ਸਮਾਜਵਾਦੀਆਂ ਦੀ ਜਿੱਤ - ਸਵਰਾਜਬੀਰ
ਸਾਰੀ ਦੁਨੀਆ 'ਚ ਇਹ ਬਹਿਸ ਉਸਾਰਨ ਲਈ ਵੱਡੇ ਯਤਨ ਕੀਤੇ ਜਾਂਦੇ ਹਨ ਕਿ ਸਮਾਜਵਾਦੀ/ਸਾਮਵਾਦੀ ਅਤੇ ਖੱਬੇ-ਪੱਖੀ ਮੁਹਾਜ਼ ਤੇ ਪਾਰਟੀਆਂ ਬਣਾਉਣ ਅਤੇ ਉਨ੍ਹਾਂ ਰਾਹੀਂ ਚੋਣਾਂ ਲੜਨ ਦੀ ਕੋਸ਼ਿਸ਼ ਲੋਕਾਂ ਅਤੇ ਖੱਬੇ-ਪੱਖੀਆਂ ਨੂੰ ਕਿਤੇ ਨਹੀਂ ਪਹੁੰਚਾਉਣ ਵਾਲੀ, ਆਵਾਰਾ ਪੂੰਜੀ ਤੇ ਇਜਾਰੇਦਾਰੀ (Monopoly) ਸਰਮਾਏਦਾਰੀ ਜਿੱਤ ਚੁੱਕੀ ਹੈ ਅਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ 'ਚ ਖੱਬੇ-ਪੱਖੀ ਪਾਰਟੀਆਂ, ਜਥੇਬੰਦੀਆਂ ਤੇ ਗਰੁੱਪ ਹਾਰੀ ਹੋਈ ਲੜਾਈ ਲੜ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸਮਾਜਵਾਦੀ-ਸਾਮਵਾਦੀ-ਜਮਹੂਰੀ ਤਾਕਤਾਂ ਆਪਣੀਆਂ ਲੜਾਈਆਂ ਲਗਾਤਾਰ ਲੜਦੀਆਂ ਰਹਿੰਦੀਆਂ ਹਨ। ਉਹ ਹਾਰਦੀਆਂ ਵੀ ਹਨ ਪਰ ਉਨ੍ਹਾਂ ਨੂੰ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਹਨ। ਐਤਵਾਰ ਲਾਤੀਨੀ (ਦੱਖਣੀ) ਅਮਰੀਕਾ ਦੇ ਦੇਸ਼ ਬੋਲੀਵੀਆ ਵਿਚ ਸਾਬਕਾ ਰਾਸ਼ਟਰਪਤੀ ਈਵੋ ਮੋਰੈਲਿਸ (Evo Morales) ਦੀ ਅਗਵਾਈ ਵਾਲੀ ਪਾਰਟੀ 'ਸਮਾਜਵਾਦ ਪੱਖੀ ਲਹਿਰ (Movement Towards Democracy- ਸਪੇਨੀ 'ਚ Movimiento al Socialismo-ਮੈਸ)' ਦੇ ਉਮੀਦਵਾਰ ਲੂਈ ਆਰਸੇ (Luis Arce) ਨੂੰ ਜਿੱਤ ਪ੍ਰਾਪਤ ਹੋਈ ਹੈ। ਲੂਈ ਆਰਸੇ ਨੂੰ 53 ਫ਼ੀਸਦੀ ਵੋਟ ਮਿਲੇ ਅਤੇ ਉਸ ਦੇ ਵਿਰੋਧੀ ਕਾਰਲੋਸ ਮੇਸਾ ਨੂੰ 29.5 ਫ਼ੀਸਦੀ ਅਤੇ ਇਸ ਤਰ੍ਹਾਂ ਆਰਸੇ ਪਹਿਲੇ ਦੌਰ ਵਿਚ ਫ਼ੈਸਲਾਕੁਨ ਜਿੱਤ ਪ੍ਰਾਪਤ ਕਰਕੇ ਰਾਸ਼ਟਰਪਤੀ ਚੁਣਿਆ ਗਿਆ (ਜੇ ਉਸ ਨੂੰ ਪਹਿਲੇ ਦੌਰ ਵਿਚ ਆਪਣੇ ਦੋਹਾਂ ਵਿਰੋਧੀਆਂ ਨੂੰ ਮਿਲਾ ਕੇ ਮਿਲੇ ਵੋਟਾਂ ਤੋਂ ਘੱਟ ਵੋਟ ਮਿਲਦੇ ਤਾਂ ਚੋਣਾਂ ਦਾ ਦੂਸਰਾ ਦੌਰ ਹੋਣਾ ਸੀ)।
ਲੂਈ ਆਰਸੇ ਆਪਣੇ ਆਗੂ ਈਵੋ ਮੋਰੈਲਿਸ ਦੀ ਅਗਵਾਈ ਵਾਲੇ ਮੰਤਰੀ ਮੰਡਲਾਂ ਵਿਚ ਵਿੱਤ ਮੰਤਰੀ ਰਿਹਾ ਹੈ। ਈਵੋ ਮੋਰੈਲਿਸ ਬੋਲੀਵੀਆ ਦਾ ਰਾਸ਼ਟਰਪਤੀ ਬਣਨ ਵਾਲਾ ਪਹਿਲਾ ਮੂਲਵਾਸੀ ਹੈ ਅਤੇ ਉਹ 2006 ਤੋਂ 2019 ਤਕ ਇਸ ਅਹੁਦੇ 'ਤੇ ਰਿਹਾ। 2019 ਵਿਚ ਫ਼ੌਜ ਨੇ ਉਸ ਨੂੰ ਦੇਸ਼ ਛੱਡ ਜਾਣ ਲਈ ਮਜਬੂਰ ਕਰ ਦਿੱਤਾ ਅਤੇ ਉਸ ਨੇ ਪਹਿਲਾਂ ਮੈਕਸਿਕੋ ਅਤੇ ਫਿਰ ਅਰਜਨਟਾਈਨਾ ਵਿਚ ਪਨਾਹ ਲਈ। ਉਹ ਆਈਮਾਰਾ (Aymara) ਭਾਈਚਾਰੇ ਨਾਲ ਸਬੰਧ ਰੱਖਦਾ ਹੈ ਜਿਹੜਾ ਲਾਤੀਨੀ ਅਮਰੀਕਾ ਦੇ ਵੱਖ ਵੱਖ ਦੇਸ਼ਾਂ ਵਿਚ ਹਜ਼ਾਰਾਂ ਸਾਲਾਂ ਤੋਂ ਰਹਿ ਰਿਹਾ ਹੈ। ਉਸ ਨੇ ਵੱਖ ਵੱਖ ਟਰੇਡ ਯੂਨੀਅਨਾਂ ਅਤੇ ਜਨਤਕ ਲਹਿਰਾਂ ਵਿਚ ਕੰਮ ਕਰਨ ਬਾਅਦ 'ਮੈਸ' ਪਾਰਟੀ ਦੀ ਨੀਂਹ ਰੱਖੀ। ਉਹ ਜ਼ਮੀਨੀ ਪੱਧਰ ਦੀ ਜਮਹੂਰੀਅਤ ਦਾ ਵੱਡਾ ਹਾਮੀ ਹੈ। ਤੀਸਰੀ ਦੁਨੀਆਂ ਦੀਆਂ ਖੱਬੇ-ਪੱਖੀ, ਧਰਮ ਨਿਰਪੱਖ ਅਤੇ ਉਦਾਰਵਾਦੀ ਪਾਰਟੀਆਂ ਲਈ ਈਵੋ ਮੋਰੈਲਿਸ ਦੀ ਪਾਰਟੀ (ਸਿਵਾਏ ਉਸ ਦੇ ਨੇਤਾ ਬਣੇ ਰਹਿਣ ਦੀ ਲਲਕ) ਤੋਂ ਸਿੱਖਣ ਲਈ ਬਹੁਤ ਕੁਝ ਹੈ। ਮੋਰੈਲਿਸ ਨੂੰ ਨਵੰਬਰ 2019 ਵਿਚ ਦੇਸ਼-ਬਦਰ ਕਰਨ ਤੋਂ ਬਾਅਦ ਸੱਜੇ-ਪੱਖੀ ਆਗੂ ਜ਼ਨੀਨ ਆਨੀਅਸ (Jeanine Anez) ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ।
ਬੋਲੀਵੀਆ ਦੇ ਲੋਕਾਂ ਨੇ ਆਪਣੇ ਇਤਿਹਾਸ ਵਿਚ ਬਸਤੀਵਾਦੀਆਂ, ਆਪਣੇ ਗੁਆਂਢੀ ਦੇਸ਼ਾਂ, ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਅਤੇ ਅਮਰੀਕਨ ਕੇਂਦਰੀ ਖ਼ੁਫ਼ੀਆ ਏਜੰਸੀ (Central Intelligence Agency : ਸੀਆਈਏ) ਹੱਥੋਂ ਅਨੰਤ ਦੁੱਖ ਸਹੇ ਹਨ। 2006 ਵਿਚ ਮੋਰੈਲਿਸ ਦੇ ਰਾਸ਼ਟਰਪਤੀ ਬਣਨ 'ਤੇ ਦੇਸ਼ ਦੀ ਸਿਆਸਤ ਨੇ ਲੋਕ-ਪੱਖੀ ਮੋੜਾ ਕੱਟਿਆ ਅਤੇ ਸਿਆਸਤ ਰਵਾਇਤੀ ਸੱਜੇ-ਪੱਖੀ/ਖੱਬੇ-ਪੱਖੀ ਦ੍ਰਿਸ਼ਟੀਕੋਣਾਂ ਦੇ ਨਾਲ-ਨਾਲ ਪਿੰਡ-ਦਿਹਾਤ ਵਿਚ ਵਸਣ ਵਾਲੇ ਮੂਲਵਾਸੀਆਂ ਅਤੇ ਸ਼ਹਿਰਾਂ ਵਿਚ ਵਸਦੇ ਕੁਲੀਨ ਵਰਗ ਦੇ ਟਕਰਾਓ ਵਿਚ ਵੀ ਬਦਲੀ। ਮੋਰੈਲਿਸ ਨੇ ਸਿਹਤ, ਵਿੱਦਿਆ, ਖੇਤੀ, ਤੇਲ, ਗੈਸ, ਵਾਤਾਵਰਨ, ਜਨਤਕ ਵੰਡ ਪ੍ਰਣਾਲੀ ਨੂੰ ਸੁਧਾਰਨ, ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਆਦਿ ਖੇਤਰਾਂ ਵੱਲ ਜ਼ਿਆਦਾ ਧਿਆਨ ਦਿੱਤਾ ਅਤੇ ਉਹ ਲੋਕਾਂ ਵਿਚ ਹਰਮਨ ਪਿਆਰਾ ਵੀ ਹੋਇਆ। ਉਸ ਨੇ ਤੇਲ ਅਤੇ ਗੈਸ ਦੀ ਸਨਅਤ ਦਾ ਕੌਮੀਕਰਨ ਕੀਤਾ ਅਤੇ ਮੂਲਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦੇਸ਼ ਦੇ ਅਤਿ ਗ਼ਰੀਬੀ ਵਿਚ ਰਹਿ ਰਹੇ ਲੋਕਾਂ ਨੂੰ ਇਸ ਜਲਾਲਤ ਤੋਂ ਛੁਟਕਾਰਾ ਦਿਵਾਇਆ ਪਰ ਉਸ ਦੀ ਲਗਾਤਾਰ ਆਪਣੇ ਅਹੁਦੇ (ਰਾਸ਼ਟਰਪਤੀ) 'ਤੇ ਬਣੇ ਰਹਿਣ ਦੀ ਲਾਲਸਾ (ਜੋ ਖੱਬੇ-ਪੱਖੀ ਆਗੂਆਂ ਵਿਚ ਆਮ ਹੈ) ਨੇ ਉਸ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਅਤੇ ਉਸ ਨੂੰ ਆਪਣੀ ਕੁਰਸੀ ਛੱਡਣੀ ਪਈ।
ਬੋਲੀਵੀਆ ਸਪੇਨ ਦਾ ਗ਼ੁਲਾਮ ਰਿਹਾ। 1804 ਵਿਚ ਬਗ਼ਾਵਤਾਂ ਨਾਲ ਇਹ ਆਜ਼ਾਦੀ ਦੀ ਰਾਹ 'ਤੇ ਤੁਰਿਆ ਅਤੇ 1825 ਵਿਚ ਲਾਤੀਨੀ ਅਮਰੀਕਾ ਦੇ ਸਿਰਮੌਰ ਆਗੂ ਸੀਮੋਨ ਬੋਲੀਵਾ (Simon Bolivar) ਦੀ ਅਗਵਾਈ ਵਿਚ ਇਸ ਨੂੰ ਪੂਰਨ ਆਜ਼ਾਦੀ ਮਿਲੀ। ਦੇਸ਼ ਦਾ ਨਾਂ ਵੀ ਇਸ ਮਹਾਨ ਨਾਇਕ ਦੇ ਨਾਂ 'ਤੇ ਰੱਖਿਆ ਗਿਆ। ਆਜ਼ਾਦੀ ਤੋਂ ਬਾਅਦ ਵੀ ਇਸ ਨੂੰ ਗੁਆਂਢੀ ਦੇਸ਼ਾਂ ਚਿੱਲੀ, ਪੀਰੂ ਅਤੇ ਬਰਾਜ਼ੀਲ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਚਿੱਲੀ ਦੁਆਰਾ ਇਸ ਦੇ ਤੱਟੀ ਇਲਾਕਿਆਂ 'ਤੇ ਕਬਜ਼ਾ ਕਰਨ ਕਰਕੇ ਇਸ ਦੇਸ਼ ਕੋਲ ਕੋਈ ਸਮੁੰਦਰੀ ਤੱਟ ਨਹੀਂ ਹੈ।
ਇਤਿਹਾਸ ਦੇ ਥਪੇੜੇ ਖਾਂਦਿਆਂ 1952 ਵਿਚ ਇੱਥੇ ਇਨਕਲਾਬੀ ਰਾਸ਼ਟਰਵਾਦੀ ਪਾਰਟੀ (Revolutionary Nationalist Party) ਸੱਤਾ ਵਿਚ ਆਈ ਪਰ 1964 ਵਿਚ ਫ਼ੌਜ ਨੇ ਰਾਜ-ਕਾਜ 'ਤੇ ਫਿਰ ਕਬਜ਼ਾ ਕਰ ਲਿਆ। 1966 ਵਿਚ ਅਰਜਨਟਾਈਨਾ ਵਾਸੀ ਮਸ਼ਹੂਰ ਇਨਕਲਾਬੀ ਚੀ ਗਵੇਰਾ (Che Guevara) ਬੋਲੀਵੀਆ ਵਿਚ ਪਹੁੰਚਿਆ ਅਤੇ ਉਸ ਨੇ ਦੇਸ਼ ਦੇ ਪੂਰਬੀ ਹਿੱਸੇ ਦੇ ਜੰਗਲਾਂ ਵਿਚ ਜਾ ਕੇ ਗੁਰੀਲਾ ਲੜਾਈ ਆਰੰਭੀ। ਸੀਆਈਏ (CIA) ਨੇ ਬੋਲੀਵੀਆ ਦੀ ਫ਼ੌਜ ਦੀ ਸਹਾਇਤਾ ਕੀਤੀ ਅਤੇ ਸੀਆਈਏ ਦੇ ਏਜੰਟ ਫਲਿਕਸ ਰੋਡਰਿਗਜ਼ (Felix Rodriuez) ਦੀ ਕਮਾਨ ਹੇਠ ਫ਼ੌਜ ਅਤੇ ਸੀਆਈਏ ਦੀਆਂ ਟੁਕੜੀਆਂ ਨੇ ਬੋਲੀਵੀਆ ਦੇ ਤਤਕਾਲੀਨ ਰਾਸ਼ਟਰਪਤੀ ਰੇਨੇ ਬਾਰੀਅੰਤੋਸ (Rene Barrientos) ਦੇ ਆਦੇਸ਼ ਅਨੁਸਾਰ ਚੀ ਗਵੇਰਾ ਨੂੰ 9 ਅਕਤੂਬਰ 1967 ਨੂੰ ਕਤਲ ਕਰ ਦਿੱਤਾ। ਉਸ ਨੂੰ ਮਾਰਨ ਤੋਂ ਕੁਝ ਸਮਾਂ ਪਹਿਲਾਂ ਸੀਆਈਏ ਦੇ ਇਕ ਏਜੰਟ ਨੇ ਚੀ ਗਵੇਰਾ ਨੂੰ ਪੁੱਛਿਆ, ''ਕੀ ਤੂੰ ਆਪਣੇ ਅਮਰ ਹੋ ਜਾਣ ਬਾਰੇ, ਆਪਣੀ ਅਮਰਤਾ ਬਾਰੇ ਸੋਚ ਰਿਹਾ ਏਂ।'' ਚੀ ਗਵੇਰਾ ਨੇ ਕਿਹਾ, ''ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ।'' ਇਸ ਤਰ੍ਹਾਂ ਬੋਲੀਵੀਆ ਦਾ ਨਾਂ ਲਾਤੀਨੀ ਅਮਰੀਕਾ ਦੇ ਦੋ ਮਹਾਨਤਮ ਇਨਕਲਾਬੀਆਂ ਸੀਮੋਨ ਬੋਲੀਵਾ ਅਤੇ ਚੀ ਗਵੇਰਾ ਨਾਲ ਜੁੜਿਆ ਹੋਇਆ ਹੈ।
1971 ਵਿਚ ਜਰਨਲ ਹਿਊਗੋ ਬੈਂਜਰ (Hugo Banzer) ਸੀਆਈਏ ਦੀ ਹਮਾਇਤ ਨਾਲ ਸੱਤਾ ਵਿਚ ਆਇਆ ਅਤੇ ਇਸੇ ਤਰ੍ਹਾਂ ਜਨਰਲ ਲੂਈ ਗਾਰਸੀਆ ਮੇਜ਼ਾ (Luis Garcia Meza) ਨੇ 1980 ਵਿਚ ਫ਼ੌਜ ਦੀ ਹਿੰਸਕ ਹਮਾਇਤ ਨਾਲ ਸੱਤਾ ਹਥਿਆਈ। 1993 ਤੋਂ ਦੇਸ਼ ਦੁਬਾਰਾ ਜਮਹੂਰੀਅਤ ਵੱਲ ਪਰਤਿਆ। 2002 ਵਿਚ ਹੁਣ ਜੇਤੂ ਹੋਈ ਪਾਰਟੀ 'ਮੈਸ' ਨੇ ਇਕ ਹੋਰ ਜਮਹੂਰੀ ਪਾਰਟੀ ਨਾਲ ਸਮਝੌਤਾ ਕੀਤਾ ਅਤੇ ਸਹਿਯੋਗੀ ਪਾਰਟੀ ਦੇ ਨੁਮਾਇੰਦੇ ਨੂੰ ਰਾਸ਼ਟਰਪਤੀ ਬਣਾਇਆ। 2006 ਵਿਚ 'ਮੈਸ' ਆਪਣੇ ਬਲਬੂਤੇ 'ਤੇ ਸੱਤਾ ਵਿਚ ਆਈ ਅਤੇ 2009 ਵਿਚ ਦੇਸ਼ ਦਾ ਨਵਾਂ ਸੰਵਿਧਾਨ ਬਣਾਇਆ ਗਿਆ।
ਇਸ ਤਰ੍ਹਾਂ ਫ਼ੌਜੀ ਹਾਕਮਾਂ, ਅਮਰੀਕਨ ਕਾਰਪੋਰੇਟ ਅਦਾਰਿਆਂ, ਅਮਰੀਕਨ ਸਰਕਾਰ, ਸੀਆਈਏ (CIA) ਅਤੇ ਕੱਟੜਪੰਥੀ ਤਾਕਤਾਂ ਨੇ ਹਮੇਸ਼ਾਂ ਬੋਲੀਵੀਆ ਦੇ ਲੋਕਾਂ ਨੂੰ ਲਿਤਾੜਨ ਅਤੇ ਉੱਥੋਂ ਦੇ ਕੁਦਰਤੀ ਖ਼ਜ਼ਾਨੇ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। 2006 ਤੋਂ ਦੇਸ਼ ਦੀ ਸਿਆਸਤ ਦੇ ਮੋੜਾ ਕੱਟਣ 'ਤੇ ਸਿਆਸੀ ਜਮਾਤ ਨੇ ਅਰਥਚਾਰੇ ਦੇ ਮੁੜ ਨਿਰਮਾਣ, ਕੁਦਰਤੀ ਖ਼૫ਾਨਿਆਂ/ਖਾਣਾਂ ਦੇ ਰਾਸ਼ਟਰੀਕਰਨ, ਬੇਰੁਜ਼ਗਾਰੀ ਅਤੇ ਰਿਸ਼ਵਤਖ਼ੋਰੀ ਘਟਾਉਣ ਅਤੇ ਸਮਾਜਿਕ ਏਕਤਾ ਵੱਲ ਧਿਆਨ ਦਿੱਤਾ ਹੈ। ਹੁਣ ਚੁਣੇ ਗਏ ਰਾਸ਼ਟਰਪਤੀ ਲੂਈ ਆਰਸੇ 'ਤੇ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਮੂਲਵਾਸੀਆਂ ਅਤੇ ਸ਼ਹਿਰੀ ਲੋਕਾਂ ਦੀ ਏਕਤਾ ਦੇ ਹੱਕ ਵਿਚ ਜਾਂਦੇ ਏਜੰਡੇ 'ਤੇ ਪਹਿਰਾ ਦੇਵੇ। ਉਸ ਦੀ ਵੱਡੀ ਮੁਸ਼ਕਿਲ ਇਹ ਹੈ ਕਿ ਵਿਰੋਧੀ ਧਿਰ ਵਿਚ ਗੋਰਿਆਂ ਅਤੇ ਸਮਾਜਵਾਦੀ ਵਿਰੋਧੀਆਂ ਦੀ ਬਹੁਤਾਤ ਹੈ। ਅਜਿਹੀ ਵਿਰੋਧੀ ਧਿਰ ਪਹਿਲਾਂ ਵਾਂਗ ਕਾਰਪੋਰੇਟ ਅਦਾਰਿਆਂ, ਅਮਰੀਕਨ ਸਰਕਾਰ, ਅਮਰੀਕਨ ਕੰਪਨੀਆਂ ਅਤੇ ਫ਼ੌਜ ਦੀ ਸਹਾਇਤਾ ਨਾਲ ਲੂਈ ਆਰਸੇ ਲਈ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਉਸ ਦੀ ਤਾਕਤ 'ਮੈਸ' ਪਾਰਟੀ ਦੁਆਰਾ ਮਜ਼ਦੂਰ ਜਮਾਤ ਵਿਚ ਪੈਦਾ ਕੀਤੇ ਗਏ ਵਿਆਪਕ ਆਧਾਰ ਵਿਚ ਹੈ। ਆਰਸੇ ਦੇ ਸਾਹਮਣੇ ਆਪਣੀ ਪਾਰਟੀ ਦੇ ਲੋਕ-ਪੱਖੀ ਏਜੰਡੇ ਨੂੰ ਅਮਲ ਵਿਚ ਲਿਆਉਣ ਦੀ ਚੁਣੌਤੀ ਦੇ ਨਾਲ ਸਮਾਜਿਕ ਵੰਡੀਆਂ ਨੂੰ ਘਟਾਉਣ ਅਤੇ ਸਮਾਜਿਕ ਏਕਤਾ ਬਣਾਉਣ ਦੀਆਂ ਵੱਡੀਆਂ ਵੰਗਾਰਾਂ ਵੀ ਹਨ।