ਮੈਂ ਸ਼ਰਾਬੀ ਨਹੀਂ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਮੈਂ ਸ਼ਰਾਬੀ ਨਹੀਂ, ਮੈਂ ਸ਼ਰਾਬੀ ਨਹੀਂ
ਹਾਕਮ ਜੋ ਪਿਲਾਏ ਤੋ ਕੋਈ ਖਰਾਬੀ ਨਹੀਂ॥
ਪੁੱਤਰ-ਪਿਤਾ ਜੀ ਮੈਂ ਰੁਜ਼ਗਾਰ ਦਫ਼ਤਰ ਆਪਣਾ ਨਾਮ ਦਰਜ ਕਰਾਉਣ ਜਾਣਾ ਹੈ ਦੋ ਸੌ ਰੁਪਏ ਦੇ ਦਿਓ (ਸਮੀਰ ਨੇ ਸਰਟੀਫੀਕੇਟਸ ਡਿਗਰੀਆਂ ਬੈਗ ਵਿੱਚ ਸੰਭਾਲਦੇ ਹੋਏ ਕਿਹਾ)
ਪਿਤਾਜੀ-( ਪੁੱਤ ਨੂੰ ਵੀਹ ਰੁਪਏ ਫੜਾਉਂਦੇ ਹੋਏ) ਪੁੱਤ ਨਵਾਂ ਜਮਾਨਾ ਏ ਹੁਣ ,ਰੋਜਗਾਰ ਦਫ਼ਤਰ ਨੌਕਰੀਆਂ ਨਹੀਂ ਦੇਂਦਾ ਨਾਂ ਹੀ ਤੇਰੇ ਆਹ ਕਾਗਜ਼ਾਂ ਜਿਹਾਂ ਨੇ ਕੁਝ ਸਵਾਰਨਾ ਹੈ।ਰੱਖ ਦੇ ਪਰਾਂ ਤੇ ਆਹ ਫੜ ਵੀਹ ਰੁਪਏ ਤੇ ਜਾ ਭੱਜ ਕੇ ਜਹਿਰੀਲੀ ਸ਼ਰਾਬ ਲੈ ਆ ਮੇਰੇ ਲਈ ,ਕਲ ਸ਼ਾਮ ਤੱਕ ਤੇਰੀ ਮਾਂ ਲੱਖਪਤੀ ਹੋ ਜਾਵੇਗੀ,ਫੇਰ ਕੀ ਕਰਨੀ ਤੂੰ ਪੰਜ ਚਾਰ ਹਜਾਰ ਦੀ ਨੌਕਰੀ-ਛੋਕਰੀ ਮਿਲ ਜੂ ਤੈਨੂੰ ਇਸ ਦੌਰਾਨ ਤੁਹਾਡੇ ਪੰਜ ਸੱਤ ਸਾਲ ਲੰਘ ਜਾਣਗੇ ਤੇ ਫੇਰ ਤੂੰ ਆਪਣੇ ਪੁੱਤ ਨੂੰ ਘਲਾ ਦੇਂਈ ਜਹਿਰੀਲੀ ਸ਼ਰਾਬ ਲੈਣ ਤੇਰੇ ਪੁੱਤ ਦੇ ਦੱਸ ਸਾਲ ਸੌਖੇ ਲੰਘ ਜਾਣਗੇ,ਜਨਰੇਟਰ ਲਵਾ ਲਿਓ ਏ.ਸੀ ਵੀ ਲਵਾ ਲਿਓ। ਵੇਖ ਤਾਂ ਸਹੀ ਕਾਲਾ ਜਾਦੂ ਹੈ ਜਹਿਰੀਲੀ ਸ਼ਰਾਬ ਚ ਕਈਆਂ ਦੇ ਵਾਰੇ ਨਿਆਰੇ ਹੋ ਗਏ ਪਿਛਲੇ ਪੰਦਰਾਂ ਸਾਲ ਚ
ਕੀ ਲੱਭਿਆ ਉਹਨਾਂ ਨੂੰ ਜੋ ਟੈਂਕੀਆਂ ਤੇ ਚੜ੍ਹ ਗਏ,ਡੁੱਬ ਕੇ ਮਰ ਗਏ ਜਿੰਦਾ ਸੜ ਗਏ।ਪੁੱਤ ਵੇਲਾ ਸੰਭਾਲਣ ਦਾ ਵੇਲਾ ਹੈ,ਜੋ ਵੇਲੇ ਨਾਲ ਚਲਦੇ ਨੇ ਉਹ ਕੁਵੇਲੇ ਨਹੀਂ ਹੁੰਦੇ।ਅੱਜ ਕਲ ਇਥੇ ਹਰ ਕੰਮ ਸ਼ਰਾਬ ਪੀਣ/ ਪਿਆਉਣ ਨਾਲ ਬਣਦਾ ਹੈ।
ਦੂਜਾ ਪਾਸਾ
ਅੱਧੀ ਸਦੀ ਤੋ ਵੀ ਕੁਝ ਵੱਧ ਪੁਰਾਣਾ ਇਹ ਗੀਤ ਸਪੀਕਰ ਤੇ ਵੱਜਿਆ ਕਰਦਾ ਸੀ
ੱਦੱਸ ਨੀਂ ਸ਼ਰਾਬ ਦੀਏ ਬੋਤਲੇ ਕਮੀਨੀਏਂ-
ਮੈਂ ਤੈਨੂੰ ਪੀਨਾ ਆਂ ਕਿ ਤੂੰ ਮੈਨੂੰ ਪੀਨੀ ੲੈਂ?
ਸ਼ਰਾਬ ਪੀਣ ਵਾਲੇ ਨੂੰ ਕਈ ਤਾਹਨੇ ਮਿਹਣੇ ਸੁਣਨੇ ਪੈਂਦੇ,ਕੋਈ ਉਹਦੀ ਇਜ਼ਤ ਨਾਂ ਕਰਦਾ , ਵਕਤ ਨੇ ਪਲਟੀ ਖਾਧੀ ਤੇ ਸ਼ਰਾਬ ਦਾ ਰਿਆਸਤੀ ਤੇ ਸਿਆਸਤੀ ਸਟੇਟਸ ਬਣ ਗਿਆ।ਸ਼ਰਾਬੀ ਨੂੰ ਰੱਜੇ ਪੁੱਜੇ ਖਾਂਦੇ ਪੀਂਦੇ ਘਰ ਵਾਲਾ ਸਮਝਿਆ ਜਾਣ ਲਗਾ,।ਸਰਕਾਰ ਤੇ ਮਾਈਬਾਪ ਹੁੰਦੀ ਹੈ ਨਾਂ -ਜੋ ਚਾਹੇ ਸੋ ਕਰੇ,ਚਾਹੇ ਤਾਂ ਸ਼ਰਾਬੀ ਨੂੰ ਸਿਰ ਤੇ ਚੁੱਕ ਲਵੇ ਤੇ ਚਾਹੇ ਸੂਫੀ ਨੂੰ ਪੈਰਾਂ ਚ ਰੋਲ ਦੇਵੇ,ਤਦੇ ਤੇ ਗੀਤ ਦੇ ਬੋਲ ਬਦਲ ਗਏ---
'' ਸ਼ਾਵਾ ਨੀ ਸ਼ਰਾਬ ਦੀਏ ਬੋਤਲੇ ਪਿਆਰੀਏ
ਪਿਓ ਪੁੱਤ ਵੀਰ ਪਤੀ ਤੈਥੋਂ ਵਾਰੀਏ ॥ ''
ਜੇ ਤੂੰ ਵੋਧਕਾ ਏਂ ਤੇ ਉਚਿਓਂ ਨੀਚ ਕਰੇਂ,ਤੇ ਜੇ ਜਹਿਰੀਲੀ ਹੈਂ ਤਾਂ ਨੀਚਿਉਂ ਊਚ ਕਰੇਂ।ਰੁਕੇ ਕੰਮ ਤੇਰੇ ਇਛਾਰੇ ਤੇ ਹੋ ਜਾਣ. ਠੰਢੇ ਚੁੱਲ੍ਹੇ ਲਟਾ ਲਟ ਮੱਘ ਜਾਣ।ਬੜੀ ਭਾਗ ਭਰੀ ਏਂ ਤੂੰ ਸਰਕਾਰੀ ਖਜਾਨੇ ਸਦਾ ਤੇਰੇ ਕਰਮਾਂ ਨੂੰ ਭਰੇ ਰਹਿੰਦੇ।ਹੜ੍ਹ ਸੋਕਾ ਤੂਫਾਨ ਸੁਨਾਮੀ ਭੁਚਾਲ ਜਲਜਲਾ ਲਾਕਡਾਉਨ ਕਰਫਿਊ ਤੇਰਾ ਦਰ ਸਦਾ ਖੁਲ੍ਹਾ ਰਹੇ।ਤੇਰੇ ਦਰ ਤੇ ਆਏ ਰੱਜ ਕੇ ਜਾਏ ਜਾਂ ਮਰ ਕੇ ਜਾਏ,ਆਨੰਦ ਹੀ ਆਨੰਦ॥
ਵਿਨਤੀ ਕਰਾਂ ਮੰਨ ਲਿਓ
ਪੰਡਤ ਜੀ ਮੇਰੇ ਮਰਨੇ ਕੇ ਬਾਦ ਬੱਸ ਇਤਨਾ ਕਸ਼ਟ ਉਠਾ ਲੇਨਾ
ਮੇਰੇ ਮੂੰਹ ਮੇਂ ਗੰਗਾ ਜਲ ਕੀ ਜਗਹ ਥੋੜੀ ਸੀ ਮਧੁਰਾ ਤੋ ਪਿਲਾ ਦੇਨਾ॥
ਰਣਜੀਤ ਕੌਰ ਗੁੱਡੀ ਤਰਨ ਤਾਰਨ