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ। ਇਸ ਲਈ ਉਹ ਆਪਣੇ ਬੱਚੇ ਲਈ ਆਪਣਾ ਸਭ ਕੁਝ ਹੀ ਵਾਰਨ ਲਈ ਤੱਤਪਰ ਰਹਿੰਦੇ ਹਨ। ਦੂਸਰੇ ਬੱਚਿਆਂ ਲਈ ਇਹ ਨਜ਼ਰੀਆ ਬਦਲ ਜਾਂਦਾ ਹੈ। ਮਤਰੇਈਆਂ ਮਾਵਾਂ ਦੇ ਪਰਾਏ ਬੱਚਿਆਂ ਲਈ ਦਵੈਸ਼ ਭਰੇ ਸਲੂਕ ਤਾਂ ਸਭ ਤੋਂ ਬਦਨਾਮ ਹਨ।ਇਕੋ ਚੀਜ਼ ਲਈ ਵੱਖ ਵੱਖ ਲੋਕਾਂ ਦਾ ਨਜ਼ਰੀਆ ਵੱਖ ਵੱਖ ਹੋ ਸਕਦਾ ਹੈ। ਕਿਸੇ ਵਸਤੂ ਜਾਂ ਘਟਨਾ ਲਈ ਸਾਡਾ ਨਜ਼ਰੀਆਂ ਉਸ ਨਾਲ ਸਾਡਾ ਰਿਸ਼ਤਾ ਜਾਂ ਲਗਾਵ ਕਾਰਨ ਵੀ ਬਦਲ ਜਾਂਦਾ ਹੈ। ਇਕ ਜਨਾਨੀ ਲੋਕਲ ਅੱਡੇ ਤੇ ਬੱਸ ਲੈ ਕੇ ਕਿਧਰੇ ਜਾਣ ਲਈ ਤਿਆਰ ਖੜੀ ਸੀ ਕਿ ਦੂਸਰੀ ਜਨਾਨੀ ਨੇ ਉਸ ਨੂੰ ਆ ਕਿ ਖ਼ਬਰ ਦਿੱਤੀ ਕਿ ਹੁਣੇ ਹੁਣੇ ਤੇਰਾ ਮੁੰਡਾ ਬੱਸ ਹੇਠ ਆ ਕੇ ਮਰ ਗਿਆ ਹੈ, ਤਾਂ ਉਹ ਜਨਾਨੀ ਉੱਚੀ ਉੱਚੀ ਰੋਣ ਲੱਗੀ। ਇਨੇ ਵਿਚ ਉਸ ਉਸ ਦੀ ਗੁਆਂਢਣ ਆ ਗਈ । ਜਦ ਉਸ ਨੂੰ ਸਾਰੀ ਗਲ ਦਾ ਪਤਾ ਲੱਗਾ ਤਾਂ ਉਸ ਨੇ ਕਿਹਾ, ਭੈਣੇ ਐਂਵੇ ਨਾ ਦੁਖੀ ਹੋ। ਉਹ ਤਾਂ ਦੂਸਰੇ ਮੁਹੱਲੇ ਦਾ ਬੱਚਾ ਸੀ। ਤੇਰਾ ਮੁੰਡਾ ਤਾਂ ਠੀਕ ਠਾਕ ਹੈ ਤੇ ਮੇਰੇ ਮੁੰਡੇ ਨਾਲ ਖੇਡ ਰਿਹਾ ਹੈ। ਪਹਿਲੇ ਵਾਲੀ ਜਨਾਨੀ ਉਸੇ ਸਮੇਂ ਨੋਰਮਲ ਹੋ ਗਈ ਤੇ ਬੱਸ ਫੜ ਕੇ ਸ਼ੋਪਿੰਗ ਕਰਨ ਚਲੇ ਗਈ। ਇਸ ਤਰ੍ਹਾਂ ਉਸ ਦੁਰਘਟਨਾ ਪ੍ਰਤੀ ਉਸ ਦਾ ਨਜ਼ਰੀਆ ਇਕ ਦਮ ਬਦਲ ਗਿਆ।
ਦੁਸ਼ਮਣ ਦੇ ਘਰ ਅੱਗ ਲੱਗੀ ਹੋਵੇ ਤਾਂ ਆਤਿਸ਼ਬਜੀ ਜਾਂ ਬਸੰਤਰ ਦੇਵਤਾ ਕਹਿ ਕੇ ਖ਼ੁਸ਼ੀ ਮਨਾਈ ਜਾਂਦੀ ਹੈ ਪਰ ਜੇ ਇਹ ਹੀ ਅੱਗ ਆਪਣੇ ਘਰ ਨੂੰ ਕਲਾਵੇ ਵਿਚ ਲੈ ਲਏ ਤਾਂ ਗਸ਼ੀਆਂ ਪੈਣ ਲੱਗ ਜਾਂਦੀਆਂ ਹਨ। ਭਾਰਤ ਵਿਚ 1984 ਵਿਚ ਸਿੱਖਾਂ ਨੂੰ ਗਲੇ ਵਿਚ ਟਾਇਰ ਪਾ ਕੇ ਅੱਗ ਲਾ ਕੇ ਸਾੜਿਆ ਗਿਆ ਤੇ ਉਪਰੋਂ ਕਿਹਾ ਗਿਆ ਕਿ ਕਿੱਡਾ ਸੋਹਣਾ ਡਿਸਕੋ ਕਰ ਰਹੇ ਹਨ। ਇਹ ਹੀ ਹੈ ਸਾਡੀ ਇਨਸਾਨੀਅਤ ਦੇ ਨਜ਼ਰੀਏ ਦਾ ਫਰਕ?
ਸਾਡੀਆਂ ਪ੍ਰੇਮ ਕਥਾਵਾਂ ਵਿਚ ਇਕ ਪ੍ਰੇਮ ਕਥਾ ਲੈਲਾ ਮਜਨੂੰ ਦੀ ਆਉਂਦੀ ਹੈ। ਕਹਿੰਦੇ ਹਨ ਕਿ ਲੈਲਾ ਬਹੁਤ ਕਾਲੀ ਸੀ ਪਰ ਮਜਨੂੰ ਉਸ ਨੂੰ ਬਹੁਤ ਪਿਆਰ ਕਰਦਾ ਸੀ। ਕਿਸੇ ਨੇ ਮਜਨੂੰ ਨੂੰ ਤਾਅਨਾ ਮਾਰਿਆ ਕਿ ਲੈਲਾ ਤਾਂ ਬਹੁਤ ਕਾਲੀ ਹੈ। ਤੂੰ ਉਸ ਦੇ ਚੱਕਰ ਵਿਚ ਐਵੇਂ ਪਿਆ ਹੋਇਆ ਹੈਂ। ਮਜਨੂੰ ਨੇ ਹੱਸ ਕੇ ਉੱਤਰ ਦਿੱਤਾ-'ਤੂੰ ਲੈਲਾ ਨੂੰ ਮਜਨੂੰ ਦੀਆਂ ਅੱਖਾਂ ਨਾਲ ਦੇਖ, ਫਿਰ ਤੈਨੂੰ ਪਤਾ ਲੱਗ ਜਾਏਗਾ ਕਿ ਲੈਲਾ ਕੀ ਹੈ'। ਇਹ ਹੈ ਪਿਆਰ ਕਰਨ ਵਾਲੇ ਦਾ ਵੱਖਰਾ ਨਜ਼ਰੀਆ।
ਅਮੀਰ ਦੇ ਬਨੇਰੇ ਤੇ ਬੈਠਾ ਕਾਂ ਵੀ ਸਭ ਨੂੰ ਮੋਰ ਹੀ ਦਿਸਦਾ ਹੈ। ਗ਼ਰੀਬ ਦਾ ਬੱਚਾ ਸਭ ਨੂੰ ਚੋਰ ਹੀ ਦਿਸਦਾ ਹੈ। ਅਮੀਰ ਔਰਤ ਨੇ ਨਕਲੀ ਗਹਿਣੇ ਵੀ ਪਾਏ ਹੋਣ ਤਾਂ ਸਭ ਨੂੰ ਅਸਲ਼ੀ ਅਤੇ ਬਹੁਤ ਕੀਮਤੀ ਲੱਗਦੇ ਹਨ ਪਰ ਦੂਜੇ ਪਾਸੇ ਜੇ ਕੋਈ ਗ਼ਰੀਬ ਔਰਤ ਕਿਸੇ ਤਰ੍ਹਾਂ ਅਸਲੀ ਗਹਿਣੇ ਵੀ ਪਾ ਕੇ ਆ ਜਾਏ ਤਾਂ ਸਭ ਨੂੰ ਨਕਲੀ ਹੀ ਲੱਗਦੇ ਹਨ।
ਕਈ ਵਾਰੀ ਵੱਡੇ ਹੋਣ ਤੇ ਬੱਚਿਆਂ ਦਾ ਰਵਈਆ ਵੀ ਆਪਣੇ ਬਜ਼ੁਰਗ ਮਾਂ ਪਿਓ ਲਈ ਬਦਲ ਜਾਂਦਾ ਹੈ। ਜਿੰਨਾਂ ਬੱਚਿਆਂ ਨੂੰ ਮਾਂ ਪਿਓ ਨੂੰ ਬੜੇ ਲਾਡ ਲਡਾ ਕੇ ਪਾਲਿਆ ਹੁੰਦਾ ਹੈ ਉਹ ਹੀ ਵੱਡੇ ਹੋ ਕੇ ਮਾਂ ਪਿਓ ਨੂੰ ਭਾਰੂ ਸਮਝਣ ਲੱਗ ਪੈਂਦੇ ਹਨ। ਇਕ ਨਸ਼ੇੜੀ ਪੁੱਤਰ ਨੂੰ ਆਪਣੇ ਬੁੱਢੇ ਪਿਓ ਨੂੰ ਰੋਟੀ ਦੇਣੀ ਭਾਰੂ ਲੱਗਦੀ ਸੀ। ਉਹ ਸੋਚਦਾ ਹੈ ਕਿ ਇਹ ਕੋਈ ਕੰਮ ਨਹੀਂ ਕਰਦਾ ਅਤੇ ਵਿਹਲਾ ਬੈਠ ਕੇ ਰੋਟੀਆਂ ਤੋੜਦਾ ਰਹਿੰਦਾ ਹੈ। ਉਸ ਨੇ ਆਪਣੇ ਪਿਓ ਨੂੰ ਪੰਚਾਇਤ ਵਿਚ ਬੁਲਾ ਲਿਆ ਅਤੇ ਕਿਹਾ-''ਬਾਪੂ ਤੂੰ ਸਾਰੀ ਉਮਰ ਕਰਦਾ ਹੀ ਕੀ ਰਿਹਾ ਹੈਂ? ਪਿਓ ਨੇ ਉੱਤਰ ਦਿੱਤਾ ਕਿ ਮੈਂ ਉਹ ਜ਼ਮੀਨਾਂ ਬਣਾਉਂਦਾ ਰਿਹਾ ਹਾਂ ਜਿੰਨਾ ਨੂੰ ਵੇਚ ਵੇਚ ਕੇ ਤੂੰ ਹੁਣ ਖਾ ਰਿਹਾ ਹੈਂ।'' ਜਿਸ ਪਿਓ ਨੇ ਪਰਿਵਾਰ ਲਈ ਜਾਇਦਾਦਾਂ ਬਣਾਈਆਂ ਉਹ ਹੀ ਹੁਣ ਪੁੱਤਰ ਦਾ ਮੁਥਾਜ ਬਣ ਕੇ ਰਹਿ ਗਿਆ।
ਕਈ ਧਾਰਮਿਕ ਲੋਕਾਂ ਦੇ ਪੈਰਾਂ ਹੇਠ ਕੀੜੀ ਵੀ ਆ ਕੇ ਮਰ ਜਾਏ ਤਾਂ ਉਨ੍ਹਾਂ ਨੂੰ ਸਾਰਾ ਦਿਨ ਦੁੱਖ ਲੱਗਦਾ ਰਹਿੰਦਾ ਹੈ ਕਿ ਮੇਰੇ ਕੋਲੋਂ ਇਕ ਬੇਦੋਸ਼ੇ ਜੀਵ ਦੀ ਹੱਤਿਆ ਹੋ ਗਈ। ਇਸੇ ਦੁੱਖ ਕਾਰਨ ਉਨ੍ਹਾਂ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਪਰ ਜਦ ਇਹ ਹੀ ਲੋਕ ਕੱਟੜ ਧਰਮੀ ਬਣ ਜਾਣ ਤਾਂ ਬੰਦਿਆਂ ਦਾ ਖ਼ੂਨ ਪੀਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹ ਮਾਸੂਮ ਬੱਚਿਆਂ ਨੂੰ ਵੀ ਕੋਹ ਕੋਹ ਕੇ ਮਾਰਦੇ ਹਨ। 1947 ਅਤੇ 1984 ਦੇ ਕਤਲੇਆਮ ਦੇ ਜ਼ਖ਼ਮ ਮਨੁੱਖਤਾ ਤੇ ਹਾਲੇ ਵੀ ਤਾਜ਼ੇ ਹਨ।
ਅੱਜ ਅਸੀਂ 2020 ਦੇ ਸਾਲ ਵਿਚ ਕਦਮ ਰੱਖ ਲਿਆ ਹੈ। ਇਸ ਸਮੇਂ ਸਾਰੀ ਦੁਨੀਆਂ ਨਵੀਂਆਂ ਬੁਲੰਦੀਆਂ ਨੂੰ ਸਰ ਕਰ ਰਹੀ ਹੈ ਅਤੇ ਵਿਗਿਆਨ ਦੀਆਂ ਨਵੀਂਆਂ ਖੌਜਾਂ ਕਰ ਕੇ ਮਨੁੱਖਤਾ ਦੇ ਭਲੇ ਲਈ ਨਵੇਂ ਦਿਸਹੱਦਿਆਂ ਨੂੰ ਛੂਹ ਰਹੀ ਹੈ। ਠੀਕ ਇਸ ਸਮੇਂ ਸਾਡਾ ਦੇਸ਼ ਇਕ ਬੜੇ ਭਿਆਨਕ ਦੌਰ ਵਿਚੋਂ ਲੰਘ ਰਿਹਾ ਹੈ। ਹਾਕਮ ਧਿਰ ਤੇ ਹਕੂਮਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਅੰਦਰ ਮਨੁੱਖਤਾ ਪ੍ਰਤੀ ਹਮਦਰਦੀ ਵਾਲਾ ਨਜ਼ਰੀਆ ਰਿਹਾ ਹੀ ਨਹੀਂ। ਜਿਵੇਂ ਔਰੰਗਜ਼ੇਬ ਸਾਰੇ ਭਾਰਤ ਵਾਸੀਆਂ 'ਤੇ ਜ਼ੁਲਮ ਕਰ ਕੇ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਵੇਂ ਹੀ ਅੱਜ ਦੇ ਹਾਕਮ ਸਭ ਧਰਮਾਂ ਅਤੇ ਫ਼ਿਰਕਿਆਂ ਨੂੰ ਖ਼ਤਮ ਕਰ ਕੇ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਲੋਕਾਂ ਨੂੰ ਡਰਾਉਣ ਅਤੇ ਦਬਾਉਣ ਲਈ ਨਿੱਤ ਨਵੇਂ ਨਵੇਂ ਅਤੇ ਨਾਵਾਜਿਬ ਕਾਨੂੰਨ ਬਣਾਏ ਜਾ ਰਹੇ ਹਨ। ਇਹ ਇਕ ਬੜੀ ਖ਼ਤਰਨਾਕ ਖੇਡ ਹੈ। ਇਨਾਂ ਕਾਨੂੰਨਾਂ ਅਨੁਸਾਰ ਹਾਕਮ ਜਮਾਤ ਦੇ ਬੰਦੇ ਜੇ ਮੁਲਕ ਵਿਚ ਤਬਾਹੀ ਮਚਾਉਣ ਤਾਂ ਰਾਸ਼ਟਰ ਸੇਵਾ। ਜੇ ਉਹ ਅਲੱਗ ਅਲੱਗ ਧਰਮਾਂ ਨੂੰ ਖ਼ਤਮ ਕਰ ਕੇ ਹਿੰਦੂ ਰਾਸ਼ਟਰ ਦਾ ਨਾਹਰਾ ਲਗਾਉਣ ਤਾਂ ਦੇਸ਼ ਭਗਤੀ ਪਰ ਜੇ ਦੂਜੇ ਪਾਸੇ ਕੋਈ ਵਿਅਕਤੀ ਵੱਖਰੇ ਖਿੱਤੇ ਦਾ ਨਾਮ ਵੀ ਲਏ ਤਾਂ ਉਸ ਤੇ ਅੱਤਵਾਦੀ, ਵੱਖਵਾਦੀ ਜਾਂ ਦੇਸ਼ ਦੇ ਗ਼ੱਦਾਰ ਦੇ ਨਾਮ ਦਾ ਠੱਪਾ ਲਾਇਆ ਜਾਂਦਾ ਹੈ। ਹੁਣ ਤਾਂ ਹਾਕਮ ਜਮਾਤ ਵਲੋਂ ਦਲਿਤਾਂ, ਬੋਧੀਆਂ, ਜੈਨੀਆਂ, ਮੁਸਲਮਾਨਾਂ, ਕ੍ਰਿਸਚੀਅਨਾਂ ਅਤੇ ਸਿੱਖਾਂ ਨੂੰ ਵੀ ਆਪਣੀ ਅਲੱਗ ਅਲੱਗ ਹਸਤੀ ਮਿਟਾ ਕੇ ਹਿੰਦੂ ਧਰਮ ਵਿਚ ਜਜ਼ਬ ਹੋ ਜਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਨੀਤੀ ਨੂੰ ਸੁਹਿਰਦ ਹਿੰਦੂ ਵੀ ਗ਼ਲਤ ਮੰਨਦੇ ਹਨ ਪਰ ਉਨ੍ਹਾਂ ਦੀ ਅਵਾਜ਼ ਵੀ ਦਬਾ ਦਿੱਤੀ ਜਾਂਦੀ ਹੈ।ਇਹ ਹੈ ਹਕੂਮਤ ਦਾ ਨਜ਼ਰੀਆ। ਇਹ ਹਾਕਮ ਨਹੀਂ ਸਮਝਦੇ ਕਿ ਇਨ੍ਹਾਂ ਅਲੱਗ ਅਲੱਗ ਧਰਮਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਹਰ ਇਨਸਾਨ ਦੀ ਅਲੱਗ ਅਲੱਗ ਮਾਨਤਾ, ਸੰਸਕਾਰ ਅਤੇ ਵਿਰਸਾ ਹਨ। ਜਦ ਦੇਸ਼ 'ਤੇ ਕੋਈ ਭੀੜ ਪਏ ਤਾਂ ਇਹ ਸਾਰੇ ਲੋਕ ਆਪਣੇ ਆਪਣੇ ਧਰਮਾਂ ਅਤੇ ਮਾਨਤਾਵਾਂ ਤੋਂ ਉੱਪਰ ੳੱਠ ਕੇ ਦੇਸ਼ ਦੀ ਰੱਖਿਆ ਲਈ ਇਕ ਹੋ ਜਾਂਦੇ ਹਨ। ਕੀ ਇਨਾਂ ਸਾਰਿਆਂ ਨੇ ਮਿਲ ਕੇ ਅਜ਼ਾਦੀ ਦੀ ਲੜਾਈ ਨਹੀਂ ਲੜ੍ਹੀ? ਜਦ ਸਾਰੇ ਹਿੰਦੁਸਤਾਨੀ ਇਕੱਠੇ ਹੋ ਗਏ, ਤਾਂ ਹੀ ਦੇਸ਼ ਦੀ ਗ਼ੁਲਾਮੀ ਦੀਆਂ ਜੰਜੀਰਾਂ ਕੱਟੀਆਂ ਗਈਆਂ। ਹੁਣ ਹਕੂਮਤ ਨੂੰ ਖ਼ਤਰਾ ਹੈ ਕਿ ਜੇ ਇਹ ਸਾਰੇ ਲੋਕ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਮ 'ਤੇ ਇਕੱਠੇ ਹੋ ਗਏ ਤਾਂ ਕਿਧਰੇ ਸਾਨੂੰ ਹੀ ਕੁਰਸੀ ਤੋਂ ਲਾਹ ਕੇ ਥੱਲੇ ਨਾ ਸੁੱਟ ਦੇਣ। ਫਿਰ ਅਸੀਂ ਹਕੂਮਤ ਕਿਸ ਤੇ ਕਰਾਂਗੇ। ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਵੱਖਰੇਵਿਆਂ ਕਾਰਨ ਹੀ ਭਾਰਤ ਇਕ ਖਿੜ੍ਹੇ ਹੋਏ ਗੁਲਜ਼ਾਰ ਦੀ ਤਰ੍ਹਾਂ ਹੀ ਸਾਰੀ ਦੁਨੀਆਂ 'ਤੇ ਮਹਿਕਾਂ ਖਲੇਰ ਰਿਹਾ ਹੈ। ਇਸ ਦੀ ਸੁੰਦਰਤਾ ਸਾਰੀ ਦੁਨੀਆਂ ਨੂੰ ਲੁਭਾ ਰਹੀ ਹੈ। ਜੇ ਇਨ੍ਹਾਂ ਧਰਮਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਸ਼ ਦੀ ਅਲੱਗ ਅਤੇ ਨਿਆਰੀ ਹੱਸਤੀ ਵੀ ਕਾਇਮ ਨਹੀਂ ਰਹੇਗੀ। ਬਿਖਰੇ ਹੋਏ ਪਰਿਵਾਰ ਨੂੰ ਕੁਚਲਣ ਅਤੇ ਹੜੱਪਣ ਲਈ ਦੁਸ਼ਮਣ ਹਮੇਸ਼ਾਂ ਹੀ ਤਿਆਰ ਰਹਿੰਦੇ ਹਨ।
ਦੋਸਤੋ ਹਰ ਕੰਮ ਦੇ ਦੋ ਪਹਿਲੂ ਹੁੰਦੇ ਹਨ ਇਕ ਚੰਗਾ ਅਤੇ ਦੂਜਾ ਮਾੜਾ। ਸਾਨੂੰ ਆਪਣੀ ਤੀਸਰੀ ਅੱਖ ਨਾਲ ਨਿਰਪੱਖ ਹੋ ਕੇ ਦੋਵੇਂ ਪਹਿਲੂਆਂ ਤੋਂ ਦੇਖਣਾ ਚਾਹੀਦਾ ਹੈ ਅਤੇ ਚੰਗਾ ਮਾੜਾ ਵਿਚਾਰ ਕੇ ਹੀ ਆਪਣੇ ਠੀਕ ਨਜ਼ਰੀਏ ਨੂੰ ਕਾਇਮ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਸੋਚ ਨੂੰ ਸਕਾਰਤਮਕ ਰੱਖਣ ਦੀ ਜ਼ਰੂਰਤ ਹੈ। ਸਾਡੀ ਸੋਚ ਹੀ ਸਾਡੇ ਚੰਗੇ ਮਾੜੇ ਨਜ਼ਰੀਏ ਨੂੰ ਕਾਇਮ ਕਰਦੀ ਹੈ। ਜੇ ਅਸੀਂ ਇਨਸਾਨੀਅਤ ਦੇ ਧਰਾਤਲ ਤੇ ਵਿਚਰ ਕੇ ਆਪਣੇ ਨਜ਼ਰੀਏ ਨੂੰ ਠੀਕ ਰੱਖੀਏ ਤਾਂ ਦੁਨੀਆਂ ਵਿਚੋਂ ਦੰਗੇ ਫਸਾਦ ਅਤੇ ਹਾਦਸੇ ਹਟ ਸਕਦੇ ਹਨ। ਮਨੁੱਖਤਾ ਤੇ ਸ਼ਾਂਤੀ ਕਾਇਮ ਹੋ ਸਕਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in