ਗ਼ਦਰ ਪਾਰਟੀ, ਅਤੀਤ ਤੇ ਸਮਕਾਲ  - ਸਵਰਾਜਬੀਰ

ਪਿਛਲੀ ਸਦੀ ਦੇ ਸ਼ੁਰੂ ਵਿਚ ਹੀ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਪਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰਵਾਸ ਕਰਨ ਦਾ ਸਫ਼ਰ ਮਨੁੱਖਤਾ ਦੇ ਸਫ਼ਰ ਦੇ ਨਾਲੋ-ਨਾਲ ਚੱਲਦਾ ਰਿਹਾ ਹੈ। ਸਦੀਆਂ ਤੋਂ ਪੰਜਾਬ ਬੁਨਿਆਦੀ ਤੌਰ 'ਤੇ ਅਜਿਹਾ ਖ਼ਿੱਤਾ ਹੈ ਜਿੱਥੇ ਵੱਡੀ ਗਿਣਤੀ ਵਿਚ ਲੋਕ ਬਾਹਰ ਤੋਂ ਆ ਕੇ ਇੱਥੇ ਵੱਸੇ। ਇਸ ਦਾ ਕਾਰਨ ਇੱਥੋਂ ਦੀ ਜ਼ਰਖੇਜ਼ ਜ਼ਮੀਨ ਅਤੇ ਇੱਥੇ ਹੋ ਰਿਹਾ ਵਿਕਾਸ ਸੀ। ਪੰਜ ਹਜ਼ਾਰ ਸਾਲ ਪਹਿਲਾਂ ਵੀ ਇੱਥੇ ਨਗਰ-ਗਰਾਂ ਵੱਸ ਚੁੱਕੇ ਸਨ ਜਿਸ ਨੂੰ ਰਵਾਇਤੀ ਤੌਰ 'ਤੇ ਮਹਿੰਜੋਦੜੋ ਅਤੇ ਹੜੱਪਾ ਦੀਆਂ ਸੱਭਿਆਤਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਉਸ ਤੋਂ ਬਾਅਦ ਕਈ ਨਸਲਾਂ, ਜਾਤਾਂ, ਧਰਮਾਂ, ਫ਼ਿਰਕਿਆਂ, ਕਬੀਲਿਆਂ ਦੇ ਲੋਕ ਇੱਥੇ ਆਏ ਅਤੇ ਆਪਣੇ ਵਖਰੇਵਿਆਂ ਦੇ ਬਾਵਜੂਦ ਇੱਥੇ ਵੱਸਦੇ ਵੀ ਗਏ ਅਤੇ ਨਵੀਆਂ ਸਾਂਝਾਂ ਵੀ ਬਣਾਉਂਦੇ ਰਹੇ। ਇੱਥੋਂ ਦੇ ਪਿੰਡਾਂ, ਨਗਰਾਂ ਅਤੇ ਸ਼ਹਿਰਾਂ ਦੇ ਵਿਕਸਿਤ ਹੋਣ ਅਤੇ ਆਪਣੀ ਭੂਗੋਲਿਕ ਸਥਿਤੀ ਕਾਰਨ ਇਸ ਧਰਤੀ ਨੂੰ ਹਮਲਾਵਰਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਇਨ੍ਹਾਂ ਹਮਲਾਵਰਾਂ 'ਚੋਂ ਵੀ ਕਈ ਇੱਥੇ ਵੱਸ ਜਾਂਦੇ ਤੇ ਕਈ ਲੁੱਟ-ਖਸੁੱਟ ਕਰਕੇ ਵਾਪਸ ਚਲੇ ਜਾਂਦੇ ਰਹੇ। ਇੱਥੇ ਵੱਸੇ ਅਤੇ ਪੰਜਾਬੀ ਬਣੇ ਲੋਕ ਵੀ ਪੂਰਬ ਵੱਲ ਪਰਵਾਸ ਕਰਦੇ ਰਹੇ। ਉਦਾਹਰਨ ਦੇ ਤੌਰ 'ਤੇ ਮੁਕਤਸਰ ਦੇ ਇਲਾਕੇ ਤੋਂ ਉੱਠ ਕੇ ਗਏ ਪੰਜਾਬੀਆਂ ਦੀ ਛੇਵੀਂ ਪੀੜ੍ਹੀ ਵਿਚ ਰਾਜਾ ਰਾਮ ਮੋਹਨ ਰਾਏ ਦਾ ਜਨਮ ਹੋਇਆ ਜਿਹੜਾ 19ਵੀਂ ਸਦੀ ਵਿਚ ਬੰਗਾਲ ਦੀ ਆਧੁਨਿਕ ਪੁਨਰ-ਜਾਗ੍ਰਿਤੀ ਲਹਿਰ ਦਾ ਆਗੂ ਬਣਿਆ। ਇਸ ਤਰ੍ਹਾਂ ਮਨੁੱਖ ਆਪਣੀ ਏਕਤਾ ਵਿਚ ਜਿਊਂਦਾ ਹੈ, ਆਉਣ-ਜਾਣ ਵਿਚ, ਆਪਣੀ ਜਨਮ-ਭੋਇੰ ਨੂੰ ਛੱਡਣ ਤੇ ਨਵੇਂ ਇਲਾਕਿਆਂ ਵਿਚ ਜਾ ਵੱਸਣ ਵਿਚ।
       ਪਿਛਲੀ ਸਦੀ ਵਿਚ ਸ਼ੁਰੂ ਹੋਏ ਪਰਵਾਸ ਦੇ ਬੁਨਿਆਦੀ ਕਾਰਨ ਸਿਆਸੀ ਤੇ ਆਰਥਿਕ ਸਨ। ਅੰਗਰੇਜ਼ਾਂ ਨੇ 1849 ਵਿਚ ਪੰਜਾਬ 'ਤੇ ਕਬਜ਼ਾ ਕਰ ਲਿਆ। ਭਾਵੇਂ ਸਾਨੂੰ ਅੰਗਰੇਜ਼ਾਂ ਦੁਆਰਾ ਲਿਆਂਦੀ ਗਈ ਆਧੁਨਿਕਤਾ, ਰੇਲਵੇ ਲਾਈਨਾਂ, ਨਹਿਰੀ ਕਾਲੋਨੀਆਂ ਆਦਿ ਦੀਆਂ ਬਾਤਾਂ ਸੁਣਾਈਆਂ ਜਾਂਦੀਆਂ ਹਨ ਪਰ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨੇ 19ਵੀਂ ਸਦੀ ਦੇ ਅੰਤਲੇ ਵਰ੍ਹਿਆਂ ਦੌਰਾਨ ਪਿੰਡਾਂ ਦੇ ਹਾਲਾਤ ਕੁਝ ਏਦਾਂ ਬਿਆਨ ਕੀਤੇ ਹਨ, ''ਸਾਡੇ ਗਰਾਂ ਵਿਚ ਸਵੇਰ ਨੂੰ ਕਦੀ ਕੋਈ ਅਮੀਰ ਹੀ ਕਿਸੇ ਪ੍ਰਾਹੁਣੇ ਦੇ ਆਉਣ ਉੱਤੇ ਭਾਜੀ ਬਣਾਉਂਦਾ ਸੀ। ਰਾਤ ਦੀ ਦਾਲ ਗਰਮੀਆਂ ਵਿਚ ਸਵੇਰ ਤਕ ਖ਼ਰਾਬ ਹੋ ਜਾਂਦੀ ਹੈ। ਬਹੁਤ ਲੋਕੀਂ ਗੰਢੇ, ਆਚਾਰ ਜਾਂ ਲੂਣ ਮਿਰਚ ਨਾਲ, ਜਾਂ ਉੱਕੀ ਹੀ ਰੁੱਖੀ ਰੋਟੀ ਖਾਂਦੇ ਸਨ। ਲੱਸੀ ਕਿਸੇ ਕਿਸੇ ਦੇ ਘਰ ਹੁੰਦੀ ਸੀ ਤੇ ਉਸ ਦੇ ਲਿਹਾਜ਼ ਵਾਲਿਆਂ ਨੂੰ ਹੀ ਮਿਲਦੀ ਸੀ। ਬਹੁਤ ਲੋਕਾਂ ਨੂੰ ਲੱਸੀ ਨਸੀਬ ਨਹੀਂ ਹੁੰਦੀ ਸੀ, ਜੋ ਇਕ ਨਿਆਮਤ ਸਮਝੀ ਜਾਂਦੀ ਸੀ।''
      20ਵੀਂ ਸਦੀ ਦੇ ਸ਼ੁਰੂ ਵਿਚ ਇਸੇ ਕਹਾਣੀ ਨੂੰ ਅੱਗੇ ਵਧਾਉਂਦਿਆਂ ਬਾਬਾ ਸੋਹਨ ਸਿੰਘ ਭਕਨਾ ''ਮੇਰੀ ਆਪ-ਬੀਤੀ'' ਵਿਚ ਇਉਂ ਲਿਖਦੇ ਹਨ, ''ਵੀਹਵੀਂ ਸਦੀ ਦੇ ਸ਼ੁਰੂ ਤਕ, ਸਗੋਂ ਇਸ ਤੋਂ ਵੀ ਪਹਿਲਾਂ, ਪੰਜਾਬੀ ਕਿਸਾਨ ਦੀ ਆਰਥਿਕ ਹਾਲਤ ਮਾਲੀਏ ਤੇ ਕਰਜ਼ੇ ਕਰਕੇ ਨਿਹਾਇਤ ਖ਼ਰਾਬ ਹੋ ਚੁੱਕੀ ਸੀ। ਵਾਹਕ ਜ਼ਮੀਨ, ਜਿਸ 'ਤੇ ਉਹਦੀ ਜ਼ਿੰਦਗੀ ਦਾ ਦਾਰੋਮਦਾਰ ਸੀ, ਬਹੁਤੀ ਮਲਕੀਅਤ ਸ਼ਾਹੂਕਾਰਾਂ ਤੇ ਵੱਡੇ ਜ਼ਿਮੀਂਦਾਰਾਂ ਦੇ ਹੱਥ ਜਾ ਚੁੱਕੀ ਸੀ। ਰੋਟੀ ਰੋਜ਼ੀ ਮਹਿਦੂਦ ਹੋ ਚੁੱਕੇ ਸਨ। ਹੁਣ ਇਹੀ ਹੋ ਸਕਦਾ ਸੀ ਕਿ ਕਿਸਾਨ ਅਪਣਾ ਤੇ ਅਪਣੇ ਬਾਲ-ਬੱਚਿਆਂ ਦਾ ਪੇਟ ਪਾਲਣ ਲਈ ਗ਼ੈਰਮੁਲਕਾਂ ਦੇ ਦਰਵਾਜ਼ੇ ਖੜਕਾਵੇ। ਉਨ੍ਹੀਂ ਦਿਨੀਂ ਹਾਲੇ ਪਾਸਪੋਰਟ ਦਾ ਕਾਨੂੰਨ ਲਾਗੂ ਨਹੀਂ ਹੋਇਆ ਸੀ। ਇਸ ਲਈ ਪੰਜਾਬੀ ਮਾਲਿਕ ਕਿਸਾਨ ਕਰਜ਼ਾ ਚੁੱਕ ਕੇ ਜਾਂ ਜ਼ਮੀਨ ਗਹਿਣੇ ਰੱਖ ਕੇ ਭਾੜਾ ਕੱਠਾ ਕਰਕੇ ਮਲਾਇਆ ਚੀਨ ਆਸਟਰੇਲੀਆ ਵਗ਼ੈਰਾ ਖੁੱਲ-ਮ-ਖੁੱਲਾ ਜਾਣ ਲੱਗ ਪਏ। ਸੈਂਕੜੇ ਨਹੀਂ ਸਗੋਂ ਹਜ਼ਾਰਾਂ ਦੀ ਤਾਦਾਦ ਵਿਚ ਇਹ ਲੋਕ ਪਹਿਲਾਂ ਪਹਿਲ ਸ਼ੰਘਾਈ, ਹਾਂਙਕਾਂਙ, ਮਲਾਇਆ ਵਗ਼ੈਰਾ 'ਚ ਅੰਗਰੇਜ਼ੀ ਪੁਲਿਸ ਵਿਚ ਜਾਂ ਤਾਂ ਭਰਤੀ ਹੋ ਕੇ ਗਏ ਜਾਂ ਮਲਾਈ ਤੇ ਚੀਨੀ ਸੇਠਾਂ ਦੇ ਚੌਕੀਦਾਰ ਬਣੇ।''
      ਸੋਹਨ ਸਿੰਘ ਭਕਨਾ ਲਿਖਦੇ ਹਨ ਕਿ ਇਨ੍ਹਾਂ ਦੇਸ਼ਾਂ ਵਿਚ ਹੀ ਪੰਜਾਬੀਆਂ ਨੂੰ ਅਮਰੀਕਾ ઠ ਤੇ ਕੈਨੇਡਾ ਬਾਰੇ ਪਤਾ ਲੱਗਾ। ਭਕਨਾ ਜੀ ਅਨੁਸਾਰ ਕੈਨੇਡਾ ਅਮਰੀਕਾ ਵਿਚ ਦਿਹਾੜੀ, ''ਛੇ ਤੋਂ ਨੌਂ ਦਸ ਰੁਪਏ ਰੋਜ਼ਾਨਾ ਸੀ। ਇਹਨੂੰ ਇਹ ਲੋਕ ਕਾਫ਼ੀ ਤੋਂ ਵੱਧ ਸਮਝਦੇ ਸਨ,ઠਕਿਉਂਕਿ ਉਸ ਵੇਲੇ ਪੰਜਾਬ ਵਿਚ ਛੇ ਤੇ ਅੱਠ ਆਨਿਆਂ ਤੋਂ ਵਧ ਮਜ਼ਦੂਰੀ ਨਾ ਸੀ। ਸਗੋਂ ਕਿਸਾਨ ਨੂੰ ਤਾਂ ਡੇਢ ਦੋ ਆਨੇ ਦਿਹਾੜੀ ਤੋਂ ਵਧ ਮਜ਼ਦੂਰੀ ਨਹੀਂ ਮਿਲਦੀ ਸੀ। ਇਸ ਲਈ ਹਾਂਙਕਾਂਙ ਤੇ ਸ਼ੰਘਾਈ ਵਿਚ ਰਹਿਣ ਵਾਲੇ ਪੰਜਾਬੀਆਂ ਵਿਚੋਂ ਕੁਝ ਹਿੰਮਤੀ ਅਮਰੀਕਾ ਤੇ ਕਨੇਡੇ ਜਾ ਪਹੁੰਚੇ।''
       ਅਮਰੀਕਾ ਤੇ ਕੈਨੇਡਾ ਵਿਚ ਉਨ੍ਹਾਂ ਦਿਨਾਂ ਵਿਚ ਪਹੁੰਚੇ ਪੰਜਾਬੀ ਕਿਸਾਨਾਂ ਦੇ ਸ਼ੁਰੂਆਤੀ ਹਾਲਾਤ ਬਾਬਾ ਸੋਹਨ ਸਿੰਘ ਭਕਨਾ ਨੇ ਇਸ ਤਰ੍ਹਾਂ ਬਿਆਨ ਕੀਤੇ ਹਨ : ''ਪੰਜਾਬੀ ਕਿਸਾਨ ਅਕਸਰ ਜਿਸਮ ਦਾ ਮਜ਼ਬੂਤ ਹੁੰਦਾ ਹੈ। ਜਦ ਇਨ੍ਹਾਂ ਜਣਿਆਂ ਨੂੰ ਲੋਹੇ ਤੇ ਲਕੜੀ ਦੇ ਕਾਰਖ਼ਾਨਿਆਂ ਵਿਚ ਕੰਮ 'ਤੇ ਲਾਇਆ ਗਿਆ, ਤਾਂ ਇਹ ਕਾਰਖ਼ਾਨਾਦਾਰਾਂ ਨੂੰ ਮੁਫ਼ੀਦ ਸਾਬਿਤ ਹੋਏ। ਹੁਣ ਕਾਰਖ਼ਾਨੇਦਾਰਾਂ ਨੇ ਇਨ੍ਹਾਂ ਦੇ ਜ਼ਰੀਏ ਸ਼ੰਘਾਈ ਤੇ ਹਾਂਙਕਾਂਙ ਤੋਂ ਵੀ ਬਹੁਤ ਸਾਰੇ ਪੰਜਾਬੀ ਮੰਗਵਾਏ। ਇਹ ਸੰਨ 1903-4 ਦਾ ਵੇਲਾ ਸੀ। ਇਨ੍ਹਾਂ ਜਾਣ ਵਾਲਿਆਂ ਵਿਚ ਬਹੁਤੇ ਦਰਮਿਆਨੇ ਪੰਜਾਬੀ ਕਿਸਾਨ ਸਨ। ਅਮਰੀਕਾ ਤੇ ਕਨੇਡਾ ਦੇ ਹਿੰਦੀ ਮਜ਼ਦੂਰਾਂ ਨੇ ਅਪਣੇ-ਅਪਣੇ ਰਿਸ਼ਤੇਦਾਰਾਂ ਤੇ ਘਰ ਵਾਲਿਆਂ ਨੂੰ ਅਮਰੀਕਾ ਦੀ ਮਜ਼ਦੂਰੀ ਬਾਬਤ ਵੀ ਵਧਾਅ ਚੜ੍ਹਾ ਕੇ ਲਿਖਿਆ૴ ਨਤੀਜਾ ਇਹ ਹੋਇਆ ਕਿ ਪੰਜਾਬ ਦਾ ਦੁਖੀ ਕਿਸਾਨ ਜ਼ਮੀਨ ਗਹਿਣੇ ਰੱਖ ਕੇ ਜਾਂ ਕਰਜ਼ਾ ਚੁੱਕ ਕੇ ਅਮਰੀਕਾ ਕਨੇਡਾ ਦੇ ਲੰਮੇ ਪੰਧ ਦੀ ਪਰਵਾਹ ਨਾ ਕਰਦਿਆਂ ਘਰੋਂ ਤੁਰ ਪਿਆ। ਤੇ ਸਫ਼ਰ ਦੀਆਂ ਮੁਸੀਬਤਾਂ ਝੱਲਦਾ ਕਨੇਡਾ ਤੇ ਅਮਰੀਕਾ ਜਾ ਪਹੁੰਚਾ।''
       ਇਹ ਸੀ 19ਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਵਿਚ ਕਿਸਾਨੀ ਦਾ ਸੰਕਟ ਜਿਸ ਕਾਰਨ ਕਿਸਾਨ ਦੀ ਵੱਡੀ ਗਿਣਤੀ ਨੇ ਪਰਵਾਸ ਕੀਤਾ। ਹੋਰ ਵਰਗਾਂ ਦੇ ਲੋਕਾਂ ਨੇ ਵੀ ਅਮਰੀਕਾ, ਕੈਨੇਡਾ, ਆਸਟਰੇਲੀਆ, ਕੀਨੀਆ, ਯੂਗਾਂਡਾ ਅਤੇ ਹੋਰ ਦੇਸ਼ਾਂ ਵਿਚ ਜਾ ਡੇਰੇ ਲਾਏ।
       ਹੁਣ ਵੀ ਪੰਜਾਬ ਵਿਚ ਕਿਸਾਨੀ ਤੇ ਹੋਰ ਖੇਤਰ ਸੰਕਟ ਵਿਚ ਹਨ ਤੇ ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਵੱਡੀ ਗਿਣਤੀ ਵਿਚ ਪਰਵਾਸ ਕਰ ਰਹੇ ਹਨ। ਇਸ ਪਰਵਾਸ ਦੇ ਕਾਰਨ ਵੀ ਸਿਆਸੀ ਅਤੇ ਆਰਥਿਕ ਹਨ। ਆਜ਼ਾਦੀ ਤੋਂ ਪਹਿਲਾਂ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਬਸਤੀਵਾਦੀ ਸਰਕਾਰ, ਸ਼ਾਹੂਕਾਰਾਂ, ਰਾਜੇ-ਰਜਵਾੜਿਆਂ ਅਤੇ ਅੰਗਰੇਜ਼ਾਂ ਦੇ ਝੋਲੀਚੁੱਕਾਂ ਦਾ ਜ਼ੁਲਮ ਸਹਿਣਾ ਪੈਂਦਾ ਸੀ, ਉਨ੍ਹਾਂ ਦੀ ਆਰਥਿਕ ਲੁੱਟ ਹੁੰਦੀ ਸੀ। 1947 ਦੀ ਪੰਜਾਬ ਦੀ ਵੰਡ ਦੇ ਵੱਡੇ ਦੁਖਾਂਤ ਦੇ ਬਾਵਜੂਦ ਪੰਜਾਬੀਆਂ ਨੇ ਆਪਣੇ ਆਪ ਨੂੰ ਫਿਰ ਗੰਢਿਆ ਅਤੇ ਕੁਝ ਖੁਸ਼ਹਾਲੀ ਵਾਲਾ ਸਮਾਂ ਦੇਖਿਆ ਪਰ 1980ਵਿਆਂ ਤੋਂ ਪੰਜਾਬ ਅੱਤਵਾਦ ਦਾ ਸ਼ਿਕਾਰ ਹੋਇਆ ਅਤੇ ਬਾਅਦ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ। ਇਸ ਵੇਲੇ ਪੰਜਾਬ ਦਾ ਕਿਸਾਨ ਫਿਰ ਓਦਾਂ ਹੀ ਕਰਜ਼ੇ ਹੇਠ ਦਬਿਆ ਹੋਇਆ ਹੈ ਜਿਵੇਂ ਪਿਛਲੀ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿਚ ਸੀ।
       ਅੱਜ ਦੀ ਕਹਾਣੀ 100 ਸਾਲ ઠਪਹਿਲਾਂ ਦੀ ਕਹਾਣੀ ਨਾਲ ਕਈ ਹੋਰ ਤਰੀਕਿਆਂ ਨਾਲ ਵੀ ਮਿਲਦੀ ਜੁਲਦੀ ਹੈ। ਉਦੋਂ ਬਸਤੀਵਾਦੀ ਹਾਕਮ ਲੁੱਟਦੇ ਸਨ ਅਤੇ ਹੁਣ ਕਾਰਪੋਰੇਟ ਅਦਾਰੇ। ਉਦੋਂ ਬਸਤੀਵਾਦੀ ਹਾਕਮ ਨਿਰਦਈ ਸਨ ਹੁਣ ਆਪਣੇ ਹਾਕਮ ਆਰਥਿਕਤਾ, ਵਿੱਦਿਅਕ ਪ੍ਰਬੰਧ ਅਤੇ ਰਾਜ-ਪ੍ਰਬੰਧ ਨੂੰ ਸੁਚੱਜੀਆਂ ਲੀਹਾਂ 'ਤੇ ਚਲਾਉਣ ਲਈ ਪ੍ਰਤੀਬੱਧ ਨਹੀਂ। ਨਸ਼ਿਆਂ ਦੇ ਫੈਲਾਉ ਨੇ ਹਜ਼ਾਰਾਂ ਘਰ ਉਜਾੜੇ ਹਨ ਅਤੇ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ। ਸਿਆਸੀ ਜਮਾਤ ਵਿਚ ਪੰਜਾਬ ਦੇ ਰਾਜ ਪ੍ਰਬੰਧ ਨੂੰ ਸੁਧਾਰਨ ਲਈ ਨਾ ਤੇ ਸਿਆਸੀ ਇੱਛਾ ਹੈ ਅਤੇ ਨਾ ਹੀ ਉਹ ਅਜਿਹੀ ਨੈਤਿਕ ਅਗਵਾਈ ਕਰਨ ਦੇ ਕਾਬਲ ਹੈ ਜੋ ਪੰਜਾਬ ਨੂੰ ਮੌਜੂਦਾ ਦਲਦਲ ਵਿਚੋਂ ਕੱਢ ਸਕੇ।
       ਬਾਬਾ ਸੋਹਨ ਸਿੰਘ ਭਕਨਾ ਤੇ ਉਨ੍ਹਾਂ ਦੇ ਨਾਲ ਪਰਵਾਸ ਕਰਨ ਵਾਲੇ ਵਿਦੇਸ਼ਾਂ ਵਿਚ ਜਾ ਕੇ ਜਾਗ੍ਰਿਤ ਹੋਏ ਕਿ ਉਨ੍ਹਾਂ ਦੀ ਮਾੜੀ ਹਾਲਤ ਦਾ ਕਾਰਨ ਗੁਲਾਮੀ ਹੈ। ਉਨ੍ਹਾਂ ਨੇ ਅੰਤਾਂ ਦੀ ਹਿੰਮਤ ਦਿਖਾਉਂਦਿਆਂ ਗ਼ਦਰ ਪਾਰਟੀ ਬਣਾਈ ਅਤੇ ਦੇਸ਼ ਵਾਪਸ ਆ ਕੇ ਅੰਗਰੇਜ਼ਾਂ ਦਾ ਤਖਤਾ ਉਲਟਾਉਣ ਦਾ ਉਪਰਾਲਾ ਕੀਤਾ। ਉਹ ਉਪਰਾਲਾ ਅਸਫਲ ਰਿਹਾ ਪਰ ਉਸ ਉਪਰਾਲੇ ਨੇ ਪੰਜਾਬ ਦੀ ਮਾਨਸਿਕਤਾ ਵਿਚ ਅਜਿਹਾ ਖਮੀਰ ਪੈਦਾ ਕੀਤਾ ਜਿਸ 'ਚੋਂ ਰੌਲਟ ਐਕਟ ਵਿਰੋਧੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਮੁਜ਼ਾਰਾ ਅੰਦੋਲਨ ਅਤੇ ਹੋਰ ਕਈ ਕਿਸਾਨ ਤੇ ਮਜ਼ਦੂਰ ਅੰਦੋਲਨ ਪੈਦਾ ਹੋਏ।
       ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਫਿਰ ਕਿਸਾਨੀ ਦਾ ਮੋਰਚਾ ਭਖਿਆ ਹੋਇਆ ਹੈ। ਕਈ ਦਹਾਕਿਆਂ ਤੋਂ ਬਾਅਦ ਅਜਿਹੀ ਕਿਸਾਨ ਏਕਤਾ ਦੇਖਣ ਨੂੰ ਮਿਲੀ ਹੈ। ਇਸ ਕਿਸਾਨ ਮੋਰਚੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਗ਼ਦਰ ਲਹਿਰ ਤੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਜਿਹੇ ਸੂਰਮਿਆਂ ਦੀਆਂ ਕੁਰਬਾਨੀਆਂ ਅਤੇ ਦੁੱਲਾ ਭੱਟੀ ਜਿਹੇ ਲੋਕ ਨਾਇਕਾਂ ਦੇ ਇਤਿਹਾਸਕ ਕਾਰਜਾਂ ਦੀ ਛਾਪ ਸਪੱਸ਼ਟ ਦਿਖਾਈ ਦਿੰਦੀ ਹੈ।ઠ 1 ਨਵੰਬਰ (ਜਿਸ ਦਿਨ ਅਖ਼ਬਾਰ 'ਗ਼ਦਰ' ਸ਼ੁਰੂ ਹੋਇਆ ਸੀ : 1 ਨਵੰਬਰ, 1913) ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਗ਼ਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ। ਇਹ ਵਰ੍ਹਾ ਬਾਬਾ ਸੋਹਨ ਸਿੰਘ ਭਕਨਾ ਦੇ 150ਵੇਂ ਜਨਮ ਦਿਹਾੜੇ ਵਾਲਾ ਵਰ੍ਹਾ ਹੈ। ਅੱਜ ਦੀ ਕਿਸਾਨ ਲਹਿਰ ਨੂੰ ਬਾਬਾ ਸੋਹਣ ਸਿੰਘ ਭਕਨਾ ਅਤੇ ਗ਼ਦਰ ਲਹਿਰ ਤੋਂ ਸਿੱਖਣ ਲਈ ਬਹੁਤ ਕੁਝ ਹੈ, ਉਨ੍ਹਾਂ ਸਾਹਮਣੇ ਗ਼ਦਰੀ ਬਾਬਿਆਂ ਦੀ ਨਿਰਮਾਣਤਾ ਅਤੇ ਸਾਂਝੀਵਾਲਤਾ ਦੀ ਰਵਾਇਤ ਹੈ, ਉਨ੍ਹਾਂ ਦੀਆਂ ਅਜ਼ੀਮ ਕੁਰਬਾਨੀਆਂ ਅਤੇ ਸੋਚਣ ਦਾ ਮੌਲਿਕ ਢੰਗ ਹੈ। ਗ਼ਦਰ ਲਹਿਰ ਹਮੇਸ਼ਾਂ ਪੰਜਾਬੀਆਂ ਨੂੰ ਊਰਜਿਤ ਕਰਦੀ ਹੈ ਅਤੇ ਇਸ ਕਿਸਾਨ ਸੰਘਰਸ਼ ਦੀ ਰੀੜ੍ਹ ਦੀ ਹੱਡੀ ਵਿਚ ਵੀ ਗ਼ਦਰ ਪਾਰਟੀ ਵਾਲੀ ਜ਼ੁਲਮ ਵਿਰੁੱਧ ਲੜਨ ਦੀ ਸੋਚ ਪਈ ਹੋਈ ਹੈ।
       ਬਸਤੀਵਾਦ ਦੁਆਰਾ ਪੈਦਾ ਕੀਤੇ ਗਏ ਉਜਾੜੇ ਦੇ ਸਮਿਆਂ ਵਿਚ ਗ਼ਦਰ ਪਾਰਟੀ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਗਰਮਾਇਆ ਸੀ। ਹੁਣ ਦੇ ਉਦਾਸ ਸਮਿਆਂ ਵਿਚ ਮੌਜੂਦਾ ਕਿਸਾਨ ਅੰਦੋਲਨ ਨੇ ਸੰਘਰਸ਼ ਅਤੇ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਬਹੁਤઠਵਰ੍ਹਿਆਂ ਬਾਅਦ ਸਿਆਸਤ ਲੋਕ ਸੰਘਰਸ਼ ਤੋਂ ਪ੍ਰਭਾਵਿਤ ਹੋ ਰਹੀ ਹੈ। ਪੰਜਾਬੀਆਂ ਨੂੰ ਗ਼ਦਰ ਪਾਰਟੀ ਦੇ ਮਹਾਨ ਵਿਰਸੇ ਨੂੰ ਯਾਦ ਕਰਦਿਆਂ ਮੌਜੂਦਾ ਕਿਸਾਨ ਸੰਘਰਸ਼ ਵਿਚ ਏਕਤਾ ਦਿਖਾਉਣੀ ਚਾਹੀਦੀ ਹੈ।