ਰਾਜ ਦੇ ਦੋ ਸਾਲ ਪੂਰੇ ਹੋਣ ਮੌਕੇ ਕਿਹੜੀ ਗੱਲ ਦੀ ਵਧਾਈ ਦਿੱਤੀ ਜਾ ਸਕਦੀ ਹੈ ਨਰਿੰਦਰ ਮੋਦੀ ਨੂੰ! - ਜਤਿੰਦਰ ਪਨੂੰ
ਸਾਡੇ ਇਹ ਸਤਰਾਂ ਲਿਖਣ ਵੇਲੇ ਭਾਰਤ ਸਰਕਾਰ ਦੀ ਅਗਵਾਈ ਕਰਦੀ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਸਿਆਸੀ ਭਾਈਬੰਦ ਆਪਣੇ ਕੇਂਦਰੀ ਰਾਜ ਦੇ ਦੋ ਸਾਲ ਪੂਰੇ ਕਰਨ ਦੇ ਜਸ਼ਨ ਮਨਾਉਣ ਵਿੱਚ ਮਸਤ ਹਨ, ਤੇ ਉਨ੍ਹਾਂ ਨੂੰ ਇਸ ਦਾ ਹੱਕ ਵੀ ਹੈ। ਹੁਣ ਉਹ ਵੇਲਾ ਨਹੀਂ ਰਿਹਾ, ਜਦੋਂ ਕਾਂਗਰਸ ਤੋਂ ਬਿਨਾਂ ਕੋਈ ਕੇਂਦਰ ਦੀ ਸਰਕਾਰ ਬਣਦੀ ਸੀ ਤਾਂ ਦਿਨ ਗਿਣਦੀ ਰਹਿੰਦੀ ਸੀ ਤੇ ਹਰ ਵੇਲੇ ਸਿਆਸੀ ਪਲਟਾ ਹੋਣ ਦਾ ਡਰ ਹੁੰਦਾ ਸੀ। ਜਿਹੜੇ ਕਾਂਗਰਸੀ ਲੀਡਰਾਂ ਨੇ ਏਦਾਂ ਕਰਨਾ ਹੁੰਦਾ ਸੀ, ਉਨ੍ਹਾਂ ਦੀ ਅਗਵਾਈ ਕਰਨ ਵਾਲੀ ਇੰਦਰਾ ਗਾਂਧੀ ਹੁਣ ਨਹੀਂ ਰਹੀ ਅਤੇ ਉਸ ਦਾ ਏਨੀ ਜੋਗਾ ਪੁੱਤਰ ਰਾਜੀਵ ਗਾਂਧੀ ਵੀ ਨਹੀਂ ਰਿਹਾ। ਕਾਂਗਰਸ ਪਾਰਟੀ ਦੀ ਹੁਣ ਵਾਲੀ ਲੀਡਰਸ਼ਿਪ ਸਰਕਾਰ ਬਾਰੇ ਘੱਟ ਤੇ ਪਾਰਟੀ ਵਿੱਚ ਆਪਣੇ ਰੁਤਬੇ ਬਾਰੇ ਵੱਧ ਚਿੰਤਤ ਦਿਖਾਈ ਦੇਂਦੀ ਹੈ। ਵਿਚਾਰੀ ਸੋਨੀਆ ਗਾਂਧੀ ਨੂੰ ਇਹੋ ਚਿੰਤਾ ਨਹੀਂ ਛੱਡ ਰਹੀ ਕਿ ਸਿਆਸੀ ਮੰਚ ਉੱਪਰ ਉਸ ਦੇ ਪੁੱਤਰ ਦੇ ਪੈਰ ਟਿਕਣ ਦਾ ਮਹੂਰਤ ਨਿਕਲਦਾ ਦਿਖਾਈ ਨਹੀਂ ਦੇਂਦਾ। ਪੁੱਤਰ ਆਪ ਵੀ ਜਵਾਕਪੁਣੇ ਤੋਂ ਉੱਪਰ ਉੱਠਣ ਵਾਲੀ ਕੋਈ ਗੱਲ ਨਹੀਂ ਕਰਦਾ। ਕਾਂਗਰਸ ਦੇ ਘਾਗ ਆਗੂਆਂ ਵਿੱਚੋਂ ਅੱਧੇ ਤੋਂ ਵੱਧ ਦੂਸਰੀਆਂ ਪਾਰਟੀਆਂ ਦੇ ਸੁੱਟੇ ਟੁੱਕਰ ਵੱਲ ਝਾਕੀ ਜਾਂਦੇ ਹਨ। ਕੋਈ ਸਵੇਰੇ ਉੱਠ ਕੇ ਭਾਜਪਾ ਆਗੂਆਂ ਨੂੰ ਫੋਨ ਕਰ ਕੇ ਆਨੇ-ਬਹਾਨੇ ਹਾਲ-ਚਾਲ ਪੁੱਛਦਾ ਹੈ ਤੇ ਕਿਸੇ ਨੂੰ ਸਵੇਰ ਦੀ ਚਾਹ ਤੋਂ ਪਹਿਲਾਂ ਚੰਡੀਗੜ੍ਹ ਨੂੰ ਫੋਨ ਕਰਨ ਦੀ ਕਾਹਲੀ ਹੁੰਦੀ ਹੈ। ਇਸ ਵਿਰੋਧੀ ਧਿਰ ਦੇ ਹੁੰਦਿਆਂ ਭਾਜਪਾ ਤੇ ਉਸ ਦੇ ਸਾਥੀਆਂ ਨੂੰ ਜਸ਼ਨ ਮੁਬਾਰਕ ਹੀ ਹਨ।
ਜਸ਼ਨ ਮਨਾਉਣਾ ਕਈ ਵਾਰੀ ਪ੍ਰਾਪਤੀਆਂ ਦਾ ਵਿਸ਼ਾ ਹੁੰਦਾ ਹੈ ਤੇ ਕਈ ਵਾਰੀ ਇਹ ਗੱਲ ਵੀ ਜਸ਼ਨਾਂ ਦਾ ਹਿੱਸਾ ਹੁੰਦੀ ਹੈ ਕਿ ਸਾਡੇ ਮੂਹਰੇ ਕੋਈ ਸਿਆਸੀ ਚੁਣੌਤੀ ਨਹੀਂ ਰਹੀ। ਸ਼ਾਇਦ ਭਾਜਪਾ ਨੂੰ ਇਸ ਦੀ ਵੱਧ ਖੁਸ਼ੀ ਹੈ। ਉਹ ਹਰ ਭਾਸ਼ਣ ਵਿੱਚ ਜਦੋਂ ਭਾਰਤ ਨੂੰ ਕਾਂਗਰਸ-ਮੁਕਤ ਕਰਨ ਦੀ ਗੱਲ ਕਰਦੇ ਹਨ ਤਾਂ ਸ਼ਾਇਦ ਇਹੋ ਕਹਿਣਾ ਚਾਹੁੰਦੇ ਹਨ ਕਿ ਜਿਸ ਪਾਰਟੀ ਤੋਂ ਖਤਰਾ ਸੀ, ਉਹ ਹੁਣ ਕਾਸੇ ਜੋਗੀ ਰਹੀ ਨਹੀਂ ਤੇ ਬਾਕੀਆਂ ਵਿੱਚ ਸਾਨੂੰ ਚੁਣੌਤੀ ਦੇ ਸਕਣ ਵਾਲਾ ਕੋਈ ਛੇਤੀ ਕੀਤੇ ਉੱਠਣ ਜੋਗਾ ਨਾ ਹੋਣ ਕਰ ਕੇ ਸਾਡੇ ਲਈ 'ਚਾਰੇ ਚੱਕ ਜਗੀਰ' ਹੈ। ਜਦੋਂ ਕਿਸੇ ਵੀ ਰਾਜਸੀ ਧਿਰ ਦੇ ਮਨ ਵਿੱਚ ਇਹ ਗੱਲ ਆ ਜਾਵੇ, ਉਸ ਨੂੰ ਦੁਸ਼ਮਣਾਂ ਦੀ ਲੋੜ ਨਹੀਂ ਰਹਿੰਦੀ, ਅੰਦਰੋਂ ਸੂਲਾਂ ਫੁੱਟਦੀਆਂ ਹੁੰਦੀਆਂ ਹਨ।
ਅਜੇ ਉਹ ਸਮਾਂ ਨੇੜੇ ਨਹੀਂ, ਜਦੋਂ ਅੰਦਰੋਂ ਕੋਈ ਸੂਲ ਫੁੱਟਦੀ ਦਿਖਾਈ ਦੇਂਦੀ ਹੋਵੇ ਅਤੇ ਏਸੇ ਲਈ ਉਹ ਜਦੋਂ ਦੋ ਸਾਲਾ ਰਾਜ ਦੇ ਜਸ਼ਨ ਮਨਾਉਣ ਰੁੱਝੇ ਹਨ ਤਾਂ ਹਕੀਕਤਾਂ ਨੂੰ ਭੁੱਲ ਕੇ ਹਵਾਈ ਉਡਾਰੀਆਂ ਲਾ ਰਹੇ ਹਨ।
ਹਕੀਕਤਾਂ ਵਿੱਚੋਂ ਅਸੀਂ ਕਾਲੇ ਧਨ ਵਾਲੇ ਤਿੰਨ-ਤਿੰਨ ਲੱਖ ਰੁਪਏ ਹਰ ਨਾਗਰਿਕ ਦੇ ਖਾਤੇ ਵਿੱਚ ਪਾਉਣ ਵਾਲੀ ਗੱਲ ਮੁੜ-ਮੁੜ ਨਹੀਂ ਛੇੜਨਾ ਚਾਹੁੰਦੇ, ਜਿਹੜੇ ਸਿਰਫ ਸੌ ਦਿਨਾਂ ਵਿੱਚ ਆਉਣੇ ਸਨ ਤੇ ਸੱਤ ਸੌ ਤੀਹ ਦਿਨ ਲੰਘਣ ਦੇ ਬਾਅਦ ਵੀ ਨਹੀਂ ਆਏ। ਹੁਣ ਸਾਡੇ ਲੋਕ ਖੁਦ ਵੀ ਝਾਕ ਛੱਡ ਚੁੱਕੇ ਹਨ। ਇਸ ਦੀ ਥਾਂ ਇਹ ਗੱਲ ਵੇਖਣ ਵਾਲੀ ਹੈ ਕਿ ਇਸ ਸਰਕਾਰ ਨੇ ਕਾਲਾ ਧਨ ਬਾਹਰੋਂ ਲਿਆਉਣ ਦਾ ਵਾਅਦਾ ਕੀਤਾ ਸੀ, ਆਉਣ ਦੀ ਥਾਂ ਇਨ੍ਹਾਂ ਦੋ ਸਾਲਾਂ ਦੌਰਾਨ ਹੋਰ ਵੀ ਚਲਾ ਗਿਆ ਹੈ। ਪਹਿਲਾਂ ਓਹਲਾ ਰੱਖ ਕੇ ਜਾਂਦਾ ਸੀ, ਸੰਸਾਰ ਪੱਧਰ ਦੇ ਬਦਨਾਮ ਨਿੱਜੀ ਬੈਂਕਾਂ ਦੇ ਰਾਹੀਂ ਇਹ ਕੰਮ ਹੁੰਦਾ ਸੀ, ਨਰਿੰਦਰ ਮੋਦੀ ਸਰਕਾਰ ਦੇ ਦੌਰਾਨ ਇਹ ਕੰਮ ਭਾਰਤ ਸਰਕਾਰ ਦੇ ਆਪਣੇ ਕੌਮੀ ਬੈਂਕਾਂ, ਜਿਨ੍ਹਾਂ ਵਿੱਚ ਬੈਂਕ ਆਫ ਬੜੌਦਾ ਤੇ ਹੋਰ ਸ਼ਾਮਲ ਸਨ, ਦੇ ਰਾਹੀਂ ਹੋ ਗਿਆ। ਸਰਕਾਰੀ ਬੈਂਕਾਂ ਦਾ ਸਿੱਧਾ ਕੰਟਰੋਲ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਕੋਲ ਹੈ ਤੇ ਅਰੁਣ ਜੇਤਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਰਕਾਰ ਵਿੱਚ ਦੂਸਰੇ ਨੰਬਰ ਦਾ ਆਗੂ ਮੰਨਿਆ ਜਾਂਦਾ ਹੈ। ਪਨਾਮਾ ਪੇਪਰਜ਼ ਵਿੱਚ ਇਹ ਗੱਲ ਜਦੋਂ ਸਾਬਤ ਹੋ ਗਈ ਕਿ ਕੁਝ ਭਾਰਤੀ ਲੋਕਾਂ ਨੇ ਜਾਅਲੀ ਕੰਪਨੀਆਂ ਓਥੇ ਖੜੀਆਂ ਕਰਨ ਅਤੇ ਖੇਤਾਂ ਵਿੱਚ ਹਲ਼ ਵਗਦੇ ਦੀ ਰਾਹਲ਼ ਮੱਲਣ ਵਾਂਗ ਕਾਲੇ ਪੈਸੇ ਦੀਆਂ ਥੈਲੀਆਂ ਦੀ ਰਾਹਲ਼ ਮੱਲ ਕੇ ਕਈ ਦੇਸ਼ਾਂ ਦਾ ਗੇੜਾ ਕੱਢਣ ਪਿੱਛੋਂ ਚਿੱਟਾ ਕਰ ਲੈਣ ਦਾ ਕੰਮ ਕੀਤਾ ਹੈ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਦਾ ਪਿੱਛਾ ਕਰਨ ਦਾ ਯਤਨ ਨਹੀਂ ਕੀਤਾ। ਕਾਰਨ ਇਹ ਸੀ ਕਿ ਇਨ੍ਹਾਂ ਵਿੱਚ ਅਮਿਤਾਬ ਬੱਚਨ ਵਰਗੇ ਰਾਜਨੀਤੀ ਦੇ ਮੈਦਾਨ ਵਿੱਚ ਹਰ ਕਿਸੇ ਵੱਡੇ ਖਿਡਾਰੀ ਦੇ ਖਿਦਮਤਗਾਰ ਦਾ ਨਾਂਅ ਵੀ ਸੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਨੇੜਲੇ ਮਿੱਤਰ ਗੌਤਮ ਅਡਾਨੀ ਦੇ ਇੱਕ ਭਰਾ ਦਾ ਨਾਂਅ ਵੀ ਚਰਚਾ ਵਿੱਚ ਆ ਗਿਆ ਸੀ।
ਦੂਸਰੀ ਹਕੀਕਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਚੁੱਕੇ ਕਦਮਾਂ ਦੀ ਸੀ। ਹੁਣ ਤੱਕ ਭਾਜਪਾ ਆਗੂ ਇਹ ਮਿਹਣਾ ਦਿੱਤਾ ਕਰਦੇ ਸਨ ਕਿ ਪਾਕਿਸਤਾਨ ਦੇ ਆਗੂ ਸਾਡੇ ਦੇਸ਼ ਵਿੱਚ ਬਿਰਿਆਨੀ ਖਾਣ ਆਉਂਦੇ ਅਤੇ ਖਾ ਕੇ ਮੁੜ ਜਾਂਦੇ ਹਨ। ਸਾਡਾ ਪ੍ਰਧਾਨ ਮੰਤਰੀ ਮੋਦੀ ਬਿਨਾਂ ਕਿਸੇ ਮਿਥੇ ਪ੍ਰੋਗਰਾਮ ਤੋਂ ਪਾਕਿਸਤਾਨ ਪਹੁੰਚ ਗਿਆ, ਓਥੋਂ ਦੇ ਪ੍ਰਧਾਨ ਮੰਤਰੀ ਦੇ ਘਰ ਜਲ-ਪਾਣੀ ਛਕ ਆਇਆ ਤੇ ਇਹ ਡੀਂਗ ਮਾਰ ਦਿੱਤੀ ਕਿ ਸੰਬੰਧ ਸੁਧਾਰਨ ਦੀ ਬੜੀ ਵੱਡੀ ਪਹਿਲ ਕਰ ਲਈ ਹੈ, ਹੁਣ ਕੋਈ ਖਤਰਾ ਨਹੀਂ। ਸਿਰਫ ਦੋ ਦਿਨ ਲੰਘੇ ਤੇ ਤੀਸਰੇ ਦਿਨ ਪਠਾਨਕੋਟ ਦੇ ਹਵਾਈ ਫੌਜ ਦੇ ਬੇਸ ਉੱਤੇ ਹਮਲਾ ਹੋ ਗਿਆ। ਫਿਰ ਜਾਂਚ ਵਿੱਚ ਸਾਡਾ ਦੇਸ਼ ਪਾਕਿਸਤਾਨ ਤੋਂ ਮਾਤ ਖਾ ਗਿਆ। ਉਨ੍ਹਾਂ ਨੇ ਜਾਂਚ ਕਰਨ ਦੇ ਬਹਾਨੇ ਆਪਣੀ ਫੌਜ ਤੇ ਖੁਫੀਆ ਏਜੰਸੀ ਆਈ ਐੱਸ ਆਈ ਵੱਲੋਂ ਲੈਫਟੀਨੈਂਟ ਜਨਰਲ ਰੈਂਕ ਦੇ ਅਫਸਰਾਂ ਨੂੰ ਪਠਾਨਕੋਟ ਦੇ ਬਹੁਤ ਨਾਜ਼ਕ ਹਵਾਈ ਟਿਕਾਣੇ ਦਾ ਦੌਰਾ ਕਰਵਾ ਲਿਆ ਤੇ ਜਦੋਂ ਭਾਰਤੀ ਜਾਂਚ ਟੀਮ ਨੇ ਓਥੇ ਜਾਣਾ ਸੀ ਤਾਂ ਤੋਕੜ ਗਾਂ ਵਾਂਗ ਛੜ ਮਾਰ ਦਿੱਤੀ। ਮੋਦੀ ਸਾਹਿਬ ਅੱਜ ਵੀ ਕਹਿੰਦੇ ਹਨ ਕਿ ਮੇਰੀ ਵਿਦੇਸ਼ ਨੀਤੀ ਬੜੀ ਨਿੱਗਰ ਹੈ, ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਚਿਆਈ ਨਹੀਂ ਦਿਖਾਈ ਦੇ ਸਕਦੀ।
ਵਿਦੇਸ਼ ਨੀਤੀ ਦੀ ਕਚਿਆਈ ਤਾਂ ਇੱਕ ਹੋਰ ਗੱਲ ਵਿੱਚ ਇਸ ਤੋਂ ਵੀ ਵੱਧ ਦਿਖਾਈ ਦਿੱਤੀ ਸੀ। ਮਾਇਨਾਮਾਰ ਨੂੰ ਪਹਿਲਾਂ ਬਰਮਾ ਕਿਹਾ ਜਾਂਦਾ ਸੀ। ਓਧਰੋਂ ਆਏ ਅੱਤਵਾਦੀ ਸਾਡੀ ਫੌਜ ਉੱਤੇ ਕਈ ਵਾਰੀ ਹਮਲੇ ਕਰਦੇ ਤੇ ਵਾਪਸ ਦੌੜ ਜਾਇਆ ਕਰਦੇ ਸਨ। ਇੱਕ ਦਿਨ ਸਾਡੀ ਫੌਜ ਨੇ ਕੁਝ ਅੱਤਵਾਦੀ ਮਾਰ ਲਏ। ਭਾਰਤ ਦੇ ਇੱਕ ਕੇਂਦਰੀ ਮੰਤਰੀ ਨੇ ਇਹ ਦਾਅਵਾ ਕਰ ਦਿੱਤਾ ਕਿ ਸਾਡੀ ਫੌਜ ਨੇ ਮਾਇਨਾਮਾਰ ਦੀ ਹੱਦ ਵਿੱਚ ਜਾ ਕੇ ਮਾਰ ਕੀਤੀ ਹੈ ਤੇ ਅੱਤਵਾਦੀਆਂ ਨੂੰ ਮਾਰਨ ਵਿੱਚ ਓਥੋਂ ਦੀ ਸਰਕਾਰ ਨੇ ਵੀ ਸਾਡਾ ਸਾਥ ਦਿੱਤਾ ਹੈ। ਏਨੀ ਗੱਲ ਮੰਨ ਲੈਂਦੀ ਤਾਂ ਉਹ ਸਰਕਾਰ ਆਪਣੇ ਲੋਕਾਂ ਦੇ ਅੱਗੇ ਬੁਰੀ ਬਣ ਜਾਣੀ ਸੀ। ਉਸ ਨੇ ਝੱਟ ਇਹ ਗੱਲ ਕੱਟ ਕੇ ਕਿਹਾ ਕਿ ਸਾਡੀ ਹੱਦ ਅੰਦਰ ਕੁਝ ਨਹੀਂ ਹੋਇਆ, ਇਸ ਮਾਮਲੇ ਵਿੱਚ ਭਾਰਤ ਸਰਕਾਰ ਝੂਠ ਬੋਲਦੀ ਹੈ। ਓਨੀ ਦੇਰ ਤੱਕ ਸਾਡੇ ਇੱਕ ਹੋਰ ਮੰਤਰੀ ਨੇ ਇਹ ਬਿਆਨ ਦਾਗ ਦਿੱਤਾ ਕਿ ਜਿਵੇਂ ਮਾਇਨਾਮਾਰ ਵਿੱਚ ਹਮਲਾ ਕਰ ਕੇ ਅੱਤਵਾਦੀ ਮਾਰੇ ਹਨ, ਓਸੇ ਤਰ੍ਹਾਂ ਪਾਕਿਸਤਾਨ ਵਿੱਚ ਹਮਲਾ ਕਰ ਕੇ ਹਾਫਿਜ਼ ਸਈਦ ਤੇ ਦਾਊਦ ਇਬਰਾਹੀਮ ਨੂੰ ਮਾਰ ਕੇ ਉਵੇਂ ਹੀ ਚੁੱਕ ਲਿਆਵਾਂਗੇ, ਜਿੱਦਾਂ ਅਮਰੀਕਾ ਦੇ ਕਮਾਂਡੋਜ਼ ਨੇ ਓਸਾਮਾ ਬਿਨ ਲਾਦੇਨ ਨਾਲ ਕੀਤਾ ਸੀ। ਪਹਿਲਾ ਝਟਕਾ ਮਾਇਨਾਮਾਰ ਸਰਕਾਰ ਦੇ ਬਿਆਨ ਨਾਲ ਲੱਗਾ ਸੀ ਤੇ ਦੂਸਰਾ ਪਾਕਿਸਤਾਨ ਵੱਲੋਂ ਸਿੱਧੀ ਚੁਣੌਤੀ ਦੇ ਜਵਾਬ ਵਿੱਚ ਮੋੜਵੀਂ ਚੁਣੌਤੀ ਪੇਸ਼ ਹੋਣ ਨਾਲ ਲੱਗ ਗਿਆ। ਹੁਣ ਏਦਾਂ ਦਾ ਕੁਝ ਕਰਨ ਦੀ ਲੋੜ ਨਹੀਂ, ਇਹ ਦੋਸ਼ ਲੱਗ ਰਿਹਾ ਹੈ ਕਿ ਮਹਾਰਾਸ਼ਟਰ ਦੇ ਭਾਜਪਾ ਮੰਤਰੀ ਏਕਨਾਥ ਖੜਸੇ ਦੇ ਘਰ ਵਾਲੇ ਫੋਨ ਉੱਤੇ ਦਾਊਦ ਇਬਰਾਹੀਮ ਦੇ ਫੋਨ ਆਉਂਦੇ ਹਨ। ਇਸ ਦੇ ਬਾਅਦ ਹਮਲੇ ਦੀ ਲੋੜ ਨਹੀਂ, ਏਕਨਾਥ ਖੜਸੇ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਦਾਊਦ ਨਾਲ ਗੱਲ ਕਰੇ ਅਤੇ ਉਸ ਦਾ ਆਤਮ ਸਮੱਰਪਣ ਕਰਵਾ ਦੇਵੇ।
ਜਿਹੜੀ ਗੱਲ ਨੇ ਸਾਨੂੰ ਬਹੁਤ ਹੈਰਾਨ ਕੀਤਾ, ਉਹ ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਸੀ ਕਿ ਮੇਰੀ ਸਰਕਾਰ ਨੇ ਇਹ ਗੁੰਜਾਇਸ਼ ਨਹੀਂ ਰਹਿਣ ਦਿੱਤੀ ਕਿ ਕੋਈ ਪਰਦੇ ਪਿੱਛੇ ਕਾਲੀ ਕਮਾਈ ਕਰ ਲਵੇਗਾ। ਗੱਲ ਠੀਕ ਇਸ ਲਈ ਹੈ ਕਿ ਹੁਣ ਪਰਦੇ ਪਿੱਛੇ ਏਦਾਂ ਕਰਨ ਦੀ ਲੋੜ ਨਹੀਂ, ਖੁੱਲ੍ਹਾ ਕੀਤਾ ਜਾ ਰਿਹਾ ਹੈ। ਲਲਿਤ ਮੋਦੀ ਦਾ ਕੇਸ ਜਦੋਂ ਉੱਭਰਿਆ ਤਾਂ ਰਾਜਸਥਾਨ ਦੀ ਭਾਜਪਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਉਸ ਦੇ ਪਾਰਲੀਮੈਂਟ ਮੈਂਬਰ ਪੁੱਤਰ ਦਾ ਨਾਂਅ ਆਇਆ ਕਿ ਲਲਿਤ ਦੇ ਹੱਕ ਵਿੱਚ ਐਫੀਡੇਵਿਟ ਦੇਣ ਬਦਲੇ ਵੀਹ ਹਜ਼ਾਰ ਕਰੋੜ ਰੁਪਏ ਕਮਾਏ ਹਨ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਨਾਂਅ ਆ ਗਿਆ ਕਿ ਭਾਰਤ ਦੇ ਓਸੇ ਭਗੌੜੇ ਲਲਿਤ ਮੋਦੀ ਦੀ ਮਦਦ ਕਰਦੀ ਰਹੀ ਸੀ ਤੇ ਪ੍ਰਧਾਨ ਮੰਤਰੀ ਤੱਕ ਨਾਲ ਗੱਲ ਨਹੀਂ ਕੀਤੀ ਸੀ। ਮਦਦ ਇਸ ਲਈ ਕਰਦੀ ਰਹੀ ਕਿ ਉਸ ਦਾ ਪਤੀ ਤੇ ਧੀ ਦੋਵੇਂ ਜਣੇ ਲਲਿਤ ਮੋਦੀ ਦੇ ਵਕੀਲ ਸਨ। ਨਰਿੰਦਰ ਮੋਦੀ ਲੋਕਾਂ ਦੀ ਤਸੱਲੀ ਨਹੀਂ ਕਰਾ ਸਕਿਆ। ਮੱਧ ਪ੍ਰਦੇਸ਼ ਵਿੱਚ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਸਰਕਾਰ ਹੇਠ ਨੌਕਰੀਆਂ ਦਾ ਵਿਆਪਮ ਬੋਰਡ ਘੋਟਾਲਾ ਹੋ ਗਿਆ, ਇਸ ਘੋਟਾਲੇ ਨੂੰ ਦਬਾਉਣ ਲਈ ਉਨੰਜਾ ਲੋਕ ਕਤਲ ਹੋ ਗਏ, ਕੇਂਦਰ ਤੇ ਰਾਜ ਸਰਕਾਰ ਜਦੋਂ ਕੁਝ ਕਰਨ ਤੋਂ ਕੰਨੀ ਕਤਰਾ ਰਹੀਆਂ ਸਨ ਤਾਂ ਜਾਂਚ ਵਿੱਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਮਹਾਰਾਸ਼ਟਰ ਦੀ ਮੰਤਰੀ ਪੰਕਜਾ ਮੁੰਡੇ ਉੱਤੇ ਇੱਕੋ ਸਾਲ ਵਿੱਚ ਤਿੰਨ ਸੌ ਕਰੋੜ ਰੁਪਏ ਤੋਂ ਵੱਧ ਦਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲੱਗਾ। ਨਰਿੰਦਰ ਮੋਦੀ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਚੁੱਪ ਕੀਤੇ ਰਹੇ, ਕਿਉਂਕਿ ਇਹ ਘੋਟਾਲੇ ਪਰਦੇ ਪਿੱਛੇ ਨਹੀਂ ਸੀ ਹੋਏ, ਅੱਖਾਂ ਸਾਹਮਣੇ ਹੋਏ ਸਨ।
ਦੇਸ਼ ਵਿੱਚ ਭਾਈਚਾਰਕ ਸਾਂਝਾਂ ਵਿੱਚ ਤਰੇੜਾਂ ਤਾਂ ਕਾਂਗਰਸ ਦੀਆਂ ਨਹਿਰੂ ਦੇ ਬਾਅਦ ਦੀਆਂ ਸਰਕਾਰਾਂ ਨੇ ਕਈ ਥਾਂਈਂ ਪਾ ਦਿੱਤੀਆਂ ਸਨ। ਉਨ੍ਹਾਂ ਤਰੇੜਾਂ ਨੂੰ ਖੱਪੇ ਬਣਾਉਣ ਤੱਕ ਨਰਿੰਦਰ ਮੋਦੀ ਦੀ ਸਰਕਾਰ ਦੇ ਮੰਤਰੀ ਲੈ ਗਏ। ਪ੍ਰਧਾਨ ਮੰਤਰੀ ਮੋਦੀ ਨੇ ਮੁਜ਼ੱਫਰਨਗਰ ਤੋਂ ਲੈ ਕੇ ਦਾਦਰੀ ਤੱਕ ਕਦੇ ਚੁੱਪ ਨਹੀਂ ਤੋੜੀ। ਭਾਰਤ ਵਿੱਚ ਗੰਦਗੀ ਬਹੁਤ ਹੈ, ਇਸ ਨੂੰ ਸਾਫ ਕਰਨਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਮੁਹਿੰਮ ਬਹੁਤ ਤੇਜ਼ੀ ਨਾਲ ਚਲਾਈ ਅਤੇ ਸਭ ਤੋਂ ਵੱਧ ਜ਼ੋਰ 'ਗੰਗਾ ਮਾਈ' ਦੀ ਸਫਾਈ ਉੱਤੇ ਦਿੱਤਾ, ਪਰ ਵੀਹ ਹਜ਼ਾਰ ਕਰੋੜ ਰੁਪਏ ਖਰਚ ਕਰਨ ਦੇ ਬਾਅਦ ਵੀ ਗੰਗਾ ਵਿੱਚ ਗੰਦ ਵਗ ਰਿਹਾ ਹੈ। ਗੰਦ ਪਾਉਣ ਵਾਲਿਆਂ ਨੂੰ ਤਾਂ ਪ੍ਰਧਾਨ ਮੰਤਰੀ ਖੁਦ ਆਸ਼ੀਰਵਾਦ ਦੇਂਦਾ ਹੈ। ਦਿੱਲੀ ਦੇ ਨਾਲ ਖਹਿ ਕੇ ਵਗਦੇ ਜਮਨਾ ਦਰਿਆ ਅੰਦਰ ਪੈਂਦੇ ਗੰਦ ਨੂੰ ਸਾਫ ਕਰਨ ਵਾਲੇ ਹੋਰ ਲੋਕ ਹਨ, ਭਾਜਪਾ ਪੱਖੀ ਸਾਧੂ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਓਥੇ ਇੱਕ ਸਮਾਗਮ ਰੱਖ ਕੇ ਜਮਨਾ ਦਰਿਆ ਨੂੰ ਹੋਰ ਗੰਦਾ ਕਰਨ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਵਿਵਾਦ ਨਾਲ ਭਰੇ ਸਮਾਗਮ ਵਿੱਚ ਉਚੇਚਾ ਗਿਆ। ਪ੍ਰਧਾਨ ਮੰਤਰੀ ਮੋਦੀ ਓਦੋਂ ਓਥੇ ਗਿਆ, ਜਦੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਉਸ ਸਾਧ ਨੂੰ ਕੋਈ ਛੋਟ ਦੇਣ ਲਈ ਤਿਆਰ ਨਹੀਂ ਸਨ।
ਲੰਮੀ ਹੁੰਦੀ ਕਹਾਣੀ ਕਿਤੇ ਨਾ ਕਿਤੇ ਮੁਕਾਉਣੀ ਪਵੇਗੀ। ਇਸ ਦੀ ਸਮਾਪਤੀ ਮੌਕੇ ਨਰਿੰਦਰ ਮੋਦੀ ਸਰਕਾਰ ਦੇ ਦੋ-ਸਾਲਾ ਰਾਜ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਅਸੀਂ ਕੋਈ ਬਹਾਨਾ ਲੱਭਣ ਦਾ ਯਤਨ ਕੀਤਾ ਤਾਂ ਉਹ ਸਾਨੂੰ ਨਹੀਂ ਲੱਭ ਸਕਿਆ। ਸਿਰਫ ਇੱਕੋ ਗੱਲ 'ਖੁਸ਼ੀ ਵਾਲੀ' ਲੱਭੀ ਤੇ ਉਹ ਗੱਲ ਭਾਜਪਾ ਲੀਡਰਾਂ ਦੇ ਖੁਸ਼ੀ ਲਈ ਹੈ ਕਿ ਉਨ੍ਹਾਂ ਦੇ ਵਿਰੋਧ ਦੀ ਮੁੱਖ ਪਾਰਟੀ ਹੁਣ ਕਾਸੇ ਜੋਗੀ ਨਹੀਂ ਲੱਗਦੀ। ਇਹ ਉਨ੍ਹਾਂ ਦੀ ਖੁਸ਼ੀ ਦੀ ਗੱਲ ਹੋ ਸਕਦੀ ਹੈ, ਦੇਸ਼ ਦੇ ਲਈ ਨਹੀਂ। ਮਹਾਵਤ ਜਦੋਂ ਹਾਥੀ ਦੀ ਧੌਣ ਉੱਤੇ ਬੈਠਦਾ ਹੈ, ਉਸ ਕੋਲ ਇੱਕ ਲੋਹੇ ਦਾ ਤ੍ਰਿਸ਼ੂਲ ਜਿਹਾ ਹੁੰਦਾ ਹੈ, ਮੁਕੰਮਲ ਤ੍ਰਿਸ਼ੂਲ ਨਹੀਂ ਹੁੰਦਾ। ਉਸ ਲੋਹੇ ਦੇ ਤ੍ਰਿਸ਼ੂਲ ਨੂੰ 'ਅੰਕੁਸ਼' ਕਹਿੰਦੇ ਹਨ। ਜਦੋਂ ਮਹਾਵਤ ਦੇ ਹੱਥ ਅੰਕੁਸ਼ ਹੋਵੇ ਤਾਂ ਹਾਥੀ ਕਾਬੂ ਤੋਂ ਬਾਹਰ ਨਹੀਂ ਜਾਂਦਾ। ਅੰਕੁਸ਼ ਨਾ ਹੋਵੇ ਤਾਂ ਹਾਥੀ ਮਹਾਵਤ ਨੂੰ ਵੀ ਸੁੱਟ ਦੇਂਦਾ ਹੈ। ਰਾਜਸੀ ਖੇਤਰ ਵਿੱਚ ਕਈ ਰਾਜਿਆਂ ਲਈ 'ਨਿਰੰਕੁਸ਼' ਲਫਜ਼ ਦੀ ਵਰਤੋਂ ਹੁੰਦੀ ਹੈ, ਜਿਸ ਦਾ ਭਾਵ ਇਹ ਹੈ ਕਿ ਇਸ ਦੇ ਸਿਰ ਉੱਤੇ 'ਅੰਕੁਸ਼' ਕੋਈ ਨਾ ਹੋਣ ਕਰ ਕੇ ਇਹ ਮਨ-ਮਰਜ਼ੀ ਦਾ ਖੌਰੂ ਪਾਉਂਦਾ ਹੈ। ਵਿਰੋਧੀ ਧਿਰ ਦੇ ਮੂਲੋਂ ਹੀ ਅਣਹੋਈ ਜਿਹੀ ਹੋ ਜਾਣ ਨਾਲ ਨਰਿੰਦਰ ਮੋਦੀ ਸਰਕਾਰ ਵੀ ਅੱਜ-ਕੱਲ੍ਹ 'ਨਿਰੰਕੁਸ਼' ਹੋਣ ਦਾ ਪ੍ਰਭਾਵ ਦੇ ਰਹੀ ਹੈ।
ਜੇ 'ਖੁਸ਼ੀ' ਦੀ ਗੱਲ ਏਨੀ ਹੈ ਕਿ ਸਰਕਾਰ ਦੇ ਸਿਰ ਉੱਤੇ ਹੁਣ ਕੋਈ 'ਅੰਕੁਸ਼' ਨਹੀਂ ਹੈ ਤਾਂ ਮੋਦੀ ਸਰਕਾਰ ਵਧਾਈ ਦੀ ਪਾਤਰ ਹੈ, ਇਸ ਦੀ 'ਵਧਾਈ' ਦਿੱਤੀ ਜਾ ਸਕਦੀ ਹੈ ਨਰਿੰਦਰ ਭਾਈ ਦਮੋਦਰ ਭਾਈ ਮੋਦੀ ਨੂੰ।
29 May 2016