ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

28 Sep. 2020

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹੀ ਛੁੱਟੀ ਦਿਤੀ- ਦਲਜੀਤ ਸਿੰਘ ਚੀਮਾ
ਕਿ ਜਿਸ ਦੀ ਮਰਜ਼ੀ ਦਸਤਾਰ ਉਤਾਰੋ ਤੇ ਡਾਂਗਾਂ ਮਾਰੋ।

ਅਖੀਰ ਐਨ.ਡੀ.ਏ. ‘ਚੋਂ ਬਾਹਰ ਹੋਇਆ ਅਕਾਲੀ ਦਲ- ਇਕ ਖ਼ਬਰ
ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।

ਸੰਸਦ ਮੈਂਬਰਾਂ ਦੇ ਬੰਗਲਿਆਂ ‘ਚ ਚੋਰੀ ਦੀਆਂ ਵਾਰਦਾਤਾਂ- ਇਕ ਖ਼ਬਰ
ਚੋਰਾਂ ਨੂੰ ਮੋਰ।

ਖੇਤੀ ਬਾੜੀ ਬਿਲ ਵਿਚ ਕਿਸਾਨ ਵਿਰੋਧੀ ਕੁਝ ਵੀ ਨਹੀਂ- ਅਸ਼ਵਨੀ ਕੁਮਾਰ
ਖਵਾਜੇ ਦਾ ਗਵਾਹ ਡੱਡੂ।

‘ਚੱਕਾ ਜਾਮ’ ਪ੍ਰੋਗਰਾਮ ‘ਚ ਪਾਰਟੀ ਦੀ ਢਿੱਲੀ ਕਾਰਗੁਜ਼ਾਰੀ ਤੋਂ ਸੁਖਬੀਰ ਖ਼ਫ਼ਾ- ਇਕ ਖ਼ਬਰ
ਸਦਾ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਬਾਗ਼ ਬਹਾਰਾਂ।

ਕੈਪਟਨ ਨੂੰ ਕਿਸਾਨਾਂ ਦੀ ਏਨੀ ਹੀ ਫਿਕਰ ਹੈ ਤਾਂ ਆਪਣਾ ਅਸਤੀਫ਼ਾ ਦੇਵੇ- ਬੀਬੀ ਬਾਦਲ
ਤੇਰੇ ਅਸਤੀਫ਼ੇ ਨੇ ਕਿਹੜੀ ਕੰਧ ਢਾਅ ਦਿਤੀ ਬੀਬੀ।

ਭਾਜਪਾ ਨਾਲੋਂ ਵੱਖ ਹੋ ਕੇ ਅਕਾਲੀ ਦਲ ਹੁਣ ਦੁੱਧ ਧੋਤਾ ਨਹੀਂ ਹੋ ਗਿਆ- ਸੁਖਜਿੰਦਰ ਸਿੰਘ ਰੰਧਾਵਾ
ਕਾਲੇ ਕਾਂ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ।

ਕਿਸਾਨਾਂ ਨੂੰ ਇਕੱਲਿਆਂ ਛੱਡ ਕੇ ਭੱਜੇ ਕੈਪਟਨ- ਦਲਜੀਤ ਸਿੰਘ ਚੀਮਾ
ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਉ ਬਹਿਰੂਪੀਉ।

ਭਰੋਸਾ ਗੁਆ ਚੁੱਕੇ ਆਗੂਆਂ ਦੀ ਅਗਵਾਈ ਨਹੀਂ ਕਬੂਲਦੇ ਪੰਜਾਬ ਦੇ ਲੋਕ- ਭਗਵੰਤ ਮਾਨ
ਇਹਨਾਂ ਸੋਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

ਅਕਾਲੀ ਦਲ ਨੇ ਗੱਠਜੋੜ ਤੋੜ ਕੇ ਗ਼ਲਤੀ ਕੀਤੀ-ਮਿੱਤਲ
ਤੋੜ ਕੇ ਛੜੇ ਨਾਲ਼ ਯਾਰੀ, ਫਿਰ ਪਛਤਾਵੇਂਗੀ।

ਪ੍ਰਧਾਨ ਮੰਤਰੀ ਅਤੇ ਭਾਜਪਾ ਅਕਾਲੀ ਦਲ ਦੀ ਰੱਤੀ ਵੀ ਪਰਵਾਹ ਨਹੀਂ ਕਰਦੇ- ਕੈਪਟਨ
ਪੱਕੀ ਇੱਟ ਵਰਗਾ ਬਹੁਮੱਤ ਹੁੰਦਿਆਂ ਉਹਨਾਂ ਅਕਾਲੀਆਂ ਤੋਂ ਛਿੱਕੂ ਲੈਣੈ।

ਫਰੀਕੋਟ ਜ਼ਿਲ੍ਹੇ ਦੀ ਭਾਜਪਾ ਦੇ ਉਪ ਪ੍ਰਧਾਨ ਨੇ ਖੇਤੀ ਬਿੱਲਾਂ ਦੇ ਰੋਸ ਵਜੋਂ ਦਿਤਾ ਅਸਤੀਫ਼ਾ-ਇਕ ਖ਼ਬਰ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਦੇਸ਼ ਨੂੰ ਰੜਕ ਰਹੀ ਹੈ ਮਨਮੋਹਨ ਸਿੰਘ ਦੀ ਕਮੀ- ਰਾਹੁਲ ਗਾਂਧੀ
ਸਰਵਣ ਵੀਰ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗੱਠੜੀ।

ਅਕਾਲੀਆਂ ਦੇ ਧਰਨਿਆਂ ਨੂੰ ਸਫ਼ਲ ਬਣਾਉ- ਲੌਂਗੋਵਾਲ
ਕਿਸਾਨਾਂ ਦੇ ਧਰਨੇ ਕਹਿੰਦਿਆਂ ਤੇਰੇ ਮੂੰਹ ‘ਚ ਛਾਲੇ ਪੈਦੇ ਸੀ।

ਸਾਰੇ ਇਕਜੁੱਟ ਹੋਣ ਮੈਂ ਅਗਵਾਈ ਕਰਾਂਗਾ- ਅਮਰਿੰਦਰ ਸਿੰਘ
ਰਹਿਣ ਦੇ ਯਾਰ ਗੱਲ ਕਰਦਿਆਂ ਤਾਂ ਤੈਨੂੰ ਸਾਹ ਚੜ੍ਹ ਜਾਂਦੈ।