ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ ਪੰਜਾਬ ਦੀ ਅਗਲੀ ਸਰਕਾਰ ਬਨਾਉਣ ਵਿੱਚ - ਗੁਰਮੀਤ ਸਿੰਘ ਪਲਾਹੀ
ਆਮ ਆਦਮੀ ਪਾਰਟੀ ਦੇ ਸਰਬੋ-ਸਰਬਾ ਅਰਵਿੰਦ ਕੇਜਰੀਵਾਲ ਨੇ ਤਿੰਨ ਜੁਲਾਈ 2016 ਨੂੰ ਅੰਮ੍ਰਿਤਸਰ ਪੁੱਜਕੇ ਇੱਕ ਸਮਾਗਮ ਦੌਰਾਨ ਆਪਣੀ ਪਾਰਟੀ ਦੀ ਚੋਣ-ਮੁਹਿੰਮ ਦਾ ਆਰੰਭ ਕੀਤਾ । ਭਾਵੇਂ ਕਿ ਪੰਜਾਬ ਦੀਆਂ ਲਗਭਗ ਸਾਰੀਆਂ ਪਾਰਟੀਆਂ ਪੰਜਾਬ ਚੋਣਾਂ ਲਈ ਪਹਿਲਾਂ ਹੀ ਪੱਬਾਂ-ਭਾਰ ਹੋਈਆਂ, ਇੱਕ ਦੂਜੀ ਰਾਜਨੀਤਕ ਪਾਰਟੀ ਨਾਲ ਤਾਹਨੇ-ਮਿਹਣੇ ਹੋਈਆਂ ਪਈਆਂ ਹਨ ਅਤੇ ਇੱਕ ਦੂਜੇ ਦੇ ਨੇਤਾ ਦੇ ਗੁਣਾਂ-ਅਵਗੁਣਾਂ ਦੇ ਪੋਤੜੇ ਫੋਲਣ ਦੇ ਆਹਰ ਵਿੱਚ ਲੱਗੀਆਂ ਹੋਈਆਂ ਹਨ। ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਚੋਣ ਮੁਹਿੰਮ ਦੇ ਆਰੰਭ ਵਜੋਂ ਪੰਜਾਬ ਦੇ ਨੌਜਵਾਨਾਂ ਦੀ ''ਵਿਸ਼ੇਸ਼ ਭੂਮਿਕਾ ਵਜੋਂ ਆਮ ਆਦਮੀ ਪਾਰਟੀ ਦਾ ''ਯੂਥ ਮੈਨੀਫੈਸਟੋ" ਸਭ ਤੋਂ ਪਹਿਲਾ ਰਲੀਜ਼ ਕੀਤਾ ਭਾਵੇਂ ਕਿ ਆਮ ਆਦਮੀ ਪਾਰਟੀ ਵਲੋਂ ਕਿਸਾਨਾਂ , ਦਲਿਤਾਂ , ਔਰਤਾਂ ਅਤੇ ਹਰ ਵਰਗਾਂ ਲਈ ਮੈਨੀਫੈਸਟੋ ''ਪੰਜਾਬ ਡਾਇਲਾਗ" ਟੀਮ ਵਲੋਂ ਪੂਰੇ ਪੰਜਾਬ 'ਚ ਘੁੰਮ ਫਿਰਕੇ, ਮੀਟਿੰਗਾਂ ਕਰਕੇ, ਲੋਕਾਂ ਦੀ ਰਾਏ ਜਾਣਕੇ ਤਿਆਰ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਪਹਿਲਾਂ ਹੀ ਨੌਜਵਾਨ ਫਰੰਟ ਉਤੇ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਆਪਣੇ ਵਿਦਿਆਰਥੀ ਵਿੰਗਾਂ ਅਤੇ ਨੌਜਵਾਨ ਸਭਾਵਾਂ ਦੇ ਫਰੰਟ 'ਤੇ ਨੌਜਵਾਨਾਂ ਦੀਆ ਸਮੱਸਿਆਵਾਂ ਦੀ ਪੁਣ-ਛਾਣ ਕਰਕੇ ਉਨਹਾਂ ਨੂੰ ਇੱਕ ਝੰਡੇ ਥੱਲੇ ਕਰਨ ਦੇ ਆਹਰ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ [ਬ] ਵਲੋਂ ਵਿਦਿਆਰਥੀ ਅਤੇ ਨੌਜਵਾਨਾਂ ਦੇ ਫਰੰਟ ਉਤੇ ਪਹਿਲ ਕਦਮੀ ਕਰਦਿਆਂ ਭਾਰੀ ਭਰਕਮ ਆਹੁਦੇਦਾਰਾਂ ਦੀਆਂ ਲਿਸਟਾਂ ਜਾਰੀ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੇ ਉਪਰਾਲੇ ਹੋ ਰਹੇ ਹਨ ਅਤੇ ਰਾਜਨੀਤਕ ਪਾਰਟੀਆਂ ਵਲੋਂ ਸੋਸ਼ਲ ਮੀਡੀਆ ਪ੍ਰਚਾਰ ਰਾਹੀਂ ਸਿਖਿਅਤ ਆਈ. ਟੀ ਨੌਜਵਾਨਾਂ ਦੀਆਂ ਸੇਵਾਵਾਂ ਲੈ ਕੇ ਉਨ੍ਹਾਂ ਨੂੰ ਆਪੋ ਆਪਣੇ ਪ੍ਰੋਗਾਮ ਪਰੋਸਣ ਦਾ ਭਰਵਾਂ ਯਤਨ ਹੋ ਰਿਹਾ ਹੈ। ਹਾਕਮ ਪਾਰਟੀ ਪੁਰਜੋਰ ਕੋਸ਼ਿਸ਼ ਕਰ ਰਹੀ ਹੈ ਕਿ ਵੱਖੋ-ਵੱਖਰੇ ਵਿਭਾਗਾਂ ਵਿੱਚ ਖਾਲੀ ਪਈਆਂ ਸਰਕਾਰੀ ਅਸਾਮੀਆਂ ਜਿੰਨੀ ਛੇਤੀ ਹੋ ਸਕੇ ਭਰ ਲਈਆਂ ਜਾਣ, ਜਿਸ ਵਾਸਤੇ ਪੰਜਾਬ ਪੁਲਿਸ ਵਿੱਚ 7000 ਅਸਾਮੀਆਂ, [ ਇਨ੍ਹਾਂ ਅਸਾਮੀਆਂ ਵਾਸਤੇ ਪੰਜਾਬ ਦੇ ਲਗਭਗ 6 ਲੱਖ ਨੌਜਵਾਨਾਂ ਨੇ ਅਪਲਾਈ ਕੀਤਾ ਹੈ।] ਸਿੱਖਿਆ ਵਿਭਾਗ ਦੀਆਂ 12000 ਅਸਾਮੀਆਂ ਅਤੇ ਹੋਰ ਵਿਭਾਗਾਂ ਵਿੱਚ ਵੀ ਸੈਂਕੜੇ ਅਸਾਮੀਆਂ ਜੰਗੀ ਪੱਧਰ ਉੱਤੇ ਭਰਨ ਲਈ ਜੰਗੀ ਪੱਧਰ ਉੱਤੇ ਕੋਸ਼ਿਸਾਂ ਜਾਰੀ ਹਨ। ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਵੀ ਨੌਜਵਾਨਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਅੱਗੇ ਲਿਆਉਣ ਲਈ ਯਤਨ ਜਾਰੀ ਹਨ ਅਤੇ ਪੰਜਾਬ ਕਾਂਗਰਸ ਨੇ ਤਾਂ ਪੰਜਾਬ ਚੋਣਾਂ ਵਿੱਚ 40% ਨੌਜਵਾਨਾਂ ਨੂੰ ਵਿਧਾਨ ਸਭਾ ਚੋਣਾਂ, [ਆਪਣੇ ਨੌਜਵਾਨ ਰਾਸ਼ਟਰੀ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਆਦੇਸ਼ ਉੱਤੇ] ਵਿੱਚ ਉਮੀਦਵਾਰ ਉਤਾਰਨ ਲਈ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ, ਜਿਸ ਵਾਸਤੇ ਜਿਥੇ ਕਾਂਗਰਸ ਪਾਰਟੀ ਆਗੂਆਂ ਵੱਲੋਂ, ਆਪਣੇ ਨੌਜਵਾਨ ਪੁਤਰਾਂ, ਪੁਤਰੀਆਂ,ਨੌਜਵਾਨ ਰਿਸ਼ਤੇਦਾਰਾਂ ਨੂੰ ਅੱਗੇ ਲਿਆਉਣ ਲਈ ਵਿਊਂਤਾਂ ਗੁੰਦੀਆਂ ਜਾ ਰਹੀਆਂ ਹਨ, ਉਥੇ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਦਾ ਲਾਲਚ ਦੇਕੇ ਬਹੁਜਨ ਸਮਾਜ ਪਾਰਟੀ, ਡਾ. ਅੰਬੇਦਕਰ ਸੈਨਾ ਜਿਹੀਆਂ ਪਾਰਟੀਆਂ ਤੇ ਜੱਥੇਬੰਦੀਆਂ ਦੇ ਸਰਗਰਮ ਨੌਜਵਾਨ ਕਾਰਕੁੰਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਕਿ ਅਨੂਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਦੇ ਵੋਟ ਬਟੋਰੇ ਜਾ ਸਕਣ, ਜਿਨ੍ਹਾਂ ਦੀ ਇਨ੍ਹਾਂ ਚੋਣਾਂ 'ਚ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ।
ਪੰਜਾਬ ਦਾ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਚਰਚਾ 'ਚ ਹੈ। ਜਿਥੇ ਪੰਜਾਬ ਦੀ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਚ ਗ੍ਰਸਤ ਦਸਕੇ, ਰਾਜਨੀਤਕ ਪਾਰਟੀਆਂ ਸਿਆਸਤ ਕਰ ਰਹੀਆਂ ਹਨ, ਉਥੇ ਨਸ਼ਾ ਤਸਕਰੀ ਦੇ ਮੁੱਦੇ ਨੂੰ ਲੁਕੋ ਕੇ, ਸਿਰਫ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਕੋਈ ਸਿਆਸੀ ਚਾਲ ਵੀ ਚੱਲੀ ਜਾ ਰਹੀ ਹੈ। ਬਿਨ੍ਹਾ-ਸ਼ੱਕ ਪੰਜਾਬ ਦਾ ਨੌਜਵਾਨ ਬੇ-ਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ, ਮਹਿੰਗੀ ਪੜ੍ਹਾਈ ਕਰਕੇ ਵੀ ਉਸਨੂੰ ਨੌਕਰੀ ਨਹੀਂ ਮਿਲਦੀ, ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਨੂੰ ਭੱਜਣ ਲਈ ਉਸਨੂੰ ਮਜ਼ਬੂਰ ਕਰ ਦਿਤਾ ਗਿਆ ਹੈ, ਜਾਂ ਭਟਕੇ ਹੋਏ, ਉਪਰਾਮ ਹੋਏ ਯੁਵਕ ਗੈਂਗ ਟੋਲਿਆਂ ਵਿੱਚ ਵੀ ਸ਼ਾਮਲ ਹੋ ਰਹੇ ਹਨ, ਪਰ ਵੱਡੀ ਗਿਣਤੀ ਨੌਜਵਾਨ ਸ਼ਹੀਦ ਭਗਤ ਸਿੰਘ ਦੇ ਵਾਰਿਸ ਬਣਕੇ ਪੰਜਾਬ ਦੀ ਮੌਜੂਦਾ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਵੱਖੋ-ਵੱਖਰੀਆਂ ਰਾਜਨੀਤਕ ਪਾਰਟੀਆਂ, ਗੁੱਟਾਂ, ਪੰਜਾਬ ਹਿਤੈਸ਼ੀ ਸੰਸਥਾਵਾਂ 'ਚ ਸ਼ਾਮਲ ਹੋ ਕੇ ਪੰਜਾਬ 'ਚ ਪੰਜਾਬ ਹਿਤੂ, ਲੋਕ-ਭਲਾਈ ਵਾਲੀ ਸਰਕਾਰ ਲਿਆਉਣ ਲਈ ਸੰਘਰਸ਼ਸ਼ੀਲ ਹਨ ਤਾਂ ਕਿ ਪੰਜਾਬ 'ਚ ਵੱਧ ਰਹੀ ਬੇਰੁਗ਼ਗਾਰੀ, ਕੁਨਬਾਪਰਵਰੀ, ਭ੍ਰਿਸ਼ਟਾਚਾਰ, ਅਫਸਰਸ਼ਾਹੀ, ਬਾਬੂਸ਼ਾਹੀ ਦੇ ਆਪ-ਹੁਦਰੇਪਨ ਨੂੰ ਨੱਥ ਪਾਈ ਜਾ ਸਕੇ।
ਲਗਭਗ ਹਰ ਰਾਜਨੀਤਕ ਪਾਰਟੀ ਸਮੇਤ ਆਮ ਆਦਮੀ ਅਤੇ ਕਾਂਗਰਸ ਪਾਰਟੀ ਵਲੋਂ ਸਿੱਖਿਆ, ਸਿਹਤ, ਨਸ਼ਿਆਂ, ਬੇਰੁਜ਼ਗਾਰੀ ਅਤੇ ਖੇਡਾਂ ਪ੍ਰਤੀ ਪੰਜਾਬ 'ਚ ਹੋ ਰਹੀ ਦੁਰਦਸ਼ਾ ਦਾ ਖਾਸ ਨੋਟਿਸ ਲਿਆ ਜਾ ਰਿਹਾ ਹੈ। ਹਾਕਮ ਧਿਰ ਵੀ ਇਨ੍ਹਾਂ ਮੁੱਦਿਆਂ ਪ੍ਰਤੀ ਆਪਣਾ ਪੱਖ ਪੇਸ਼ ਕਰਨ ਅਤੇ ਇਨ੍ਹਾਂ ਖੇਤਰਾਂ 'ਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਇਸ ਸਮੇਂ ਪੰਜਾਬ ਵਿੱਚ ਅਧਿਆਪਕਾਂ ਦੀਆਂ ਸਵਾ ਲੱਖ ਪੋਸਟਾਂ ਹਨ, ਜਿਨ੍ਹਾਂ ਵਿੱਚੋਂ 30,000 ਖਾਲੀ ਹਨ। ਪ੍ਰਾਇਮਰੀ ਅਧਿਆਪਕਾਂ ਦੀਆਂ 43000 ਪੋਸਟਾਂ ਵਿੱਚੋਂ 11000 ਖਾਲੀ ਹਨ। ਆਈ.ਟੀ.ਆਈ. ਵਿਚ 14000 ਸੀਟਾਂ ਇਸ ਵਰ੍ਹੇ ਆਈ.ਟੀ.ਆਈ. ਟਰੇਂਨਰ ਇਨ੍ਹਾਂ ਸੰਸਥਾਵਾਂ ਵਿੱਚ ਉਪਲੱਬਧ ਨਾ ਹੋਣ ਕਾਰਨ ਖਾਲੀ ਰਹੀਆਂ। ਪੰਜਾਬ ਦੇ ਨੌਜਵਾਨਾਂ ਨੂੰ ਪੜਾਈ ਲਈ ਪ੍ਰਾਈਵੇਟ ਖੇਤਰ 'ਚ ਖੁਲ੍ਹੀਆਂ ਯੂਨੀਵਰਸੀਟੀਆਂ ਦੀ ਲੁੱਟ ਦਾ ਸ਼ਿਕਾਰ ਤਾਂ ਹੋਣਾ ਹੀ ਪਿਆ, ਸਰਕਾਰ ਨੇ ਵੀ ਪਿਛਲੇ ਪੰਜਾਂ ਸਾਲਾਂ ਵਿੱਚ ਟੀ.ਈ.ਟੀ, ਪ੍ਰੀਖਿਆਵਾਂ[ਜੋ ਸਰਕਾਰੀ ਅਧਿਆਪਕ ਭਰਤੀ ਕਰਨ ਲਈ ਯੋਗਤਾ ਪਰਖਣ ਲਈ ਕੀਤੀਆਂ ਜਾਂਦੀਆਂ ਹਨ] ਨਾਲ 120 ਕਰੋੜ ਕਮਾਏ, ਪਰ ਨੌਕਰੀਆਂ ਇਨ੍ਹਾਂ ਵਿੱਚੋ ਮਸਾਂ ਸੈਂਕੜੇ ਅਧਿਆਪਕ ਹੀ ਲੈ ਸਕੇ।ਕੁਝ ਨੌਜਵਾਨ ਜਿਹੜੇ ਸਿਹਤ ਵਿਭਾਗ ਵਿੱਚ ਫਾਰਮਾਸਿਸਟ ਵਜੋਂ ਜਾਂ ਹੋਰ ਟੈਕਨੀਕਲ ਪੋਸਟਾਂ ਉਤੇ ਠੇਕੇਦਾਰੀ ਸਿਸਟਮ ਅਧੀਨ ਭਾਰਤੀ ਵੀ ਕੀਤੇ ਗਏ, ਉਹ ਰੈਗੂਲਰ ਹੋਣ ਲਈ ਨਿੱਤ ਸੰਘਰਸ਼ ਦੇ ਰਾਹ ਪਏ ਹੋਏ ਹਨ। ਇਸੇ ਤਰ੍ਹਾਂ ਖੇਡਾਂ ਦੇ ਖੇਤਰ 'ਚ ਹਾਲਤ ਇਹ ਹੈ ਕਿ 1623 ਖੇਡ ਅਧਿਆਪਕਾਂ ਦੀਆਂ ਪੋਸਟਾਂ ਪੰਜਾਬ 'ਚ ਖਾਲੀ ਹਨ ਅਤੇ ਭਰਤੀ ਹੀ ਨਹੀਂ ਹੋ ਰਹੀ। ਪੰਜਾਬ ਦੀ ਟੈਕਨੀਕਲ ਯੂਨੀਵਰਸਿਟੀ ਨੇ ਪਿਛਲੇ ਦਸ ਸਾਲਾਂ ਵਿੱਚ ਨੋਜਵਾਨਾਂ ਨੂੰ ਡਿਸਟੈਂਸ ਐਜ਼ੂਕੇਸ਼ਨ ਡਿਗਰੀਆਂ ਅਤੇ ਹੋਰ ਵੱਖੋ-ਵੱਖਰੇ ਖੇਤਰਾਂ 'ਚ ਰੰਗ ਬਰੰਗੇ ਕੋਰਸ ਚਲਾ ਕੇ , ਜਿਨ੍ਹਾਂ ਲਈ ਨੌਕਰੀ ਉਪਲੱਬਧ ਹੀ ਨਹੀਂ ਹੁੰਦੀ, ਬੁਰੀ ਤ੍ਹਰਾਂ ਲੁੱਟਿਆ ਅਤੇ ਨੌਜਵਾਨਾਂ ਤੋਂ ਇਨਾ੍ਹਂ ਦਸ ਸਾਲਾਂ ਵਿੱਚ 200 ਕਰੋੜ ਰੁਪੱਈਏ ਠੱਗ ਲਏ। ਇਹੋ ਜਿਹੇ ਕਾਰਨਾਂ ਕਰਕੇ ਪੰਜਾਬ ਦਾ ਨੌਜਵਾਨ, ਮੌਜੂਦਾ ਹਾਕਮਾਂ ਪ੍ਰਤੀ ਰੋਸ ਆਪਣੇ ਮਨ 'ਚ ਬਿਠਾਈ ਬੈਠਾ ਹੈ ਅਤੇ ਉਸਨੂੰ ਜਿਥੋਂ ਕਦੇ ਅਤੇ ਕਿਧਰਿਓ ਵੀ ਅਪਣੇ ਭਵਿੱਖ ਦੇ ਸੁਪਨੇ ਪੂਰੇ ਹੋਣ ਦੀ ਕੋਈ ਵੀ ਲੋਅ ਵਿਖਾਈ ਦਿੰਦੀ ਹੈ, ਉਹ ਵਹੀਰਾਂ ਘੱਤਕੇ ਉਧਰ ਹੀ ਤੁਰਿਆ ਨਜ਼ਰ ਆਉਂਦਾ ਹੈ। ਕੁਝ ਵਰ੍ਹੇ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਇੱਕ ਇਮਾਨਦਾਰ ਸਿਆਸਤਦਾਨ ਦਾ ਚਿਹਰਾ ਜਦੋਂ ਲੋਕਾਂ ਸਾਹਮਣੇ ਲਿਆਂਦਾ, ਨੌਜਵਾਨਾਂ ਦੇ ਸੁਪਨਿਆਂ ਦੇ ਸਿਰਤਾਜ ਸ਼ਹੀਦ ਭਗਤ ਸਿੰਘ ਦੇ ਨਾਮ ਉਤੇ ਪੰਜਾਬ 'ਚ ਚੰਗੇਰਾ ਪ੍ਰਾਸ਼ਾਸ਼ਨ ਦੇਣ ਦੀ ਸਹੁੰ ਸ਼ਹੀਦ ਭਗਤ ਸਿੰਘ ਦੇ ਬੁੱਤਾਂ ਦੇ ਸਾਹਮਣੇ ਜਾ ਕੇ ਖਾਧੀ, ਖਾਸ ਕਰਕੇ ਨੌਜਵਾਨਾਂ ਉਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਭਾਵੇਂ ਕਿ ਬਾਅਦ 'ਚ ਨਿਰਾਸ਼ਤਾ ਹੀ ਉਹਨਾਂ ਪੱਲੇ ਪਈ। ਇਸੇ ਤਰਾ੍ਹਂ ਹੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਨੌਜਵਾਨਾਂ, ਪੜ੍ਹਿਆਂ ਮੁੱਛ ਫੁੱਟ ਗੱਭਰੂਆਂ ਦਾ ਅੰਦਰੋ ਗਤੀ ਭਰਪੂਰ ਸਹਿਯੋਗ ਲੋਕ ਸਭਾ ਚੋਣਾਂ 'ਚ ਮਿਲਿਆ, ਭਾਵੇਂ ਕਿ ਇਸ ਪਾਰਟੀ ਦੇ ਨਾ ਤਾਂ ਉਹ ਪੱਕੇ ਮੈਂਬਰ ਸਨ, ਨਾ ਵਰਕਰ, ਪਰ ਇੱਕ ਉਸ ਪਾਰਟੀ ਨੂੰ ਨੌਜਵਾਨਾਂ ਅੱਖਾਂ ਮੀਟਕੇ ਵੋਟ ਪਾਈ ਜਿਸ ਬਾਰੇ ਉਹ ਬਹੁਤਾ ਕੁਝ ਨਹੀਂ ਸਨ ਜਾਣਦੇ ਉਨ੍ਹਾਂ ਆਪਣੇ ਮਾਪਿਆਂ ਅਤੇ ਹੋਰਨਾਂ ਨੂੰ ਵੀ ਪ੍ਰੇਰਿਆ ਕਿ ਉਹ ਭ੍ਰਿਸ਼ਟਾਚਾਰ ਰਹਿਤ ਪੰਜਾਬ ਸਿਰਜਨ ਲਈ ਆਪ ਨੂੰ ਵੋਟ ਪਾਉਣ ਅਤੇ ਇਹ ਪਾਰਟੀ ਉਨਾਂ ਚੋਣਾਂ 'ਚ ਪਹਿਲੀ ਵਾਰ ਹੀ ਭੁਗਤੀਆਂ ਵੋਟਾਂ ਵਿਚੋਂ 30 % ਵੋਟਾਂ ਪ੍ਰਾਪਤ ਕਰ ਗਈ ,ਚਾਰ ਲੋਕ ਸਭਾ ਸੀਟਾਂ ਜਿੱਤ ਗਈ, ਹੋਰਨਾਂ ਬਹੁਤੀਆਂ ਲੋਕ ਸਭਾ ਸੀਟਾਂ 'ਚ ਇਸਦੇ ਉਮੀਦਵਾਰਾਂ ਤਗੜੀਆਂ ਵੋਟਾਂ ਪ੍ਰਾਪਤ ਕੀਤੀਆਂ। ਪਰ ਇਸ ਪਾਰਟੀ ਦਾ ਆਪਣਾ ਕੋਈ ਸਥਾਈ ਪਾਰਟੀ ਸਟਰਕਚਰ ਅਤੇ ਜਨ ਅਧਾਰ ਨਾ ਹੋਣ ਕਾਰਨ, ਇਹ ਪਾਰਟੀ ਪਿਛਲੇ ਸਮੇਂ 'ਚ ਵਿਖਰੀ- ਵਿਖਰੀ ਨਜ਼ਰ ਆ ਰਹੀ ਹੈ, ਜਿਸ ਵਿਚੋਂ ਦੋ ਮੈਂਬਰ ਲੋਕ ਸਭਾ ਵੱਖ ਹੋ ਗਏ, ਇਕ ਹੋਰ ਧੜਾ ਇਸ ਵਿਚ ਬਣ ਗਿਆ ਅਤੇ ਨੌਜਵਾਨਾਂ ਦਾ ਇਸ ਪਾਰਟੀ ਪ੍ਰਤੀ ਬਣਿਆ ਡੂੰਘਾ ਵਿਸ਼ਵਾਸ ਇਸ ਸਮੇਂ ਉਖੜਿਆ ਨਜ਼ਰ ਆ ਰਿਹਾ ਹੈ। ਭਾਵੇਂ ਕਿ ਇਸਦੇ ਕੁਝ ਨੇਤਾ ਪਾਰਟੀ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਇਸ ਕਰਕੇ ਸੰਗਠਨ ਨਾਲ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਨਾਲ ਬਣਾਈ ਰੱਖਣ ਦਾ ਯਤਨ ਕਰ ਰਹੇ ਹਨ, ਪਰ ਨਿੱਤ ਪ੍ਰਤੀ ਇਸ ਦੇ ਨੇਤਾਵਾਂ ਵਲੋਂ ਕਦੇ ਅਧਿਆਪਕਾਂ ਪ੍ਰਤੀ ਅਤੇ ਕਦੇ ਕਿਸਾਨਾਂ ਪ੍ਰਤੀ ਵਿਵਾਦ ਪੂਰਨ ਬਿਆਨ ਦੇਕੇ ਇਸ ਦੀ ਸ਼ਵੀ ਖਰਾਬ ਕੀਤੀ ਜਾ ਰਹੀ ਹੈ । ਪੰਜਾਬ ਦੇ ਅਧਿਆਪਕ ਜਿਹੜੇ ਪੰਜਾਬ ਚੋਣਾਂ ਸਮੇਂ ਸਰਕਾਰ ਬਨਾਉਣ ਸਮੇਂ ਅਹਿਮ ਰੋਲ ਅਦਾ ਕਰਦੇ ਹਨ, ਕੀ ਉਨਾਂ ਪ੍ਰਤੀ ਨੇਤਾਵਾਂ ਵਲੋਂ ਕਟਾਖਸ਼ ਕਰਕੇ, ਉਨਾਂ ਨੂੰ ਕੋਈ ਵੀ ਪਾਰਟੀ ਆਪਣੇ ਨਾਲ ਰੁਸਾ ਲੈਣ ਦਾ ਹੀਆ ਕਰ ਸਕਦੀ ਹੈ? ਪੰਜਾਬ ਦਾ ਕਿਸਾਨ ਜਿਹੜਾ ਕਰਜ਼ਾਈ ਹੈ, ਨਿੱਤ ਕਰਜ਼ਿਆਂ ਕਾਰਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਇਆ ਪਿਆ ਹੈ, ਜਿਸਦੇ ਸਿਰ 32000 ਕਰੋੜ ਦੇ ਗੈਰ ਬੈਂਕ ਕਰਜ਼ੇ ਹਨ, ਅਤੇ ਜਿਨਾਂ ਦੇ ਨਿਪਟਾਰੇ ਲਈ ਮੌਜੂਦਾ ਹਾਕਮਾਂ ਨੇ ਪੰਜਾਬ ਕਰਜ਼ਾ ਨਿਪਟਾਰਾ ਐਕਟ ਬਣਾਕੇ ਕਿਸਾਨਾਂ ਦੀ ਹਿਮਾਇਤ ਪ੍ਰਾਪਤ ਕਰਨ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ ਕੀ ਉਨਾਂ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਬਾਰੇ ਮੁੜ ਵਿਚਾਰ ਸਮੇਤ ਮੁਫਤ ਬਿਜਲੀ ਬੰਦ ਕਰਨ ਦਾ ਬਿਆਨ ਦੇਣਾ ਕਿਸੇ ਵੀ ਸਿਆਸੀ ਪਾਰਟੀ ਦੇ ਅਧਾਰ ਨੂੰ ਖੋਰਾ ਲਾਉਣ ਸਮਾਨ ਨਹੀਂ? ਕੀ ਪੰਜਾਬ ਦਾ ਵੱਡੀ ਗਿਣਤੀ ਨੌਜਵਾਨ ਜੋ ਕਿਸਾਨੀ ਪਿਛੋਕੜ ਵਾਲਾ ਹੈ ਦਾ ਮੋਹ ਇਹੋ ਜਿਹੀ ਪਾਰਟੀ ਤੋਂ ਭੰਗ ਨਹੀਂ ਹੋਵੇਗਾ?
ਪੰਜਾਬ ਦੀਆਂ ਚੋਣਾਂ ਲਈ ਅੱਧੇ ਸਾਲ ਤੋਂ ਕੁਝ ਵੱਧ ਦਾ ਸਮਾਂ ਬਚਿਆ ਹੈ। ਪੰਜਾਬ ਚੋਣਾਂ ਦੇ ਵਿੱਚ ਇਸ ਵੇਰ ਵਧੇਰੇ ਗਰਮਜੋਸ਼ੀ ਦੀ ਸੰਭਾਵਨਾ ਬਣਦੀ ਨਜ਼ਰੀ ਪੈ ਰਹੀ ਹੈ। ਤਿਕੋਨੇ ਮੁਕਾਬਲੇ ਤਾਂ ਹਰ ਵਿਧਾਨ ਸਭਾ ਹਲਕੇ 'ਚ ਹੋਣਗੇ ਹੀ, ਕਾਂਗਰਸ, ਅਕਾਲੀ ਦਲ ਨੇ ਭਾਜਪਾ, ਆਮ ਆਦਮੀ ਪਾਰਟੀ ਆਪਸ 'ਚ ਤਿੱਖੀ ਟੱਕਰ ਦੇਣਗੇ। ਪਰ ਜੇਕਰ ਭਾਜਪਾ ਦੇ ਵੱਖਰੇ ਤੌਰ ਤੇ ਅਕਾਲੀ ਭਾਜਪਾ ਗੱਠਜੋੜ ਛੱਡਕੇ ਚੋਣ ਲੜਨ ਦਾ ਫੈਸਲਾ ਕਰ ਲਿਆ, ਜਿਸਦੀ ਸੰਭਾਵਨਾ ਇਸ ਕਰਕੇ ਵੀ ਬਣਦੀ ਜਾ ਰਹੀ ਹੈ ਕਿ ਨਵਜੋਤ ਸਿੱਧੂ ਨੂੰ ਪੰਜਾਬ 'ਚ ਅਹਿਮ ਭੂਮਿਕਾ ਦਿਤੀ ਜਾਣ ਲੱਗੀ ਹੈ, ਤਾਂ ਮੁਕਾਬਲੇ ਹੋਰ ਦਿਲਚਸਪ ਹੋ ਜਾਣਗੇ। ਖਾਸ ਕਰਕੇ ਦੁਆਬਾ ਖੇਤਰ ਵਿੱਚ ਬਹੁਜਨ ਸਮਾਜ ਪਾਰਟੀ ਟੱਕਰ ਦੇਵੇਗੀ। ਅਤੇ ਪੰਜਾਬ ਦੇ ਕੁਝ ਹਲਕਿਆਂ ਵਿੱਚ ਖੱਬੀਆਂ ਧਿਰਾਂ ਦਾ ਸਾਂਝਾ ਮੁਹਾਜ਼ ਆਪਣੀ ਭਰਵੀਂ ਹੋਂਦ ਦਿਖਾ ਸਕਦਾ ਹੈ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ [ਬ] ਦੇ ਵਿਰੁੱਧ ਇੱਕਠੇ ਹੋਏ ਹੋਰ ਦਲ ਅਤੇ ਪੰਥਕ ਧਿਰਾਂ ਅਤੇ ਸਵਰਾਜ ਪਾਰਟੀ ਵੀ ਆਪਣੇ ਉਮੀਦਵਾਰ ਖੜੇ ਕਰੇਗੀ। ਉਂਜ ਪੰਜਾਬ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ, ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਕੁਰਸੀ ਖੋਹਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੁਆਬਾ ਖੇਤਰ ਅਤੇ ਇਥੋਂ ਦੀਆਂ ਰੀਜ਼ਰਵ ਵਿਧਾਨ ਸਭਾ ਸੀਟਾਂ ਉਤੇ ਪੂਰਾ ਤਾਣ ਲਾਉਣਗੀਆ, ਜਿਥੇ ਬਹੁਜਨ ਸਮਾਜ ਪਾਰਟੀ ਦੀ ਤਾਕਤ ਨੂੰ ਛੁਟਿਆਇਆ ਨਹੀਂ ਜਾ ਸਕਦਾ ਅਤੇ ਇਸ ਪਾਰਟੀ ਵਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚ ਉਮੀਦਵਾਰ ਖੜੇ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ।
ਇਹੋ ਜਿਹੇ ਬਣ ਰਹੇ ਹਾਲਾਤਾਂ ਵਿੱਚ ਜਦੋਂ ਰਾਜਨੀਤਕ ਪਾਰਟੀ ਆਪਸ ਵਿੱਚ ਗੁੱਥਮ-ਗੁੱਥਾ ਹੋ ਰਹੀਆਂ ਹਨ, ਨੌਜਵਾਨਾਂ ਦੀ ਭੁਮਿਕਾ ਪੰਕਾਬ ਚੋਣਾਂ ਵਿੱਚ ਅਹਿਮ ਗਿਣੀ ਜਾਣ ਲੱਗੀ ਹੈ, ਕਿਉਂਕਿ ਪੰਜਾਬ ਦਾ ਨੌਜਵਾਨ ਚਾਹ ਰਿਹਾ ਹੈ ਕਿ ਇਥੇ ਸਹੀ ਮਾਅਨਿਆਂ 'ਚ ਉਹ ਸਰਕਾਰ ਹੀ ਰਾਜ ਕਰਨ ਲਈ ਆਵੇ, ਜਿਹੜੀ ਪੰਜਾਬ ਦੀ ਵਿਗੜੀ ਤੰਦ-ਤਾਣੀ ਨੂੰ ਸੁਲਝਾ ਸਕੇ। ਪੰਜਾਬ 'ਚ ਨੌਜਵਾਨ ਦੀ ਵੋਟ ਵੀ ਪਿਛਲੀਆਂ ਚੋਣਾਂ ਨਾਲੋਂ ਵਧੇਰੇ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਨਾਂ ਦੀ ਦਿਲਚਸਪੀ ਵੀ ਚੋਣਾਂ 'ਚ ਭਾਗ ਲੈਣ ਲਈ ਵੱਧ ਦਿਸ ਰਹੀ ਹੈ। ਇਹੋ ਜਿਹੀ ਸਥਿਤੀ ਵਿੱਚ, ਜੇਕਰ, ਉਸਨੂੰ ਆਪਣੀ ਸੋਚ ਦੇ ਉਲਟ ਸੱਤਾ ਵਿੱਚ ਭਾਗੀਦਾਰੀ ਨਾ ਮਿਲੀ, ਉਹਦੇ ਆਸ਼ਿਆਂ ਅਨੁਸਾਰ ਪੰਜਾਬ 'ਚ ਸੱਤਾ ਦਾ ਪ੍ਰੀਵਰਤਨ ਨਾ ਆਇਆ ਤਾਂ ਨਿਰਾਸ਼ਤਾ ਦੇ ਆਲਮ ਵਿਚੋਂ ਹੰਭਲਾ ਮਾਰਕੇ ਬਾਹਰ ਨਿਲਕਣ ਦਾ ਯਤਨ ਕਰਨ ਵਾਲਾ ਅੱਜ ਦਾ ਪੰਜਾਬੀ ਨੌਜਵਾਨ, ਹੋਰ ਵੀ ਨਿਰਾਸ਼ ਹੋ ਜਾਏਗਾ।
ਪੰਜਾਬ ਦੀਆਂ ਸਮੁੱਚੀਆਂ ਸਿਆਸੀ ਧਿਰਾਂ ਨੌਜਵਾਨਾਂ ਨੂੰ ਆਪੋ-ਆਪਣੀ ਪਾਰਟੀ ਵਿੱਚ ਅਹਿਮ- ਭੂਮਿਕਾ ਨਿਭਾਉਣ ਲਈ ਮੌਕੇ ਦੇਣ ਲੱਗੀਆਂ ਹਨ।ਵਿਦੇਸ਼ ਵਸਦੇ ਪ੍ਰਵਾਸੀ ਪੰਜਾਬੀ ਸੱਤਾ ਪਰਿਵਰਤਨ ਦੀ, ਆਸ ਹੋਰ ਵੋਟਰਾਂ ਦੇ ਮੁਕਾਬਲੇ ਨੌਜਵਾਨ ਵੋਟਰਾਂ 'ਚ ਵੱਧ ਵੇਖ ਰਹੇ ਹਨ ਅਤੇ ਉਨਾਂ ਨੂੰ ਅੱਗੇ ਲਿਆਕੇ ਪੰਜਾਬ 'ਚ ਉਨਾਂ ਦੀ ਵੱਡੀ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਦੇ ਚਾਹਵਾਨ ਹਨ ਤਾਂ ਕਿ ਨਵੀਂ ਪੀੜੀ ਖੁਸ਼ਹਾਲ ਪੰਜਾਬ ਸਿਰਜਨ ਲਈ ਅੱਗੇ ਆ ਸਕੇ।
03 July 2016