ਕਾਂਗਰਸ ਦੇ ਨਵੇਂ ਅਹੁਦੇਦਾਰ : ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ ਪਟੜਾ - ਉਜਾਗਰ ਸਿੰਘ
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸੋਨੀਆਂ ਗਾਂਧੀ ਨੂੰ ਪਾਰਟੀ ਦੀ ਬਿਹਤਰੀ ਲਈ ਦਿੱਤੇ ਸੁਝਾਵਾਂ ਵਾਲਾ ਲਿਖਿਆ ''ਲੈਟਰ ਬੰਬ'' ਵੀ ਠੁਸ ਹੋ ਗਿਆ ਲਗਦਾ ਹੈ। ਇਕ ਗੱਲ ਤਾਂ ਸਾਫ ਜ਼ਾਹਰ ਹੋ ਗਈ ਹੈ ਕਿ ਕਾਂਗਰਸ ਪਾਰਟੀ ਵਿਚ ਅੰਦਰੂਨੀ ਪਰਜਾਤੰਤਰ ਨਾਂ ਦੀ ਕੋਈ ਚੀਜ਼ ਮੌਜੂਦ ਹੀ ਨਹੀਂ। ਲੈਟਰ ਬੰਬ ਤੋਂ ਬਾਅਦ ਨਵੀਂ ਸਫਬੰਦੀ ਰੋਕਣ ਲਈ ਸੋਨੀਆਂ ਗਾਂਧੀ ਨੇ ਐਸਾ ਧੋਬੀ ਪਟੜਾ ਮਾਰਿਆ ਕਿ ਲੈਟਰ ਤੇ ਦਸਖ਼ਤ ਕਰਨ ਵਾਲੇ ਨੇਤਾਵਾਂ ਵਿਚ ਫੁੱਟ ਪਾਉਣ ਦੇ ਇਰਾਦੇ ਨਾਲ ਚੋਣਵੇਂ ਨੇਤਾਵਾਂ ਨੂੰ ਨਵੀਂ ਵਰਕਿੰਗ ਕਮੇਟੀ ਦੀ ਮੈਂਬਰੀ ਅਤੇ ਅਹੁਦੇਦਾਰੀਆਂ ਦੇ ਦਿੱਤੀਆਂ। ਗੁਲਾਮ ਨਬੀ ਆਜ਼ਾਦ ਨੂੰ ਜਨਰਲ ਸਕੱਤਰ ਤੋਂ ਤਾਂ ਹਟਾ ਦਿੱਤਾ ਗਿਆ ਪ੍ਰੰਤੂ ਮੁਕਲ ਵਾਸਨਿਕ ਨੂੰ ਜਨਰਲ ਸਕੱਤਰ ਬਣਾ ਦਿੱਤਾ। ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੂੰ ਵਰਕਿੰਗ ਕਮੇਟੀ ਵਿਚ ਰੱਖ ਲਿਆ ਹੈ। ਗੁਲਾਮ ਨਬੀ ਆਜ਼ਾਦ ਨਾਲ ਤਾਂ ਅਜਿਹੀ ਕੀਤੀ ਕਿ ਨਾ ਹਸਣ ਜੋਗਾ ਛੱਡਿਆ ਅਤੇ ਨਾ ਹੀ ਰੋਣ ਜੋਗਾ। ਰਾਜੀਵ ਸ਼ੁਕਲਾ ਅਤੇ ਜਤਿਨ ਪ੍ਰਸਾਦ ਨੂੰ ਰਾਜਾਂ ਦੇ ਇਨਚਾਰਜ ਬਣਾ ਦਿੱਤਾ ਗਿਆ ਹੈ। ਇੰਜ ਕਰਕੇ ਬਗਾਬਤ ਦੀ ਅੱਗ ਨੂੰ ਠੱਲ ਪਾਉਣ ਵਿਚ ਸਫਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪ੍ਰੰਤੂ ਫਿਲਹਾਲ ਤਾਂ ਸਾਰੇ ਚੱਪ ਕਰਾ ਦਿੱਤੇ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ, ਜਿਸਨੇ ਅਜ਼ਾਦੀ ਦੀ ਜਦੋਜਹਿਦ ਵਿਚ ਮੋਹਰੀ ਦੀ ਭੂਮਿਕਾ ਨਿਭਾਈ ਸੀ, ਹੁਣ ਉਹ ਖ਼ਤਮ ਹੋਣ ਦੇ ਕਿਨਾਰੇ ਉਪਰ ਖੜ੍ਹੀ ਸਿਸਕੀਆਂ ਲੈ ਰਹੀ ਹੈ। 1885 ਵਿਚ ਹੋਂਦ ਵਿਚ ਆਈ 135 ਸਾਲਾ ਪਾਰਟੀ ਦੇ ਹੁਣ ਤੱਕ 61 ਪ੍ਰਧਾਨ ਰਹੇ ਹਨ। ਉਹ ਸਾਰੇ ਉਚ ਕੋਟੀ ਦੇ ਵਿਅਕਤੀ ਸਨ। ਜਿਹੜੇ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਸਨ। ਜਿਨ੍ਹਾਂ ਵਿਚ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਸੁਭਾਸ ਚੰਦਰ ਬੋਸ, ਬਲਵ ਭਾਈ ਪਟੇਲ, ਰਾਜਿੰਦਰ ਪ੍ਰਸਾਦ, ਮਦਨ ਮੋਹਨ ਮਾਲਵੀਆ, ਬ੍ਰਹਮਾ ਨੰਦ ਰੈਡੀ, ਐਸ ਨਿਜਿਲਿੰਗੱਪਾ, ਦੇਵ ਕਾਂਤ ਬਰੂਆ, ਸਰੋਜਨੀ ਨਾਇਡੂ, ਦਾਦਾ ਭਾਈ ਨਾਰੋਜੀ, ਅਬਦੁਲ ਕਲਾਮ ਆਜ਼ਾਦ, ਸੀਤਾ ਰਮਈਆ, ਕੇ ਕਾਮਰਾਜ, ਨੀਲਮ ਸੰਜੀਵਾ ਰੈਡੀ, ਇੰਦਰਾ ਗਾਂਧੀ ਅਤੇ ਜਗਜੀਵਨ ਰਾਮ ਵਰਗੇ ਉਚ ਕੋਟੀ ਦੇ ਸਿਆਸਤਦਾਨ ਸ਼ਾਮਲ ਸਨ। ਉਹ ਭਾਰਤੀ ਸਭਿਆਚਾਰ ਦੇ ਪਹਿਰੇਦਾਰ ਬਣਦੇ ਰਹੇ। ਵਰਤਮਾਨ ਸਮਾਜ ਵਿਚ ਆਈ ਗਿਰਾਵਟ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਵੀ ਵਿਖਾਈ ਦਿੰਦੀ ਹੈ। ਇਸ ਗਿਰਾਵਟ ਕਰਕੇ ਅੱਜ ਦੇ ਕਾਂਗਰਸੀ ਸਿਧਾਂਤਾਂ ਦੀ ਥਾਂ ਨਿੱਜੀ ਲਾਭ ਨੂੰ ਪਹਿਲ ਦਿੰਦੇ ਹਨ। ਉਹ ਜਿਹੜਾ ਨੇਤਾ ਉਨ੍ਹਾਂ ਦੇ ਹਿਤਾਂ ਤੇ ਪਹਿਰਾ ਦੇਵੇਗਾ, ਉਹ ਭਾਵੇਂ ਪਾਰਟੀ ਨੂੰ ਮਬੂਜ਼ਤ ਕਰਨ ਵਿਚ ਸਮਰੱਥ ਹੋਵੇ, ਭਾਵੇਂ ਨਾ ਪ੍ਰੰਤੂ ਉਸਦੀ ਮਦਦ ਲਈ ਅੱਗੇ ਆਉਣਗੇ ਕਿਉਂਕਿ ਉਨ੍ਹਾਂ ਵਾਸਤੇ ਪਾਰਟੀ ਦੇ ਸਿਧਾਂਤ ਅਤੇ ਅਕਸ ਜ਼ਰੂਰੀ ਨਹੀਂ ਸਗੋਂ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਲੋਕ ਸਭਾ, ਵਿਧਾਨ ਸਭਾਵਾਂ ਅਤੇ ਹੋਰ ਅਹੁਦਿਆਂ ਲਈ ਪਾਰਟੀ ਦੀਆਂ ਟਿਕਟਾਂ ਜ਼ਰੂਰੀ ਹਨ। ਜਿਸ ਕਰਕੇ ਪਾਰਟੀ ਦਾ ਪਤਨ ਹੋ ਰਿਹਾ ਹੈ ਅਤੇ ਧੜੇਬੰਦੀ ਪੈਦਾ ਹੁੰਦੀ ਹੈ। ਪਾਰਟੀ ਕਮਜ਼ੋਰ ਹੁੰਦੀ ਹੈ। ਕਾਂਗਰਸ ਪਾਰਟੀ ਦੇ ਪਹਿਲੇ ਪ੍ਰਧਾਨ ਵੋਮੇਸ਼ ਚੰਦਰ ਬੈਨਰਜੀ ਸਨ। 1933 ਤੱਕ ਸੀਨੀਅਰ ਨੇਤਾ ਇਕ-ਇਕ ਸਾਲ ਲਈ ਪ੍ਰਧਾਨ ਬਣਦੇ ਰਹੇ ਅਤੇ ਕਿਸੇ ਨੇਤਾ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ। ਉਸਤੋਂ ਬਾਅਦ ਤਾਂ ਇਕ ਤੋਂ ਵੱਧ ਵਾਰ ਵੀ ਪ੍ਰਧਾਨ ਬਣਦੇ ਰਹੇ। ਦੇਸ਼ ਦੇ ਅਜ਼ਾਦ ਹੋਣ ਤੋਂ 70 ਸਾਲ ਬਾਅਦ ਤੱਕ ਕਾਂਗਰਸ ਦੇ ਨੇਤਾ ਅਤੇ ਵਰਕਰ ਕਾਂਗਰਸੀ ਕਹਾਉਣ ਵਿਚ ਫਖ਼ਰ ਮਹਿਸੂਸ ਕਰਦੇ ਸਨ। ਕਾਂਗਰਸ ਪਾਰਟੀ ਦੇ ਇਤਿਹਾਸ ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਨਹਿਰੂ ਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਪਾਰਟੀ ਦੀ ਹੋਂਦ ਹੀ ਕਾਇਮ ਨਹੀਂ। ਕਈ ਵਾਰ ਉਤਰਾਅ ਝੜਾਅ ਆਏ ਪ੍ਰੰਤੂ ਮੁੜ ਘਿੜ ਖੋਤੀ ਬੋਹੜ ਥੱਲੇ ਹੀ ਆਉਂਦੀ ਰਹੀ। ਹੁਣ ਤੱਕ ਸਭ ਤੋਂ ਲੰਮਾ ਸਮਾਂ ਪ੍ਰਧਾਨ 61 ਵਿਚੋਂ 47 ਵਾਰ ਕਾਂਗਰਸ ਪਾਰਟੀ ਦੇ ਪ੍ਰਧਾਨ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰ ਹੀ ਰਹੇ ਹਨ। ਸਿਰਫ 14 ਵਾਰ ਇਸ ਪਰਿਵਾਰ ਤੋਂ ਬਾਹਰਲੇ ਪ੍ਰਧਾਨ ਰਹੇ। ਸਭ ਤੋਂ ਪਹਿਲਾਂ ਮੋਤੀ ਲਾਲ ਨਹਿਰੂ ਸਿਰਫ ਇਕ ਸਾਲ ਲਈ 1928 ਵਿਚ ਪ੍ਰਧਾਨ ਬਣੇ ਅਤੇ ਪੰਡਤ ਜਵਾਹਰ ਲਾਲ 1929, 30, 36, 37, 40, 46, 50, 52, 53 ਅਤੇ 54 ਵਿਚ ਪ੍ਰਧਾਨ ਬਣਦੇ ਰਹੇ। ਉਹ10 ਸਾਲ ਪ੍ਰਧਾਨ ਰਹੇ ਪ੍ਰੰਤੂ ਲਗਾਤਾਰ ਨਹੀਂ। ਪ੍ਰਧਾਨ ਮੰਤਰੀ ਹੁੰਦਿਆਂ ਸਿਰਫ 4 ਸਾਲ ਪ੍ਰਧਾਨ ਰਹੇ। ਸ਼੍ਰੀਮਤੀ ਇੰਦਰਾ ਗਾਂਧੀ 8 ਸਾਲ ਪ੍ਰਧਾਨ ਰਹੇ ਪ੍ਰੰਤੂ ਉਨ੍ਹਾਂ ਇਹ ਨਵੀਂ ਪਰੰਪਰਾ ਬਣਾ ਦਿੱਤੀ ਕਿ ਜਿਹੜਾ ਪ੍ਰਧਾਨ ਮੰਤਰੀ ਹੋਵੇਗਾ ਉਹੀ ਕਾਂਗਰਸ ਦਾ ਪ੍ਰਧਾਨ ਹੋਵੇਗਾ, ਜਿਹੜੀ ਰਾਜੀਵ ਗਾਂਧੀ ਅਤੇ ਨਰਸਿਮਹਾ ਰਾਓ ਤੱਕ ਜ਼ਾਰੀ ਰਹੀ। ਰਾਜੀਵ ਗਾਂਧੀ 7 ਸਾਲ ਅਤੇ ਰਾਹੁਲ ਗਾਂਧੀ ਸਿਰਫ ਦੋ ਸਾਲ ਪ੍ਰਧਾਨ ਰਿਹਾ। ਇਸ ਸਮੇਂ ਵਿਚ ਸਭ ਤੋਂ ਲੰਮਾ ਸਮਾਂ ਲਗਪਗ 20 ਸਾਲ ਸੋਨੀਆਂ ਗਾਂਧੀ ਪ੍ਰਧਾਨ ਰਹੀ ਹੈ। ਇਸ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਵਿਚ ਚਾਪਲੂਸੀ ਦਾ ਭਾਰੂ ਹੋਣਾ ਹੈ। ਪਿਛਲੇ 6 ਸਾਲਾਂ ਤੋਂ ਕਾਂਗਰਸ ਪਾਰਟੀ ਦਾ ਇਹ ਹਾਲ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਨਹੀਂ ਬਣਾ ਸਕੀ। ਦੇਸ ਦੇ ਬਹੁਤੇ ਰਾਜਾਂ ਵਿਚ ਗੈਰ ਕਾਂਗਰਸ ਸਰਕਾਰਾਂ ਹਨ। ਸੀਨੀਅਰ ਲੀਡਰਸ਼ਿਪ ਹੌਸਲਾ ਛੱਡੀ ਬੈਠੀ ਹੈ। ਤਾਜ਼ਾ ਘਟਨਾਕਰਮ ਅਨੁਸਾਰ ਕਾਂਗਰਸ ਪਾਰਟੀ ਦੇ 23 ਸੀਨੀਅਰ ਨੇਤਾਵਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਨੂੰ ਕਾਂਗਰਸ ਪਾਰਟੀ ਵਿਚ ਆਈ ਖੜੋਤ ਤੇ ਚਿੰਤਾ ਪ੍ਰਗਟ ਕਰਦਿਆਂ ਇਕ ਖਤ ਲਿਖਿਆ ਹੈ, ਜਿਸਨੂੰ ਲੈਟਰ ਬੰਬ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸ ਵਿਚ ਕਾਂਗਰਸ ਪਾਰਟੀ ਦਾ ਵਕਾਰ ਬਹਾਲ ਕਰਨ ਲਈ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਵਿਅਕਤੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇਣ ਬਾਰੇ ਕਿਹਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ 2024 ਦੀਆਂ ਲੋਕ ਸਭਾ ਚੋਣਾ ਜਿੱਤਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਾਰਜ਼ਸ਼ੀਲ ਹੋਣ ਲਈ ਖਤ ਲਿਖਿਆ ਹੈ। ਇਨ੍ਹਾਂ ਪਤਰ ਲਿਖਣ ਵਾਲੇ ਨੇਤਾਵਾਂ ਦੀ ਅਗਵਾਈ ਜਨਾਬ ਗੁਲਾਮ ਨਬੀ ਆਜ਼ਾਦ ਕਰ ਰਹੇ ਹਨ। ਲੈਟਰ ਬੰਬ ਤੇ ਦਸਤਖਤ ਕਰਨ ਵਾਲਿਆਂ ਵਿਚ ਭੁਪਿੰਦਰ ਸਿੰਘ ਹੁਡਾ, ਰਾਜਿੰਦਰ ਕੌਰ ਭੱਠਲ, (ਦੋਵੇਂ ਸਾਬਕਾ ਮੁੱਖ ਮੰਤਰੀ), ਕਪਿਲ ਸਿਬਲ, ਆਨੰਦ ਸ਼ਰਮਾ, ਸ਼ੱਸ਼ੀ ਥਰੂਰ, ਵੀਰੱਪਾ ਮੋਇਲੀ, ਮੁਕਲ ਵਾਸਨਿਕ, ਮਨੀ ਸ਼ੰਕਰ ਅਈਅਰ, ਰਾਜੀਵ ਸ਼ੁਕਲਾ, ਜਤਿਨ ਪ੍ਰਸ਼ਾਦ, ਮੁਨੀਸ਼ ਤਿਵਾੜੀ, ਰਾਜ ਬੱਬਰ, ਸੰਦੀਪ ਦੀਕਸ਼ਤ, ਪੀ ਜੇ ਕੁਰੀਅਨ ਅਤੇ ਮਿਲਿੰਦ ਦਿਓਰਾ ਮੁਖ ਹਨ। ਇਨ੍ਹਾਂ ਵਿਚ ਪੰਜਾਬ ਤੋਂ ਦੋ ਨੇਤਾ ਹਨ। ਮੁਨੀਸ਼ ਤਿਵਾੜੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿਚ ਗਿਣਿਆਂ ਜਾਂਦਾ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਖੁਲ੍ਹਕੇ ਸੋਨੀਆਂ ਗਾਂਧੀ ਦੇ ਹੱਕ ਵਿਚ ਬਿਆਨ ਦਿੱਤਾ ਸੀ। ਰਾਜਿੰਦਰ ਕੌਰ ਭੱਠਲ ਗੁਲਾਮ ਨਬੀ ਆਜ਼ਾਦ ਦੇ ਖੇਮੇ ਵਿਚੋਂ ਸੁਣੇ ਜਾਂਦੇ ਹਨ। ਪੰਜਾਬ ਵਿਚੋਂ ਕਿਸੇ ਸੀਨੀਅਰ ਕਾਂਗਰਸੀ ਨੂੰ ਕੋਈ ਅਹੁਦਾ ਨਹੀਂ ਦਿੱਤਾ ਪ੍ਰੰਤੂ ਕੁਲਜੀਤ ਸਿੰਘ ਨਾਗਰਾ ਵਿਧਾਇਕ ਨੂੰ ਤਿੰਨ ਰਾਜਾਂ ਦਾ ਇਨਚਾਰਜ ਬਣਾ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੂੰ ਵੀ ਕੋਈ ਅਹੁਦਾ ਨਹੀਂ ਦਿੱਤਾ। ਸੋਨੀਆਂ ਗਾਂਧੀ ਨੇ 1998 ਵਿਚ ਸੀਤਾ ਰਾਮ ਕੇਸਰੀ ਤੋਂ ਬਾਅਦ ਪਾਰਟੀ ਦੀ ਵਾਗ ਡੋਰ ਸੰਭਾਲੀ ਸੀ। ਸੋਨੀਆਂ ਗਾਂਧੀ ਦੇ ਇਨ੍ਹਾਂ 19 ਸਾਲਾਂ ਦੇ ਪ੍ਰਧਾਨਗੀ ਦੇ ਸਮੇਂ ਵਿਚ ਸਿਰਫ 10 ਸਾਲ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੇਂਦਰ ਵਿਚ ਸਰਕਾਰ ਰਹੀ ਹੈ। ਉਹ ਸਰਕਾਰ ਵੀ ਇਕੱਲੀ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਭਾਈਵਾਲ ਪਾਰਟੀਆਂ ਨਾਲ ਬਣਾਈ ਗਈ ਸੀ। ਦੂਜੀ ਵਾਰੀ ਡਾ ਮਨਮੋਹਨ ਸਿੰਘ ਦੇ ਨਾਂ ਤੇ ਚੋਣ ਜਿੱਤੀ ਸੀ। ਸੋਨੀਆਂ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ ਖੋਰਾ ਲਗਦਾ ਆ ਰਿਹਾ ਹੈ। ਪਿਛਲੀਆਂ ਲੋਕ ਸਭਾ ਦੀਆਂ ਦੋ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਂ ਕਾਂਗਰਸ ਪਾਰਟੀ ਦਾ ਗਰਾਫ ਬਹੁਤ ਹੀ ਨੀਵਾਂ ਹੋ ਗਿਆ। ਉਨ੍ਹਾਂ ਤੋਂ ਬਾਅਦ ਦੋ ਸਾਲ ਰਾਹੁਲ ਗਾਂਧੀ ਨੇ ਵੀ ਪ੍ਰਧਾਨਗੀ ਚਲਾਈ ਪ੍ਰੰਤੂ ਉਹ ਵੀ ਪਾਰਟੀ ਦਾ ਅਕਸ ਵਧਾ ਨਾ ਸਕੇ। ਪ੍ਰਿਅੰਕਾ ਗਾਂਧੀ ਨੂੰ ਵੀ ਲਿਆਂਦਾ ਪ੍ਰੰਤੂ ਉਹ ਵੀ ਪਾਰਟੀ ਵਕਾਰ ਵਧਾ ਨਹੀਂ ਸਕੀ। ਪਿਛਲੇ ਸਾਲ ਮਈ 2019 ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਦੁਬਾਰਾ ਸੋਨੀਆਂ ਗਾਂਧੀ ਨੂੰ ਇਕ ਸਾਲ ਲਈ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ। ਹੁਣ ਉਨ੍ਹਾਂ ਦੀ ਮਿਆਦ 10 ਅਗਸਤ ਨੂੰ ਖ਼ਤਮ ਹੋ ਗਈ ਸੀ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਇਕ ਸਾਲ ਲਈ ਫਿਰ ਸੋਨੀਆਂ ਦੇ ਹੱਕ ਵਿਚ ਹੋ ਗਿਆ। ਕਾਂਗਰਸ ਪਾਰਟੀ ਦੇ ਪਤਨ ਦਾ ਮੁੱਖ ਕਾਰਨ ਸੰਬਾਦ ਨਾ ਕਰਨਾ ਹੈ। ਸੋਨੀਆਂ ਗਾਂਧੀ ਦੀ ਸਭ ਤੋਂ ਵੱਡੀ ਕਮਜ਼ੋਰੀ ਭਾਰਤੀ ਭਾਸ਼ਵਾਂ ਅਤੇ ਸਭਿਆਚਾਰ ਜਾਣਕਾਰੀ ਅਤੇ ਮੁਹਾਰਤ ਨਾ ਹੋਣਾ ਵੀ ਹੈ। ਇੰਦਰਾ ਗਾਂਧੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸੇ ਵੀ ਪ੍ਰਧਾਨ ਦੇ ਭਾਸ਼ਣ ਵਿਚ ਲੋਕਾਂ ਨੂੰ ਕੀਲਣ ਦੀ ਸਮਰੱਥਾ ਨਹੀਂ ਸੀ। ਕਾਂਗਰਸ ਪਾਰਟੀ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਮੰਥਨ ਕਰਨਾ ਚਾਹੀਦਾ ਹੈ। ਪਾਰਟੀ ਅੰਦਰ ਵਿਚਾਰ ਚਰਚਾ ਕੀਤੀ ਜਾਵੇ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸਿਸ਼ ਕੀਤੀ ਜਾਵੇ। ਪ੍ਰੰਤੂ ਜਿਹੜਾ ਅਜਿਹਾ ਕਰਨ ਦੀ ਕੋਸਿਸ਼ ਕਰਦਾ ਹੈ, ਉਸਨੂੰ ਹੀ ਨਿਸ਼ਾਨਾ ਬਣਾਕੇ ਭੰਡਿਆ ਜਾਂਦਾ ਹੈ। ਇਸ ਖਤ ਵਿਚ ਕੋਈ ਮਾੜੀ ਗੱਲ ਨਹੀਂ ਲਿਖੀ ਗਈ ਸੀ ਸਗੋਂ ਪਾਰਟੀ ਦੀ ਬਿਹਤਰੀ ਲਈ ਹੀ ਲਿਖਿਆ ਗਿਆ ਸੀ ਪ੍ਰੰਤੂ ਚਾਪਲੂਸਾਂ ਨੂੰ ਇਹ ਚੰਗਾ ਨਹੀਂ ਲੱਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਖਤ ਲਿਖਣ ਵਾਲੇ ਨੇਤਾਵਾਂ ਵਿਚ ਕਈ ਅਜਿਹੇ ਹਨ, ਜਿਹੜੇ ਕਦੀ ਵੀ ਨਾ ਤਾਂ ਕੋਈ ਚੋਣ ਲੜੇ ਹਨ ਪ੍ਰੰਤੂ ਉਨ੍ਹਾਂ ਨੂੰ ਵੀ ਆਪਣੀਆਂ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਫਿਕਰ ਹੈ। ਗੁਲਾਮ ਨਬੀ ਆਜ਼ਾਦ, ਕਪਿਲ ਸਿਬਲ ਅਤੇ ਆਨੰਦ ਸ਼ਰਮਾ ਰਾਜ ਸਭਾ ਵਿਚ ਹੀ ਜਾਣ ਦੇ ਇਛਕ ਹੁੰਦੇ ਹਨ। ਚਮਚਾਗਿਰੀ ਨੇ ਪਾਰਟੀ ਦਾ ਸਤਿਆਨਾਸ ਕੀਤਾ ਹੈ। ਪਾਰਟੀ ਵਿਚ ਦਲੀਲ ਨੂੰ ਛਿਕੇ ਤੇ ਟੰਗ ਦਿੱਤਾ ਗਿਆ ਹੈ। ਖਤ ਲਿਖਣ ਵਾਲੇ ਵੀ ਹੁਣ ਇਕ ਕਿਸਮ ਨਾਲ ਮੁਕਰਨ ਲੱਗ ਗਏ ਹਨ ਕਿਉਂਕਿ ਉਨ੍ਹਾਂ ਨੇ ਮਹਿਸੂਸ ਕਰ ਲਿਆ ਹੈ ਕਿ ਪ੍ਰਧਾਨਗੀ ਨਹਿਰੂ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਜਾਵੇਗੀ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਓਥੇ ਦਾ ਓਥੇ ਰਹੇਗਾ। ਇਕ ਗੱਲ ਤਾਂ ਮੰਨਣਯੋਗ ਹੈ ਕਿ ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸੀ ਧੜੇ ਕਿਸੇ ਇਕ ਨੇਤਾ ਤੇ ਸਹਿਮਤ ਹੀ ਨਹੀਂ ਹੋ ਰਹੇ। ਗਾਂਧੀ ਪਰਿਵਾਰ ਕਾਂਗਰਸ ਦੀ ਮਜ਼ਬੂਰੀ ਬਣ ਗਿਆ ਹੈ।
ਅਗਲੇ ਸਾਲ ਪ੍ਰਧਾਨ ਦੀ ਚੋਣ ਵਿਚ ਅਖ਼ੀਰ ਗੁਣਾ ਫਿਰ ਰਾਹੁਲ ਗਾਂਧੀ ਤੇ ਹੀ ਪਵੇਗਾ। ਪ੍ਰੰਤੂ ਰਾਹੁਲ ਗਾਂਧੀ ਨੂੰ ਨੌਜਵਾਨਾ ਅਤੇ ਸੀਨੀਅਰ ਨੇਤਾਵਾਂ ਨੂੰ ਆਪਣੇ ਨਾਲ ਲੈ ਕੇ ਚਲਣਾ ਪਵੇਗਾ। ਦੋਹਾਂ ਵਿਚੋਂ ਕਿਸੇ ਇਕ ਨੂੰ ਬਹੁਤੀ ਮਹੱਤਤਾ ਦੇਣ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ ਜਿਵੇਂ ਪਹਿਲਾਂ ਰਾਹੁਲ ਗਾਂਧੀਂ ਨੇ ਸੀਨੀਅਰ ਨੇਤਾਵਾਂ ਨੂੰ ਅਣਡਿਠ ਕਰਕੇ ਨੁਕਸਾਨ ਹੀ ਉਠਾਇਆ ਹੈ। ਦੂਜੀ ਗੱਲ ਪਾਰਟੀ ਵਿਚੋਂ ਪਰਿਵਾਰਵਾਦ ਦਾ ਪ੍ਰਭਾਵ ਵੀ ਖ਼ਤਮ ਕਰਨਾ ਪਵੇਗਾ। ਇਹ ਜ਼ਰੂਰੀ ਨਹੀਂ ਕਿ ਨੇਤਾਵਾਂ ਦੇ ਬੱਚਿਆਂ ਨੂੰ ਹੀ ਅੱਗੇ ਲਿਆਂਦਾ ਜਾਵੇ। ਵਰਕਰਾਂ ਦੀ ਕਦਰ ਕੀਤੀ ਜਾਵੇ। ਸਥਾਨਕ ਪੱਧਰ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਪਹਿਲ ਦਿੱਤੀ ਜਾਵੇ। ਭਰਿਸਟਾਚਾਰ ਨੇ ਵੀ ਪਾਰਟੀ ਬਦਨਾਮ ਕੀਤੀ ਹੈ। ਪਾਰਦਰਸ਼ਤਾ ਅਜੋਕੇ ਸਮੇਂ ਦੀ ਲੋੜ ਹੈ। ਜੇਕਰ ਕਾਂਗਰਸ ਪਾਰਟੀ ਦੀ ਵਰਕਿੰਗ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਨਾ ਲਿਆਂਦੀਆਂ ਤਾਂ ਪਾਰਟੀ ਦਾ ਭਵਿਖ ਵੀ ਧੁੰਧਲਾ ਹੀ ਹੋਵੇਗਾ।
ਮੋਬਾਈਲ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
-94178 13072
ujagarsingh48@yahoo.com