ਵੇਲਾ ਆਣ ਢੁੱਕਾ ਹੈ ਇਹ ਸੁਆਲ ਕਰਨ ਦਾ ਕਿ; ਆਏ ਹੋ ਤਾਂ ਕੀ ਲੈ ਕੇ ਆਏ ਹੋ...? - ਗੁਰਮੀਤ ਸਿੰਘ ਪਲਾਹੀ
ਪੰਜਾਬੀਆਂ ਕੋਲ ਸਿਆਸਤਦਾਨਾਂ ਕੋਲੋਂ ਇਹ ਪੁੱਛਣ ਦਾ ਸਹੀ ਮੌਕਾ ਤੇ ਵੇਲਾ ਹੈ ਕਿ ਸਾਡੇ ਕੋਲ ਆਏ ਹੋ ਤਾਂ ਕੀ ਲੈ ਕੇ ਆਏ ਹੋ? ਰੰਗ-ਬਿਰੰਗੇ ਸਿਆਸਤਦਾਨ ਹਰਲ-ਹਰਲ ਕਰਦੇ ਪੰਜਾਬੀਆਂ ਦੇ ਵਿਹੜਿਆਂ, ਗਲੀਆਂ-ਮੁਹੱਲਿਆਂ, ਚੌਰਾਹਿਆਂ, ਪਬਲਿਕ ਥਾਂਵਾਂ 'ਤੇ ਧੜਾ-ਧੜ ਆਉਣ ਲੱਗੇ ਹਨ। ਵਿਧਾਨ ਸਭਾ ਚੋਣਾਂ ਤੋਂ ਛਿਮਾਹੀ ਪਹਿਲਾਂ ਹੀ ਇਨ੍ਹਾਂ ਧੁਰੰਤਰ ਸਿਆਸੀ ਲੋਕਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਅਤੇ ਲਾਰੇ-ਲੱਪੇ, ਰੰਗੀਨ ਸੁਫ਼ਨੇ, ਵਿਰੋਧੀਆਂ ਖ਼ਿਲਾਫ਼ ਨਾਹਰਿਆਂ ਤੇ ਤੋਹਮਤਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਪਰ ਨੰਗੇ ਧੜ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬੀਆਂ ਦੇ ਪੱਲੇ ਪਾਉੇਣ ਲਈ ਕੀ ਉਹ ਕੁਝ ਆਪਣੇ ਨਾਲ ਲੈ ਕੇ ਆਏ ਹਨ?
ਸੂਬਾ ਪੰਜਾਬ ਉੱਤੇ ਅਗਸਤ 1947 ਤੋਂ ਵੱਖੋ-ਵੱਖਰੇ ਸਮੇਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਬੰਧਨ ਨੇ ਰਾਜ ਕੀਤਾ ਹੈ। ਸੰਯੁਕਤ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਤੋਂ ਲੈ ਕੇ ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ ਤੇ ਰਾਮ ਕ੍ਰਿਸ਼ਨ ਰਹੇ। ਪੰਜਾਬੀ ਸੂਬਾ ਬਣਨ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਲਛਮਣ ਸਿੰਘ ਗਿੱਲ, ਜਸਟਿਸ ਗੁਰਨਾਮ ਸਿੰਘ ਤੇ ਫਿਰ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਰਜਿੰਦਰ ਕੌਰ ਭੱਠਲ, ਹਰਚਰਨ ਸਿੰਘ ਬਰਾੜ, ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ 11 ਮੁੱਖ ਮੰਤਰੀ ਬਣੇ ਹਨ। ਪ੍ਰਕਾਸ਼ ਸਿੰਘ ਬਾਦਲ ਪੰਜ ਵੇਰ ਪੰਜਾਬ ਦੇ ਮੁੱਖ ਮੰਤਰੀ ਬਣੇ।
ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਸੱਤਰ ਵਰ੍ਹਿਆਂ 'ਚੋਂ ਕਾਂਗਰਸ ਨੇ 45 ਵਰ੍ਹੇ ਅਤੇ 25 ਵਰ੍ਹੇ ਅਕਾਲੀਆਂ ਤੇ ਇਨ੍ਹਾਂ ਦੇ ਗੱਠਜੋੜ ਨੇ ਪੰਜਾਬ ਉੱਤੇ ਰਾਜ ਕੀਤਾ। ਇਨ੍ਹਾਂ ਵਰ੍ਹਿਆਂ 'ਚ ਇਨ੍ਹਾਂ ਸਰਕਾਰਾਂ ਨੇ ਪੰਜਾਬ ਅਤੇ ਇਥੋਂ ਦੇ ਬਾਸ਼ਿੰਦਿਆਂ ਦੇ ਪੱਲੇ ਕੀ ਪਾਇਆ, ਕੀ ਇਹ ਜਾਣਨ ਦਾ ਹੱਕ ਪੰਜਾਬੀਆਂ ਨੂੰ ਨਹੀਂ ਹੈ? ਕੀ ਪੰਜਾਬੀਆਂ ਨੂੰ ਇਹ ਪੁੱਛਣ ਦਾ ਹੱਕ ਹੈ ਇਨ੍ਹਾਂ ਸਿਆਸਤਦਾਨਾਂ ਕੋਲੋਂ ਕਿ ਪੰਜਾਬ ਦਾ ਕਿਹੋ ਜਿਹਾ ਵਿਕਾਸ ਉਨ੍ਹਾਂ ਨੇ ਕੀਤਾ-ਕਰਵਾਇਆ ਹੈ ਕਿ ਪੰਜਾਬ ਉਚਾਈਆਂ ਵੱਲ ਨਹੀਂ, ਨੀਵਾਣਾਂ ਵੱਲ ਗਿਆ ਹੈ? ਕਿਉਂ ਪੰਜਾਬ ਦਾ ਅਰਥਚਾਰਾ ਟੁੱਟਿਆ ਹੈ? ਕਿਉਂ ਖੇਤੀ ਅੱਧਮੋਈ ਹੋਈ ਹੈ? ਕਿਉਂ ਪੰਜਾਬ ਦਾ ਉਦਯੋਗ ਤਹਿਸ-ਨਹਿਸ ਹੋਇਆ ਹੈ? ਕਿਉਂ ਸਰਕਾਰੀ ਸਿੱਖਿਆ, ਸਿਹਤ ਸੇਵਾਵਾਂ ਨਾਂਹ ਦੇ ਤੁਲ ਰਹਿ ਗਈਆਂ ਹਨ? ਕਿਉਂ ਪਾਣੀ ਪੰਜਾਬ ਦੇ ਪੱਲੇ ਨਹੀਂ ਪੈ ਰਿਹਾ, ਦਰੱਖ਼ਤ ਰੁੰਡ-ਮਰੁੰਡ ਹੋ ਗਏ ਹਨ, ਵਾਤਾਵਰਣ ਦੂਸ਼ਿਤ ਹੋਇਆ ਹੈ? ਕਿਉਂ ਸਰਕਾਰੀ ਅਫ਼ਸਰਾਂ, ਸਿਆਸਤਦਾਨਾਂ ਤੋਂ ਲੋਕਾਂ ਦੀ ਦੂਰੀ ਵਧੀ ਹੈ ਅਤੇ ਨਾਲ ਹੀ ਵਧਿਆ ਹੈ ਸਿਆਸਤ ਅਤੇ ਪ੍ਰੋਫੈਸ਼ਨ ਵਿੱਚ ਪਰਵਾਰਵਾਦ?
ਪੰਜਾਬ ਇਨ੍ਹਾਂ ਵਰ੍ਹਿਆਂ 'ਚ ਰਾਜਸੀ ਅਰਾਜਕਤਾ ਵੱਲ ਵਧਿਆ ਹੈ। ਭ੍ਰਿਸ਼ਟਾਚਾਰ, ਮਹਿੰਗਾਈ, ਮੁਨਾਫਾਖੋਰੀ, ਖਨਣ, ਟਰਾਂਸਪੋਰਟ, ਨਸ਼ਾ ਮਾਫੀਏ ਨੇ ਪੰਜਾਬ ਦਾ ਲੱਕ ਤੋੜ ਦਿੱਤਾ ਹੈ। ਸਿਆਸਤ ਸੇਵਾ ਲਈ ਨਹੀਂ, ਕਿੱਤੇ ਵਜੋਂ ਅਪਣਾਈ ਜਾਣ ਲੱਗੀ ਹੈ, ਜਿਸ ਵਿੱਚ ਦਿਆਨਤਦਾਰ, ਸਿਆਣੇ, ਪੰਜਾਬ-ਹਿਤੈਸ਼ੀ ਲੋਕ ਮਨਫ਼ੀ ਹੀ ਕਰ ਦਿੱਤੇ ਗਏ ਹਨ। ਜੇਕਰ ਇੰਝ ਨਹੀਂ ਤਾਂ 1920 'ਚ ਜਨਮਿਆ ਸ਼੍ਰੋਮਣੀ ਅਕਾਲੀ ਦਲ ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਮ ਉੱਤੇ 'ਬਾਦਲ ਦਲ' ਵਜੋਂ ਹੀ ਕਿਉਂ ਜਾਣਿਆ ਜਾਂਦਾ ਹੈ? ਪਿਛਲੇ 36 ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਟਕਸਾਲੀ ਅਕਾਲੀ ਕਿਉਂ ਅਲੋਪ ਹੋ ਗਏ ਜਾਂ ਕਿਉਂ ਅਲੋਪ ਕਰ ਦਿੱਤੇ ਗਏ? ਕਿਉਂ ਇਨ੍ਹਾਂ ਸਾਲਾਂ ਵਿੱਚ ਸਮੇਂ-ਸਮੇਂ ਲੌਂਗੋਵਾਲ ਅਕਾਲੀ ਦਲ (ਸੰਤ ਹਰਚੰਦ ਸਿੰਘ ਲੌਂਗੋਵਾਲ), ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ, ਜਸਵੰਤ ਸਿੰਘ ਮਾਨ) , ਤਲਵੰਡੀ ਅਕਾਲੀ ਦਲ (ਜਗਦੇਵ ਸਿੰਘ ਤਲਵੰਡੀ), ਅਮਰਿੰਦਰ ਸਿੰਘ ਪੰਥਕ ਅਕਾਲੀ ਦਲ, ਰਵੀਇੰਦਰ ਸਿੰਘ ਅਕਾਲੀ ਦਲ 1920, ਸੁਰਜੀਤ ਸਿੰਘ ਬਰਨਾਲਾ ਦਾ ਅਕਾਲੀ ਦਲ, ਕੁਲਦੀਪ ਸਿੰਘ ਵਡਾਲਾ ਦਾ ਅਕਾਲੀ ਦਲ ਡੈਮੋਕਰੇਟਿਕ, ਟੌਹੜਾ ਇੰਟਰਨੈਸ਼ਨਲ ਅਕਾਲੀ ਦਲ, ਯੂਨਾਈਟਿਡ ਅਕਾਲੀ ਦਲ (ਮੋਹਕਮ ਸਿੰਘ) ਇਸੇ ਅਕਾਲੀ ਦਲ ਵਿੱਚੋਂ ਪੈਦਾ ਹੋਏ? ਜੇਕਰ ਸ਼੍ਰੋਮਣੀ ਅਕਾਲੀ ਦਲ ਲੋਕਤੰਤਰੀ ਹੁੰਦਾ, ਇਸ ਦੀ ਲੀਡਰਸ਼ਿਪ ਲੋਕਤੰਤਰਿਕ ਹੁੰਦੀ ਅਤੇ ਸਾਰੀਆਂ ਸੋਚਾਂ ਵਾਲੇ ਪਾਰਟੀ ਵਰਕਰਾਂ ਤੇ ਨੇਤਾਵਾਂ ਨੂੰ ਨਾਲ ਲੈ ਕੇ ਤੁਰਨ ਵਾਲੀ ਹੁੰਦੀ ਤਾਂ ਅੱਜ ਆਪਣੀ ਕੁਰਸੀ ਪੰਜਾਬ 'ਚ ਕਾਇਮ ਰੱਖਣ ਲਈ ਉਹ ਹਥਿਆਰ ਵਰਤਣ ਲਈ ਮਜਬੂਰ ਨਾ ਹੁੰਦੀ, ਜਿਹੜੇ ਕਿਸੇ ਲੋਕ-ਰਾਜ ਵਿੱਚ ਕਿਸੇ ਸਿਆਸੀ ਧਿਰ ਨੂੰ ਵਰਤਣ ਦੀ ਲੋੜ ਨਹੀਂ ਪੈਂਦੀ।
ਪੰਜਾਬ ਕਾਂਗਰਸ, ਜਿਹੜੀ ਸਦਾ ਹੀ ਇਹ ਦੋਸ਼ ਆਪਣੇ ਪਿੰਡੇ 'ਤੇ ਝੱਲਦੀ ਰਹੀ ਹੈ ਕਿ ਉਸ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ, ਇਸ ਦੇ ਨੇਤਾ ਸਦਾ ਕੇਂਦਰ ਸਰਕਾਰ ਦਾ ਹੱਥ-ਠੋਕਾ ਬਣਦੇ ਰਹੇ ਅਤੇ ਉੱਪਰਲੇ ਨੇਤਾਵਾਂ ਦੇ ਪਿੱਛ-ਲੱਗ ਬਣ ਕੇ ਪੰਜਾਬ ਦੇ ਪਾਣੀਆਂ ਦੇ ਸੌਦੇ ਵੀ ਉਨ੍ਹਾਂ ਕੀਤੇ। ਪੰਜਾਬੀ ਸੂਬਾ ਬਣਨ ਵੇਲੇ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਕੋਲੋਂ ਉਨ੍ਹਾਂ ਕਾਰਨ ਹੀ ਖੁੱਸੇ। ਕਾਂਗਰਸੀਆਂ ਦੀ ਆਪਣੀ ਲੜਾਈ ਨੇ ਪੰਜਾਬ ਨੂੰ ਉਹ ਦਿਨ ਦਿਖਾਏ, ਜਿਨ੍ਹਾਂ ਨੂੰ ਪੰਜਾਬੀ ਭੁੱਲ ਨਹੀਂ ਸਕਦੇ। ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੀ ਆਪਸੀ ਸੌਂਕਣਬਾਜ਼ੀ ਤੋਂ ਕੌਣ ਵਾਕਿਫ ਨਹੀਂ?
ਅੱਜ ਵੀ ਕੁਰਸੀ ਯੁੱਧ ਦੀ ਖ਼ਾਤਰ ਕਾਂਗਰਸੀਆਂ ਦੇ ਆਪਸੀ ਕਾਟੋ-ਕਲੇਸ਼ ਨੇ ਪੰਜਾਬੀਆਂ ਦਾ ਉਨ੍ਹਾਂ ਪ੍ਰਤੀ ਭਰੋਸਾ ਤੋੜਿਆ ਹੈ। ਜਗਮੀਤ ਸਿੰਘ ਬਰਾੜ ਦਾ ਕਾਂਗਰਸ ਪਾਰਟੀ 'ਚੋਂ ਬਾਹਰ ਨਿਕਲ ਕੇ ਪੰਜਾਬ-ਹਿਤੈਸ਼ੀ ਹੋਣ ਦਾ ਨਾਹਰਾ, ਮਨਪ੍ਰੀਤ ਬਾਦਲ ਦਾ ਪੀ ਪੀ ਪੀ ਬਣਾਉਣਾ ਤੇ ਫਿਰ ਕਾਂਗਰਸ 'ਚ ਮਿਲਣ, ਬਲਵੰਤ ਸਿੰਘ ਰਾਮੂਵਾਲੀਏ ਵੱਲੋਂ ਕਦੇ ਆਪਣੀ ਪਾਰਟੀ ਬਣਾਉਣਾ, ਬਾਦਲਾਂ ਨਾਲ ਰਲਣਾ ਤੇ ਫਿਰ ਪੰਜਾਬ ਦੇ ਨਕਸ਼ੇ ਤੋਂ ਅਲੋਪ ਹੋ ਜਾਣਾ, ਸਿੱਧੂ ਜੋੜੀ ਦਾ ਬਾਦਲਾਂ ਵਿਰੁੱਧ ਪ੍ਰਚਾਰ, ਭਾਜਪਾ ਤੋਂ ਤੋੜ-ਵਿਛੋੜਾ ਅਤੇ ਫਿਰ ਪੰਜਾਬ-ਹਿਤੈਸ਼ੀ ਹੋਣ ਦਾ ਵੱਡਾ ਫੱਟਾ ਲਾ ਕੇ ਤਾਬੜ-ਤੋੜ ਪ੍ਰਚਾਰ, ਬਸਪਾ ਦਾ ਅਨੁਸੂਚਿਤ ਜਾਤੀਆਂ ਲਈ ਲੋੜੋਂ ਵੱਧ ਹੇਜ, ਜਿਹੀਆਂ ਘਟਨਾਵਾਂ ਨੇ ਸਿਆਸਤਦਾਨਾਂ ਤੋਂ ਆਮ ਲੋਕਾਂ ਨੂੰ ਦੂਰ ਕੀਤਾ ਹੈ।
ਹਨੇਰੀ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਵਗੀ ਵਾਅ ਕਾਰਨ ਬੱਝਿਆ ਲੋਕਾਂ 'ਚ ਭਰੋਸਾ ਉਦੋਂ ਚੂਰ-ਚੂਰ ਹੋਇਆ, ਜਦੋਂ ਉਨ੍ਹਾਂ ਦੇ ਲੋਕ ਸਭਾ ਲਈ ਚੁਣੇ ਗਏ ਮੈਂਬਰਾਂ 'ਚੋਂ ਅੱਧੇ ਪਾਰਲੀਮੈਂਟ ਮੈਂਬਰ ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣ ਦੇ ਰਾਹ ਤੁਰ ਪਏ ਜਾਂ ਉਸ ਪਾਰਟੀ ਵੱਲੋਂ ਪੰਜਾਬ ਦੇ ਪਾਣੀਆਂ ਜਿਹੇ ਮਸਲੇ ਉੱਤੇ ਅਜੀਬੋ-ਗ਼ਰੀਬ ਸਟੈਂਡ ਲੈ ਲਿਆ ਗਿਆ। ਇਹੋ ਜਿਹੀਆਂ ਹਾਲਤਾਂ ਵਿੱਚ ਜਦੋਂ ਪੰਜਾਬੀਆਂ ਨੂੰ ਸਿਆਸੀ ਲੋਕਾਂ ਤੋਂ ਪੰਜਾਬ-ਹਿਤੈਸ਼ੀ ਹੋਣ ਦੀ ਜਾਂ ਲੋਕ ਸਮੱਸਿਆਵਾਂ, ਮੁੱਦਿਆਂ ਨੂੰ ਹੱਲ ਕਰਨ ਲਈ ਆਸ ਦੀ ਕੋਈ ਬੱਝਵੀਂ ਕਿਰਨ ਦਿਖਾਈ ਹੀ ਨਾ ਦੇ ਰਹੀ ਹੋਵੇ, ਤਦ ਕੀ ਪੰਜਾਬੀਆਂ ਦਾ ਆਪਣੇ ਵਿਹੜੇ ਆਉਣ ਵਾਲੇ ਸਿਆਸਤਦਾਨਾਂ ਨੂੰ ਇਹ ਸਵਾਲ ਕਰਨ ਦਾ ਹੱਕ ਨਹੀਂ ਬਣਦਾ :
ਪਹਿਲਾ ਇਹ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਵਿਕਾਸ ਦਾ ਕਿਹੜਾ ਮਾਡਲ ਅਪਣਾਏਗੀ? ਉਹ ਮਾਡਲ, ਜਿਹੜਾ ਸਿਰਫ਼ ਵੱਡਿਆਂ ਦੇ ਘਰ ਭਰੇਗਾ ਜਾਂ ਛੋਟਿਆਂ ਦੇ ਪੇਟ ਵੀ ਭਰੇਗਾ?
ਦੂਜਾ, ਉਨ੍ਹਾਂ ਦੀ ਪਾਰਟੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ, ਜੋ ਪੰਜਾਬ ਤੋਂ ਬਾਹਰ ਰਹਿ ਗਏ ਹਨ, ਪੰਜਾਬ 'ਚ ਸ਼ਾਮਲ ਕਰਨ ਲਈ ਜਾਂ ਕਰੇਗੀ?
ਤੀਜਾ, ਉਨ੍ਹਾਂ ਦੀ ਪਾਰਟੀ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਕੀ ਸਟੈਂਡ ਰੱਖਦੀ ਹੈ? ਕੀ ਐੱਸ ਵਾਈ ਐੱਲ ਬਣਾਉਣ ਦੇ ਹੱਕ 'ਚ ਹੈ ਜਾਂ ਵਿਰੋਧ ਵਿੱਚ? ਪੰਜਾਬ ਦੇ ਧਰਤੀ ਹੇਠਲੇ ਮੁੱਕ ਰਹੇ ਪਾਣੀ ਦੇ ਸੁਧਾਰ ਲਈ ਉਸ ਦੀਆਂ ਯੋਜਨਾਵਾਂ ਕੀ ਹੋਣਗੀਆਂ?
ਚੌਥਾ, ਉਨ੍ਹਾਂ ਦੀ ਪਾਰਟੀ ਦੀ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਮਰ ਰਹੀ ਖੇਤੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੀ ਯੋਜਨਾ ਹੋਵੇਗੀ?
ਪੰਜਵਾਂ, ਉਨ੍ਹਾਂ ਦੀ ਪਾਰਟੀ ਦੀਆਂ ਸੂਬੇ ਦੇ ਸੰਕਟ ਗ੍ਰਸਤ ਉਦਯੋਗ ਦੀ ਮੁੜ ਸੁਰਜੀਤੀ ਤੇ ਖੇਤੀ ਉਦਯੋਗ ਦੀ ਪ੍ਰਫੁੱਲਤਾ ਲਈ ਕੀ ਤਰਜੀਹਾਂ ਹੋਣਗੀਆਂ?
ਛੇਵਾਂ, ਉਨ੍ਹਾਂ ਦੀ ਪਾਰਟੀ ਦੀ ਸੂਬੇ 'ਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਕੀ ਸਮਾਂ-ਬੱਧ ਯੋਜਨਾ ਹੋਵੇਗੀ?
ਸੱਤਵਾਂ, ਉਨ੍ਹਾਂ ਦੀ ਪਾਰਟੀ ਕੀ ਸੂਬੇ 'ਚ ਵਧ ਰਹੇ ਸਿੱਖਿਆ ਦੇ ਨਿੱਜੀਕਰਨ ਨੂੰ ਖ਼ਤਮ ਕਰਨ ਲਈ ਅਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਲਾਗੂ ਕਰੇਗੀ, ਜਿਸ ਅਧੀਨ ਸਭਨਾਂ ਲਈ ਬਰਾਬਰ ਦੀ ਸਿੱਖਿਆ ਦੀ ਵਿਵਸਥਾ ਹੈ?
ਅੱਠਵਾਂ, ਉਨ੍ਹਾਂ ਦੀ ਪਾਰਟੀ ਸੂਬੇ 'ਚ ਸਿਹਤ ਸੁਵਿਧਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੀ ਕਰੇਗੀ?
ਨੌਂਵਾਂ, ਉਨ੍ਹਾਂ ਦੀ ਪਾਰਟੀ ਦੀ ਨਸ਼ਿਆਂ ਤੇ ਸੂਬੇ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਪ੍ਰਤੀ ਕੀ ਪਾਲਿਸੀ ਹੋਵੇਗੀ?
ਦਸਵਾਂ, ਉਨ੍ਹਾਂ ਦੀ ਪਾਰਟੀ ਦੀ ਪੰਜਾਬ ਨੂੰ ਪ੍ਰਦੂਸ਼ਣ-ਮੁਕਤ ਕਰਨ ਦੀ ਕੀ ਯੋਜਨਾ ਹੋਵੇਗੀ?
ਗਿਆਰ੍ਹਵਾਂ ਸਵਾਲ ਇਹ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਟੁੱਟ ਰਹੇ ਅਰਥਚਾਰੇ ਨੂੰ ਥਾਂ ਸਿਰ ਕਰਨ ਤੇ ਗ਼ਰੀਬ ਲੋਕਾਂ ਨੂੰ ਕਰਜ਼ਾ-ਮੁਕਤ ਕਰਨ ਲਈ ਕੀ ਕਦਮ ਚੁੱਕੇਗੀ?
ਇਹ ਸਵਾਲ ਸੁਖਬੀਰ ਬਾਦਲ ਤੋਂ ਪੁੱਛੇ ਜਾਣੇ ਚਾਹੀਦੇ ਹਨ, ਜਿਹੜਾ ਪਾਣੀ 'ਚ ਬੱਸਾਂ ਚਲਾਉਣੀਆਂ ਚਾਹੁੰਦਾ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਪੁੱਛੇ ਜਾਣ ਦੀ ਲੋੜ ਹੈ, ਜਿਹੜਾ ਇੱਕ ਮਹੀਨੇ 'ਚ ਹੀ ਨਸ਼ੇ ਖ਼ਤਮ ਕਰਨ ਦਾ ਦਾਅਵਾ ਕਰਦਾ ਹੈ। ਇਹ ਸਵਾਲ ਕੇਜਰੀਵਾਲ ਤੋਂ ਵੀ ਪੁੱਛੇ ਜਾਣ ਦੀ ਜ਼ਰੂਰਤ ਹੈ, ਜਿਹੜਾ ਸਿਰਫ਼ ਸੇਵਾ ਧਰਮ ਨੂੰ ਹੀ ਔਖ ਵੇਲੇ ਇੱਕੋ-ਇੱਕ ਹੱਲ ਸਮਝਦਾ ਹੈ। ਇਹ ਸਵਾਲ ਨਵਜੋਤ ਸਿੰਘ ਸਿੱਧੂ ਤੋਂ ਕਿਉਂ ਨਾ ਪੁੱਛੇ ਜਾਣ? ਅਤੇ ਕਿਉਂ ਨਾ ਇਹ ਸਵਾਲ ਪੁੱਛੇ ਜਾਣ ਖੱਬੀਆਂ ਧਿਰਾਂ ਨੂੰ ਵੀ, ਜਿਹੜੀਆਂ ਲੋਕ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਸੰਘਰਸ਼ਸ਼ੀਲ ਰਹੀਆਂ ਹਨ?
ਅਸਲ ਵਿੱਚ ਪੰਜਾਬੀਆਂ ਦਾ ਹੱਕ ਬਣਦਾ ਹੈ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਵਾਲ ਕਰਨ, ਸਾਰਿਆਂ ਨੇਤਾਵਾਂ ਤੋਂ ਜਵਾਬ ਮੰਗਣ ਕਿ ਉਨ੍ਹਾਂ ਪੱਲੇ ਪੰਜਾਬੀਆਂ ਨੂੰ ਦੇਣ ਲਈ ਕੀ ਹੈ, ਕਿਉਂਕਿ ਪੰਜਾਬ ਦੀ ਵਿਗੜੀ ਤਾਣੀ ਨੂੰ ਸੁਲਝਾਉਣ ਲਈ ਕੋਈ ਵੀ ਸਿਆਸੀ ਪਾਰਟੀ ਰਾਤੋ-ਰਾਤ ਕੋਈ ਕ੍ਰਿਸ਼ਮਾ ਨਹੀਂ ਕਰ ਸਕਦੀ?
ਹਰ ਸਿਆਸੀ ਪਾਰਟੀ ਨੂੰ ਪੰਜਾਬ ਦੇ ਲੋਕਾਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ, ਦੁਕਾਨਦਾਰਾਂ ਦੀਆਂ ਉਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣੇ ਪੈਣਗੇ, ਜਿਨ੍ਹਾਂ ਨੇ ਉਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਨੀਂਦ ਹਰਾਮ ਕੀਤੀ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਸਿਆਸੀ ਲੋਕਾਂ ਨੇ ਵੱਡੇ ਵਿਕਾਸ ਦੇ ਨਾਹਰਿਆਂ, ਉਨ੍ਹਾਂ ਦੀ ਤਰੱਕੀ ਦੇ ਨਾਮ ਉੱਤੇ ਪੂਰੀ ਤਰ੍ਹਾਂ ਗੁੰਮਰਾਹ ਕੀਤਾ ਹੈ। ਹੁਣ ਨੇਤਾਵਾਂ ਤੋਂ ਪੁੱਛਣ ਦਾ ਵੇਲਾ ਹੈ ਕਿ ਸਾਡੇ ਵਿਹੜੇ ਆਏ ਹੋ ਤਾਂ ਕੀ ਲੈ ਕੇ ਆਏ ਹੋ? ਜੇਕਰ ਪਿੱਠ ਮੋੜ ਕੇ ਜਾਂ ਖੁਸ਼ ਹੋ ਕੇ ਸਾਡੇ ਵਿਹੜਿਓਂ ਚੱਲੇ ਹੋ ਤਾਂ ਦੱਸ ਕੇ ਜਾਉ ਕਿ ਸਾਨੂੰ ਕੀ ਦੇ ਕੇ ਚੱਲੇ ਹੋ?
03 Aug 2016