ਨਫਰਤ ਦੇ ਵਣਜਾਰਿਆਂ ਨੂੰ ਲਾਹਨਤਾਂ - ਚੰਦ ਫਤਿਹਪੁਰੀ
ਭਾਰਤ ਦਾ ਦਲਾਲ ਮੀਡੀਆ ਮੌਜੂਦਾ ਹਕੂਮਤ ਦੀ ਸ਼ਹਿ ਉੱਤੇ ਪਿਛਲੇ ਛੇ ਸਾਲਾਂ ਤੋਂ ਪੱਤਰਕਾਰਤਾ ਦੀਆਂ ਸਭ ਸੀਮਾਵਾਂ ਉਲੰਘਦਾ ਆ ਰਿਹਾ ਹੈ। ਫਿਰਕਿਆਂ ਵਿੱਚ ਨਫ਼ਰਤ ਫੈਲਾਉਣ ਲਈ ਵੱਖ-ਵੱਖ ਟੀ ਵੀ ਚੈਨਲਾਂ ਵਿੱਚ ਇੱਕ-ਦੂਜੇ ਤੋ੬ਂ ਅੱਗੇ ਲੰਘਣ ਦੀ ਦੌੜ ਲੱਗੀ ਹੋਈ ਹੈ। ਵਿਅਕਤੀਆਂ ਦੇ ਨਿੱਜਤਾ ਦੇ ਅਧਿਕਾਰ ਇਸ ਛੋਟੇ ਪਰਦੇ ਉੱਤੇ ਹਰ ਦਿਨ ਲੀਰੋ-ਲੀਰ ਹੁੰਦੇ ਆ ਰਹੇ ਹਨ। ਤਬਲੀਗੀ ਮਰਕਜ਼ ਦਾ ਮਾਮਲਾ ਹੋਵੇ ਜਾਂ ਦਿੱਲੀ ਦੰਗਿਆਂ ਦਾ, ਟੀ ਵੀ ਚੈਨਲ ਹਰ ਉਸ ਖ਼ਬਰ ਨੂੰ ਮਸਾਲੇ ਲਾ ਕੇ ਪੇਸ਼ ਕਰਦੇ ਆ ਰਹੇ ਹਨ, ਜਿਹੜੀ ਹਾਕਮ ਧਿਰ ਲਈ ਸੂਤ ਬੈਠਦੀ ਹੋਵੇ। ਕੌਣ ਦੇਸ਼ ਪ੍ਰੇਮੀ ਹੈ ਤੇ ਕੌਣ ਦੇਸ਼ ਧ੍ਰੋਹੀ, ਇਸ ਦਾ ਫੈਸਲਾ ਮੀਡੀਆ ਨੇ ਆਪਣੇ ਹੱਥਾਂ ਵਿੱਚ ਲੈ ਰੱਖਿਆ ਹੈ। ਨਿਆਂ ਪਾਲਿਕਾ ਦੀ ਬੇਦਿਲੀ ਕਾਰਨ ਇਹ ਮੀਡੀਆ ਕੰਪਨੀਆਂ ਬੇਖੌਫ ਹੋ ਕੇ ਝੂਠ ਵੰਡਣ ਦਾ ਕੰਮ ਕਰਦੀਆਂ ਆ ਰਹੀਆਂ ਹਨ।
ਹੁਣ ਜਦੋਂ ਆਮ ਲੋਕਾਂ ਦੇ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਤਾਂ ਮੀਡੀਆ ਦੇ ਨਫ਼ਰਤੀ ਹਿੱਸੇ ਵਿਰੁੱਧ ਲੋਕਾਂ ਦਾ ਗੁੱਸਾ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀ ਬਾਲੀਵੁੱਡ ਦੀਆਂ 4 ਐਸੋਸੀਏਸ਼ਨਾਂ ਤੇ 34 ਪ੍ਰੋਡਕਸ਼ਨ ਹਾਊਸਾਂ ਵੱਲੋਂ ਰਿਪਬਲਿਕ ਟੀ ਵੀ ਤੇ ਟਾਈਮਜ਼ ਨਾਓ ਦੀਆਂ ਫ਼ਿਲਮੀ ਹਸਤੀਆਂ ਬਾਰੇ ਭੜਕਾਊ ਟਿੱਪਣੀਆਂ ਵਿਰੁੱਧ ਦਿੱਲੀ ਹਾਈਕੋਰਟ ਵਿੱਚ ਰਿੱਟ ਦਾਖ਼ਲ ਕਰਕੇ ਮੰਗ ਕੀਤੀ ਗਈ ਸੀ ਕਿ ਇਨ੍ਹਾਂ ਚੈਨਲਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਹੀ ਬਿਸਕੁੱਟ ਬਣਾਉਣ ਵਾਲੀ ਪਾਰਲੇ ਕੰਪਨੀ ਨੇ ਨਫ਼ਰਤ ਫੈਲਾਉਣ ਵਾਲੇ ਚੈਨਲਾਂ ਨੂੰ ਇਸ਼ਤਿਹਾਰ ਜਾਰੀ ਕਰਨ ਉੱਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਆਟੋ ਇੰਡਸਟਰੀ ਨਾਲ ਸੰਬੰਧਤ ਵੱਡੇ ਕਾਰਪੋਰੇਟ ਹਾਊਸ ਬਜਾਜ ਆਟੋ ਨੇ ਵੀ ਅਜਿਹਾ ਹੀ ਕੀਤਾ ਸੀ। ਮੁੰਬਈ ਪੁਲਸ ਵੱਲੋਂ ਰਿਪਬਲਿਕ ਟੀ ਵੀ ਤੇ ਦੋ ਮਰਾਠੀ ਚੈਨਲਾਂ ਦੇ ਝੂਠੇ ਟੀ ਆਰ ਪੀ ਰੈਕਟ ਦਾ ਖੁਲਾਸਾ ਕਰਨ ਤੋਂ ਬਾਅਦ ਬਜਾਜ ਆਟੋ ਦੇ ਐੱਮ ਡੀ ਰਾਜੀਵ ਬਜਾਜ ਨੇ ਕਿਹਾ ਸੀ ਕਿ ਉਨ੍ਹਾ ਦੀ ਕੰਪਨੀ ਨੇ ਉਕਤ ਤਿੰਨਾਂ ਚੈਨਲਾਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਬਲੈਕ ਲਿਸਟ ਚੈਨਲਾਂ ਨੂੰ ਸਮਾਜ ਲਈ ਹਾਨੀਕਾਰਕ ਦੱਸਦਿਆਂ ਕਿਹਾ ਸੀ, ''ਅਸੀਂ ਬਹੁਤ ਸਪੱਸ਼ਟ ਹਾਂ ਕਿ ਸਾਡਾ ਬਰਾਂਡ ਕਦੇ ਵੀ ਕਿਸੇ ਅਜਿਹੀ ਚੀਜ਼ ਨਾਲ ਨਹੀਂ ਜੁੜੇਗਾ, ਜਿਹੜੀ ਸਾਡੇ ਸਮਾਜ ਵਿੱਚ ਜ਼ਹਿਰ ਫੈਲਾਉਣ ਦਾ ਕੰਮ ਕਰਦੀ ਹੋਵੇ।'' ਉਨ੍ਹਾ ਅੱਗੇ ਕਿਹਾ ਕਿ ਇੱਕ ਮਜ਼ਬੂਤ ਕਾਰੋਬਾਰ ਦਾ ਉਦੇਸ਼ ਸਮਾਜ ਲਈ ਯੋਗਦਾਨ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਸਮਾਜ ਵਿੱਚ ਜ਼ਹਿਰ ਘੋਲਣਾ।
ਯਾਦ ਰਹੇ ਕਿ ਇਸ ਸੰਬੰਧੀ ਸਭ ਤੋਂ ਪਹਿਲਾਂ ਅਮਰੀਕਾ ਦੀਆਂ ਕੁਝ ਕੰਪਨੀਆਂ ਨੇ ਫੇਸਬੁਕ ਵਿਰੁੱਧ 'ਸਟਾਪ ਹੇਟ ਫਾਰ ਪ੍ਰਾਫਿਟ' (ਮੁਨਾਫ਼ੇ ਲਈ ਨਫ਼ਰਤ ਬੰਦ ਕਰੋ) ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਅਧੀਨ ਫੇਸਬੁਕ ਨੂੰ ਜਾਰੀ ਹੋਣ ਵਾਲੇ ਇਸ਼ਤਿਹਾਰਾਂ ਉਤੇ ਰੋਕ ਲਾ ਗਈ ਦਿੱਤੀ ਸੀ। ਵੱਡੀ ਗਿਣਤੀ ਵਿੱਚ ਕੰਪਨੀਆਂ ਦੇ ਇਸ ਮੁਹਿੰਮ ਨਾਲ ਜੁੜਨ ਤੋਂ ਬਾਅਦ ਫੇਸਬੁਕ ਨੂੰ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕਰਨੀ ਪਈ ਸੀ। ਇਸ ਮੁਹਿੰਮ ਦੀ ਸਫ਼ਲਤਾ ਤੋਂ ਬਾਅਦ ਪਿਛਲੇ ਦਿਨੀਂ ਭਾਰਤ ਦੀਆਂ ਇਸ਼ਤਿਹਾਰ ਏਜੰਸੀਆਂ ਨੇ ਨਿਊਜ਼ ਚੈਨਲਾਂ ਉੱਤੇ ਵਧ ਰਹੇ ਜ਼ਹਿਰੀਲੇ ਪ੍ਰਚਾਰ ਉੱਤੇ ਚਿੰਤਾ ਪ੍ਰਗਟ ਕੀਤੀ ਸੀ।
ਪਾਰਲੇ ਉਤਪਾਦ ਦੇ ਸੀਨੀਅਰ ਮਾਰਕੀਟਿੰਗ ਹੈੱਡ ਕ੍ਰਿਸ਼ਨਰਾਵ ਬੁੱਧ ਨੇ ਕਿਹਾ, ''ਇੱਕ ਦਰਸ਼ਕ ਤੇ ਇਸ਼ਤਿਹਾਰਦਾਤਾ ਦੇ ਤੌਰ ਉਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਸਮੇਂ ਸਮਾਚਾਰ ਚੈਨਲ ਬੇਸ਼ਰਮੀ ਦੀ ਹੱਦ ਤੱਕ ਗਿਰ ਚੁੱਕੇ ਹਨ ਤੇ ਇਸ਼ਤਿਹਾਰਦਾਤਿਆਂ ਕੋਲ ਇਸ ਕੁਚੱਕਰ ਨੂੰ ਤੋੜਨ ਦਾ ਮੌਕਾ ਹੈ। ਇਹ ਸਾਨੂੰ ਸਮੂਹਿਕ ਤੌਰ ਉੱਤੇ ਇੱਕ ਚੰਗੇ ਉਦੇਸ਼ ਲਈ ਕਰਨਾ ਚਾਹੀਦਾ ਹੈ। ਅਜਿਹਾ ਕਰਦੇ ਸਮੇਂ ਸਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਅਸੀਂ ਅਜਿਹਾ ਕਿਸ ਕਾਰਨ ਕਰ ਰਹੇ ਹਾਂ। ਮੇਰਾ ਮੰਨਣਾ ਹੈ ਕਿ ਅਜੋਕਾ ਵਾਤਾਵਰਣ ਕਿਸੇ ਵੀ ਬਰਾਂਡ ਲਈ ਖ਼ਤਰਨਾਕ ਹੈ, ਕਿਉਂਕਿ ਇਸ ਨਾਲ ਉਸ ਨੂੰ ਨੁਕਸਾਨ ਹੁੰਦਾ ਹੈ।''
ਇਸ ਦੇ ਨਾਲ ਹੀ ਕ੍ਰਿਸ਼ਨਰਾਵ ਬੁੱਧ ਨੇ ਸਾਰੇ ਬਰਾਂਡਾਂ ਨੂੰ ਅਪੀਲ ਕਰਦਿਆਂ ਕਿਹਾ, ''ਮੈਂ ਸਾਰੇ ਇਸ਼ਤਿਹਾਰਦਾਤਿਆਂ ਨੂੰ ਇੱਕਜੁੱਟ ਹੋ ਕੇ ਸਾਰੇ ਸਮਾਚਾਰ ਚੈਨਲਾਂ ਨੂੰ ਇਸ਼ਤਿਹਾਰ ਦੇਣ ਉਤੇ ਰੋਕ ਲਾਉਣ ਦੀ ਅਪੀਲ ਕਰਦਾ ਹਾਂ, ਜਦੋਂ ਤੱਕ ਉਹ ਸਮਾਚਾਰਾਂ ਵਿੱਚ ਪਵਿੱਤਰਤਾ ਤੇ ਨੈਤਿਕਤਾ ਲਿਆਉਣ ਲਈ ਮਜਬੂਰ ਨਹੀਂ ਹੋ ਜਾਂਦੇ।''
ਇਸ ਦੌਰਾਨ 'ਅਮੂਲ' ਦੇ ਕਾਰਜਕਾਰੀ ਨਿਰਦੇਸ਼ਕ ਆਰ ਐੱਸ ਸੋਢੀ ਨੇ ਕਿਹਾ ਹੈ ਕਿ ਸਮਾਚਾਰ ਚੈਨਲ ਨੌਜਵਾਨਾਂ ਦੇ ਮਨਾਂ ਵਿੱਚ ਨਕਾਰਾਤਮਕਤਾ ਭਰ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ, ਜਦੋਂ ਇਸ਼ਤਿਹਾਰਦਾਤਿਆਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਬਜਾਜ ਗਰੁੱਪ ਦੇ ਐੱਮ ਡੀ ਰਾਜੀਵ ਬਜਾਜ ਨੇ ਇੱਕ ਇੰਟਰਵਿਊ ਦੌਰਾਨ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਈ ਪੀ ਐੱਲ 2020 ਵਿੱਚ ਬੀਤੇ ਦਿਨੀਂ ਜਦੋਂ ਮਹੇਂਦਰ ਸਿੰਘ ਧੋਨੀ ਨੇ ਖਰਾਬ ਪ੍ਰਦਰਸ਼ਨ ਕੀਤਾ ਤਾਂ ਉਸ ਦੀ 5 ਸਾਲਾ ਬੇਟੀ ਨੂੰ ਆਨਲਾਈਨ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾ ਫੈਸਲਾ ਕੀਤਾ ਕਿ ਬਜਾਜ ਆਟੋ ਨਫ਼ਰਤ ਫੈਲਾਉਣ ਵਾਲਿਆਂ ਨੂੰ ਪ੍ਰਮੋਟ ਨਹੀਂ ਕਰੇਗਾ। ਉਨ੍ਹਾ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾ ਦੇ ਬੱਚਿਆਂ ਨੂੰ ਅਜਿਹਾ ਭਾਰਤ ਵਿਰਾਸਤ ਵਿੱਚ ਮਿਲੇ, ਜੋ ਨਫ਼ਰਤ ਦੀ ਬੁਨਿਆਦ ਉੱਤੇ ਖੜ੍ਹਾ ਹੋਵੇ।