ਅੱਜ ਬਲਾਤਕਾਰ ਕਿਸ ਦਾ ਹੋਇਆ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.,
ਭਾਰਤ ਵਿਚ ਦਰਿੰਦਗੀ ਦਾ ਨੰਗਾ ਨਾਚ ਚਲ ਰਿਹਾ ਹੈ! ਕੋਰੋਨਾ ਨੇ ਵਹਿਸ਼ੀਆਨਾ ਰੂਪ ਇਖ਼ਤਿਆਰ ਕਰ ਲਿਆ ਹੈ। ਨਾਬਾਲਗ ਬੱਚੀਆਂ ਨੂੰ ਨੋਚਣ ਦੇ ਨਵੇਂ ਢੰਗ ਈਜਾਦ ਕਰਨ ਵਿਚ ਭਾਰਤ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ। ਕਮਾਲ ਹੈ ਨਾ, ਇਕ ਵੀ ਬਲਾਤਕਾਰੀ ਨੂੰ ਕਦੇ ਕੋਰੋਨਾ ਨਹੀਂ ਚੰਬੜਿਆ! ਹੈ ਕੋਈ ਭਾਰਤ ਦਾ ਸੂਬਾ ਜੋ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਇੱਥੇ ਦੀ ਹਰ ਨਾਬਾਲਗ ਧੀ ਸੁਰੱਖਿਅਤ ਹੈ? ਜੇ ਕਿਸੇ ਸੂਬੇ ਵਿਚ ਕਿਸੇ ਕਿਸਮ ਦਾ 'ਬੰਦ' ਨਾਬਾਲਗ ਧੀਆਂ ਦਾ ਬਲਾਤਕਾਰ ਨਹੀਂ ਰੋਕ ਸਕਿਆ ਅਤੇ ਨਾ ਹੀ ਸਖ਼ਤ ਤੋਂ ਸਖ਼ਤ ਕਾਨੂੰਨ ਇਸ ਵਿਚ ਕਮੀ ਲਿਆ ਸਕੇ ਹਨ ਤਾਂ ਇਸ ਦਾ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਧੀਆਂ ਦੀ ਕਤਲਗਾਹ ਵਿਚ ਤਬਦੀਲ ਹੋ ਚੁੱਕਿਆ ਹੈ।
ਗੱਲ 14 ਸਤੰਬਰ 2020 ਦੀ ਹੈ। ਉੱਤਰ ਪ੍ਰਦੇਸ ਦੇ ਹਾਥਰਸ ਵਿਚ 19 ਸਾਲਾਂ ਦੀ ਧੀ ਆਪਣੇ ਭਰਾ ਅਤੇ ਮਾਂ ਨਾਲ ਖੇਤਾਂ ਵਿਚ ਚਾਰਾ ਵੱਢਣ ਗਈ। ਗ਼ਰੀਬੀ ਹੀ ਦਲਿਤ ਟੱਬਰ ਦੀ ਮਜਬੂਰੀ ਸੀ ਕਿ ਧੀ ਉੱਕਾ ਹੀ ਅਨਪੜ੍ਹ ਰੱਖੀ ਗਈ ਸੀ। ਦੀਨ ਦੁਨੀਆ ਦੇ ਰੰਗਾਂ ਤੋਂ ਬੇਖ਼ਬਰ! ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਪੂਰੇ ਮੁਲਕ ਵਿਚ ਕੁੱਝ ਰੱਜੇ ਪੁੱਜੇ ਬੰਦੇ ਆਪਣੀਆਂ ਪੁਸ਼ਤਾਂ 'ਰਿਜ਼ਰਵੇਸ਼ਨ' ਦੇ ਆਧਾਰ ਉੱਤੇ ਸੁਰੱਖਿਅਤ ਕਰ ਚੁੱਕੇ ਹੋਏ ਹਨ ਜਿਸ ਦੇ ਫ਼ਾਇਦਿਆਂ ਦੀ ਕਨਸੋਅ ਵੀ ਇਨ੍ਹਾਂ ਤੱਕ ਨਹੀਂ ਪਹੁੰਚਦੀ। ਇਹ ਆਪਣੇ ਹੀ ਜਾਤ ਵਾਲੇ ਰੱਜੇ ਪੁੱਜਿਆਂ ਦੇ ਘਰ ਪੁਸ਼ਤ-ਦਰ-ਪੁਸ਼ਤ ਆਪਣੀ ਕਿਸਮਤ ਨੂੰ ਕੋਸਦੇ, ਭਾਣਾ ਮੰਨਦੇ ਕੋਹਲੂ ਦੇ ਬੈਲ ਵਾਂਗ ਜੁਟੇ ਜਨਮ ਤੋਂ ਮੌਤ ਤੱਕ ਦਾ ਸਫਰ ਪੂਰਾ ਕਰ ਜਾਂਦੇ ਹਨ ਅਤੇ ਕਹਾਏ ਜਾਂਦੇ ਹਨ ਨੀਵਿਆਂ ਤੋਂ ਅਤਿ ਨੀਵੇਂ!
ਸਿਆਸਤਦਾਨਾਂ ਵੱਲੋਂ ਮੰਨਿਆ ਜਾ ਚੁੱਕਿਆ ਹੈ ਕਿ ਉਸਦਾ ਜੁਰਮ ਸੰਗੀਨ ਸੀ। ਦਿਨ ਦਹਾੜੇ ਮਾਂ ਅਤੇ ਭਰਾ ਨਾਲ ਖੇਤਾਂ ਵਿਚ ਕੰਮ ਕਰਨ ਦਾ ਮਤਲਬ ਹੈ ਉਸ ਦਾ 'ਪਬਲਿਕ ਪ੍ਰਾਪਰਟੀ' ਬਣ ਜਾਣਾ।
ਭਰਾ ਰਤਾ ਕੁ ਚਾਰਾ ਵੱਢ ਕੇ ਵਾਪਸ ਘਰ ਵੱਲ ਮੁੜ ਪਿਆ। ਬਾਕੀ ਕੰਮ ਮਾਂ ਧੀ ਨੇ ਸਾਂਭ ਲਿਆ। ਚਾਰਾ ਵੱਢਦਿਆਂ ਮਾਂ ਤੇ ਧੀ ਉਸ ਖੇਤ ਦੇ ਵੱਖੋ-ਵੱਖ ਪਾਸੇ ਹੋ ਤੁਰੀਆਂ। ਮਨੀਸ਼ਾ ਨੂੰ ਇਸ ਮੁਲਕ ਦੇ ਚਾਰ ਬਹੁਤ ਹੀ 'ਇੱਜ਼ਤਦਾਰ' ਬਾਸ਼ਿੰਦਿਆਂ ਨੇ ਦਬੋਚਿਆ ਤੇ ਪਰ੍ਹਾਂ ਘੜੀਸ ਲਿਆ।
ਮਨੀਸ਼ਾ ਦੀ ਭਾਰੀ ਗ਼ਲਤੀ ਸੀ। ਪੁਲਿਸ ਵਾਲਿਆਂ ਦਾ ਟੀ.ਵੀ. ਉੱਤੇ ਬਿਆਨ ਸੀ ਕਿ ਪੂਰੀ ਗ਼ਲਤੀ ਮਨੀਸ਼ਾ ਤੇ ਉਸ ਦੇ ਮਾਪਿਆਂ ਦੀ ਸੀ ਜੋ ਖੇਤਾਂ ਵਿਚ ਕੰਮ ਕਰਨ ਖੁੱਲੀ ਛੱਡਿਆ ਹੋਇਆ ਸੀ। ਭਲਾ ਹੱਥ ਜੋੜ ਸਿਰ ਨੀਵਾਂ ਕਰ ਕੇ ਆਪੇ ਨਿਰਵਸਤਰ ਕਿਉਂ ਨਹੀਂ ਹੋਈ? ਵਿਚਾਰੇ ਚਾਰਾਂ ਨੂੰ ਕਿੰਨਾ ਧੱਕਾ ਕਰਨਾ ਪਿਆ। ਦੋ ਨੇ ਲੀੜੇ ਪਾੜੇ!
ਤਿੰਨਾਂ ਨੇ ਸੰਘ ਪੂਰੀ ਤਰ੍ਹਾਂ ਘੁੱਟਿਆ ਸੀ ਪਰ ਮਨੀਸ਼ਾ ਮਾਂ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਨੋਂ ਹਟੀ ਹੀ ਨਹੀਂ। ਚੌਥੇ ਵਿਚਾਰੇ ਨੂੰ ਮਜਬੂਰੀ ਵਿਚ ਜੀਭ ਕੱਟਣੀ ਪਈ। ਜਦ ਫਿਰ ਵੀ ਪੂਰਾ ਜ਼ੋਰ ਲਾ ਕੇ ਛੁਡਾਉਣ ਦੀ ਕੋਸ਼ਿਸ਼ ਵਿਚ ਜੁਟੀ ਰਹੀ ਤਾਂ ਚਾਰਾਂ ਨੇ ਰਲ ਕੇ ਉਸ ਦੀ ਰੀੜ੍ਹ ਦੀ ਹੱਡੀ ਤਿੰਨ ਥਾਵਾਂ ਤੋਂ ਤੋੜ ਕੇ, ਫਿਰ ਹਵਸ ਪੂਰੀ ਕਰਨ ਲਈ ਸਮੂਹਕ ਬਲਾਤਕਾਰ ਕੀਤਾ।
ਜਦ ਮਾਂ ਘੰਟੇ ਬਾਅਦ ਮਨੀਸ਼ਾ ਨੂੰ ਲੱਭਦੀ ਲਭਾਉਂਦੀ ਖੇਤ ਦੇ ਇੱਕ ਪਾਸੇ ਉਸ ਦੀ ਇੱਕ ਚੱਪਲ ਵੇਖ ਘਬਰਾ ਗਈ ਤਾਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗੀ। ਆਵਾਜ਼ ਸੁਣਦੇ ਸਾਰ ਉਹ ਚਾਰੋ ਭੱਜ ਗਏ। ਦੂਜੀ ਚੱਪਲ ਕੁੱਝ ਦੂਰ ਪਈ ਵੇਖ ਮਾਂ ਉਸ ਪਾਸੇ ਧੀ ਨੂੰ ਲੱਭਣ ਤੁਰ ਗਈ। ਅੱਗੇ ਪਹੁੰਚੀ ਤਾਂ ਧੀ ਦਾ ਹਾਲ ਵੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ।
ਨਿਰਵਸਤਰ ਪਈ ਧੀ ਦੇ ਮੂੰਹ ਵਿੱਚੋਂ ਲਹੂ ਦੀਆਂ ਧਤੀਰੀਆਂ ਵੱਗ ਰਹੀਆਂ ਸਨ। ਗਰਦਨ ਪਿਛਾਂਹ ਡਿੱਗੀ ਪਈ ਸੀ। ਸਰੀਰ ਝਰੀਟਿਆ ਪਿਆ ਸੀ। ਬੱਚੇਦਾਨੀ ਦੇ ਮੂੰਹ ਰਾਹੀਂ ਦੂਰ ਤੱਕ ਖਿਲਰਿਆ ਲਹੂ ਦਿਸ ਰਿਹਾ ਸੀ। ਅੱਖਾਂ ਬਾਹਰ ਨੂੰ ਨਿਕਲੀਆਂ ਪਈਆਂ ਸਨ। ਲੱਤਾਂ ਚੌੜੀਆਂ ਜਿਵੇਂ ਹੱਡੀਆਂ ਤੋੜ ਦਿੱਤੀਆਂ ਹੋਣ। ਬੇਹੋਸ਼ ਪਈ ਧੀ ਦਾ ਹਾਲ ਵੇਖ ਮਾਂ ਥਾਏਂ ਹੀ ਡਿੱਗ ਪਈ। ਮਸਾਂ ਹਿੰਮਤ ਕਰ ਧੀ ਦੇ ਸਰੀਰ ਦੁਆਲੇ ਆਪਣੀ ਚੁੰਨੀ ਲਪੇਟ ਕੇ ਧੀ ਦਾ ਟੁੱਟਿਆ ਫੁੱਟਿਆ ਸਰੀਰ ਚੁੱਕਿਆ ਤੇ ਘਰ ਆ ਗਈ।
ਉਸ ਤੋਂ ਬਾਅਦ ਸੋਲਾਂ ਦਿਨ ਤੱਕ ਮਾਂ, ਪਿਓ ਤੇ ਭਰਾ ਸਿਰਫ਼ ਤਰਲੇ ਤੇ ਹਾੜੇ ਕੱਢਦੇ ਇੱਧਰੋਂ ਉੱਧਰ ਧੱਕੇ ਖਾਂਦੇ ਰਹੇ। ਹਸਪਤਾਲੋਂ ਸਿਰਫ਼ ਏਨਾ ਪਤਾ ਲੱਗਿਆ ਕਿ ਸਮੂਹਕ ਬਲਾਤਕਾਰ ਹੋਇਆ ਸੀ, ਤਿੰਨ ਥਾਵਾਂ ਤੋਂ ਰੀੜ੍ਹ ਦੀ ਹੱਡੀ ਤੋੜੀ ਗਈ ਸੀ, ਗਰਦਨ ਤੋਂ ਹੇਠਾਂ ਸਰੀਰ ਨੂੰ ਲਕਵਾ ਮਾਰ ਗਿਆ ਸੀ, ਜੀਭ ਅੱਧੀ ਕੱਟੀ ਹੋਈ ਸੀ ਤੇ ਧੀ ਸਿਰਫ਼ ਏਨਾ ਹੀ ਕਹੀ ਜਾ ਰਹੀ ਸੀ ਕਿ ਉਸ ਨਾਲ ਬਹੁਤ ਗ਼ਲਤ ਹੋਇਆ। ਬੱਚੇਦਾਨੀ ਦਾ ਰਾਹ ਪੂਰਾ ਜ਼ਖ਼ਮੀ ਸੀ। ਗਲਾ ਦਬਾਉਣ ਸਦਕਾ ਉਸ ਦੀ ਆਵਾਜ਼ ਬਹੁਤ ਹੌਲੀ ਨਿਕਲ ਰਹੀ ਸੀ। ਕਮਾਲ ਇਹ ਕਿ ਹਾਲੇ ਵੀ ਬਲਾਤਕਾਰ ਸਾਬਤ ਕਰਨ ਲਈ ਉੱਥੇ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਹੋਰ ਤੱਥਾਂ ਦੀ ਲੋੜ ਸੀ।
ਜਦੋਂ ਮੀਡੀਆ ਤਕ ਇਸ ਦੀ ਖ਼ਬਰ ਪਹੁੰਚੀ ਤਾਂ 22 ਸਤੰਬਰ ਨੂੰ ਬਿਆਨ ਦਰਜ ਕੀਤੇ ਗਏ। ਉਦੋਂ ਤੱਕ ਉਸ ਧੀ ਦੀ ਹਾਲਤ ਬਹੁਤ ਨਾਜ਼ੁਕ ਬਣ ਚੁੱਕੀ ਸੀ। ਬਿਆਨ ਦਰਜ ਕਰਦਿਆਂ ਮੈਡੀਕਲ ਦੀ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਸਿਰਫ਼ ਛੇੜਖ਼ਾਨੀ ਦਾ ਕੇਸ ਦਰਜ ਕੀਤਾ।
ਆਖ਼ਰ ਇੱਕ ਦਲਿਤ ਨੂੰ ਇਨਸਾਨ ਮੰਨਿਆ ਹੀ ਕਦੋਂ ਜਾਂਦਾ ਹੈ ਅਤੇ ਉਸ ਵੀ ਜੇ ਧੀ ਹੋਵੇ ਤਾਂ ਪੱਤ ਲੁੱਟਣ ਦਾ ਉੱਚੀ ਜਾਤ ਵਾਲਿਆਂ ਨੂੰ ਜੱਦੀ ਹੱਕ ਮਿਲਿਆ ਹੋਇਆ ਹੈ।
ਇਸੇ ਲਈ ਸਹੀ ਮੰਨਿਆ ਗਿਆ ਕਿ ਉਸ ਨਾਲ ਜੋ ਹੋਇਆ ਰਬ ਦਾ ਭਾਣਾ ਮੰਨ ਕੇ ਸਹਿ ਜਾਵੇ। ਮੀਡੀਆ ਵਾਲੇ ਫਿਰ ਵੀ ਨਾ ਮੰਨੇ ਤਾਂ ਬਿਆਨਾਂ ਤੋਂ 5 ਦਿਨ ਬਾਅਦ ਬਲਾਤਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਦੋਂ ਹਸਪਤਾਲ ਦੇ ਡਾਕਟਰਾਂ ਨੇ ਹਾਲਤ ਵਿਗੜਦੀ ਵੇਖ ਕੇ ਪੁਲਿਸ ਕਰਮੀਆਂ ਨੂੰ ਦੱਸਿਆ ਕਿ ਹੁਣ ਮੌਤ ਨਿਸਚਿਤ ਹੈ ਤਾਂ ਧੱਕੋ ਜ਼ੋਰੀ ਪੁਲਿਸ ਅਧਮਰੀ ਮਨੀਸ਼ਾ ਨੂੰ ਚੁੱਕ ਕੇ ਵੱਡੇ ਹਸਪਤਾਲ ਲੈ ਗਏ ਤੇ ਉਨ੍ਹਾਂ ਨੇ ਮਾਪਿਆਂ ਨਾਲ ਗੁੰਡਿਆਂ ਦੀ ਦਰਿੰਦਗੀ ਨਾਲੋਂ ਵੀ ਭੈੜਾ ਹਾਲ ਕੀਤਾ।
ਡਰਾ ਧਮਕਾ ਕੇ ਬੇਰਹਿਮੀ ਨਾਲ ਮਾਪਿਆਂ ਨੂੰ ਪਰ੍ਹਾਂ ਧੱਕ ਕੇ ਧੀ ਨੂੰ ਅੰਦਰ ਮਰਨ ਤੱਕ ਪਾਈ ਰੱਖਿਆ। ਮਾਪਿਆਂ ਨੂੰ ਧਮਕੀਆਂ ਸਿਰਫ਼ ਪੁਲਿਸ ਵੱਲੋਂ ਹੀ ਨਹੀਂ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ।
ਮਾਪੇ ਤੇ ਭਰਾ ਦੜ੍ਹ ਵੱਟ ਕੇ ਬਹਿ ਗਏ ਕਿ ਚਲੋ ਆਪਣੇ ਕਲੇਜੇ ਦੇ ਟੁਕੜੇ ਨੂੰ ਕਿਸੇ ਤਰ੍ਹਾਂ ਇਨਸਾਫ਼ ਮਿਲ ਜਾਏ। ਰਬ ਵੀ ਗ਼ਰੀਬਾਂ ਦੀ ਕਿੱਥੇ ਸੁਣਦਾ ਹੈ! ਉਸ ਨੇ ਤਾਂ ਗ਼ਰੀਬ ਦਲਿਤਾਂ ਲਈ ਏਸੇ ਧਰਤੀ ਉੱਤੇ ਨਰਕ ਬਣਾ ਕੇ ਭੇਜਿਆ ਹੈ। ਇਹੀ ਕਾਰਨ ਹੈ ਕਿ ਰੈਜ਼ਰਵੇਸ਼ਨ ਲਈ ਗਲਾ ਫਾੜ ਕੇ ਚੀਕਣ ਵਾਲੇ ਰੱਜੇ ਪੁੱਜਿਆਂ ਵਿੱਚੋਂ ਕੋਈ ਨਹੀਂ ਬਹੁੜਿਆ ਕਿਉਂਕਿ ਉਹ ਆਪਣੇ ਏ.ਸੀ. ਕਮਰਿਆਂ ਵਿਚ ਆਪਣੀ ਪੁਸ਼ਤ ਦਾ ਭਵਿੱਖ ਸੁਰੱਖਿਅਤ ਕਰਨ ਵਿਚ ਰੁੱਝੇ ਸਨ। ਉਨ੍ਹਾਂ ਨੇ ਇਨ੍ਹਾਂ ਤੋਂ ਕੀ ਲੈਣਾ!
ਫਿਰ ਉਹੀ ਹੋਇਆ ਜੋ ਹੋਣਾ ਸੀ। ਧੀ ਪੀੜ ਨਾ ਸਹਿੰਦੀ ਆਖ਼ਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਮਾਪੇ ਵਿਚਾਰੇ ਕਿਸਮਤ ਨੂੰ ਕੋਸਦੇ ਧੀ ਦੀ ਲਾਸ਼ ਲੈਣ ਲਈ ਹੱਥ ਅੱਡ ਕੇ ਖਲੋ ਗਏ।
ਪਰ ਹਾਲੇ ਬਸ ਕਿੱਥੇ ਹੋਈ ਸੀ। ਪੁਲਿਸ ਕਰਮੀਆਂ ਅਤੇ ਪ੍ਰਸ਼ਾਸਨ ਨੇ ਭਰਾ ਤੇ ਪਿਓ ਨੂੰ ਠੁੱਡੇ ਮਾਰੇ, ਮਾਂ ਨੂੰ ਘੜੀਸਿਆ ਤੇ ਮਨੀਸ਼ਾ ਦੀ ਲਾਸ਼ ਨੂੰ ਲਪੇਟ ਕੇ ਗੱਡੀ ਵਿਚ ਸੁੱਟ ਲਿਆ। ਮਾਂ ਨੇ ਜ਼ਮੀਨ ਉੱਤੇ ਬਹਿ ਕੇ ਵੈਣ ਪਾਏ, ਝੋਲੀ ਅੱਡੀ, ਤਰਲੇ ਲਏ ਪਰ ਮਿਲੀਆਂ ਠੋਕਰਾਂ ਤੇ ਦੁਲੱਤੀਆਂ।
ਪੂਰਾ ਘੇਰਾ ਬਣਾ ਕੇ ਪੁਲਿਸ ਕਰਮੀਆਂ ਨੇ ਸਭ ਨੂੰ ਪਰ੍ਹਾਂ ਧੱਕ ਕੇ ਆਪੇ ਹੀ ਕੱਟੀ ਵੱਢੀ ਲਾਸ਼ ਦੇ ਟੋਟਿਆਂ ਨੂੰ ਲਪੇਟ ਕੇ ਲੱਕੜਾਂ ਉੱਤੇ ਸੁੱਟ ਕੇ ਅੱਗ ਲਾ ਦਿੱਤੀ। ਸਾਰੇ ਦੇ ਸਾਰੇ ਬਿਆਨ ਕੋਰੇ ਝੂਠੇ ਦੇ ਕੇ ਪ੍ਰਸ਼ਾਸਨ ਤੇ ਪੁਲਿਸ ਆਪੋ ਆਪਣੇ ਘਰਾਂ ਵਿਚ ਜਾ ਕੇ ਚੈਨ ਨਾਲ ਸੌਂ ਗਏ।
ਹਦ ਤਾਂ ਇਹ ਸੀ ਕਿ ਮੁੱਖ ਮੰਤਰੀ ਦੇ ਦਫਤਰੋਂ ਪਹੁੰਚਿਆ ਬਿਆਨ ਅਖ਼ਬਾਰਾਂ ਵਿਚ ਛਪਿਆ-''ਸਾਡਾ ਕੰਮ ਗਾਵਾਂ ਨੂੰ ਬਚਾਉਣਾ ਹੈ, ਲੜਕੀਆਂ ਨੂੰ ਨਹੀਂ।''
ਖ਼ਬਰ ਦੇ ਅਖ਼ੀਰ ਵਿਚ ਲਿਖਿਆ ਸੀ-
''ਜਿੱਧਰ ਵੇਖੋ ਹਵਸ ਦੇ ਜੱਲਾਦ ਬੈਠੇ ਨੇ।
ਸੰਭਾਲੋ ਧੀਆਂ ਨੂੰ, ਮੁਲਕ ਚਲਾਉਣ ਵਾਲੇ ਬੇਔਲਾਦ ਬੈਠੇ ਨੇ।''
ਸਵਾਲ ਇਹ ਹੈ ਕਿ ਰਾਤ 2.45 ਵਜੇ ਜਿਨ੍ਹਾਂ ਟੋਟਿਆਂ ਨੂੰ ਲਪੇਟ ਕੇ ਪੁਲਿਸ ਕਰਮੀਆਂ ਵੱਲੋਂ ਅੱਗ ਲਾਈ ਗਈ, ਉਸ ਵਿਚ ਸੜ੍ਹਿਆ ਕੀ ਸੀ-ਬੇਟੀ, ਜ਼ਮੀਰ, ਕਾਨੂੰਨ, ਸੰਵਿਧਾਨ, ਸੰਵੇਦਨਸ਼ੀਲਤਾ ਜਾਂ ਇਨਸਾਨੀਅਤ?
ਹੁਣ ਤੱਕ ਵੀ ਮਾਪਿਆਂ ਤੇ ਭਰਾ ਨੂੰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਖ਼ਬਰਾਂ ਤੇ ਚੈਨਲਾਂ ਚਾਰ ਦਿਨਾਂ ਵਿਚ ਰੌਲਾ ਪਾ ਕੇ ਚੁੱਪ ਹੋ ਜਾਣਗੀਆਂ। ਲੋਕ ਵੀ ਹਫ਼ਤੇ ਭਰ 'ਚ ਸਭ ਭੁੱਲ ਜਾਣਗੇ। ਫਿਰ ਵੇਖਣਾ ਅਸੀਂ ਕਿਵੇਂ ਤੁਹਾਨੂੰ ਵੀ ਦਫਨ ਕਰ ਦਿਆਂਗੇ।
ਗੱਲ ਬਿਲਕੁਲ ਸਹੀ ਹੈ। ਖ਼ੌਫ਼ਨਾਕ ਹੈਵਾਨੀਅਤ ਜਾਰੀ ਹੈ। ਹਾਥਰਸ ਵਿਚਲਾ ਸਿਵਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਬਲਰਾਮਪੁਰ ਜ਼ਿਲ੍ਹੇ ਵਿਚ ਇਕ 22 ਸਾਲਾ ਦਲਿਤ ਵਿਦਿਆਰਥਣ ਨੂੰ ਨਸ਼ੇ ਦਾ ਟੀਕਾ ਲਾ ਕੇ ਦੋ ਮੁਲਜ਼ਮਾਂ ਸਾਹਿਲ ਅਤੇ ਸ਼ਾਹਿਦ ਨੇ ਏਨੇ ਭਿਆਨਕ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਕਿ ਉਸ ਦੀ ਉਸੇ ਦਿਨ ਲਹੂ ਵਹਿ ਜਾਣ ਕਾਰਨ ਮੌਤ ਹੋ ਗਈ। ਹੁਣ ਦੱਸੋ ਭਲਾ ਧੀ ਦਾ ਕਸੂਰ ਕਿੰਨਾ ਕੁ ਮੰਨਿਆ ਜਾਣਾ ਚਾਹੀਦਾ ਹੈ? ਮੰਗਲਵਾਰ ਸਵੇਰੇ 10 ਵਜੇ ਘਰੋਂ ਸਾਈਕਲ ਉੱਤੇ ਕਾਲਜ ਵਿਚ ਸਿਰਫ਼ ਫੀਸ ਜਮ੍ਹਾਂ ਕਰਵਾਉਣ ਗਈ ਸੀ।
ਉੱਤਰ ਪ੍ਰਦੇਸ ਦੇ ਪੁੱਤਰਾਂ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਨਵੇਂ ਦਿਸਹੱਦੇ ਤੈਅ ਕਰ ਦਿੱਤੇ ਹਨ। ਉਸੇ ਦਿਨ ਭਦੋਹੀ ਵਿਚ ਨਾਬਾਲਗ 14 ਸਾਲਾ ਦਲਿਤ ਬੱਚੀ ਦੁਪਿਹਰੇ 11 ਵਜੇ ਖੇਤ ਵਿਚ ਮਲ ਮੂਤਰ ਕਰਨ ਗਈ। ਉੱਥੇ ਹੀ ਉਸ ਦਾ ਸਿਰ ਫੇਹ ਕੇ, ਮਾਰਨ ਬਾਅਦ ਲਾਸ਼ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।
ਹੁਣ ਦੱਸੋ ਹੈ ਕਿਸੇ ਮੁਲਕ 'ਚ ਹਿੰਮਤ ਜੋ ਭਾਰਤੀ ਬਲਾਤਕਾਰੀਆਂ ਦਾ ਰਿਕਾਰਡ ਤੋੜ ਸਕੇ? ਮੁੱਢ ਕਦੀਮ ਤੋਂ ਔਰਤਾਂ ਦ੍ਰੋਪਤੀ ਵਾਂਗ ਨਿਰਵਸਤਰ ਕੀਤੀਆਂ ਜਾਂਦੀਆਂ ਰਹੀਆਂ ਤੇ ਬੇਪੱਤ ਵੀ ਹੁੰਦੀਆਂ ਰਹੀਆਂ ਪਰ ਭਗਵਾਨ ਕ੍ਰਿਸ਼ਨ ਕਦੇ ਕਿਸੇ ਰੂਪ ਵਿਚ ਬਹੁੜਿਆ ਨਹੀਂ ਦਿਸਿਆ!
ਇਸ ਗੱਲ ਵਿਚ ਪਕਿਆਈ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਹੁਣ ਧਾਰਮਿਕ ਥਾਵਾਂ ਦੇ ਅੰਦਰ ਵੀ ਨਾਬਾਲਗਾਂ ਦਾ ਸਮੂਹਕ ਬਲਾਤਕਾਰ ਕਰਨ ਬਾਅਦ ਮਾਰਿਆ ਜਾਣ ਲੱਗ ਪਿਆ ਹੈ। ਨਾ ਕਦੇ ਨਿਆਂ ਦਵਾਉਣ ਤੇ ਨਾ ਹੀ ਕਦੇ ਕੋਈ ਜ਼ਮੀਰ ਜਗਾਉਣ ਬਹੁੜਿਆ ਹੈ!
ਭਾਰਤ ਵਿਚ ਹੁਣ ਕਾਤਲਾਂ ਤੇ ਬਲਾਤਕਾਰੀਆਂ ਨੂੰ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੋਈ ਹੈ। ਉੱਚ ਅਦਾਲਤ ਦੇ ਇੱਕ ਜੱਜ ਵਿਰੁੱਧ ਉਸੇ ਅਧੀਨ ਕੰਮ ਕਰਦੀ ਬੱਚੀ ਜਦੋਂ ਭੱਦੀ ਛੇੜਛਾੜ ਦਾ ਇਲਜ਼ਾਮ ਲਾਉਂਦੀ ਹੈ ਤਾਂ ਇਸ ਮੁਲਕ ਦਾ ਨਿਆਂ ਉਸੇ ਜੱਜ ਅੱਗੇ ਕੇਸ ਦੀ ਸੁਣਵਾਈ ਕਰਵਾਉਂਦਾ ਹੈ ਤੇ ਉਸੇ ਬੇਟੀ ਨੂੰ ਗੁਣਾਹਗਾਰ ਮੰਨ ਲੈਂਦਾ ਹੈ ਕਿਉਂਕਿ ਜੱਜ ਕੇਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੰਦਾ ਹੈ।
ਖ਼ਬਰਾਂ ਅਨੁਸਾਰ ਦੇਹ ਵਪਾਰ ਦੇ ਅੱਡੇ ਹੀ ਪੰਜਾਬ ਅੰਦਰ ਮੰਤਰੀਆਂ ਦੇ ਪੁੱਤਰ ਚਲਾਉਂਦੇ ਹਨ ਤੇ ਅਸੈਂਬਲੀਆਂ ਅੰਦਰ ਬੈਠੇ ਸਾਡੇ ਚੁਣੇ ਨੁਮਾਇੰਦੇ ਪੌਰਨ ਫਿਲਮਾਂ ਵੇਖ ਕੇ ਸਮਾਂ ਟਪਾਉਂਦੇ ਹਨ। ਆਖ਼ਰ ਕਿਸ ਕੋਲੋਂ ਨਿਆਂ ਦੀ ਉਮੀਦ ਰੱਖ ਰਹੇ ਹਾਂ? ਉਹ ਸਮਾਜ ਜੋ ਹਾਲੇ ਤੱਕ ਔਰਤ ਨੂੰ ਪੈਰਾਂ ਦੀ ਜੁੱਤੀ ਮੰਨ ਰਿਹਾ ਹੈ? ਜਿੱਥੇ ਮੌਤ ਬਾਅਦ ਵੀ ਕੂੜੇ ਦੇ ਢੇਰ ਵਾਂਗ ਗ਼ਰੀਬ ਦਲਿਤ ਬੱਚੀ ਦਾ ਟੋਟੇ-ਟੋਟੇ ਹੋਇਆ ਜਿਸਮ ਫੂਕ ਦਿੱਤਾ ਜਾਂਦਾ ਹੈ? ਜਿੱਥੇ ਮੋਇਆਂ ਬਾਅਦ ਵੀ ਮਾਂ ਦੀ ਹਿੱਕ ਨਾਲ ਲੱਗ ਕੇ ਦਿਲ ਅੰਦਰਲੀ ਦੱਬੀ ਅੱਗ ਨੂੰ ਠੰਡੀ ਕਰਨ ਦਾ ਹੱਕ ਬਾਲੜੀ ਨੂੰ ਨਹੀਂ ਦਿੱਤਾ ਜਾਂਦਾ?
ਭਾਰਤ ਵਿਚਲੇ ਨਰਕ ਨੂੰ ਬਣਾਉਣ ਵਾਲੇ 'ਉੱਚ ਜਾਤੀਏ' ਕੀ ਇਹ ਦੱਸਣਗੇ ਕਿ ਦਲਿਤ ਨਾਬਾਲਗ ਬੱਚੀਆਂ ਨਾਲ ਇਹ ਘਿਨਾਉਣੇ ਜੁਰਮ ਕਰਨ ਵਾਲਿਆਂ ਦੇ ਸਿਰ ਉੱਤੇ ਕਿਹੜੇ ਤਾਜ ਸਜਾਉਣਗੇ? ਇਹ 'ਉੱਚ-ਜਾਤੀਏ' ਬਘਿਆੜ ਕਦੋਂ ਤੱਕ ਆਪਣੀ ਪਿਆਸ ਇਸ ਤਰ੍ਹਾਂ ਦੀ ਲਹੂ ਦੀ ਹੋਲੀ ਨਾਲ ਮਿਟਾਉਂਦੇ ਰਹਿਣਗੇ?
ਕਾਨੂੰਨ ਹੀ ਕਮਾਲ ਦਾ ਹੈ ਕਿ ਹਾਲੇ ਵੀ ਬਾਲੜੀਆਂ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ-ਹਵਸ ਮਿਟਾਉਣ ਵਿਚ ਬਾਲੜੀਆਂ ਵੱਲੋਂ ਰੁਕਾਵਟ ਪਾਉਣ ਲਈ! ਕਿਉਂ ਚੁੱਪ ਚੁਪੀਤੇ ਪੱਤ ਨਹੀਂ ਲੁਹਾਈ? ਕਿਵੇਂ ਆਖ਼ਰ ਕਿਵੇਂ ਸਿਰ ਫੇਹ ਕੇ, ਲੱਤਾਂ ਪਾੜ ਕੇ, ਰੀੜ੍ਹ ਦੀ ਹੱਡੀ ਤੋੜ ਕੇ, ਜੀਭ ਕੱਟ ਕੇ, ਚਾਕੂ ਨਾਲ ਚੀਰ ਕੇ, ਸੋਟੀਆਂ ਤੁੰਨ ਕੇ, ਸਮੂਹਕ ਬਲਾਤਕਾਰ ਕਰ ਕੇ, ਲਹੂ ਵਹਿੰਦੀ ਦੇ ਮੂੰਹ ਅੰਦਰ ਤੇਜ਼ਾਬ ਪਾ ਕੇ ਤੇ ਅਧਸੜੀ ਲਾਸ਼ ਕੁੱਤਿਆਂ ਲਈ ਚੂੰਡਣ ਨੂੰ ਛੱਡ ਕੇ ਜਾਣ ਨੂੰ ਭਾਰਤ ਦਾ ਸੰਵਿਧਾਨ ਚੁੱਪ ਚੁਪੀਤੇ ਸਹਿਨ ਕਰਦਾ ਹੈ ਤੇ ਹੈਵਾਨਾਂ ਨੂੰ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ? ਇਨ੍ਹਾਂ ਹੈਵਾਨਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੇ ਬਘਿਆੜਾਂ ਨਾਲ ਅਜਿਹਾ ਹਸ਼ਰ ਕਿਉਂ ਨਹੀਂ ਕੀਤਾ ਜਾਂਦਾ?
ਲੋਕਤੰਤਰ ਦਾ ਚੌਥਾ ਥੰਮ
ਕਹਾਉਣ ਵਾਲਾ ਮੀਡੀਆ
ਕਿਹੜੇ ਰੰਗ ਵਿਚ
{ਰੰਗ ਗਿਆ?
ਕਿਉਂ ਸਿੱਕਿਆਂ ਦੇ
ਛਣਕਾਟੇ ਵਿਚ ਕੰਨ ਬੰਦ
ਕਰ ਗਿਆ?
ਕਿੰਜ ਚੀਕਾਂ ਸੁਣੀਆਂ ਉਸ ਨੂੰ
ਕੇਰਲ ਦੀ ਹਥਨੀ ਦੀਆਂ?
ਸੁਸ਼ਾਂਤ ਦੀ ਮੌਤ ਦੀ ਚੁੱਪ
ਦਾ ਸ਼ੋਰ
ਕਿੰਜ ਗਗਨਚੁੰਬੀ ਬਣ ਗਿਆ?
ਕਿਉਂ ਕੰਗਨਾ ਦੇ ਦਫਤਰ
ਪਿੱਛੇ ਤੇ ਦੀਪਿਕਾ ਦੇ ਸੂਟੇ ਹੇਠ
ਨਾਬਾਲਗਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ?
ਸਿਆਸਤਦਾਨਾਂ ਦੇ ਕਿਸਾਨਾਂ ਲਈ ਵਹਾਏ
ਮਗਰਮੱਛ ਦੇ ਹੰਝੂ
ਤੇ ਦੋ ਕਰੋੜ ਦੀਆਂ ਕਾਰਾਂ
ਵਿੱਚੋਂ ਮੀਡੀਆ ਨੂੰ ਹੱਥ ਹਿਲਾਉਣਾ
ਹੀ 'ਨੈਸ਼ਨਲ ਮੁੱਦਾ' ਕਿਉਂ ਬਣ ਗਿਆ?
ਨਿਰਭਯਾ ਦੀ ਹੂਕ
ਮਨੀਸ਼ਾ ਦੀ ਕੂਕ
ਤੇ ਅਣਗਿਣਤ ਹੋਰ ਬਾਲੜੀਆਂ
ਦੇ ਸਿਵਿਆਂ ਵਿੱਚੋਂ ਨਿਕਲ
ਰਹੀਆਂ ਚੁੱਪ ਦੀਆਂ ਚੀਕਾਂ
ਵੇਲੇ ਚੌਥਾ ਥੰਮ
ਮੂੰਹ ਉੱਤੇ ਪੱਟੀ
ਕਿਉਂ ਬੰਨ੍ਹ ਕੇ ਬਹਿ ਗਿਆ?
ਕਿਉਂ ਗਾਵਾਂ ਦੇ ਰਾਖੇ
ਅਖਵਾਉਣ ਵਾਲਿਆਂ ਅੱਗੇ
ਧਰਮ ਗੋਡੇ ਟੇਕ ਬਹਿ ਗਿਆ?
ਕਿਉਂ ਧੀਆਂ ਲਈ ਨਰਕ ਭੋਗਣ
ਦਾ ਹੁਕਮ ਜਾਰੀ ਹੋ ਗਿਆ?
ਕੀ ਇਹ ਮਾਂ ਦੇ ਢਿੱਡੋਂ ਜੰਮੇ ਨੇ?
ਮਾਂ ਦੇ ਦੁੱਧ ਦਾ ਕਰਜ਼ ਲਾਹ ਰਹੇ ਨੇ?
ਹਰਾਮ ਦੇ ਅਖਵਾਏ ਗਏ
ਤਾਂ ਵੀ ਗਾਲ੍ਹ ਮਾਂ ਨੂੰ ਹੀ ਕੱਢੀ ਜਾਵੇਗੀ!
ਰਾਖ਼ਸ਼ ਪਿਓ ਵੱਲੋਂ ਆਏ ਜੀਨ ਦੀ
ਧੂਅ ਵੀ ਨਹੀਂ ਕੱਢੀ ਜਾਵੇਗੀ!
ਵੱਢੀ ਜੀਭ, ਤੋੜੀ ਧੌਣ
ਭੰਨ ਦਿੱਤੀ ਰੀੜ੍ਹ ਦੀ ਹੱਡੀ!
ਕਿਸਦੀ?
ਮਨੀਸ਼ਾ ਦੀ?
ਨਹੀਂ!
ਲੋਕਤੰਤਰ ਦੀ,
ਕਾਨੂੰਨ ਦੀ,
ਨਿਆਂ ਦੀ,
ਸੰਵਿਧਾਨ ਦੀ
ਤੇ ਇਨਸਾਨੀਅਤ ਦੀ!
ਜਿਨ੍ਹਾਂ ਦਾ ਅੱਜ ਸਮੂਹਕ ਬਲਾਤਕਾਰ ਹੋਇਆ ਹੈ।
ਰਾਹਤ ਇੰਦੌਰੀ ਵੀ ਕਹਿੰਦਾ ਹੈ :-
ਲਸ਼ਕਰ ਭੀ ਤੁਮਹਾਰਾ ਹੈ, ਸਰਦਾਰ ਤੁਮਹਾਰਾ ਹੈ।
ਤੁਮ ਝੂਠ ਕੋ ਸੱਚ ਲਿਖ ਦੋ, ਅਖ਼ਬਾਰ ਤੁਮਹਾਰਾ ਹੈ।
ਇਸ ਦੌਰ ਕੇ ਫਰਿਆਦੀ, ਜਾਏਂ ਤੋਂ ਜਾਏਂ ਕਹਾਂ।
ਸਰਕਾਰ ਭੀ ਤੁਮਹਾਰੀ ਹੈ, ਦਰਬਾਰ ਤੁਮਹਾਰਾ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783