ਹਨੇਰਿਆਂ ਖਿਲਾਫ ਬਲਦੇ ਰਹਿਣ ਦੀ ਪ੍ਰੰਪਰਾ - ਗੁਰਚਰਨ ਸਿੰਘ ਨੂਰਪੁਰ
ਕਹਿੰਦੇ ਹਨ ਕਿ ਸੱਚ ਬੋਲਣਾ ਜਿੰਨਾ ਮੁਸ਼ਕਲ ਹੈ ਸੱਚ ਸੁਣਨਾ ਵੀ ਓਨਾ ਹੀ ਔਖਾ ਹੈ। ਸਮੇਂ ਦੇ ਬੀਤਣ ਨਾਲ ਜਿਵੇਂ ਮਨੁੱਖ ਦੇ ਸੁਭਾਅ ਵਿਚ ਸਾਜ਼ਿਸ਼ੀ ਪ੍ਰਵਿਰਤੀ ਭਾਰੂ ਹੁੰਦੀ ਗਈ ਝੂਠ ਦੀ ਕਦਰ ਵੀ ਵੱਧਦੀ ਗਈ। ਇਸ ਨੂੰ ਸਾਡੇ ਸਮੇਂ ਦਾ ਦੁਖਾਂਤ ਹੀ ਕਹਾਂਗੇ ਕਿ ਅੱਜ ਵਿਆਪਕ ਤੌਰ 'ਤੇ ਝੂਠ ਬੋਲਿਆ ਹੀ ਨਹੀਂ ਜਾ ਰਿਹਾ, ਬਲਕਿ ਝੂਠ ਬੋਲ ਕੇ, ਲਿਖ ਕੇ, ਵੱਡੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਹਨ। ਬਹੁਤੇ ਟੀ. ਵੀ. ਚੈਨਲ ਅਤੇ ਕੁਝ ਅਖ਼ਬਾਰ ਜਿਨ੍ਹਾਂ ਨੇ ਲੋਕਾਈ ਦੇ ਦੁੱਖਾਂ ਦਰਦਾਂ ਦੀ ਨਬਜ਼ ਪਛਾਨਣੀ ਹੁੰਦੀ ਹੈ ਅਤੇ ਹਰ ਸੰਕਟ ਵਿਚ ਲੋਕਾਂ ਨਾਲ ਖੜ੍ਹਨਾ ਹੁੰਦਾ ਹੈ, ਵੀ ਅੱਜ ਪੈਸੇ ਲੈ ਕੇ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਵਿਚ ਲੱਗੇ ਹੋਏ ਹਨ। ਇਸ ਦੇ ਬਾਵਜੂਦ 'ਸੱਚ' ਦਾ ਇਹ ਸੁਭਾਅ ਹੈ ਕਿ ਇਹ ਦੇਰ ਸਵੇਰ ਪ੍ਰਗਟ ਜ਼ਰੂਰ ਹੁੰਦਾ ਹੈ।
ਸਮੇਂ ਦੇ ਹਰ ਦੌਰ ਵਿਚ ਮੋਟੇ ਤੌਰ 'ਤੇ ਤਿੰਨ ਕਿਸਮ ਦੇ ਵਿਅਕਤੀ ਪੈਦਾ ਹੁੰਦੇ ਰਹੇ ਹਨ। ਇਕ ਆਪਣੀ ਵਿਚਾਰਧਾਰਾ ਨੂੰ ਦੂਜਿਆਂ 'ਤੇ ਜ਼ਬਰਦਸਤੀ ਠੋਸਣ ਵਾਲੇ। ਦੂਜੇ ਚੁੱਪ ਰਹਿਣ ਵਾਲੇ, ਤੀਜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ, ਇਨ੍ਹਾਂ 'ਚੋਂ ਤੀਜੀ ਕਿਸਮ ਦੇ ਲੋਕਾਂ ਦੀ ਗਿਣਤੀ ਹਰ ਯੁੱਗ ਵਿਚ ਸੀਮਤ ਰਹੀ ਹੈ। ਇਨ੍ਹਾਂ ਨੇ ਡੰਕੇ ਦੀ ਚੋਟ 'ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜੁਅੱਰਤ ਕੀਤੀ ਅਤੇ ਇਨ੍ਹਾਂ ਲੋਕਾਂ ਦੇ ਹਿੱਸੇ ਆਈਆਂ ਜੇਲ੍ਹਾਂ, ਕਾਲ ਕੋਠੜੀਆਂ ਤੇ ਸਮਾਜ 'ਚੋਂ ਛੇਕੇ ਜਾਣ ਦੇ ਕਈ ਤਰ੍ਹਾਂ ਦੇ ਫਤਵੇ ਜਾਂ ਫਿਰ ਮੌਤ। ਸੱਚ ਕਹਿਣ, ਸੁਣਨ ਅਤੇ ਲਿਖਣ ਵਾਲਿਆਂ ਨੂੰ ਜਾਗੀ ਹੋਈ ਜ਼ਮੀਰ ਵਾਲੇ ਲੋਕ ਕਿਹਾ ਜਾ ਸਕਦਾ ਹੈ। ਇਹ ਉਹ ਲੋਕ ਹੁੰਦੇ ਹਨ ਜੋ ਲਕੀਰ ਦੇ ਫਕੀਰ ਨਹੀਂ ਬਣਦੇ।
ਸੱਚ ਕਹਿਣ ਸੁਣਨ ਅਤੇ ਲਿਖਣ ਵਾਲੇ ਹਕੂਮਤਾਂ ਦੀ ਪਰਵਾਹ ਨਹੀਂ ਕਰਦੇ। ਜਿਵੇਂ ਭਗਤ ਸਿੰਘ ਨੇ ਕਿਹਾ ਸੀ 'ਗ਼ੁਲਾਮੀ ਦੀ ਲੰਮੀ ਉਮਰ ਭੋਗਣ ਨਾਲੋਂ ਆਜ਼ਾਦੀ ਲਈ ਅਣਖ ਦੀ ਮੌਤ ਮਰ ਜਾਣਾ ਕਿਤੇ ਬਿਹਤਰ ਹੈ।' ਸਦੀਆਂ ਤੋਂ ਹੱਕ ਸੱਚ 'ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਰਹੀ ਹੈ। ਪਰ ਸੱਚ ਬੋਲਿਆ ਜਾਂਦਾ ਰਿਹਾ ਹੈ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਜਿੱਥੇ ਇਸ ਦੁਨੀਆਂ ਵਿਚ ਵੱਡੇ ਵੱਡੇ ਹਕੂਮਤਾਂ ਦੇ ਨਸ਼ੇ ਵਿਚ ਟੁਨ ਜਾਬਰ ਲੋਕ ਪੈਦਾ ਹੋਏ, ਉੱਥੇ ਇਨ੍ਹਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਲੋਕ ਨਾਇਕ ਵੀ ਮਾਵਾਂ ਨੇ ਪੈਦਾ ਕੀਤੇ। ਜਿੱਥੇ ਬਾਬਰ ਆਪਣੀ ਤਾਕਤ ਦੇ ਜ਼ੋਰ ਲੋਕਾਂ 'ਤੇ ਕਹਿਰ ਢਾਹੁੰਦਾ ਹੈ, ਉੱਥੇ ਗੁਰੂ ਨਾਨਕ ਦੇਵ ਜੀ ਉਸ ਨੂੰ ਸ਼ਰੇਆਮ ਸੱਚੀਆਂ ਅਤੇ ਖਰੀਆਂ ਕਹਿੰਦੇ ਹਨ। ਜਿੱਥੇ ਔਰੰਗਜੇਬ ਪੈਦਾ ਹੁੰਦਾ ਹੈ ਉੱਥੇ ਗੁਰੂ ਗੋਬਿੰਦ ਸਿੰਂਘ ਜੀ ਨੂੰ ਵੀ ਜਾਬਰਾਂ ਸਾਹਮਣੇ ਹਿੱਕ ਡਾਹੁਣ ਲਈ ਆਪਣੀ ਫ਼ੌਜ ਤਿਆਰ ਕਰਨੀ ਪੈਂਦੀ ਹੈ।
ਸਮਾਜ ਨੂੰ ਗ਼ਲਤ ਜਾਂ ਸਹੀ ਦਿਸ਼ਾ ਵਿਚ ਲੈ ਜਾਣ ਵਿਚ ਰਾਜਨੀਤਕ ਲੋਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਪਰ ਅਜੋਕੀ ਰਾਜਨੀਤੀ ਦੀ ਬੁਨਿਆਦ ਵੀ ਝੂਠ 'ਤੇ ਟਿਕੀ ਹੋਈ ਹੈ। ਅਸਲ ਵਿਚ ਰਾਜਨੇਤਾਵਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ, ਪਰ ਅੱਜਕੱਲ੍ਹ ਪੈਸੇ ਦੇ ਬਲਬੂਤੇ ਤੇ ਲਾਲਚੀ ਅਤੇ ਧੋਖੇਬਾਜ਼ ਲੋਕ ਇਸ ਖੇਤਰ ਵਿਚ ਧੜਾਧੜ ਪ੍ਰਵੇਸ਼ ਕਰ ਰਹੇ ਹਨ। ਜਿਨ੍ਹਾਂ ਦਾ ਮਨੋਰਥ ਲੱਖਾਂ ਖ਼ਰਚ ਕੇ ਕਰੋੜਾਂ ਕਮਾਉਣਾ ਬਣ ਗਿਆ। ਇਹੋ ਕਾਰਨ ਹੈ ਕਿ ਸਾਡੇ ਸਮਾਜ ਵਿਚ ਅੱਜਕੱਲ੍ਹ ਹੇਠਾਂ ਤੋਂ ਉੱਪਰ ਤਕ ਰਿਸ਼ਵਤਖੋਰੀ, ਬੇਈਮਾਨੀ, ਝੂਠ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਰਾਜਨੀਤਕ ਲੋਕ ਲੋਕਾਂ ਵਿਚ ਪ੍ਰਚਾਰਦੇ ਹਨ ਕਿ ਸਾਨੂੰ ਤਾਕਤ ਵਿਚ ਲਿਆਓ, ਅਸੀਂ ਤੁਹਾਡੀ ਸੇਵਾ ਕਰਾਂਗੇ, ਅਸੀਂ ਤੁਹਾਡਾ ਭਲਾ ਕਰਾਂਗੇ। ਪਰ ਤਾਕਤਾਂ, ਚੌਧਰਾਂ ਅਤੇ ਪੈਸੇ ਦੇ ਜੋ ਆਪ ਭੁੱਖੇ ਹੋਣ, ਉਹ ਕਿਸੇ ਦੀ ਕੋਈ ਸੇਵਾ ਕਿਵੇਂ ਕਰ ਸਕਦੇ ਹਨ? ਸੇਵਾ ਤਾਂ ਉਹ ਇਨਸਾਨ ਕਰ ਸਕਦਾ ਹੈ ਜੋ ਕਹੇ ਮੇਰੇ ਪਾਸ ਭਾਵੇਂ ਕੁਝ ਹੈ ਜਾਂ ਨਹੀਂ, ਆਓ ਮੈਂ ਤੁਹਾਡੇ ਨਾਲ ਖੜ੍ਹਨ ਨੂੰ ਤਿਆਰ ਹਾਂ। ਪਰ ਰਾਜਨੀਤਕ ਲੋਕ ਝੂਠ ਨੂੰ ਅਜਿਹਾ ਮੁਲੱਮਾ ਚੜ੍ਹਾ ਕੇ ਪੇਸ਼ ਕਰਦੇ ਹਨ ਕਿ ਬਹੁ ਗਿਣਤੀ ਲੋਕਾਂ ਨੂੰ ਇਹ ਸੱਚ ਮਾਲੂਮ ਹੁੰਦਾ ਹੈ।
ਸੱਚ ਬੋਲਣ ਵਿਚ ਬੜੇ ਖ਼ਤਰੇ ਹਨ, ਬੜੀਆਂ ਕਠਿਨਾਈਆਂ ਹਨ। ਸਮਾਜ ਵਿਚ ਜਦੋਂ ਚਾਰ ਚੁਫੇਰੇ ਹਨੇਰੇ ਦਾ ਗੁਬਾਰ ਚੜ੍ਹਿਆ ਹੋਵੇ ਤਾਂ ਸੱਚ ਬੋਲਣਾ ਹੋਰ ਵੀ ਔਖਾ ਅਤੇ ਦਲੇਰੀ ਭਰਿਆ ਕਾਰਜ ਹੋ ਨਿਬੜਦਾ ਹੈ। ਦੁਨੀਆਂ ਦੀ ਬਹੁਗਿਣਤੀ ਸੱਚ ਬੋਲਣ ਵਾਲਿਆਂ ਦਾ ਵਿਰੋਧ ਕਰਦੀ ਆਈ ਹੈ। ਕਦੇ ਤਾਂ ਜਾਨੋਂ ਵੀ ਮਾਰ ਦਿੰਦੀ ਰਹੀ ਹੈ। ਅੱਜ ਵੀ ਵਿਗਿਆਨਕ ਸੋਚ ਰੱਖਣ ਵਾਲੇ ਲੇਖਕਾਂ, ਪੱਤਰਕਾਰਾਂ ਆਦਿ ਨੂੰ ਰੂੜੀਵਾਦੀ ਸੋਚ ਰੱਖਣ ਵਾਲੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਨਰੇਂਦਰ ਦਾਬੋਲਕਰ, ਗੋਵਿੰਦ ਪਨਸਾਰੇ, ਪ੍ਰੋ. ਕਲਬੁਰਗੀ ਵਰਗੇ ਕਲਮਕਾਰ ਜੋ ਮਨੁੱਖ ਦੀ ਆਜ਼ਾਦੀ ਦੀ ਗੱਲ ਕਰਦੇ ਹਨ, ਨੂੰ ਅੱਜ ਵੀ ਆਪਣੀ ਜਾਨ ਦੇ ਕੇ ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ।
'ਜੀਵ ਵਿਕਾਸ' ਦੀ ਖੋਜ ਕਰਕੇ ਦੁਨੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਨੂੰ ਲੋਕ ਪਾਗਲ ਸਮਝਦੇ ਰਹੇ। ਲਗਾਤਾਰ ਵੀਹ ਸਾਲ ਖੋਜ ਕਰਕੇ ਡਾਰਵਿਨ ਨੇ ਪਹਿਲੀ ਵਾਰ ਦੁਨੀਆਂ ਨੂੰ ਦੱਸਿਆ ਕਿ ਇਸ ਧਰਤੀ 'ਤੇ ਪੇੜ ਪੌਦੇ, ਬਨਸਪਤੀ, ઠਜੀਵ ਜੰਤੂ ਅਤੇ ਮਨੁੱਖ ਕਿਵੇਂ ਹੋਂਦ ਵਿਚ ਆਏ। ਡਾਰਵਿਨ ਨੂੰ ਉਸ ਸਮੇਂ ਦੇ ਕੱਟੜਵਾਦੀ ਧਾਰਮਿਕ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਸ ਦੀਆਂ ਲਿਖਤਾਂ ਨੂੰ ਗਲੀਆਂ ਬਾਜ਼ਾਰਾਂ ਵਿਚ ਸਾੜਿਆ ਗਿਆ। ਅੱਜ ਉਸੇ ਡਾਰਵਿਨ ਦਾ ਸਿਧਾਂਤ ਦੁਨੀਆਂ ਭਰ ਦੇ ਬੱਚੇ ਸਿਲੇਬਸਾਂ ਵਿਚ ਪੜ੍ਹਦੇ ਹਨ। ਜੀਵਨ ਦੀ ਉਤਪਤੀ ਸਬੰਧੀ ਅੱਜ ਉਸ ਦੀ ਖੋਜ ਨੂੰ ਸਰਬ ਸ਼੍ਰੇਸ਼ਠ ਮੰਨਿਆ ਜਾਂਦਾ ਹੈ। ਸੁਪਨਿਆਂ ਦੇ ਵਿਸ਼ਲੇਸ਼ਕ ਮਨੋਵਿਗਿਆਨੀ ਡਾ. ਸਿਗਮੰਡ ਫਰਾਇਡ ਨੇ ਆਪਣੀ ਖੋਜ ਰਾਹੀਂ ਮਨ ਦਿਮਾਗ਼ ਦੀਆਂ ਪਰਤਾਂ ਦੇ ਗੁੱਝੇ ਭੇਤ ਨਸ਼ਰ ਕਰਕੇ ਡਾਕਟਰੀ ਮਨੋਵਿਗਿਆਨ ਦਾ ਮੁੱਢ ਬੰਨ੍ਹਿਆ। ਜਿਸ ਨਾਲ ਮਨੁੱਖ ਦੇ ਬਹੁਤ ਸਾਰੇ ਮਨੋਰੋਗਾਂ ਨੂੰ ਸਮਝ ਕੇ ਉਸ ਦਾ ਇਲਾਜ ਕਰਨ ਵਿਚ ਮਦਦ ਮਿਲ ਸਕੀ, ਪਰ ਸਮੇਂ ਦੇ ਅਖੌਤੀ ਰੂੜੀਵਾਦੀ ਸੋਚ ਰੱਖਣ ਵਾਲਿਆਂ ਨੇ ਕਿਹਾ ਕਿ ਇਸ ਨੇ ਰੱਬ, ਧਰਮ ਅਤੇ ਧਾਰਮਿਕ ਗ੍ਰੰਥਾਂ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਉਸ ਦਾ ਦੁਨੀਆਂ ਭਰ ਵਿਚ ਡਟ ਕੇ ਵਿਰੋਧ ਹੋਇਆ। ਪਰ ਅੱਜ ਦੁਨੀਆਂ ਭਰ ਦੇ ਡਾਕਟਰ ਅਤੇ ਮਨੋਵਿਸ਼ਲੇਸ਼ਕ ਡਾ. ਫਰਾਇਡ ਨੂੰ ਅਜੋਕੇ ਮਨੁੱਖੀ ਮਨੋਵਿਗਿਆਨ ਦਾ ਪਿਤਾਮਾ ਮੰਨਦੇ ਹਨ। ਸੱਚ ਬੋਲਣ ਵਾਲਿਆਂ ਦਾ ਪਹਿਲਾਂ ਕੁਝ ਸਾਲ ਵਿਰੋਧ ਹੁੰਦਾ ਹੈ। ਫਿਰ ਕੁਝ ਸੋਚ ਵਿਚਾਰ ਕੀਤੀ ਜਾਂਦੀ ਹੈ, ਕੁਝ ਲੋਕ ਉਸ ਰਾਹ 'ਤੇ ਚੱਲਦੇ ਹਨ ਤੇ ਫਿਰ ਹੌਲੀ ਹੌਲੀ ਉਸ ਸਿਧਾਂਤ ਨੂੰ ਸਰਬ ਪ੍ਰਵਾਨਿਤ ਮੰਨ ਲਿਆ ਜਾਂਦਾ ਹੈ। ਨਾਨਕ ਤੋਂ ਗੁਰੂ ਨਾਨਕ ਬਣਨ ਲਈ ਬੜਾ ਔਖਾ ਤੇ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ, ਇਸ ਵਿਚ ਘਰ-ਬਾਰ, ਬਾਲ ਬੱਚਿਆਂ ਦਾ ਮੋਹ ਤਿਆਗ ਦੇਣ ਦੀ ਪੀੜਾ ਹੁੰਦੀ ਹੈ।
ਅੱਜ ਦੇ ਦੌਰ ਵਿਚ ਵੀ ਹਰ ਪਾਸੇ ਝੂਠ ਦਾ ਬੋਲਬਾਲਾ ਹੈ, ਰਾਜਨੀਤਕ ਰਹਿਬਰ ਜੋ ਜਨਤਕ ਅਦਾਰਿਆਂ ਨੂੰ ਵੇਚਣ ਲਈ ਵਿਚੋਲਿਆਂ ਦੀ ਭੂਮਿਕਾ ਨਿਭਾ ਕੇ ਦੇਸ਼ ਭਗਤ ਬਣ ਰਹੇ ਹਨ। ਉਹ ਲੋਕ ਜੋ ਦੇਸ਼ ਦੀ ਮਿੱਟੀ ਲਈ ਲੜਦੇ ਹਨ, ਹਰ ਤਰ੍ਹਾਂ ਦੀ ਹਨੇਰਗਰਦੀ ਖਿਲਾਫ਼ ਲਿਖਦੇ ਬੋਲਦੇ ਹਨ, ਦੇਸ਼ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹਨ, ਦੀ ਆਵਾਜ਼ ਨੂੰ ਦਬਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਦੇਸ਼ ਦੇ ਖਜ਼ਾਨੇ ਕੋਲਾ, ਲੋਹਾ, ਰੇਤ, ਬਜਰੀ ਅਤੇ ਹੋਰ ਖਣਿਜ ਪਦਾਰਥਾਂ ਦੀਆਂ ਖਾਣਾਂ ਅਤੇ ਜ਼ਮੀਨਾਂ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਦੇਣਾ ਦੇਸ਼ ਨਾਲ ਗੱਦਾਰੀ ਨਹੀਂ ਤਾਂ ਹੋਰ ਕੀ ਹੈ? ਵੱਖ ਵੱਖ ਜਨਤਕ ਅਦਾਰਿਆਂ, ਸੜਕਾਂ, ਖੰਡ ਮਿੱਲਾਂ, ਰੋਡਵੇਜ਼, ਬਿਜਲੀ, ਸਿੱਖਿਆ, ਸਿਹਤ ਸਹੂਲਤਾਂ ਦਾ ਨਿੱਜੀਕਰਨ ਦੇਸ਼ ਦੇ ਉਨ੍ਹਾਂ ਲੱਖਾਂ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਇਸ ਦੇਸ਼ ਦੀ ਉਸਾਰੀ ਵਿਚ ਆਪਣਾ ਵੱਡਾ ਰੋਲ ਅਦਾ ਕੀਤਾ।
ਆਪਣੇ ਲੋਕਾਂ ਅਤੇ ਦੇਸ਼ ਦੇ ਹਿੱਤਾਂ ਦੀ ਲੜਾਈ ਲੜਨ ਵਾਲੇ ਹਰ ਦੌਰ ਵਿਚ ਪੈਦਾ ਹੁੰਦੇ ਹਨ। ਆਪਣੇ ਫਰਜ਼ਾਂ ਲਈ ਵੱਡੀਆਂ ਕੁਰਬਾਨੀਆਂ ਕਰਦੇ ਹਨ। ਦੂਜੇ ਪਾਸੇ ਕਾਰਪੋਰੇਟ ਜਗਤ ਨੇ ਸਾਡੇ ਤਕ ਜਾਣਕਾਰੀਆਂ ਪਹੁੰਚਾਉਣ ਵਾਲੇ ਸਾਧਨਾਂ ਦੇ ਵੱਡੇ ਹਿੱਸੇ ਨੂੰ ਖ਼ਰੀਦ ਲਿਆ ਹੈ। ਲੋਕਾਂ ਨੂੰ ਸੱਚ ਦਾ ਮੁਲੱਮਾ ਲਾ ਕੇ ਝੂਠ ਵੇਚਿਆ ਜਾ ਰਿਹਾ ਹੈ। ਜਨ ਸਮੂਹ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਨਾ ਸਮਝ ਸਕਣਾ ਸਾਡੇ ਦੌਰ ਦਾ ਵੱਡਾ ਮਸਲਾ ਬਣ ਗਿਆ ਹੈ। ਸਮੇਂ ਦੇ ਬਦਲਣ ਨਾਲ ਝੂਠ ਬੋਲਣ ਦੇ ਤਰੀਕੇ ਵੀ ਬਦਲ ਰਹੇ ਹਨ। ਅਜੋਕੇ ਵਿਗਿਆਨਕ ਯੁੱਗ ਵਿਚ ਝੂਠ ਬੋਲਣ ਲਈ ਵਿਗਿਆਨਕ ਤਕਨਾਲੋਜੀ ਦੀ ਮਦਦ ਲਈ ਜਾਂਦੀ ਹੈ। ਮਨੁੱਖ ਦੇ ਵਿਕਾਸ ਕਰਨ ਦੇ ਨਾਲ ਨਾਲ ਠੱਗੀਆਂ ਮਾਰਨ ਦੇ ਢੰਗ ਵੀ ਬੜੀ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਸਦੀਆਂ ਤੋਂ ਸ਼ਾਤਰ ਦਿਮਾਗ਼ ਲੋਕ, ਧਰਮਾਂ ਮਜ੍ਹਬਾਂ ਅਤੇ ਰਾਜਨੀਤੀ ਦੇ ਨਾ 'ਤੇ ਝੂਠ ਬੋਲ ਕੇ ਲੋਕਾਈ ਨੂੰ ਗੁੰਮਰਾਹ ਕਰਦੇ ਆਏ ਹਨ। ਇਹ ਸਭ ਕੁਝ ਅੱਜ ਵੀ ਜਾਰੀ ਹੈ। ਸਾਡੇ ਸਮਾਜ ਵਿਚ ਦੁਨੀਆਂ ਦੇ ਮੁਕਾਬਲੇ ਝੂਠ ਅਤੇ ਬੇਈਮਾਨੀ ਦਾ ਬੋਲਬਾਲਾ ਵਧੇਰੇ ਹੈ, ਇਸ ਦਾ ਇਕ ਕਾਰਨ ਸ਼ਾਇਦ ਸਾਡੇ ਲੋਕਾਂ ਦਾ ਆਲਸੀ ਹੋਣਾ ਵੀ ਹੈ। ਮਨੋਕਲਪਿਤ ਦੇਵੀ ਦੇਵਤੇ, ਅਖੌਤੀ ਆਤਮਾਵਾਂ, ਭੂਤਾਂ ਪ੍ਰੇਤਾਂ, ਅਤੇ ਨਰਕ ਸਵਰਗ ਦੇ ਡਰ ਆਲਸੀ ਲੋਕਾਂ ਵੱਲੋਂ ਬਣਾਏ ਗਏ ਹਨ। ਇਨ੍ਹਾਂ ਧਾਰਨਾਵਾਂ ਨੇ ਦੂਜਿਆਂ ਦੀ ਕਮਾਈ 'ਤੇ ਪਲਣ ਵਾਲਿਆਂ ਨੂੰ ਬਹੁਤ ਵੱਡਾ ਰੁਜ਼ਗਾਰ ਮੁਹੱਈਆ ਕਰਾਇਆ। ਸੱਚ ਬੋਲਣ ਦੀ ਆਪਣੀ ਆਪਣੀ ਸਮਰੱਥਾ ਹੁੰਦੀ ਹੈ। ਸਾਡੇ ਸਮਾਜ ਵਿਚ ਪੇਤਲੀ ਪੈਂਦੀ ਜਾ ਰਹੀ ਇਸ ਸਮਰੱਥਾ ਨੂੰ ਹੋਰ ਵਧਾਉਣ ਲਈ ਯਤਨਸ਼ੀਲ ਹੋਈਏ ਤਾਂ ਕਿ ਸੱਚ ਬੋਲਣ ਵਾਲਿਆਂ ਦੀ ਪਾਈ ਪਿਰਤ ਨੂੰ ਹੋਰ ਅੱਗੇ ਤੋਰਿਆ ਜਾ ਸਕੇ।
ਸੰਪਰਕ : 98550-51099