ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
15 Sep. 2020
ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪ੍ਰਸ਼ਾਸਨ ‘ਤੇ ਟਿਕੀਆਂ ਲੋਕਾਂ ਦੀਆਂ ਨਜ਼ਰਾਂ- ਇਕ ਖ਼ਬਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਸੁਖਬੀਰ ਬਾਦਲ ਸਪਸ਼ਟ ਕਰੇ ਕਿ ਖੇਤੀ ਆਰਡੀਨੈਂਸ ਕਿਸਾਨ ਪੱਖੀ ਹਨ ਕਿ ਕਿਸਾਨ ਮਾਰੂ- ਬਾਜਵਾ
ਸੱਪ ਦੇ ਮੂੰਹ ‘ਚ ਕਿਰਲੀ, ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ।
ਮਾਲੀ ਸੰਕਟ ਦੇ ਬਾਵਜੂਦ ਦਿੱਲੀ ਕਮੇਟੀ ਥੋਕ ਦੇ ਭਾਅ ਚੇਅਰਮੈਨੀਆਂ ਕਿਉਂ ਵੰਡ ਰਹੀ ਹੈ?- ਜੀ.ਕੇ.
ਜੀ.ਕੇ. ਸਾਬ ਅਲ੍ਹਕ ਵਛੇਰਿਆਂ ਨੂੰ ਖੁੰਡੇ ਨਾਲ ਬੰਨ੍ਹ ਕੇ ਰੱਖਣਾ ਪੈਂਦੈ।
ਕੰਗਨਾ ਰਣੌਤ ਦੇ ਦਫ਼ਤਰ ਨੂੰ ਢਾਉਣ ਵਿਚ ਸੂਬਾ ਸਰਕਾਰ ਦਾ ਕੋਈ ਹੱਥ ਨਹੀਂ- ਸ਼ਰਦ ਪਵਾਰ
ਭਾਈਆ ਪਵਾਰ ਲਗਦੈ ਤੂੰ ਵੀ ਵੱਡੇ ਬਾਦਲ ਦਾ ਜੂਠਾ ਖਾ ਲਿਐ।
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਹਰੇਕ ਮੈਂਬਰ ਨੂੰ ਬੋਲਣ ਦਾ ਅਧਿਕਾਰ ਹੋਵੇਗਾ- ਲੌਂਗੋਵਾਲ
ਪਰ ਉਹ ਬੋਲੇਗਾ ਉਹੀ ਜੋ ਉਸ ਨੂੰ ਲਿਖ ਕੇ ਦਿਤਾ ਜਾਵੇਗਾ।
ਕੈਪਟਨ ਦੀ ਲੀਡਰਸ਼ਿੱਪ ‘ਚ ਪੰਜਾਬ ‘ਚ ਤਰੱਕੀ ਦੀ ਰਫ਼ਤਾਰ ਹੋਈ ਸੁਸਤ-ਸੁਖਬੀਰ ਬਾਦਲ
ਤੁਸੀਂ ਹੁਣ ਨੂੰ ਕੈਲੇਫ਼ੋਰਨੀਆਂ ਬਣਾ ਦੇਣਾ ਸੀ।
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ‘ਚ ਸਿਆਸਤ ਬੰਦ ਕਰ ਦੇਣੀ ਚਾਹੀਦੀ ਹੈ- ਲੌਂਗੋਵਾਲ
ਤੁਸੀਂ ਭੈੜੀਆਂ ਕਰਤੂਤਾਂ ਬੰਦ ਕਰ ਦਿਉ ਲੋਕ ਸਿਆਸਤ ਕਰਨੀ ਬੰਦ ਕਰ ਦੇਣਗੇ।
ਲੋਕ ਇਨਸਾਫ਼ ਪਾਰਟੀ ਵਲੋਂ ਘੇਰਿਆ ਜਾਵੇਗਾ ਕੈਪਟਨ ਦਾ ਮੋਤੀ ਮਹਿਲ- ਤਲਵਿੰਦਰ ਸਿੰਘ ਮਾਨ
ਮੋਤੀ ਮਹਿਲ ‘ਚੋਂ ਛਿੱਕੂ ਲੈਣੈ, ਫਾਰਮ ਹਾਊਸ ‘ਤੇ ਜਾਉ ਪਿਆਰਿਓ।
ਪੰਜਾਬ ਸਰਕਾਰ ਨੇ ਨਿਜੀ ਸਕੂਲਾਂ ਨੂੰ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ- ਇਕ ਖ਼ਬਰ
ਤਾਂ ਕਿ ਜਿਹੜਾ ਮਰਜ਼ੀ ਲੱਲੀ-ਛੱਲੀ ਸਕੂਲ ਖੋਲ੍ਹ ਕੇ ਮਾਪਿਆਂ ਨੂੰ ਲੁੱਟ ਸਕੇ।
ਕੰਗਨਾ ਦਾ ਬੰਗਲਾ ਢਾਉਣ ਪਿੱਛੇ ਕੋਈ ਲੁਕਵਾਂ ਏਜੰਡਾ ਨਹੀਂ- ਸ਼ਿਵ ਸੈਨਾ
ਐਵੇਂ ਸ਼ੁਗਲ ਸ਼ੁਗਲ ‘ਚ ਮਾਂਜਾ ਫਿਰ ਗਿਆ ਸਾਥੋਂ।
ਸਾਲ ਕੁ ਔਖੇ ਸੌਖੇ ਕੱਟ ਲਉ, ਸੱਤਾ ‘ਚ ਆ ਕੇ ਨਕਸ਼ੇ ਬਦਲ ਦਿਆਂਗੇ-ਸੁਖਬੀਰ ਬਾਦਲ
ਕੁੰਡੀਆਂ ਲਾ ਕੇ ਜਿੰਨੀ ਮਰਜ਼ੀ ਬਿਜਲੀ ਫੂਕਿਓ।
ਸ਼੍ਰੋਮਣੀ ਕਮੇਟੀ ਨੂੰ ਢਾਅ ਲਾਉਣ ਵਾਲੇ ਆਪਣੇ ਮਕਸਦ ‘ਚ ਕਾਮਯਾਬ ਨਹੀਂ ਹੋਣਗੇ- ਲੌਂਗੋਵਾਲ
ਬਰਬਾਦਿ ਗ਼ੁਲਿਸਤਾਂ ਕਰਨੇ ਕੋ ਬਸ ਏਕ ਹੀ ਉੱਲੂ ਕਾਫੀ ਹੈ,
ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮੇ- ਗੁਲਿਸਤਾਂ ਕਿਆ ਹੋਗਾ।
ਵਜ਼ੀਫ਼ਾ ਘੁਟਾਲਾ: ਕਾਂਗਰਸ ਹਾਈਕਮਾਂਡ ਨੂੰ ਵੀ ਪੈਸਾ ਮਿਲਿਆ- ਸੁਖਬੀਰ ਬਾਦਲ
ਜਿਹੜੇ ਵਜ਼ੀਫ਼ਾ ਘੁਟਾਲੇ ਤੁਹਾਡੇ ਵੇਲੇ ਹੋਏ, ਉਹਨਾਂ ਦੇ ਪੈਸੇ ਕਿਸ ਨੂੰ ਮਿਲੇ ਸੀ?
ਮੈਂ ਟਰੰਪ ‘ਤੇ ਬਿਲਕੁਲ ਭਰੋਸਾ ਨਹੀਂ ਕਰਦੀ-ਕਮਲਾ ਹੈਰਿਸ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਪਾਵਨ ਸਰੂਪਾਂ ਦੇ ਮਾਮਲੇ ‘ਚ ਕੋਝੀ ਸਿਆਸਤ ਕਰਨ ਵਾਲ਼ੇ ਕਾਮਯਾਬ ਨਹੀਂ ਹੋਣਗੇ- ਸ਼ਰਨਜੀਤ ਢਿੱਲੋਂ
ਉਲਟਾ ਚੋਰ ਕੋਤਵਾਲ ਕੋ ਡਾਂਟੇ।