ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
8 Nov. 2020
ਬੀ.ਜੇ.ਪੀ. ਦੇ ਸਾਬਕਾ ਮੰਤਰੀ ਨੂੰ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਕੱਢਿਆ- ਇਕ ਖ਼ਬਰ
ਨੀ ਹੁਣ ਮੈਂ ਕੀ ਕਰਾਂ, ਜੱਟ ਆਉਂਦਾ ਪਰੈਣੀ ਕੱਸੀ।
ਦੋਸਤਾਨਾ ਮੈਚ ਖੇਡ ਰਹੇ ਹਨ ਕੈਪਟਨ ਅਤੇ ਮੋਦੀ- ਦਲਜੀਤ ਸਿੰਘ ਚੀਮਾ
ਓਹੀ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ।
ਸੁਖਬੀਰ ਦੇ ਹੱਥ ਕਮਾਨ ਆਉਣ ‘ਤੇ ਅਕਾਲੀ ਦਲ ਦਾ ਨਿਘਾਰ ਹੋਇਆ- ਸੁਖਦੇਵ ਸਿੰਘ ਢੀਂਡਸਾ
ਜਦੋਂ ਦੀ ਤੂੰ ਆਈ ਵੈਰਨੇ, ਮੇਰੇ ਪੁੱਤਾਂ ਵਿਚ ਵੈਰ ਪੁਆਏ।
ਐਨ.ਡੀ.ਏ. ਨੇ ਪਹਿਲਾਂ ਬਿਹਾਰੀਆਂ ਦੀਆਂ ਲੋੜਾਂ ਕੀਤੀਆਂ ਪੂਰੀਆਂ ਤੇ ਹੁਣ ਹੋਣਗੀਆਂ ਰੀਝਾਂ- ਭਾਜਪਾ
ਨਿੱਤ ਨਿੱਤ ਨਹੀਂ ਬਾਜ਼ਾਰ ਵਿਚ ਆਉਣਾ, ਨੀ ਬਿੱਲੋ ਖਾ ਲੈ ਨਾਸ਼ਪਾਤੀਆਂ।
ਚੰਡੀਗੜ੍ਹ ਧਰਨੇ ਨਾਲ ‘ਆਪ’ ਦੀ ਭਾਜਪਾ ਨਾਲ ਸਾਂਝ ਹੋਈ ਬੇਨਕਾਬ- ਨਾਗਰਾ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਕਾਂਗਰਸੀਆਂ ਤੋਂ ਹਰ ਘਪਲੇ ਦਾ ਹਿਸਾਬ ਲਿਆ ਜਾਵੇਗਾ- ਮਜੀਠੀਆ
ਜਿੱਦਾਂ ਦਾ ਹਿਸਾਬ ਰਾਜੇ ਨੇ ਤੁਹਾਡੇ ਕੋਲੋਂ ਲਿਆ, ਹੈ ਕਿ ਨਾ!
ਪੰਜਾਬ ਦੀ ਸਥਿਤੀ ਵਿਗੜਨ ਦੇਣ ਲਈ ਸੂਬਾ ਸਰਕਾਰ ਜ਼ਿੰਮੇਵਾਰ- ਨੱਢਾ
ਚੁੱਕੀ ਹੋਈ ਲੰਬੜਾਂ ਦੀ, ਨਾਲ਼ ਠਾਣੇਦਾਰ ਦੇ ਖਹਿੰਦੀ।
ਨਿਤੀਸ਼ ਕੁਮਾਰ ਦਾ ਐਲਾਨ- ਇਹ ਮੇਰੀ ਆਖਰੀ ਚੋਣ- ਇਕ ਖ਼ਬਰ
ਜਿੰਨਾ ਨਹਾਤੀ ਓਨਾ ਹੀ ਪੁੰਨ ।
ਪੰਜ ਸਾਲਾਂ ਬਾਅਦ ਵੀ ਪੀੜਿਤ ਇਨਸਾਫ਼ ਦੀ ਉਡੀਕ ਵਿਚ-ਇਕ ਖ਼ਬਰ
ਇੱਥੇ ਤਾਂ ਦਹਾਕੇ ਲੱਗ ਜਾਂਦੇ ਆ, ਪੰਜ ਸਾਲਾਂ ਬਾਅਦ ਹੀ ਕਾਹਲ਼ੇ ਪੈ ਗਏ ਜਨਾਬ ।
ਕੈਪਟਨ ਅਮਰਿੰਦਰ ਸਿੰਘ ਮੋਦੀ ਦੀ ਕੋਠੀ ਅੱਗੇ ਮਰਨ ਵਰਤ ‘ਤੇ ਬੈਠੇ- ਸੁਖਬੀਰ ਬਾਦਲ
ਤੇ ਤੁਸੀਂ ਅੰਦਰ ਬਹਿ ਕੇ ਮੋਦੀ ਸਾਬ ਨਾਲ਼ ਰਸਗੁੱਲੇ ਖਾਵੋਂ, ਹੈ ਨਾ!
ਕੈਪਟਨ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰਨਾ ਬੰਦ ਕਰੇ- ਮਦਨ ਮੋਹਨ ਮਿੱਤਲ
ਤੇ ਭਾਜਪਾਈਓ, ਤੁਸੀਂ ਕਿਸਾਨ ਬਿੱਲਾਂ ਬਾਰੇ ਝੂਠ ਬੋਲਣਾ ਬੰਦ ਕਰੋ।
ਹਰਿਆਣਾ ਸਰਕਾਰ ਨੇ ਅਕਤੂਬਰ ‘ਚ ਸੌਦਾ ਸਾਧ ਨੂੰ ਇਕ ਦਿਨ ਦੀ ਦਿਤੀ ਪੈਰੋਲ- ਇਕ ਖ਼ਬਰ
ਮਿੱਤਰਾਂ ਦੇ ਤਿੱਤਰਾਂ ਨੂੰ , ਨੀ ਮੈਂ ਤਲੀਆਂ ‘ਤੇ ਚੋਗ ਚੁਗਾਵਾਂ।
ਪੰਥਕ ਅਕਾਲੀ ਲਹਿਰ ਨੇ ਘੇਰੀ ਸ਼੍ਰੋਮਣੀ ਕਮੇਟੀ- ਇਕ ਖ਼ਬਰ
ਬੱਗੀ ਤਿੱਤਰੀ ਕਮਾਦੋਂ ਨਿੱਕਲੀ, ਉਡਦੀ ਨੂੰ ਬਾਜ ਪੇ ਗਿਆ।
ਕਿਸਾਨਾਂ ਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ ਦਲ ਵਚਨਬੱਧ- ਜਗੀਰ ਕੌਰ
ਗੈਬੀ ਤੋਤੇ ਨੇ, ਮੇਰੀ ਗੁੱਤ ‘ਤੇ ਆਲ੍ਹਣਾ ਪਾਇਆ।