''ਅਸੀਂ ਦਲਿਤ ਹਾਂ ... ਏਹੀ ਹੈ ਸਾਡਾ ਗੁਨਾਹ'' - ਸਵਰਾਜਬੀਰ
ਅਸੀਂ ਦਲਿਤ ਹਾਂ, ਏਹੀ ਹੈ ਸਾਡਾ ਗੁਨਾਹ'' ਇਹ ਸ਼ਬਦ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਦੀ ਉਸ 19 ਸਾਲਾ ਕੁੜੀ ਦੀ ਭਾਬੀ ਦੇ ਹਨ, ਜਿਸ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਜੀਭ ਕੱਟੀ ਗਈ ਅਤੇ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਜਿਹੜੀ ਅਲੀਗੜ੍ਹ ਤੋਂ ਦਿੱਲੀ ਦੇ ਹਸਪਤਾਲਾਂ ਵਿਚ ਤੜਪ-ਤੜਪ ਕੇ ਮਰੀ, ਜਿਸ ਦੇ ਪਰਿਵਾਰ ਨੂੰ ਉਸ ਦੇ ਮ੍ਰਿਤਕ ਸਰੀਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦਾ ਵੀ ਮੌਕਾ ਨਾ ਦਿੱਤਾ ਗਿਆ। ਇਹ ਸ਼ਬਦ ਉਸ ਕੁੜੀ ਦੀ ਭਾਬੀ ਨੇ ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਦੇ ਪੱਤਰਕਾਰ ਜਿਗਨਾਸਾ ਸਿਨਹਾ ਨੂੰ ਕਹੇ। ਇਹ ਘਟਨਾ 14 ਸਤੰਬਰ ਨੂੰ ਹੋਈ। ਲਗਭਗ 29 ਸਤੰਬਰ ਤਕ ਮੀਡੀਆ ਵਿਚ ਚੁੱਪ ਛਾਈ ਰਹੀ। ਪਹਿਲਾਂ ਇਸ ਨੂੰ 'ਫੇਕ ਨਿਊਜ਼' ਕਿਹਾ ਗਿਆ।
ਹਾਥਰਸ ਦਾ ਪੁਲੀਸ ਮੁਖੀ ਪੱਤਰਕਾਰਾਂ ਨੂੰ ਦੱਸਦਾ ਹੈ ਕਿ ਉਸ ਦੀ ਜੀਭ ਨੂੰ ਕਿਸੇ ਹਥਿਆਰ ਨਾਲ ਨਹੀਂ ਕੱਟਿਆ ਗਿਆ, ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਰਿਪੋਰਟਾਂ ਭਰਮ ਵਿਚ ਪਾਉਣ ਵਾਲੀਆਂ ਹਨ। ਇਹ ਗੱਲ ਸਹੀ ਹੋ ਸਕਦੀ ਹੈ ਪਰ ਜੀਭ ਦੇ ਵੱਢੇ-ਟੁੱਕੇ ਜਾਣ ਬਾਰੇ ਪੁਲੀਸ ਮੁਖੀ ਕੋਲ ਕੋਈ ਜਵਾਬ ਨਹੀਂ। ਇਸ ਦੇ ਅਰਥ ਇਹੋ ਨਿਕਲਦੇ ਹਨ ਕਿ ਉਸ ਧੀ-ਧਿਆਣੀ ਦੇ ਸਰੀਰ ਨਾਲ ਏਨੀ ਹਿੰਸਾ ਕੀਤੀ ਗਈ ਕਿ ਜੀਭ ਉਸ ਦੇ ਦੰਦਾਂ ਵਿਚ ਆ ਕੇ ਵੱਢੀ-ਟੁੱਕੀ ਗਈ ਹੋਵੇਗੀ, ਇਸ ਤੋਂ ਜ਼ਿਆਦਾ ਹੌਲਨਾਕ ਮੰਜਰ ਕੀ ਹੋ ਸਕਦਾ ਹੈ?
ਇਹ ਕਿਉਂ ਹੁੰਦਾ ਹੈ? ਕਿਉਂ ਚਾਰ ਮਰਦ ਇਕ ਕੁੜੀ ਨੂੰ ਚੁੱਕ ਕੇ ਲੈ ਜਾਂਦੇ ਹਨ? ਉੱਤਰ ਪ੍ਰਦੇਸ਼ ਦਾ ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ ਦੱਸਦਾ ਹੈ ਕਿ ਫੋਰੈਂਸਿਕ ਰਿਪੋਰਟ ਅਨੁਸਾਰ ਕੁੜੀ ਦੇ ਸਰੀਰ ਵਿਚ ਮਰਦ ਸਪਰਮਜ਼ (sperms)/ ਸ਼ੁਕਰਾਣੂ ਨਹੀਂ ਪਾਏ ਗਏ ਜਿਸ ਦਾ ਮਤਲਬ ਉਹ ਇਹ ਦੱਸਦਾ ਹੈ ਕਿ ਕੁੜੀ ਨਾਲ ਜਬਰ-ਜਨਾਹ ਨਹੀਂ ਕੀਤਾ ਗਿਆ। ਕੀ ਇਹ ਉੱਚ-ਅਧਿਕਾਰੀ ਇਹ ਦੱਸੇਗਾ ਕਿ ਉਨ੍ਹਾਂ ਮਰਦਾਂ ਨੇ ਉਸ ਕੁੜੀ ਨੂੰ ਕਿਉਂ ਚੁੱਕਿਆ? ਉਹਦੇ ਸਰੀਰ 'ਤੇ ਵਹਿਸ਼ਤ ਕਿਉਂ ਢਾਹੀ? ਜਬਰ-ਜਨਾਹ ਦਾ ਮਕਸਦ ਔਰਤ-ਸਰੀਰ ਦੀ ਕਾਮਨਾ ਜਾਂ ਲਾਲਸਾ ਨਹੀਂ ਹੁੰਦਾ, ਔਰਤ ਦੇ ਸਰੀਰ ਨਾਲ ਹਿੰਸਾ ਕਰਦਿਆਂ ਮਰਦ ਆਪਣੀ ਤਾਕਤ ਦੇ ਲੂਸਵੇਂ ਹਰਫ਼ ਔਰਤ ਦੇ ਸਰੀਰ 'ਤੇ ਲਿਖਦਾ ਹੈ। ਔਰਤ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਉਹ ਆਜ਼ਾਦ ਨਹੀਂ ਹੈ, ਬਰਾਬਰ ਦੀ ਇਨਸਾਨ ਨਹੀਂ ਹੈ। ਇਸ ਕੇਸ ਵਿਚ ਮਰਦਾਵੀਂ ਤਾਕਤ ਦੇ ਨਾਲ ਨਾਲ ਜਾਤੀਵਾਦੀ ਹਉਮੈਂ ਅਤੇ ਅਭਿਮਾਨ ਦਾ ਨਾ ਝੁਠਲਾਇਆ ਜਾਣ ਵਾਲਾ ਤੱਥ ਵੀ ਉਸ ਕੁੜੀ ਦੇ ਸਰੀਰ 'ਤੇ ਲਿਖਿਆ ਗਿਆ। ਇਹ ਕਾਰਾ ਸਿਰਫ਼ ਕੁੜੀ ਵਿਰੁੱਧ ਨਿੱਜੀ ਅਪਰਾਧ ਅਤੇ ਹਿੰਸਾ ਨਹੀਂ ਸੀ, ਇਹ ਉਸ ਦੇ ਪਰਿਵਾਰ ਅਤੇ ਭਾਈਚਾਰੇ ਨੂੰ ਸਮਾਜਿਕ ਦਰਜਾਬੰਦੀ ਵਿਚ ਉਨ੍ਹਾਂ ਦੀ ਥਾਂ ਦਰਸਾਉਣ ਵਾਲਾ ਵਰਤਾਰਾ ਸੀ/ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸਮਾਜਿਕ ਹਸਤੀ ਅਤੇ ਔਕਾਤ ਕੀ ਹੈ। ਇਹ ਉਹ ਇਬਾਰਤ ਹੈ ਜੋ ਜਾਤੀਵਾਦੀ ਤਾਕਤਾਂ ਸਮਾਜ ਦੇ ਸਰੀਰ 'ਤੇ ਲਿਖ ਰਹੀਆਂ ਹਨ।
ਉਹ ਮਰ ਗਈ ਹੈ ਅਤੇ ਪਰਿਵਾਰ ਉਸ ਦੇ ਕੋਹ-ਕੋਹ ਕੇ ਮਾਰੇ ਜਾਣ ਨੂੰ ਜੀਅ ਰਿਹਾ ਹੈ। ਮੀਡੀਆ ਜਾਂ ਕਿਸੇ ਸਿਆਸੀ ਆਗੂ ਨੂੰ ਉਸ ਪਿੰਡ ਨਹੀਂ ਜਾਣ ਦਿੱਤਾ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਹ ਲੋਕ ਮਾਹੌਲ ਖ਼ਰਾਬ ਕਰਨਗੇ ਪਰ ਵਕੀਲ ... ? ਦਿੱਲੀ ਦੀ ਨਿਰਭਯਾ ਦਾ ਕੇਸ ਲੜਨ ਵਾਲੀ ਵਕੀਲ ਦੱਸਦੀ ਹੈ ਕਿ ਪੁਲੀਸ ਨੇ ਉਸ ਨੂੰ ਪਿੰਡ ਨਹੀਂ ਜਾਣ ਦਿੱਤਾ। ਉਹ ਰਾਤ ਦਸ ਵਜੇ ਪੁਲੀਸ ਨੂੰ ਝਕਾਨੀ ਦੇ ਕੇ ਕਿਸੇ ਦੇ ਮੋਟਰਸਾਈਕਲ ਦੇ ਪਿੱਛੇ ਬਹਿ ਕੇ ਪਿੰਡ 'ਚ ਦਾਖ਼ਲ ਹੁੰਦੀ ਹੈ। ਉਹ ਪੀੜਤਾ ਦੇ ਘਰ ਸਾਹਮਣੇ ਖੜ੍ਹੀ ਹੈ। ਕੋਈ ਬੂਹਾ ਨਹੀਂ ਖੋਲ੍ਹਦਾ। ਘਰ ਦੇ ਅੰਦੋਂਂ ਪੀੜਤਾ ਦਾ ਭਰਾ ਦੱਸਦਾ ਹੈ ਕਿ ਉਹ ਬਾਹਰ ਨਹੀਂ ਆ ਸਕਦੇ। ਕਿਤੇ ਇਹ ਵਕੀਲ ਝੂਠ ਤਾਂ ਨਹੀਂ ਬੋਲ ਰਹੀ? ਅਸੀਂ ਇਕ ਸਰਕਾਰੀ ਅਧਿਕਾਰੀ ਨੂੰ ਬੋਲਦੇ ਸੁਣਿਆ ਹੈ ਕਿ ਪਰਿਵਾਰ ਵਾਲਿਆਂ ਨੂੰ ਕੋਈ ਸ਼ਿਕਾਇਤ ਨਹੀਂ, ਉਹ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ। ਸਾਨੂੰ ਸਰਕਾਰੀ ਅਧਿਕਾਰੀਆਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਉਹ ਸੱਚ ਬੋਲਦੇ ਹਨ।
ਸਰਕਾਰੀ ਅਧਿਕਾਰੀ ਬਿਲਕੁਲ ਸੱਚ ਬੋਲਦੇ ਹਨ। ਇਕ ਸਰਕਾਰੀ ਅਧਿਕਾਰੀ ਸੋਸ਼ਲ ਮੀਡੀਆ 'ਤੇ ਬੋਲਦਾ ਦਿਖਾਈ ਦਿੰਦਾ ਹੈ, ''ਇਹ ਮੀਡੀਆ ਵਾਲੇ ਲੋਕ ਦੋ-ਚਾਰ ਦਿਨਾਂ ਲਈ ਹਨ ਪਰ ਅਸੀਂ ਇੱਥੇ ਹਮੇਸ਼ਾਂ ਲਈ ਹਾਂ।'' ਇਹ 'ਅਸੀਂ' ਕੌਣ ਹਨ? ਇਹ ਸੱਤਾ ਹੈ, ਦਮਨ ਹੈ, ਜਾਤੀਵਾਦ ਹੈ, ਮਰਦਾਵੀਂ ਹਉਂ ਹੈ, ਕਤਲ ਦੇ ਰੂਪ ਵਿਚ ਪ੍ਰਗਟ ਹੁੰਦੀ ਤਾਕਤ ਹੈ, ਰੋਜ਼ਮੱਰਾ ਦੀ ਜ਼ਿੰਦਗੀ ਵਿਚ ਸੂਖ਼ਮ ਹਿੰਸਾ ਦੇ ਰੂਪ ਵਿਚ ਦਲਿਤਾਂ ਅਤੇ ਔਰਤਾਂ ਨਾਲ ਕੀਤਾ ਜਾਂਦਾ ਵਿਤਕਰਾ ਹੈ, ਇਨ੍ਹਾਂ ਸਭ ਨੇ ਇੱਥੇ ਰਹਿਣਾ ਹੈ, ਕਿਤੇ ਨਹੀਂ ਜਾਣਾ, ਸਰਕਾਰੀ ਅਧਿਕਾਰੀ ਸੱਚ ਬੋਲ ਰਿਹਾ ਹੈ। ਅਧਿਕਾਰੀ ਹਮੇਸ਼ਾਂ ਸੱਚ ਬੋਲਦੇ ਹਨ। ਸ਼ਾਇਦ ਪੀੜਤਾ ਦੇ ਘਰ ਵਾਲੇ ਝੂਠ ਬੋਲ ਰਹੇ ਹਨ। ਪੀੜਤਾ ਦਾ ਭਰਾ ਇਕ ਪੱਤਰਕਾਰ ਨੂੰ ਦੱਸਦਾ ਹੈ, ''ਅਸੀਂ ਬਹੁਤ ਡਰੇ ਹੋਏ ਹਾਂ, ਸਾਨੂੰ ਪਿੰਡ ਛੱਡਣਾ ਵੀ ਪੈ ਸਕਦਾ ਹੈ।'' ਸੱਚ ਕਿੱਥੇ ਹੈ ?
ਸੱਚ ਸਰਕਾਰੀ ਅਧਿਕਾਰੀਆਂ ਕੋਲ ਹੈ। ਹਾਥਰਸ ਦਾ ਡਿਸਟ੍ਰਿਕਟ ਮੈਜਿਸਟਰੇਟ (ਡੀਸੀ) ਆਪਣੇ ਟਵੀਟ ਵਿਚ ਦੱਸਦਾ ਹੈ, ''ਚੰਦਪਾ ਥਾਣੇ ਵਾਲੀ ਘਟਨਾ ਵਿਚ ਪੀੜਤਾ ਦੇ ਪਰਿਵਾਰ ਨੂੰ 4,12,500 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਸੀ। ਅੱਜ, 5,87,500 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ।'' ਉਹ ਹਿਸਾਬ ਪੂਰਾ ਕਰਦਿਆਂ ਦੱਸਦਾ ਹੈ, ''ਇਸ ਤਰ੍ਹਾਂ ਕੁੱਲ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ।'' ਕੀ ਮਾਣਯੋਗ ਡੀਸੀ ਸਾਹਿਬ ਦੱਸਣਗੇ ਕਿ ਕਤਲ ਦੇ ਹਰ ਮਾਮਲੇ ਵਿਚ ਕਤਲ ਹੋ ਗਏ ਆਦਮੀ/ਔਰਤ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ? ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦੇ ਅਰਥ ਸਮਝਣੇ ਚਾਹੀਦੇ ਹਨ, ਇਸ ਦੇ ਅਰਥ ਹਨ ਪਰਿਵਾਰ ਨੂੰ ਚੁੱਪ ਕਰਾਉਣਾ।
ਇਕ ਪੱਧਰ 'ਤੇ ਦਲੀਲ ਦਿੱਤੀ ਜਾ ਸਕਦੀ ਹੈ ਕਿ ਜਾਤੀਵਾਦੀ ਹਿੰਸਾ ਅਤੇ ਔਰਤਾਂ ਵਿਰੁੱਧ ਅਪਰਾਧ ਹੁੰਦੇ ਰਹਿਣੇ ਹਨ। ਇਹ ਸਮਾਜਿਕ ਵਰਤਾਰੇ ਹਨ। ਚਲੋ, ਇਸ ਦਲੀਲ ਨੂੰ ਵੀ ਮੰਨ ਲਈਏ ਤਾਂ ਸਵਾਲ ਇਹ ਹੈ ਕਿ ਇਸ ਕਰੂਰ ਘਟਨਾ ਦੇ ਬਾਅਦ ਜੋ ਹੋਇਆ ਅਤੇ ਹੋ ਰਿਹਾ ਹੈ, ਉਹ ਕੀ ਹੈ? ਮ੍ਰਿਤਕ ਦੇ ਮਾਂ-ਪਿਉ ਅਤੇ ਪਰਿਵਾਰ ਦੇ ਹੋਰ ਜੀਆਂ ਨੂੰ ਉਹਦਾ ਮੂੰਹ ਨਾ ਵਿਖਾਉਣਾ, ਲਾਸ਼ ਨੂੰ ਅੱਧੀ ਰਾਤ ਫੂਕਣਾ, ਵਕੀਲਾਂ ਨੂੰ ਪਰਿਵਾਰ ਕੋਲ ਨਾ ਜਾਣ ਦੇਣਾ, ਪਿੰਡ ਵਿਚ ਦੂਸਰੇ ਲੋਕਾਂ ਦਾ ਦਾਖ਼ਲਾ ਬੰਦ ਕਰ ਦੇਣਾ, ਕੀ ਇਹ ਲੋਕ-ਤੰਤਰ ਹੈ, ਲੋਕ-ਰਾਜ ਹੈ? ਨਹੀਂ ਇਹ ਸਰਕਾਰੀ ਤਸ਼ੱਦਦ ਹੈ, ਜ਼ੁਲਮ ਹੈ, ਉਸ ਕੁੜੀ ਦੀ ਮ੍ਰਿਤਕ ਦੇਹ ਨੂੰ ਅੱਧੀ ਰਾਤ ਵੇਲੇ ਕਿਉਂ ਅਗਨ-ਭੇਟ ਕੀਤਾ ਗਿਆ? ਇਹ ਪ੍ਰਸ਼ਨ ਦਹਾਕਿਆਂ ਪਹਿਲਾਂ ਬਿਹਾਰ ਦੇ ਇਕ ਪਿੰਡ ਵਿਚ ਸਾੜੀਆਂ ਗਈਆਂ ਔਰਤਾਂ ਬਾਰੇ ਹਿੰਦੀ ਕਵੀ ਆਲੋਕ ਧਨਵਾ ਨੇ ਆਪਣੀ ਕਵਿਤਾ 'ਬਰੂਨੋ ਕੀ ਬੇਟੀਆਂ' ਵਿਚ ਪੁੱਛਿਆ ਸੀ ਕਿ ਉਨ੍ਹਾਂ ਨੂੰ ਅੱਧੀ ਰਾਤ ਵੇਲੇ ਕਿਉਂ ਸਾੜਿਆ ਗਿਆ, ''ਉਹ ਵੀ ਅੱਧੀ ਰਾਤ, ਕਾਇਰਾਂ ਦੇ ਵਾਂਗ/ਬੰਦੂਕਾਂ ਦੇ ਘੇਰੇ ਵਿਚ?''
ਪੁਲੀਸ ਨੇ ਅੱਧੀ ਰਾਤ ਕੁੜੀ ਦੀ ਮ੍ਰਿਤਕ ਦੇਹ ਨੂੰ ਅਗਨ-ਭੇਟ ਕਰ ਦਿੱਤਾ। ਅਸੀਂ ਧਾਰਮਿਕ ਲੋਕ ਹਾਂ ਪਰ ਉੱਥੇ ਕੋਈ ਸ਼ਲੋਕ ਨਹੀਂ ਪੜ੍ਹੇ ਗਏ, ਕੋਈ ਪ੍ਰਾਰਥਨਾ, ਕੋਈ ਅਰਦਾਸ ਨਾ ਕੀਤੀ ਗਈ। ਉਹ ਕਿਸੇ ਦੀ ਧੀ ਸੀ। ਉਹ ਕਿਸ ਪਿੰਡ ਦੀ ਧੀ ਸੀ? ਉਸ ਦੇ ਦੇਸ਼ ਦਾ ਕੀ ਨਾਂ ਹੈ? ਤੇ ਆਲੇ-ਦੁਆਲੇ ਦਾ ਸਮਾਜ ਕੀ ਕਰ ਰਿਹਾ ਹੈ? ਕਤਲ ਕੀਤੀ ਗਈ ਧੀ ਦੀ ਮਾਂ ਪੱਤਰਕਾਰ ਨੂੰ ਦੱਸਦੀ ਹੈ ਕਿ ਉਨ੍ਹਾਂ ਦੇ ਗੁਆਂਢੀਆਂ (ਜਿਹੜੇ ਠਾਕੁਰ ਅਤੇ ਬ੍ਰਾਹਮਣ ਹਨ) ਵਿਚੋਂ ਕੋਈ ਵੀ ਅਫ਼ਸੋਸ ਕਰਨ ਨਹੀਂ ਆਇਆ। ਉਹ ਕਹਿੰਦੀ ਹੈ, ''ਅਸੀਂ ਉਨ੍ਹਾਂ ਦੇ ਖੇਤਾਂ 'ਚੋਂ ਘਾਹ ਲਿਆਉਂਦੇ ਹਾਂ। ਅਸੀਂ ਸੋਚਿਆ ਸੀ ਉਹ ਇਕ ਵਾਰ 'ਤੇ ਆਉਣਗੇ।'' ਇਕ ਹੋਰ ਰਿਸ਼ਤੇਦਾਰ ਕਹਿੰਦੀ ਹੈ, ''ਜੇ ਠਾਕੁਰਾਂ ਦੀ ਧੀ ਹੁੰਦੀ ਤਾਂ ਪੁਲੀਸ ਨੇ ਏਦਾਂ (ਭਾਵ ਅੱਧੀ ਰਾਤ ਵੇਲੇ ਲਾਸ਼ ਨੂੰ ਫੂਕਣਾ) ਕਦੇ ਨਹੀਂ ਸੀ ਕਰਨਾ।''
ਉੱਤਰ ਪ੍ਰਦੇਸ਼ ਵਿਚ ਉਹੀ ਪਾਰਟੀ ਸੱਤਾਧਾਰੀ ਹੈ ਜਿਸ ਨੇ 2012 ਦੇ ਨਿਰਭਯਾ ਕੇਸ ਦੌਰਾਨ ਦਿੱਲੀ ਵਿਚ ਵੱਡੇ ਮੁਜ਼ਾਹਰੇ ਕੀਤੇ ਸਨ। ਇਸੇ ਪਾਰਟੀ ਦੀ ਸਰਕਾਰ ਨੇ ਹੁਣ ਨਾ ਸਿਰਫ਼ ਹਾਥਰਸ ਜ਼ਿਲ੍ਹੇ ਵਿਚ ਧਾਰਾ 144 ਦੇ ਹੇਠ ਵਿਆਪਕ ਪਾਬੰਦੀਆਂ ਲਗਾਈਆਂ ਹਨ ਸਗੋਂ ਦਿੱਲੀ ਵਿਚ ਵੀ ਇੰਡੀਆ ਗੇਟ ਦੇ ਨਜ਼ਦੀਕ ਲੋਕਾਂ ਦੇ ਇਕੱਠੇ ਹੋਣ 'ਤੇ ਬੰਦਿਸ਼ ਲਗਾ ਦਿੱਤੀ ਹੈ। ਉੱਤਰ ਪ੍ਰਦੇਸ਼ ਵਿਚ ਥਾਂ-ਥਾਂ ਔਰਤਾਂ 'ਤੇ ਅੱਤਿਆਚਾਰ ਹੋ ਰਹੇ ਹਨ। 29 ਸਤੰਬਰ ਨੂੰ ਬਲਰਾਮਪੁਰ ਵਿਚ 22-ਸਾਲਾ ਦਲਿਤ ਕੁੜੀ ਨਾਲ ਜਬਰ-ਜਨਾਹ ਕਰਨ ਅਤੇ ਕੋਹੇ ਜਾਣ ਤੋਂ ਬਾਅਦ ਉਸ ਦੀ ਹਸਪਤਾਲ ਵਿਚ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਉਸ ਦਾ ਪਰਿਵਾਰ ਵੀ ਇਹੀ ਕਹਿ ਰਿਹਾ ਹੈ ਕਿ ਪੁਲੀਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨਾ ਚਾਹੁੰਦੀ ਹੈ। 2019 ਵਿਚ ਉੱਤਰ ਪ੍ਰਦੇਸ਼ ਵਿਚ ਔਰਤਾਂ ਵਿਰੁੱਧ 59,853 ਅਪਰਾਧ ਦਰਜ ਕੀਤੇ ਗਏ (ਸਰੋਤ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ)। ਇਸ ਬੁੱਧਵਾਰ ਇਕ 8-ਸਾਲਾ ਬੱਚੀ ਜਬਰ-ਜਨਾਹ ਦਾ ਸ਼ਿਕਾਰ ਹੋਈ। ਸੱਤਾਧਾਰੀ ਪਾਰਟੀ ਤਾਂ ਦੋਸ਼ੀ ਹੈ ਹੀ, ਪਰ ਔਰਤਾਂ ਅਤੇ ਦਲਿਤਾਂ ਵਿਰੁੱਧ ਅਪਰਾਧ ਲਈ ਸਮੂਹ ਸਮਾਜ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦਾ।
ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਵੱਖ-ਵੱਖ ਸਮਾਜਾਂ ਵਿਚ ਵਰਣ-ਆਸ਼ਰਮ ਨੇ ਵਰਣਾਂ ਤੇ ਜਾਤਾਂ ਦੀ ਵੰਡ ਵੱਖ-ਵੱਖ ਤਰੀਕਿਆਂ ਨਾਲ ਕੀਤੀ ਹੈ। ਇਨ੍ਹਾਂ ਵੰਡਾਂ ਵਿਚ ਕੁਝ ਵਰਤਾਰੇ ਸਾਂਝੇ ਸਨ : ਜਿਵੇਂ ਛੂਆ-ਛਾਤ, ਦਲਿਤ ਜਾਤੀਆਂ ਨੂੰ ਗਿਆਨ ਤੋਂ ਮਹਿਰੂਮ ਰੱਖਣਾ, ਵਗਾਰ ਕਰਾਉਣਾ, ਉਨ੍ਹਾਂ ਦੇ ਮੁਹੱਲੇ/ਬਸਤੀਆਂ ਵੱਖਰੀਆਂ ਰੱਖਣਾ। ਵਰਣ-ਆਸ਼ਰਮ ਨੂੰ ਧਾਰਮਿਕ ਗ੍ਰੰਥਾਂ ਵਿਚ ਧਰਮ ਅਨੁਸਾਰ ਦੱਸਣ ਨਾਲ ਲੋਕਾਂ ਵਿਚ ਇਹ ਸਮਝ ਵੀ ਬਣਾਈ ਗਈ ਕਿ ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਕੁਦਰਤੀ ਤੌਰ 'ਤੇ ਉਚੇਰੇ ਹਨ ਅਤੇ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਦਾ ਦਰਜਾ ਨੀਵਾਂ ਹੈ।
ਡਾ. ਬੀ.ਆਰ. ਅੰਬੇਦਕਰ ਜਿਹੇ ਵਿਦਵਾਨਾਂ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਤਰ੍ਹਾਂ ਨਾਲ ਵਖਰੇਵੇਂ ਹਨ ਪਰ ਜੇ ਕੋਈ ਸਾਂਝ ਮੌਜੂਦ ਹੈ ਤਾਂ ਉਹ ਜਾਤੀਵਾਦ ਹੈ ਜੋ ਹਰ ਸਮਾਜ ਵਿਚ ਮੌਜੂਦ ਹੈ।
ਇਸੇ ਤਰ੍ਹਾਂ ਮਰਦ-ਪ੍ਰਧਾਨ ਸੋਚ ਸਾਡੀ ਸਮਾਜਿਕ ਅਤੇ ਨਿੱਜੀ ਸੋਚ ਦੀਆਂ ਨਸਾਂ ਵਿਚ ਸਮਾਈ ਹੋਈ ਹੈ। ਪਿੱਤਰੀ ਸਮਾਜ ਵਿਚ ਔਰਤਾਂ ਦਾ ਸਥਾਨ ਗੌਣ, ਨਿਮਨ ਜਾਂ ਹੇਠਲੇ ਪੱਧਰ ਦਾ ਹੈ। ਸਾਡੇ ਸਮਾਜਾਂ ਵਿਚ ਔਰਤ ਨਾਲ ਦੁਰਵਿਵਹਾਰ ਕਰਨਾ, ਉਸ ਨੂੰ ਪੈਰ ਦੀ ਜੁੱਤੀ ਅਤੇ ਬੇਅਕਲ (ਖੁਰੀ ਜਿਨ੍ਹਾਂ ਦੀ ਮੱਤ) ਸਮਝਣਾ, ਬਾਲ-ਵਿਆਹ, ਵਿਧਵਾ-ਵਿਆਹ ਦੀ ਮਨਾਹੀ, ਕੁੜੀਮਾਰ ਪਰੰਪਰਾਵਾਂ, ਔਰਤਾਂ ਨੂੰ ਆਪਣੇ ਜੀਵਨ ਸਾਥੀ ਚੁਣਨ ਦਾ ਹੱਕ ਨਾ ਹੋਣਾ, ਵਿਧਵਾਵਾਂ ਦੀ ਦੁਰਗਤੀ, ਦੇਵਦਾਸੀ ਅਤੇ ਸਤੀ ਜਿਹੀਆਂ ਪਰੰਪਰਾਵਾਂ ਸਾਡੀ ਸਮਾਜਿਕ ਸਮਝ ਦਾ ਹਿੱਸਾ ਬਣ ਚੁੱਕੀਆਂ ਹਨ। ਔਰਤ ਨੂੰ ਸਿਰਫ਼ ਮਾਂ-ਰੂਪ ਵਿਚ ਵਡਿਆਇਆ ਅਤੇ ਸਤਿਕਾਰਿਆ ਜਾਂਦਾ ਹੈ ਪਰ ਉਸ ਦੇ ਮਮਤਾ ਵਾਲੇ ਰੂਪ ਨੂੰ ਪੂਜਾ ਦੀ ਹੱਦ ਤਕ ਲੈ ਜਾਣਾ ਉਸ ਦੇ ਸਮੁੱਚੇ ਤ੍ਰੀਮਤਪਣ, ਜਿਸ ਵਿਚ ਉਸ ਦੀ ਆਜ਼ਾਦੀ ਅਤੇ ਸਰੀਰਕ ਤੇ ਮਾਨਸਿਕ ਖ਼ਾਹਿਸ਼ਾਂ ਵੀ ਸ਼ਾਮਲ ਹੋਣ, ਤੋਂ ਵਾਂਝਿਆ ਕਰਨਾ ਹੈ। ਤ੍ਰਾਸਦੀ ਇਹ ਹੈ ਕਿ ਔਰਤਾਂ ਵੀ ਇਸ ਮਰਦ-ਪ੍ਰਧਾਨ ਸੋਚ ਨੂੰ ਆਤਮਸਾਤ ਕਰਕੇ ਸਮਾਜਿਕ ਦਰਜੇਬੰਦੀਆਂ ਅਤੇ ਆਪਣੇ ਹੇਠਲੇ ਦਰਜੇ ਨੂੰ ਸਵੀਕਾਰ ਕਰ ਲੈਂਦੀਆਂ ਹਨ।
... ... ...
ਇਕ ਪਾਸੇ ਏਨਾ ਜ਼ੁਲਮ ਹੋਇਆ, ਦੂਸਰੇ ਪਾਸੇ ਪਿੰਡ ਦਾ ਸਰਪੰਚ ਅੰਗਰੇਜ਼ੀ ਅਖ਼ਬਾਰ ਦੀ ਉਪਰੋਕਤ ਪੱਤਰਕਾਰ ਨੂੰ ਦੱਸ ਰਿਹਾ ਹੈ ਕਿ ਪਿੰਡ ਵਿਚ ਜਾਤ-ਪਾਤ ਦੇ ਮਾਮਲੇ ਨੂੰ ਲੈ ਕੇ ਕੋਈ ਤਣਾਓ ਨਹੀਂ ਹੈ। ਉਹ ਇਹ ਕਹਿਣ ਦਾ ਹੀਆ ਕਰਦਾ ਹੈ, ''ਇਹ ਬੰਦੇ (ਭਾਵ ਜਿਨ੍ਹਾਂ ਨੂੰ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ) ਬੇਗੁਨਾਹ ਵੀ ਹੋ ਸਕਦੇ ਹਨ। ਮੈਂ ਸਮਝਦਾ ਹਾਂ ਕਿ ਪਰਿਵਾਰ ਨੂੰ ਦੁੱਖ ਪਹੁੰਚਿਆ ਹੈ ਪਰ ਉਨ੍ਹਾਂ ਨੂੰ ਦੋਸ਼ ਲਗਾਉਣ ਤੋਂ ਪਹਿਲਾਂ ਤਫ਼ਤੀਸ਼ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।'' ਹਾਂ ਸਰਪੰਚ ਸਾਹਿਬ, ਉਨ੍ਹਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ, ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਹਨ, ਉਹ ਸਦੀਆਂ ਤੋਂ ਜ਼ੁਲਮ ਦੀ ਚੱਕੀ ਵਿਚ ਪਿਸ ਰਹੇ ਹਨ, ਉਹ ਸਦੀਆਂ ਤੋਂ ਬੇਗ਼ਮਪੁਰੇ ਦੀ ਤਲਾਸ਼ ਕਰ ਰਹੇ ਹਨ। ਉਹ ਸਦੀਆਂ ਤੋਂ ਚੁੱਪ ਹਨ। ਉਹ ਚੁੱਪ ਕਰਾ ਦਿੱਤੇ ਗਏ ਹਨ। ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾ ਰਿਹੈ ਪਰ ਸਵਾਲ ਇਹ ਹੈ ਕੀ ਉਹ ਚੁੱਪ ਰਹਿਣਗੇ?
ਸਾਨੂੰ ਦੱਸਿਆ ਗਿਐ
ਹਾਰੇ ਹੋਏ ਹਾਂ
ਸਾਨੂੰ ਚੁੱਪ ਰਹਿਣਾ ਚਾਹੀਦੈ
ਦਲਿਤ ਹਾਂ
ਸਾਨੂੰ ਚੁੱਪ ਰਹਿਣਾ ਚਾਹੀਦੈ
ਘੱਟ ਗਿਣਤੀ ਵਿਚ ਹਾਂ
ਸਾਨੂੰ ਚੁੱਪ ਰਹਿਣਾ ਚਾਹੀਦੈ
ਕਿਸਾਨ ਤੇ ਮਜ਼ਦੂਰ ਹਾਂ
ਖ਼ੁਦਕੁਸ਼ੀ ਕਰਦੀਆਂ ਗਲੀਆਂ ਵਿਚ
ਅੰਨ੍ਹੇਵਾਹ ਦੌੜਨ ਲਈ ਮਜਬੂਰ ਹਾਂ
ਆਪਣੀ ਹਾਰ ਦੀ ਵਹਿਸ਼ਤ ਲਈ ਮਸ਼ਹੂਰ ਹਾਂ
ਸਾਡੇ ਵਿਚ ਅਨੁਸ਼ਾਸਨ ਨਹੀਂ
ਸਾਡੇ ਕੋਲ
ਠੀਕ ਭਾਸ਼ਾ ਨਹੀਂ, ਠੀਕ ਭਾਸ਼ਣ ਨਹੀਂ
ਇਸ ਲਈ ਸਾਨੂੰ ਚੁੱਪ ਰਹਿਣਾ ਚਾਹੀਦੈ
ਸਾਨੂੰ ਦੱਸਿਆ ਗਿਐ
ਸਾਨੂੰ ਚੁੱਪ ਦੀ ਬਹੁਤ ਲੋੜ ਹੈ
ਕਾਰਖ਼ਾਨਿਆਂ ਵਿਚ ਤੇ ਕਿਤਾਬਖ਼ਾਨਿਆਂ ਵਿਚ
ਖੇਤਾਂ ਵਿਚ ਤੇ ਮੈਖ਼ਾਨਿਆਂ ਵਿਚ
ਸਰੀਰਾਂ ਵਿਚ ਤੇ ਸਨਮਖ਼ਾਨਿਆਂ ਵਿਚ
ਪੈਦਾਵਾਰ ਵਧਾਉਣ ਲਈ
ਸੈਨਸੈਕਸ ਨੂੰ ਬਚਾਉਣ ਲਈ
ਦੇਸ਼ ਦੀ ਤਰੱਕੀ ਲਈ
ਹੱਡੀਆਂ ਦਾ ਸੁਰਮਾ ਬਣਾਉਂਦੀ ਚੱਕੀ ਲਈ
ਚੁੱਪ ਦੀ ਅਤਿਅੰਤ ਲੋੜ ਹੈ
ਸਾਨੂੰ ਚੁੱਪ ਰਹਿਣਾ ਚਾਹੀਦੈ ...
ਸਹਿਮਤੀ ਦੇ ਨਿਜ਼ਾਮ ਲਈ
ਹਰ ਸੋਹਣੀ ਸ਼ਾਮ ਲਈ
ਸਾਨੂੰ ਚੁੱਪ ਰਹਿਣਾ ਚਾਹੀਦੈ...
ਕਿਸਾਨਾਂ ਨੂੰ ਚੁੱਪ ਰਹਿਣਾ ਚਾਹੀਦੈ
ਮਜ਼ਦੂਰਾਂ ਨੂੰ ਚੁੱਪ ਰਹਿਣਾ ਚਾਹੀਦੈ
ਕੁੜੀਆਂ ਤੇ ਵਿਦਿਆਰਥੀਆਂ ਨੂੰ ਚੁੱਪ ਰਹਿਣਾ ਚਾਹੀਦੈ
ਦਲਿਤਾਂ, ਦਮਿਤਾਂ ਤੇ ਮਾਹੀਗੀਰਾਂ ਨੂੰ ਚੁੱਪ ਰਹਿਣਾ ਚਾਹੀਦੈ
ਹੋਠਾਂ ਦੇ ਸਰੀਰਾਂ ਨੂੰ ਚੁੱਪ ਰਹਿਣਾ ਚਾਹੀਦੈ
ਮਰੁੰਡੇ ਹੋਏ ਰੁੱਖਾਂ
ਕਿੱਕਰਾਂ ਤੇ ਕਰੀਰਾਂ ਨੂੰ ਚੁੱਪ ਰਹਿਣਾ ਚਾਹੀਦੈ
ਸਾਨੂੰ ਸਾਰਿਆਂ ਨੂੰ ਚੁੱਪ ਰਹਿਣਾ ਚਾਹੀਦੈ
ਕੀ ਸਾਨੂੰ ਚੁੱਪ ਰਹਿਣਾ ਚਾਹੀਦੈ?
ਕਿਸੇ ਸਮਾਜ ਵਿਚ ਵੀ ਜਾਤੀਵਾਦ ਤੋਂ ਜ਼ਿਆਦਾ ਮਨੁੱਖੀ ਅਨਾਦਰ ਕਰਨ ਵਾਲਾ ਕੋਈ ਹੋਰ ਵਰਤਾਰਾ ਨਹੀਂ ਹੋ ਸਕਦਾ ... ਜਾਤੀਵਾਦ ਇਕ ਵਿਚਾਰ ਹੈ, ਇਕ ਮਾਨਸਿਕ ਸਥਿਤੀ। ਜਾਤੀਵਾਦ ਨੂੰ ਖ਼ਤਮ ਕਰਨ ਦਾ ਮਤਲਬ ਸਿਰਫ਼ ਕੁਝ ਭੌਤਿਕ ਰੋਕਾਂ ਨੂੰ ਖ਼ਤਮ ਕਰਨਾ ਹੀ ਨਹੀਂ ... ਇਸ ਦੇ ਮਤਲਬ ਮਾਨਸਿਕ ਬਦਲਾਓ ਵਿਚ ਪਏ ਹਨ ... ਕੀ ਸਮਾਜਵਾਦੀ ਸਮਾਜਿਕ ਦਰਜਾਬੰਦੀ ਤੋਂ ਪੈਦਾ ਹੁੰਦੀਆਂ ਦੁਸ਼ਵਾਰੀਆਂ ਤੋਂ ਮੂੰਹ ਮੋੜ ਸਕਦੇ ਹਨ? ... ਜੇ ਸਿਰਫ਼ ਦਲੀਲ ਦੇ ਪੱਧਰ 'ਤੇ ਵਿਚਾਰ ਕਰਨ ਲਈ ਅਸੀਂ ਫਰਜ਼ ਕਰ ਲਈਏ ਕਿ ਜੇ ਕਿਸਮਤ ਦੇ ਕਿਸੇ ਅਜੀਬ ਵਰਤਾਰੇ ਨਾਲ ਇਨਕਲਾਬ ਆਉਣ 'ਤੇ ਸਮਾਜਵਾਦੀ ਤਾਕਤ ਵਿਚ ਆ ਵੀ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਭਾਰਤ ਵਿਚ ਮੌਜੂਦ ਸਮਾਜਿਕ ਪ੍ਰਬੰਧ ਤੋਂ ਉਪਜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ? ਮੈਂ ਇਹ ਕਲਪਨਾ ਕਰਨ ਤੋਂ ਅਸਮਰੱਥ ਹਾਂ ਕਿ ਇਕ ਸਮਾਜਵਾਦੀ ਨਿਜ਼ਾਮ ਉਨ੍ਹਾਂ ਮੁਤਅਸਬਾਂ/ ਤੁਅਸਬਾਂ/ ਪੱਖਪਾਤਾਂ, ਜਿਹੜੇ ਭਾਰਤੀ ਲੋਕਾਂ ਨੂੰ ਉੱਚੇ ਤੇ ਨੀਵੇਂ ਵਰਗਾਂ ਅਤੇ ਪਵਿੱਤਰ ਤੇ ਅਪਵਿੱਤਰ ਸ਼੍ਰੇਣੀਆਂ ਵਿਚ ਵੰਡਦੇ ਹਨ, ਦੇ ਵਿਰੁੱਧ ਲੜਨ ਤੋਂ ਬਿਨਾਂ ਕਿਵੇਂ ਇਕ ਸਕਿੰਟ ਲਈ ਵੀ ਹੋਂਦ ਵਿਚ ਰਹਿ ਸਕਦਾ ਹੈ। ਜੇ ਸਮਾਜਵਾਦੀਆਂ ਨੇ ਸਿਰਫ਼ ਗੱਲਾਂ ਨਾਲ ਆਪਣਾ ਢਿੱਡ ਨਹੀਂ ਭਰਨਾ, ਸੱਚਮੁੱਚ ਸਮਾਜਵਾਦ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਇਹ ਮੰਨਣਾ ਪਵੇਗਾ ਕਿ ਸਮਾਜਿਕ ਸੁਧਾਰ ਬੁਨਿਆਦੀ ਹੈ।''
- ਡਾ. ਬੀ.ਆਰ. ਅੰਬੇਦਕਰ 'ਜਾਤ-ਪਾਤ ਦਾ ਬੀਜ ਨਾਸ਼' (''Annihilation of Caste``) ਨਾਮੀ ਲੇਖ ਵਿਚੋਂ)।