ਵਿਵਾਦਾਂ ਦਾ ਵਿਸ਼ਾ ਬਣ ਰਹੇ ਹਨ ਵਿਸ਼ਵ ਪੰਜਾਬੀ ਲੇਖਕ ਸੰਮੇਲਨ - ਗੁਰਮੀਤ ਸਿੰਘ ਪਲਾਹੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ 26-27 ਜੂਨ 2016 ਨੂੰ ਕੀਤੇ ਜਾਣ ਵਾਲੇ ਵਿਸ਼ਵ ਭਾਸ਼ਾ ਸੰਮੇਲਨ ਅਨੰਦਪੁਰ ਸਾਹਿਬ ਨੂੰ ਮੁਲਤਵੀ ਕਰਕੇ ਇੱਕ ਨਵੀਂ ਚਰਚਾ ਛੇੜ ਦਿਤੀ ਹੈ। ਪੰਜਾਬੀ ਭਾਸ਼ਾ ਸੰਮੇਲਨ ਦੇ ਨਾਮ ਉਤੇ ਦੇਸ਼ ਵਿਦੇਸ਼ ਤੋਂ ਕੁਝ ਲੇਖਕਾਂ, ਵਿਦਵਾਨਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ ਅਤੇ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਕਾਨਫਰੰਸ ਵਿਚ ਪੰਜਾਬੀ ਭਾਸ਼ਾ, ਸਾਹਿਤ ਨਾਲ ਸਬੰਧਤ 130 ਲੇਖ,ਪੇਪਰ ਲਿਖਵਾਏ ਗਏ ਹਨ, ਜਿਨ੍ਹਾਂ ਉਤੇ ਵਿਆਪਕ ਚਰਚਾ ਹੋਵੇਗੀ। ਇਹ ਕਾਨਫਰੰਸ ਪਹਿਲਾਂ ਵੀ ਦੋ ਵੇਰ ਪ੍ਰਬੰਧਕਾਂ ਵਲੋਂ ਮੁਲਤਵੀ ਕਰ ਦਿਤੀ ਗਈ ਸੀ ਅਤੇ ਆਖਰੀ ਵੇਰ ਮਿਥੀ ਤਾਰੀਖ ਅਤੇ ਸਥਾਨ ਅਨੰਦਪੁਰ ਸਾਹਿਬ ਵਿਖੇ ਕੀਤੇ ਜਾਣ ਉਪਰੰਤ ਵੀ ਇਸ ਦੇ ਮੁੜ ਆਯੋਜਿਤ ਕਰਨ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ। ਇਹ ਸੰਮੇਲਨ ਐਨ ਮੌਕੇ 'ਤੇ ਮੁਲਤਵੀ ਕਰਨ ਕਾਰਨ ਕੈਨੇਡਾ, ਅਮਰੀਕਾ ਤੋਂ ਪੁੱਜ ਰਹੇ ਕੁਝ ਵਿਦਵਾਨ, ਲੇਖਕਾਂ ਨੂੰ ਆਪਣੀ ਹਵਾਈ ਟਿਕਟਾਂ ਕੈਂਸਲ ਕਰਵਾਉਣੀਆਂ ਪਈਆਂ। ਪੰਜਾਬੀ ਸਾਹਿਤੱਕ ਹਲਕਿਆਂ ਵਿੱਚ ਇਹ ਸਵਾਲ ਬਹੁਤ ਹੀ ਸੰਜੀਦਗੀ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬੀ ਭਾਸ਼ਾ ਸੰਮੇਲਨ ਕਰਾਉਣ ਦਾ ਕਿਹੜਾ ਚਾਅ ਚੜ੍ਹਿਆ ਹੋਇਆ ਸੀ, ਜਦ ਕਿ ਉਸ ਦੇ ਜ਼ਿੰਮੇ ਜੋ ਕੰਮ ਸਿੱਖ ਜਗਤ ਵਲੋਂ ਸੌਂਪੇ ਗਏ ਹੋਏ ਹਨ, ਉਹ ਕਰਨ 'ਚ ਉਹ ਸਦਾ ਨਾ ਕਾਮਯਾਬ ਰਹੀ ਹੈ। ਸਿੱਖ ਧਰਮ ਦਾ ਪ੍ਰਚਾਰ ,ਗੁਰਦੁਆਰਿਆਂ ਦੇ ਪ੍ਰਬੰਧਾਂ ਦੀ ਦੇਖ ਰੇਖ ,ਉਸ ਦਾ ਮੁੱਖ ਕਾਰਜ਼ ਹੈ। ਇਸ ਦੇ ਨਾਲ ਨਾਲ ਉਸ ਵਲੋਂ ਹਸਪਤਾਲ ਅਤੇ ਕਈ ਵਿਦਿਅਕ ਸੰਸਥਾਵਾਂ ਜਿਨ੍ਹਾਂ ਵਿਚ ਮੈਡੀਕਲ ਕਾਲਜ, ਇੰਜੀਨੀਰਿੰਗ ਕਾਲਜ, ਯੂਨੀਵਰਸਿਟੀ,ਸਕੂਲ, ਕਾਲਜ ਸ਼ਾਮਲ ਹਨ, ਲੋਕਾਂ ਨੂੰ ਸਿੱਖਿਅਤ ਕਰਨ ਤੇ ਸਿਹਤ ਸੇਵਾਵਾਂ ਦੇਣ ਲਈ ਚਲਾਏ ਜਾ ਰਹੇ ਹਨ। ਇਹ ਸਾਰੇ ਕੰਮ ਬਹੁਤ ਚੰਗੇ ਹਨ, ਜੋ ਗੁਰੂ ਦੀ ਗੋਲਕ ਨਾਲ ਚਲਾਏ ਜਾ ਰਹੇ ਹਨ। ਲੋਕਾਂ ਵਲੋਂ ਗੁਰੂ ਮਹਾਰਾਜ ਪ੍ਰਤੀ ਸ਼ਰਧਾ ਦਿਖਾੳਂਦਿਆਂ ਹਰ ਸਧਾਰਨ ਵਿਅਕਤੀ ਵੀ ਆਪਣੀ ਨੇਕ ਕਮਾਈ ਵਿਚੋਂ ਪੌਲੀ, ਧੇਲਾ, ਰੁਪਈਆ, ਅਠੱਨੀ, ਚੁਵੱਨੀ ਜਾਂ ਦਸਵੰਦ ਗੁਰੂ ਅਰਪਨ ਕਰਦਾ ਹੈ। ਇਹ ਇਕੱਤਰ ਹੋਇਆ ਪਵਿੱਤਰ ਧਨ ,ਪੰਜਾਬੀ ਭਾਸ਼ਾ ਸੰਮੇਲਨ ਉਤੇ ਖਰਚ ਕਰਨ ਦੀ ਅਤੇ ਉਹ ਵੀ ਕਰੋੜਾਂ ਰੁਪੱਈਏ ਵਿੱਚ ਕਿਉਂ ਲੋੜ ਪਈ? ਜਦ ਕਿ ਸਰਕਾਰ ਅਕਾਲੀ ਦਲ ਦੀ ਹੈ, ਉਹਦਾ ਇੱਕ ਮਹਿਕਮਾ ਭਾਸ਼ਾ ਵਿਭਾਗ, ਪੰਜਾਬੀ ਭਾਸ਼ਾ ਕਾਨਫਰੰਸਾਂ ਕਰਾਉਣ ਦੇ ਸਮਰੱਥ ਹੈ, ਅਤੇ ਜਿਸ ਵਲੋਂ ਪਿੱਛੇ ਜਿਹੇ ਕਰੋੜਾਂ ਰੁਪੱਈਏ ਪੰਜਾਬੀ, ਹਿੰਦੀ, ਉਰਦੂ ਲੇਖਕਾਂ ਪੱਤਰਕਾਰਾਂ ਦੇ ਸਨਮਾਨ ਲਈ ਖਰਚੇ ਗਏ। ਤਾਂ ਕੀ ਉਸ ਮਹਿਕਮੇ ਨੂੰ ਇਹੋ ਜਿਹੀ ਕਾਨਫਰੰਸ\ਸੰਮੇਲਨ,[ ਜੇਕਰ ਇਹ ਕਰਾਉਣਾ ਜ਼ਰੂਰੀ ਸੀ], ਕਰਨ ਦੀ ਜਿੰਮੇਵਾਰੀ ਅਕਾਲੀ ਦਲ ਜਾਂ ਮੌਜੂਦਾ ਸਰਕਾਰ ਵਲੋਂ ਨਹੀਂ ਸੌਂਪੀ ਜਾਣੀ ਚਾਹੀਦੀ ਸੀ?ਆਖਰ ਲੋਕਾਂ ਦੀ ਸ਼ਰਧਾ ਦਾ ਗੁਰਦੁਆਰਿਆਂ, ਸੰਗਤਾਂ ਦਾ ਪੈਸਾ ਸ਼੍ਰੋਮਣੀ ਕਮੇਟੀ ਵਲੋਂ ਉਜਾੜਨ ਦੀ ਵਿਉਂਤ ਕਿਉਂ ਉਲੀਕੀ ਗਈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1995 ਵਿਚ ਵਿਸ਼ਵ ਸਿੱਖ ਕਾਨਫਰੰਸ ਦਾ ਆਯੋਜਿਨ ਕੀਤਾ ਗਿਆ ਸੀ। ਉਸ ਕਾਨਫਰੰਸ ਵਿਚ ਸਿਖਾਂ ਨਾਲ ਸਬੰਧਤ ਮਸਲੇ ਵਿਚਾਰੇ ਗਏ ਸਨ, ਪਰ ਪਿਛਲੇ 10 ਵਰ੍ਹੇ ਇਨ੍ਹਾਂ ਮਸਲਿਆਂ ਬਾਰੇ ਵਿਚਾਰ ਕਰਨ ਦੀ ਜੇਕਰ ਸ਼੍ਰੋਮਣੀ ਕਮੇਟੀ ਨੇ ਲੋੜ ਮਹਿਸੂਸ ਨਹੀਂ ਕੀਤੀ ਤਾਂ ਆਖਿਰ ਉਸਨੂੰ ਸਿੱਖ ਮਸਲੇ ਛੱਡਕੇ ਪੰਜਾਬੀ ਭਾਸ਼ਾ ਸੰਮੇਲਨ ਕਰਾਉਣ ਦਾ ਪਰਪੰਚ ਰਚਨ ਦੀ ਲੋੜ ਕਿਉਂ ਪਈ? ਇਸ ਪਿੱਛੇ ਕੀ ਸਵਾਰਥ ਹੈ ?ਇਸ ਪਿਛੇ ਕੌਣ ਲੋਕ ਹਨ ਜਿਹੜੇ ਸਿੱਖੀ ਪਰਚਾਰ ਲਈ ਰੱਖੇ ਪੈਸਿਆਂ ਦੀ ਦੁਰਵਰਤੋਂ ਕਰਨ ਦਾ ਦੁਸ਼-ਕਰਮ ਕਰ ਰਹੇ ਹਨ।
ਅਸਲ ਵਿੱਚ ਤਾਂ ਇਹੋ ਜਿਹੇ ਪ੍ਰੋਗਰਾਮ ਕਰਨ ਪਿੱਛੇ ਹਾਕਮ ਪਾਰਟੀ ਦਾ ਉਦੇਸ਼ ਆਪਣੇ ਲਈ ਵੋਟ ਬੈਂਕ ਇਕੱਤਰ ਕਰਨਾ ਜਾਪਦਾ ਹੈ, ਜਿਸ ਵਲੋਂ ਪਹਿਲਾਂ ਹਰ ਵਰ੍ਹੇ ਪ੍ਰਵਾਸੀ ਭਾਰਤੀ ਸੰਮੇਲਨ ਕਰਕੇ ਵਿਦੇਸ਼ ਵਸਦੇ ਪੰਜਾਬੀਆਂ ਨੂੰ ਪਰਚਾਉਣ ਅਤੇ ਉਨ੍ਹਾਂ ਨੂੰ ਆਪਣੇ ਹੱਕ 'ਚ ਕਰਨ ,ਭਗਤਾਉਣ ਲਈ ਹਰ ਵਰ੍ਹੇ ਵੱਡੀ ਪੱਧਰ ਤੇ ਪ੍ਰਹੁਣਾਚਾਰੀ ਕੀਤੀ ਜਾਂਦੀ ਰਹੀ ਅਤੇ ਪੰਜਾਬੀਆਂ ਤੋਂ ਟੈਕਸ ਰਾਹੀਂ ਇਕੱਤਰ ਕੀਤੇ ਪੈਸੇ ਬੁਰੀ ਤਰ੍ਹਾਂ ਉਡਾਏ ਜਾਂਦੇ ਰਹੇ। ਆਪਣੇ ਹੱਕ ਵਾਲੇ ਵਿਸ਼ੇਸ਼ ਪ੍ਰਵਾਸੀਆਂ ਨੂੰ ਸੱਦਕੇ, ਉਨ੍ਹਾਂ ਦੀ ਆਉ ਭਗਤ ਕਰਕੇ, ਖੁਸ਼ ਕੀਤਾ ਜਾਂਦਾ ਰਿਹਾ ਅਤੇ ਫਿਰ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ, ਉਨ੍ਹਾਂ ਤੋਂ ਵੱਡੇ ਚੰਦੇ ਉਗਰਾਹੇ ਜਾਂਦੇ ਰਹੇ। ਇਹ ਕੰਮ ਹੁਣ ਤੱਕ ਵੀ ਲਗਭਗ ਸਾਰੀਆਂ ਪਾਰਟੀਆਂ ਆਪੋ ਆਪਣੇ ਹਿੱਤਾਂ ਦੀ ਪੂਰਤੀ ਲਈ ਕਰ ਰਹੀਆਂ ਹਨ। ਪ੍ਰਵਾਸੀ ਸੰਮੇਲਨ ਜੋ ਆਖਰੀ ਵੇਰ 2014 'ਚ ਜਲੰਧਰ ਦੇ ਇੱਕ ਪੈਲੇਸ 'ਚ ਕਰਵਾਇਆ ਗਿਆ, ਉਸ ਵਿੱਚ ਘੱਟੋ ਘੱਟ 160 ਪ੍ਰਵਾਸੀ ਪੰਜਾਬੀ ਘੱਟੋ ਘੱਟ ਇੱਕ ਇੱਕ ਲੱਖ ਰੁਪਏ ਖਰਚਕੇ ਸ਼ਾਮਲ ਹੋਏ, ਜਿਨਾਂ ਨੂੰ ਸਰਕਾਰੀ ਅਫਸਰਾਂ ਨੇ ਗੱਲਾਂ ਬਾਤਾਂ 'ਚ ਸਬਜ ਬਾਗ ਦਿਖਾਕੇ ਅਤੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 15 ਜਾਂ ਵੀਹ ਮਿੰਟ ਦਾ ਮਜਾਕੀਆ ਜਿਹਾ ਭਾਸ਼ਨ ਦੇਕੇ ਅਤੇ ਚੰਗਾ ਚੋਖਾ ਦੁਪਿਹਰ ਦਾ ਭੋਜਨ ਖੁਆਕੇ ਤੋਰ ਦਿਤਾ। ਆਖਿਰ ਉਸ ਸੰਮੇਲਨ ਤੋਂ ਵਿੱਚੋਂ ਕਿਸੇ ਨੂੰ ਕੀ ਪ੍ਰਾਪਤੀ ਹੋਈ, ਜਿਹੜੀ ਵਿਸ਼ਵ ਪੰਜਾਬੀ ਭਾਸ਼ਾ ਸਮੇਲਨ ਹੋਏ ਤੋਂ [ਜੇਕਰ ਇਹ ਸੰਪਨ ਹੋ ਗਿਆ ਹੁੰਦਾ ] ਹੋਣੀ ਸੀ। ਆਖ਼ਿਰ 160 ਲੱਖ ਰੁਪਏ ਪ੍ਰਵਾਸੀਆਂ ਦੇ ਅਤੇ ਕਰੋੜਾਂ ਰੁਪਏ ਪੰਜਾਬੀਆਂ ਦੇ ਟੈਕਸ ਦੇ ਪ੍ਰਹੁਣਾਚਾਰੀ ਉਤੇ ਖਰਚ ਕੇ ਸਰਕਾਰ ਜਾਂ ਲੋਕਾਂ ਨੇ ਕੀ ਖੱਟਿਆ? ਪ੍ਰਵਾਸੀ ਸੰਮੇਲਨ ਤੋਂ ਹੁਣ, ਜਦ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ [ਜਿਸ ਵਲੋਂ ਇਹੋ ਜਿਹੇ ਪ੍ਰਵਾਸੀ ਸੰਮੇਲਨ ਬੁਲਾਉਣ ਦੀ ਪਹਿਲ ਕੀਤੀ ਗਈ ਸੀ] ਦੇ ਆਗੂਆਂ ਦਾ ਮੋਹ ਭੰਗ ਹੋਇਆ ਹੈ ਪ੍ਰਵਾਸੀ ਪੰਜਾਬੀ ਉਹਨਾਂ ਨੂੰ ਮੂੰਹ ਨਹੀਂ ਲਗਾ ਰਹੇ ਅਤੇ ਨੇਤਾਵਾਂ ਦੇ ਕੈਨੇਡਾ, ਅਮਰੀਕਾ, ਤੇ ਹੋਰ ਮੁਲਕਾਂ 'ਚ ਦੌਰਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇਤਾਵਾਂ ਅਤੇ ਉਨਾਂ ਦੇ ਪੁੱਠੇ ਕਾਰਨਾਮਿਆਂ ਪ੍ਰਤੀ ਪ੍ਰਵਾਸੀਆਂ ਵਿੱਚ ਕੋਈ ਹਮਦਰਦੀ ਨਹੀਂ ਰਹੀ ਅਤੇ ਉਥੇ ਕੋਈ ਵੀ ਬਹੁਤੇ ਪੰਜਾਬੀ ਨੇਤਾਵਾਂ, ਚੋਧਰੀਆਂ ਨੂੰ ਜੀ ਆਇਆਂ ਨਹੀਂ ਆਖ ਰਿਹਾ। ਇਸੇ ਕਰਕੇ ਸ਼ਾਇਦ ਆਪਣੇ ਬਚੇ-ਖੁਚੇ ਅਧਾਰ ਨੂੰ ਮੁੜ ਜੀਉਦਿਆਂ ਕਰਨ ਲਈ ਇਹ ਨੇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਲੇਟ ਫਾਰਮ ਵਰਤਕੇ ਜਿਸਦਾ ਪ੍ਰਧਾਨ ਮੌਜੂਦਾ ਸਰਕਾਰ ਦੀ ਮਰਜ਼ੀ ਬਿਨਾ ਇੱਕ ਪੈਰ ਵੀ ਨਹੀਂ ਪੁੱਟਦਾ ਪ੍ਰਵਾਸੀਆਂ ਵਿੱਚ ਮੁੜ ਗੁਆਚੀ ਹੋਈ ਆਪਣੀ ਸਾਖ 'ਚ ਵਾਧਾ ਕਰਨ ਦਾ ਯਤਨ ਕਰ ਰਹੇ ਹਨ । ਇੰਜ ਹੀ ਆਪਣੇ ਸਵਾਰਥਾਂ ਦੀ ਪੂਰਤੀ ਹਿੱਤ ਮੌਕਾਪ੍ਰਸਤਾਂ ,ਨੇਤਾਵਾਂ ਅਤੇ ਅਖੌਤੀ ਪੰਜਾਬੀ ਲੇਖਕਾਂ, ਕਥਿਤ ਪੰਜਾਬੀ ਪ੍ਰੇਮੀਆਂ ਨੇ ਕਈ ਵਿਸ਼ਵ ਪੰਜਾਬੀ ਲੇਖਕ ਸੰਮੇਲਨ ਰਚਾਕੇ ਸਮੇਂ ਸਮੇਂ ਵਾਹ-ਵਾਹ ਖੱਟਣ ਦਾ ਯਤਨ ਕੀਤਾ ਅਤੇ ਇਨਾਂ ਕਈ ਸੰਮੇਲਨ ਰਾਹੀਂ ਕਬੂਤਰਬਾਜੀ ਕਰਨ, ਕਰਾਉਣ ਦਾ ਨਾਪਾਕ ਕੰਮ ਵੀ ਕੀਤਾ। ਜਿਸਦੀ ਚਰਚਾ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੀ ਹੀ ਰਹਿੰਦੀ ਹੈ।
ਲੇਖਕ ਸਭਾਵਾਂ, ਲੇਖਕ ਦੀਆਂ ਜਥੇਬੰਦੀਆਂ ਜਾਂ ਅਕਾਡਮੀਆਂ, ਯੂਨੀਵਰਸਿਟੀ ਪੰਜਾਬੀ ਰਸਾਲੇ ,ਅਖਬਾਰਾਂ ਦੇ ਅਦਾਰੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਸਮੇਂ ਸਮੇਂ ਸਮਾਗਮ ਕਰਦੀਆਂ ਹਨ। ਉਨਾਂ ਵਲੋਂ ਕੀਤੇ ਗਈ ਸੁਹਿਰਦ ਯਤਨਾਂ ਦੀ ਪ੍ਰਸੰਸਾ ਵੀ ਹੰਦੀ ਹੈ। ਲੇਖਕ ਵਿਦਵਾਨ, ਪੰਜਾਬੀ ਪ੍ਰੇਮੀ, ਪੰਜਾਬੀ ਹਿਤੈਸ਼ੀ ,ਸਿਰ ਜੋੜਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਯੋਜਨਾਵਾਂ ਉਲੀਕਦੇ ਹਨ, ਇਨ੍ਹਾਂ ਯੋਜਨਾਵਾ ਉਤੇ ਅਮਲ ਵੀ ਹੁੰਦਾ ਹੈ। ਪੰਜਾਬੀ ਬੋਲੀ ਨੂੰ ਪੰਜਾਬ ਦੇ ਸਰਕਾਰੀ ਦਫ਼ੳਮਪ;ਤਰਾਂ 'ਚ ਸਥਾਨ ਮਿਲੇ, ਪੰਜਾਬੀ ਕਰੋਬਾਰੀ ਭਾਸ਼ਾ ਬਣੇ, ਵੱਧ ਤੋਂ ਵੱਧ ਪੰਜਾਬੀ ਇਸ ਨੂੰ ਪੜਣ, ਨਵੀਂ ਤਕਨੀਕ ਦੇ ਯੁਗ 'ਚ ਪੰਜਾਬੀ ਬਾਕੀ ਭਾਸ਼ਾਵਾਂ ਦੇ ਹਾਣ ਦੀ ਬਣੇ ਇਸ ਵਾਸਤੇ ਯਤਨ ਵੀ ਕੀਤੇ ਜਾਂਦੇ ਹਨ। ਸਾਲ 1980 ਵਿੱਚ ਜੂਨ ਦੇ ਮਹੀਨੇ ਪਹਿਲੀ ਵੇਰ ਵਿਸ਼ਵ ਪੰਜਾਬੀ ਲੇਖਕ ਕਾਨਫਰੰਸ ਹੋਈ ਸੀ , ਜਿਸ ਵਿੱਚ ਬਰਤਾਨੀਆ, ਅਮਰੀਕਾ, ਕੈਨੇਡਾ, ਪੂਰਬੀ ਪੰਜਾਬ, ਪੱਛਮੀ ਪੰਜਾਬ ਤੋਂ ਨਾਮਵਰ ਲੇਖਕ ਸ਼ਾਮਲ ਹੋਏ ਸਨ। ਭਾਰਤੀ ਪੰਜਾਬ ਤੋਂ ਸੰਤ ਸਿੰਘ ਸੇਖੋਂ, ਸੁਜਾਨ ਸਿੰਘ,ਵਿਸ਼ਵਾਨਾਥ ਤਿਵਾੜੀ ਸਮੇਤ 50 ਲੇਖਕ ਇਸ ਵਿੱਚ ਸ਼ਾਮਲ ਹੋਏ ।ਇਸ ਲੇਖ ਦਾ ਲੇਖਕ ਵੀ ਇਸ ਵਿੱਚ ਸ਼ਾਮਲ ਸੀ। ਬਰਤਾਨੀਆਂ ਦੇ ਬਹੁ-ਗਿਣਤੀ ਲੇਖਕਾਂ, ਸਥਾਨਕ ਪੰਜਾਬੀਆਂ ਖਾਸ ਕਰਕੇ ਗੁਰੂ-ਘਰਾਂ ਤੋਂ ਇਸ ਸੰਮੇਲਨ ਨੂੰ ਵਿਆਪਕ ਸਹਿਯੋਗ ਸਹਾਇਤਾ ਵੀ ਮਿਲੀ ਸੀ, ਪਰ ਵਿਸ਼ਵ ਪੱਧਰ ' ਤੇ ਬਾਅਦ 'ਚ ਕੀਤੀਆਂ ਗਈਆਂ ਬਹੁਤੀਆਂ ਲੇਖਕ ਕਾਨਫਰੰਸਾਂ ਉਥੇ ਵਸਦੇ ਕਾਰੋਬਾਰੀਆਂ ਦੇ ਪ੍ਰਛਾਵੇ ਹੇਠ ਕੀਤੀਆਂ ,ਕਰਵਾਈਆਂ ਗਈਆਂ, ਜਿਨ੍ਹਾਂ ਉਤੇ ਆਪਣੀ ਚੌਧਰ ਚਮਕਾਉਣ ਅਤੇ ਆਪਣੇ ਬੰਦੇ ਚੋਰ-ਮੋਰੀ ਰਾਹੀਂ ਵਿਦੇਸ਼ਾਂ 'ਚ ਪਹੁੰਚਾਉਣ ਦੇ ਇਲਜ਼ਾਮ ਲੱਗੇ। ਇਹੋ ਜਿਹੀਆਂ ਵਿਸ਼ਵ ਸੰਮੇਲਨ ਕਾਨਫਰੰਸਾਂ, ਸੰਮੇਲਨ ਹੁਣ ਵੀ ਵੱਖੋ-ਵੱਖਰੇ ਅਦਾਰਿਆਂ, ਸੰਸਥਾਵਾਂ ਵਲੋਂ ਕੀਤੀਆ ਜਾ ਰਹੀਆਂ ਹਨ, ਜਿਹਨਾ ਦੀ ਨਾ ਤਾਂ ਪੰਜਾਬੀ ਹਲਕਿਆਂ 'ਚ ਕੋਈ ਜਾਣ ਪਹਿਚਾਣ ਹੈ, ਨਾ ਹੀ ਉਨ੍ਹਾਂ ਦੀ ਪੰਜਾਬੀ ਸਹਿਤ ਨੂੰ ਕੋਈ ਦੇਣ ਹੈ। ਇਹੋ ਜਿਹੀਆਂ ਵਿਸ਼ਵ ਕਾਨਫਰੰਸਾਂ, ਦੀ ਸਥਿਤੀ ਉਸ ਵੇਲੇ ਹਾਸੋ ਹਣੀ ਹੁੰਦੀ ਜਾਪਦੀ ਹੈ, ਜਦੋਂ ਇੱਕ ਸਧਾਰਨ ਜਿਹੇ ਹਾਲ ਵਿਚ ਗਿਣਤੀ ਦੇ ਬੰਦੇ ਇਕੱਠੇ ਹੋਕੇ ਫੋਟੋ ਖਿਚਵਾਉਂਦੇ, ਇੱਕ ਦੂਜੇ ਦੀਆਂ ਸਿਫਤਾਂ ਕਰਦੇ ਅਤੇ ਅਖਬਾਰਾਂ, ਮੈਗਜੀਨਾਂ ਵਿੱਚ ਰਿਪੋਰਟਾਂ ਛਪਵਾਕੇ ਆਪਣੀ ਹਊਮੈ ਨੂੰ ਪੱਠੇ ਪਾਉਂਦੇ ਹਨ! ਕਿੰਨੀਆਂ ਕੁ ਪੰਜਾਬੀ ਵਿਸ਼ਵ ਕਾਨਫਰੰਸਾਂ ਵਲੋਂ ਸੱਚੀਂ ਮੁੱਚੀਂ ਦੇ ਵਿਦਵਾਨਾਂ ਤੋਂ ਪੰਜਾਬੀ ਬੋਲੀ, ਸਾਹਿਤ, ਸਭਿਆਚਾਰ ਸਬੰਧੀ ਲਿਖੇ ਖੋਜ ਪੱਤਰ ਛਾਪੇ ਗਏ, ਉਨ੍ਹਾਂ ਤੇ ਸਾਰਥਕ ਚਰਚਾ ਹੋਈ। ਪਿਛਲੇ ਦਹਾਕੇ ਲਗਭਗ ਹਰ ਵਰ੍ਹੇ ਇਹੋ ਜਿਹੇ ਸਧਾਰਨ ਜਿਹੇ ਇਕੱਠ ਕੈਨੇਡਾ, ਅਮਰੀਕਾ ਦੇ ਵੱਡੇ ਸ਼ਹਿਰਾਂ 'ਚ ਕਰਵਾਏ ਗਏ ਜਿਨ੍ਹਾਂ ਨੂੰ ਵਿਸ਼ਵ ਸੰਮੇਲਨਾਂ ਦਾ ਨਾਮ ਦਿੱਤਾ ਗਿਆ, ਕੀ ਭਾਰਤੀ ਪੰਜਾਬੋਂ, ਪਾਕਿਸਤਾਨੀ ਪੰਜਾਬੋਂ ਕੁਝ ਲੇਖਕ ਸੱਦਕੇ ਦੋ ਦਿਨ ਉਨ੍ਹਾਂ ਦੀ ਪ੍ਰਾਹੁਣਾਚਾਰੀ ਕਰਕੇ, ਦੋ ਚਾਰ ਦਰਜਨ ਪੰਜਾਬੀ ਪ੍ਰੇਮੀ ਸੱਦਕੇ, ਇਕੱਠ ਕੀਤਾ ਵਿਖਾਕੇ ਉਸ ਸਮਾਗਮ ਨੂੰ ,ਵਿਸ਼ਵ ਸੰਮੇਲਨ ਦਾ ਨਾਮ ਦੇਣਾ ਜਾਇਜ਼ ਹੈ? ਭਵਿੱਖ ਵਿੱਚ ਕੀਤੀਆ ਜਾਣ ਵਾਲੀਆਂ ਇਹੋ ਜਿਹੀਆਂ ਮੀਟਿੰਗਾਂ ਜਾਂ ਕਥਿਤ ਵਿਸ਼ਵ ਕਾਨਫਰੰਸਾਂ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਸੋਚਣ ਦੀ ਲੋੜ ਹੈ। ਜਿਹੜੇ ਸਿਰਫ ਅਖਬਾਰਾਂ 'ਚ ਖਬਰਾਂ ਲਿਆਉਣ ਦੀ ਖਾਤਰ ਪਹਿਲਾਂ ਪੰਜਾਬ 'ਚ ਆਕੇ ਆਪਣੇ ਚਹੇਤਿਆਂ ਦੀ ਮੀਟਿੰਗ ਕਰਕੇ ''ਵਿਸ਼ਵ ਸੰਮੇਲਨ" ਕਰਨ ਦਾ ਐਲਾਨ ਕਰਦੇ ਹਨ ਅਤੇ ਫਿਰ ਉਧਰ ''ਪੰਜਾਬੀ ਪ੍ਰੇਮੀ " ਪੰਜਾਬੀਆਂ ਦੇ ਜਜ਼ਬਿਆਂ ਨਾਲ ਖੇਡਕੇ ਉਨ੍ਹਾਂ ਦੀ ਕਮਾਈ 'ਚੋਂ ਪੈਸੇ ਕਢਵਾਕੇ ਆਪਣੇ ਹਊਮੈ ਨੂੰ ਪੱਠੇ ਪਾਉਣ ਜਾਂ ਸਵਾਰਥ ਸਿੱਧੀ ਲਈ ਜਾਂ ਲੇਖਕਾਂ ਵਿਚ ਆਪਣਾ ''ਗੁੱਟ" ਮਜ਼ਬੂਤ ਕਰਨ ਲਈ ਇਹ ਸੰਮੇਲਨ ਕਰਦੇ ਹਨ, ਉਵੇਂ ਹੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਕਮ ਧਿਰ ਦੇ ਇਸ਼ਾਰੇ 'ਤੇ ਪੰਜਾਬ ਵਿਚਲੀ ਹੋ ਰਹੀ ਅਗਾਮੀ ਚੋਣ ਤੋਂ ਪਹਿਲਾਂ ਆਪਣੀ ਸਵਾਰਥ ਸਿੱਧੀ ਲਈ ਵਿਸ਼ਵ ਭਾਸ਼ਾ ਕਾਨਫਰੰਸ ਕਰਨਾ ਮਿਥਿਆ ਹੋਇਆ ਹੈ।
ਚੰਗਾ ਹੋਵੇਗਾ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨਿਰਧਾਰਤ ਕਾਰਜਾਂ ਵੱਲ ਧਿਆਨ ਦੇਵੇ ਅਤੇ ਬਿਨਾ ਕਾਰਨ ਆਪਣੇ ਵਕਾਰ ਨੁੰ ਤਬਾਹ ਕਰਨ ਵਾਲੇ ਕੰਮ ਨਾ ਕਰੇ ਕਿਉਂਕਿ ਉਹ ਪਹਿਲਾਂ ਹੀ ਗੁਰੂ ਦੀ ਗੋਲਕ ਫਜ਼ੂਲ ਲੁਟਾਉਣ ਕਾਰਨ ਵਿਵਾਦਾਂ ਦੇ ਘੇਰੇ 'ਚ ਫਸੀ ਹੋਈ ਹੋਈ ਹੈ।ਵਿਦੇਸ਼ਾਂ 'ਚ ਪੰਜਾਬੀ ਭਾਸ਼ਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਜੇਕਰ ਕੋਈ ਸਾਹਿਤਕ ਸਮਾਗਮ ਕਰਨੇ ਜ਼ਰੂਰੀ ਹੀ ਹੋਣ ਤਾਂ ਉਹ ਉਸ ਵੇਲੇ ਹੀ ਵਿਸ਼ਵ ਸੰਮੇਲਨ , ਵਿਸ਼ਵ ਕਾਨਫਰੰਸ ਦਾ ਉਨ੍ਹਾਂ ਸਮਾਗਮਾਂ ਨੁੰ ਨਾਮ ਦੇਣ ਜੇਕਰ ਵੱਖੋ- ਵੱਖਰੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ,ਕੇਂਦਰੀ ਲੇਖਕ ਸਭਾਵਾਂ , ਸਾਹਿਤਕ ਅਕਾਦਮੀਆਂ ਦੇ ਨੁਮਾਇੰਦਿਆਂ ਅਤੇ ਵੱਖੋ-ਵੱਖਰੇ ਦੇਸ਼ਾਂ 'ਚ ਵਸਦੇ ਪ੍ਰਸਿੱਧ ਪੰਜਾਬੀ ਲੇਖਕਾਂ ਦੀ ਹਾਜ਼ਰੀ ਉਸ ਵਿੱਚ ਯਕੀਨੀ ਬਣਾ ਲਈ ਗਈ ਹੋਵੇ ।ਇਸ ਦੇ ਨਾਲ ਹੀ ਉਨ੍ਹਾਂ ਦੇ ਕਾਨਫਰੰਸ ਵਿੱਚ ਆਉਣ ਜਾਣ ਦੇ ਖਰਚ ਲਈ ਪ੍ਰਬੰਧ ਵੀ ਉਹ ਸੰਸਥਾ ਕਰੇ। ਇਹੋ ਜਿਹੀਆਂ ਪੰਜਾਬੀ ਲੇਖਕ ਕਾਨਫਰੰਸਾਂ 5 ਸਾਲਾਂ ਬਾਦ ਹੀ ਆਯੋਜਿਤ ਹੋਣ , ਜਿਥੇ ਨਾਮ ਵਰ ਪੰਜਾਬੀ ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇ ਅਤੇ ਪਜਾੰਬੀ ਸਾਹਿਤ ਦੀਆਂ ਵੱਖੋ ਵੱਖਰੀਆਂ ਵੰਨਗੀਆਂ 'ਚ ਰਚੇ ਸਾਹਿਤ ਵੀ ਭਰਪੂਰ ਚਰਚਾ ਵੀ ਹੋਵੇ। ਇਹੋ ਜਿਹੀਆਂ ਕਾਨਫਰੰਸਾਂ ਸਿਰਫ ਚਮਚਾਗਿਰੀ ਕਰਨ ਵਾਲੇ , ਹਲਕੇ ਫੁਲਕੇ ਲੇਖਕਾਂ ਲਈ ਵਿਦੇਸ਼ਾਂ 'ਚ ਕਬੂਤਰਬਾਜੀ ਕਰਨ ਜਾਂ ਉਨ੍ਹਾਂ ਦੇ ਵੀਜ਼ੇ ਲਗਾਉਣ ਲਈ ਜਾਂ ਸੈਰ-ਸਪਾਟੇ ਦਾ ਰਾਹ ਖੋਲ੍ਹਣ ਲਈ ਕਰਵਾਕੇ ਬਿਨ੍ਹਾਂ ਕਾਰਨ ਵਿਵਾਦਾਂ 'ਚ ਨਾ ਪਿਆ ਜਾਵੇ।ਇਹੀ ਇਨ੍ਹਾਂ ਪੰਜਾਬ ਹਿਤੈਸ਼ੀ ਸੰਸਥਾਵਾਂ ਦੀ ਪੰਜਾਬੀ ਭਾਸ਼ਾ, ਸਾਹਿਤ ਪ੍ਰਤੀ ਅਦਭੂਤ ਸੇਵਾ ਹੋਵੇਗੀ।

27 June 2016