ਆਪਣੀਆਂ ਯਾਦਾਂ ਉਪਰ ਆਧਾਰਤ : ਸ. ਮੇਜਰ ਸਿੰਘ ਉਬੋਕੇ
ਧਰਮਯੁਧ ਮੋਰਚੇ ਦੌਰਾਨ ਸ. ਮੇਜਰ ਸਿੰਘ ਜੀ, ਜਥਾ ਲੈ ਕੇ ਜੇਹਲ ਜਾਣ ਤੋਂ ਪਹਿਲਾਂ ਮੰਜੀ ਸਾਹਿਬ ਦੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ। ਉਸ ਸਮੇ ਸਟੇਜ ਉਪਰ ਸੁਸ਼ੋਭਤ ਪੰਥਕ ਸ਼ਖ਼ਸੀਅਤਾਂ: ਵੀਹਵੀਂ ਸਦੀ ਦੇ ਮਹਾਨ ਸਿੱਖ ਸ੍ਰੀ ਮਾਨ ਸੰਤ ਜਰਨੈਲ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਅਜੀਤ ਸਿੰਘ ਸੰਧੂ, ਜਥੇਦਾਰ ਖ਼ਜਾਨ ਸਿੰਘ ਮੀਰਾਂਕੋਟ ਆਦਿ।
੧੯੬੩ ਦੀ ਬਸੰਤ ਰੁੱਤ ਦਾ ਇਹ ਵਾਕਿਆ ਹੈ, ਜਦੋਂ ਮੈਂ ਗੁਰਦੁਆਰਾ ਸਾਹਿਬ ਜੀਂਦ ਵਿਖੇ ਰਾਗੀ ਦੀ ਸੇਵਾ ਉਪਰ ਸਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ ਆਏ। ਉਹਨਾਂ ਦੇ ਨਾਲ਼ ਇਕ ਕਾਲ਼ੀ ਦਾਹੜੀ ਵਾਲ਼ੇ ਜੇਹੜੇ ਸੱਜਣ ਸਨ ਪੀ.ਏ. ਵਜੋਂ ਸੇਵਾ ਨਿਭਾ ਰਹੇ ਸਨ ਉਹਨਾਂ ਦਾ ਨਾਂ ਮੇਜਰ ਸਿੰਘ ਸੀ। ਇਹਨਾਂ ੧੯੬੦ ਵਾਲ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਇਸ ਦੇ ਤਤਕਾਲੀ ਕਾਂਗਰਸੀ ਪ੍ਰਧਾਨ, ਸ. ਪ੍ਰੇਮ ਸਿੰਘ ਲਾਲਪੁਰਾ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ। ੧੯੬੨ ਵਿਚ ਸੰਤ ਗਰੁਪ ਵੱਲੋਂ ਸਿਰਜੇ ਗਏ ਮੁਤਵਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਸ. ਮੇਜਰ ਸਿੰਘ ਜੀ ਦਫ਼ਤਰ ਸਕੱਤਰ ਬਣਾਏ ਗਏ ਤੇ ਇਸ ਵੇਲ਼ੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੀ.ਏ. ਵਜੋਂ ਸੇਵਾ ਨਿਭਾ ਰਹੇ ਹਨ।
ਗੱਲ ਆਈ ਗਈ ਹੋ ਗਈ। ਸਮੇ ਨਾਲ਼ ਪ੍ਰਧਾਨ ਦੇ ਪੀ,ਏ. ਦੀ ਸੇਵਾ ਕਮੇਟੀ ਦੇ ਇਕ ਡੀ.ਏ. ਸ. ਅਬਿਨਾਸ਼ੀ ਸਿੰਘ ਨੇ ਸੰਭਾਲ਼ ਲਈ ਅਤੇ ਸ. ਮੇਜਰ ਸਿੰਘ ਜੀ ਅਕਾਲੀ ਵਰਕਰਾਂ ਦੇ ਸਰਕਾਰੇ ਦਰਬਾਰੇ ਕੰਮਾਂ ਕਾਰਾਂ ਵਾਸਤੇ ਏਧਰੋਂ ਵੇਹਲੇ ਹੋ ਗਏ ਪਰ ਕਮੇਟੀ ਅਤੇ ਹੋਰ ਸਿਅਸੀ ਪਾਰਟੀਆਂ ਨਾਲ਼ ਮੀਟਿੰਗਾਂ ਆਦਿ ਵਿਚ ਸ਼ਾਮਲ ਹੋ ਕੇ ਪ੍ਰਧਾਨ ਜੀ ਦੀ ਸਹਾਇਤਾ ਕਰਦੇ ਰਹੇ।
ਫਿਰ ਸਮਾ ਆਇਆ ੨੨ ਨਵੰਬਰ ੧੯੬੭ ਦਾ ਜਦੋਂ ਕਾਂਗਰਸ ਦੀ ਸਹਾਇਤਾ ਨਾਲ਼ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਸ. ਲਛਮਣ ਸਿੰਘ ਗਿੱਲ ਨੇ ਸਰਕਾਰ ਬਣਾ ਲਈ। ਅਕਾਲੀ ਹੋਣ ਕਰਕੇ ਗਿੱਲ ਸਾਹਿਬ ਨੂੰ ਪਤਾ ਸੀ ਕਿ ਉਸ ਦੀ ਸਰਕਾਰ ਨੂੰ ਖ਼ਤਰਾ ਕੇਵਲ ਸੰਤ ਚੰਨਣ ਸਿੰਘ ਜੀ ਤੋਂ ਹੀ ਹੋ ਸਕਦਾ ਹੈ। ਉਸ ਨੇ ਸੰਤ ਜੀ ਨਿਹੱਥਾ ਕਰਨ ਲਈ ਉਸ ਦੇ ਦੋਵੇਂ ਪੀ.ਏ. ਸ. ਮੇਜਰ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਨੂੰ ਫੜ ਕੇ ਜੇਹਲਾਂ ਵਿਚ ਬੰਦ ਕਰ ਦਿਤਾ ਅਤੇ ਪ੍ਰਧਾਨ ਜੀ ਉਪਰ ਕੜਾਹ ਪ੍ਰਸ਼ਾਦ ਦੀਆਂ ਜਾਹਲੀ ਪਰਚੀਆਂ ਦਾ ਝੂਠਾ ਕੇਸ ਬਣਾ ਦਿਤਾ। ਪ੍ਰਧਾਨ ਸੰਤ ਚੰਨਣ ਸਿੰਘ ਜੀ ਨੂੰ ਦਫ਼ਤਰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੇਂ ਮਕਾਨ ਵਿਚ ਡੇਰਾ ਲਾਉਣਾ ਪਿਆ।
ਦੋਵੇਂ ਪੀ.ਏ. ਜਦੋਂ ਪ੍ਰਧਾਨ ਜੀ ਦੇ ਜੇਹਲ ਚਲੇ ਗਏ ਤਾਂ ਫਿਰ ਇਹ ਸੇਵਾ ਮੇਰੇ ਜੁੰਮੇ ਲੱਗੀ ਤੇ ਮੈਂ ਨਿਭਾਉਂਦਾ ਰਿਹਾ। ਏਸੇ ਦੌਰਾਨ ਜਦੋਂ ਬਾਬਾ ਬਕਾਲਾ ਵਿਚ ਗਿੱਲ ਦੇ ਖ਼ਿਲਾਫ਼, ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਨਾਰਾਇਣ ਸਿੰਘ ਸਾਬਾਜਪੁਰੀ ਆਦਿ ਦੀ ਅਗਵਾਈ ਹੇਠ, ਮੁਜ਼ਾਹਰਾ ਕਰਨ ਗਏ ਤਾਂ ਮੈਂ ਤੇ ਪੁਲਿਸ ਦੀਆਂ ਵਰ੍ਹਦੀਆਂ ਡਾਗਾਂ ਵਿਚੋਂ ਦੌੜ ਆਇਆ ਪਰ ਸ. ਮੇਜਰ ਸਿੰਘ ਜੀ ਬਾਕੀ ਆਗੂਆਂ ਨਾਲ਼ ਦੁਬਾਰਾ ਜੇਹਲ ਭੇਜ ਦਿਤੇ ਗਏ।
ਗਿੱਲ ਸਰਕਾਰ ਦੇ ਖ਼ਿਲਾਫ਼ ਓਨਾ ਚਿਰ ਸ੍ਰੋਮਣੀ ਅਕਾਲੀ ਦਲ ਵੱਲੋਂ ਜਦੋ ਜਹਿਦ ਚੱਲਦੀ ਰਹੀ ਜਿੰਨਾ ਚਿਰ ਅੱਗਸਤ ੧੯੬੮ ਵਿਚ ਕਾਂਗਰਸ ਨੇ ਆਪਣੀ ਹਿਮਾਇਤ ਵਾਪਸ ਲੈ ਕੇ ਸਰਕਾਰ ਡੇਗ ਕੇ ਗਵਰਨਰੀ ਰਾਜ ਲਾਗੂ ਨਹੀਂ ਕਰ ਦਿਤਾ।
ਛੇ ਮਹੀਨੇ ਪਿੱਛੋਂ ੧੯੬੯ ਵਾਲ਼ੀ ਚੋਣ ਵਿਚ ਅਕਾਲੀ ਦਲ ਨੂੰ ਪਹਿਲਾਂ ਨਾਲ਼ੋਂ ਦੁੱਗਣੀ ਜਿੱਤ ਹੋਈ ਤੇ ਸ਼੍ਰੋਮਣੀ ਅਕਾਲੀ ਅਤੇ ਜਨਸੰਘ ਦੀ ਸਰਕਾਰ ਬਣੀ। ਸੰਤ ਚੰਨਣ ਸਿੰਘ ਜੀ ਨੇ ਮੁਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਪੁਲੀਟੀਕਲ ਸੈਕਟਰੀ ਸ. ਮੇਜਰ ਸਿੰਘ ਨੂੰ ਲਵਾ ਦਿਤਾ ਤਾਂ ਕਿ ਅਕਾਲੀ ਵਰਕਰਾਂ ਦੇ ਸਰਕਾਰੇ ਦਰਬਾਰੇ ਕੰਮ ਕਾਰ ਹੁੰਦੇ ਰਹਿਣ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਚੋਂ ਸ. ਮੇਜਰ ਸਿੰਘ ਦੀ ਤਨਖਾਹ ਵਾਲ਼ੀ ਸੇਵਾ ਸਮਾਪਤ ਹੋ ਗਈ। ਸੰਤ ਜੀ ਨੂੰ ਵਰਕਰਾਂ ਵੱਲੋਂ ਦੱਸੇ ਕੰਮਾਂ ਦੀ ਲਿਸਟ ਬਣਾ ਕੇ ਸਮੇ ਸਮੇ ਮੈਂ ਚੰਡੀਗੜ੍ਹ ਸਰਕਾਰੀ ਦਫ਼ਤਰ ਵਿਚ ਸ. ਮੇਜਰ ਸਿੰਘ ਨੂੰ ਦੇ ਆਉਂਦਾ ਤੇ ਉਹ ਸਬੰਧਤ ਅਫ਼ਸਰਾਂ ਨੂੰ ਫ਼ੋਨ ਰਾਹੀਂ ਕੰਮ ਕਰਨ ਲਈ ਕਹਿ ਦਿੰਦੇ।
੧੯੭੨ ਦੀ ਇਲੈਕਸ਼ਨ ਸ. ਮੇਜਰ ਸਿੰਘ ਜੀ ਨੇ ਲੜੀ। ਮੈਨੂੰ ਆਪਣੀ ਇਲੈਕਸ਼ਨ ਸਮੇ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਲਈ ਕਿਹਾ ਪਰ ਮੇਰੀ ਡਿਊਟੀ ਪ੍ਰਧਾਨ ਜੀ ਨੇ ਜਗਰਾਵਾਂ ਅਤੇ ਨਾਲ਼ ਜੁੜਵੇਂ ਹਲਕਿਆਂ ਵਿਚ ਪਹਿਲਾਂ ਹੀ ਲਾ ਦਿਤੀ ਹੋਈ ਸੀ।
ਮੈਂ ਮਾਰਚ ੧੯੭੩ ਵਿਚ ਦੇਸ ਛੱਡ ਕੇ ਬਾਹਰ ਆ ਗਿਆ। ਫਿਰ ਸਾਡਾ ਮੇਲ਼ ੧੧ ਅਪ੍ਰੈਲ ੧੯੯੯ ਵਾਲ਼ੇ ਦਿਨ ਹੋਇਆ। ਇਸ ਦੌਰਾਨ ਮੇਰੇ ਛੋਟੇ ਭਰਾ ਤੋਂ ਮੇਰੇ ਬਾਰੇ ਪੁੱਛਿਆ ਕਰਦੇ ਸਨ। ਸਾਡੇ ਘਰ ਗੁਰਦੁਆਰਾ ਬਿਬੇਕਸਰ ਸਾਹਿਬ ਜੀ ਦੇ ਨੇੜੇ ਲਾਗੋ ਲਾਗੇ ਸਨ।
੧੯੭੩ ਤੋਂ ਲੈ ਕੇ ੧੯੯੯ ਤੱਕ ਪੁਲ਼ਾਂ ਹੇਠੋਂ ਬਹੁਤ ਸਾਰਾ ਪਾਣੀ ਵਗ ਚੁੱਕਿਆ ਸੀ। ਸਿੱਖ ਪੰਥ ਕਿੰਨ੍ਹਾਂ ਕਿੰਨ੍ਹਾਂ ਸੰਕਟਾਂ ਵਿਚੋਂ ਗੁਜਰਿਆ ਇਹ ਇਕ ਵੱਖਰਾ ਦੁਖਦਾਈ ਇਤਿਹਾਸ ਹੈ। ੧੯੮੫ ਵਿਚ ਭਾ ਜੀ ਪੰਜਾਬ ਵਿਚ ਵਜੀਰ ਵੀ ਬਣੇ ਅਤੇ ਐਮ.ਪੀ. ਵੀ ਬਣੇ। ਪਹਿਲਾਂ ਇਹਨਾਂ ਨੂੰ ਰਾਜ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ ਤੇ ਇਹਨਾਂ ਨੇ ਖੜਕਵੀਂ ਮਝੈਲੀ ਬੋਲੀ ਵਿਚ ਕਿਹਾ, ''ਮੈਂ ਨਹੀਂ ਪੌਣੀ ਵਜੀਰੀ ਲੈਣੀ।'' ਫਿਰ ਇਹਨਾਂ ਨੂੰ ਪੂਰੀ ਵਜੀਰੀ ਦਿਤੀ ਗਈ? ਅਗਲੀ ਚੋਣ ਸਮੇ ਆਪ ਐਮ.ਪੀ. ਬਣੇ।
੧੧ ਅਪ੍ਰੈਲ ੧੯੯੯ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ, ਜਥੇਦਾਰ ਟੌਹੜਾ ਦੇ ਅਕਾਲੀ ਧੜੇ ਦਾ ਜਲੂਸ ਸ੍ਰੀ ਅਨੰਦਪੁਰ ਸਾਹਿਬ ਲਈ ਤੁਰਨਾ ਸੀ। ਸ਼੍ਰੋਮਣੀ ਕਮੇਟੀ ਉਪਰ ਸਰਦਾਰ ਬਾਦਲ ਧੜੇ ਦਾ ਕਬਜਾ ਹੋਣ ਕਰਕੇ, ਦੋਹਾਂ ਧੜਿਆ ਵਿਚ ਝਗੜਾ ਹੋ ਜਾਣ ਦਾ ਖ਼ਤਰਾ ਸੀ। ਮੇਰੇ ਮਿੱਤਰ ਸ. ਕੁਲਵੰਤ ਸਿੰਘ ਵੰਧਾਵਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਅਜਾਇਬ ਸਿੰਘ ਦੀ ਅਗਵਾਈ ਹੇਠ, ਕਮੇਟੀ ਦਾ ਸਟਾਫ਼ ਤਿਆਰ ਬਰ ਤਿਆਰ ਹਾਜਰ ਸੀ ਤਾਂ ਕਿ ਕਿਸੇ ਵੀ ਘਟਨਾ ਦਾ ਸਾਹਮਣਾ ਕੀਤਾ ਜਾ ਸਕੇ। ਵਿਡੰਬਨਾ ਇਹ ਸੀ ਕਿ ਮੈਂ ਲਾਹੌਰ ਤੋਂ ਚੱਲੇ ਪਿਛਲੇ ਦਿਨ ਤੋਂ ਇਸ ਜਲੂਸ ਦੇ ਅੱਗੇ ਅੱਜ ਪਿਆਰਿਆਂ ਵਿਚ ਸ਼ਾਮਲ ਹੋ ਕੇ ਆਇਆ ਸਾਂ ਤੇ ਏਥੋਂ ਵੀ ਉਸ ਜਲੂਸ ਦੇ ਨਾਲ਼ ਸ਼ਾਮਲ ਹੋਣਾ ਸੀ। ਸਪੀਕਰ ਤੇ ਪ੍ਰਬੰਧਕਾਂ ਨੇ ਤਖ਼ਤ ਸਾਹਿਬ ਦਾ ਵਰਤਣ ਨਾ ਦਿਤਾ ਤੇ ਬਿਨਾ ਸਪੀਕਰ ਤੋਂ ਹੀ ਤਖ਼ਤ ਸਾਹਿਬ ਦੀ ਹਜੂਰੀ ਵਿਚ ਦੀਵਾਨ ਸਜ ਗਿਆ। ਸ. ਮੇਜਰ ਸਿੰਘ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ।
ਜਦੋਂ ਸਟੇਜ ਤੋਂ ਉਤਰ ਕੇ ਮੇਜਰ ਸਿੰਘ ਜੀ ਥੱਲੇ ਸੰਗਤ ਵਿਚ ਆ ਕੇ ਬਿਲਕੁਲ ਮੇਰੇ ਅੱਗੇ ਬੈਠ ਗਏ। ਉਹਨਾਂ ਦਾ ਮੂੰਹ ਤਖ਼ਤ ਸਾਹਿਬ ਵੱਲ ਅਤੇ ਪਿੱਠ ਮੇਰੇ ਵੱਲ ਹੋ ਗਈ। ਮੈਂ ਮੋਢਾ ਫੜ ਕੇ ਆਪਣੇ ਵੱਲ ਉਹਨਾਂ ਦਾ ਚੇਹਰਾ ਘੁਮਾ ਕੇ ਪੁੱਛਿਆ, ''ਭਾ ਜੀ, ਮੈਨੂੰ ਪਛਾਣੋ; ਮੈਂ ਕੌਣ ਹਾਂ।'' ਗਹੁ ਨਾਲ਼ ਮੇਰੇ ਚੇਹਰੇ ਵੱਲ ਵੇਖ ਕੇ ਸਿਰ ਫੇਰ ਦਿਤਾ। ਮੈਂ ਫਿਰ ਕਿਹਾ, ''ਕਿਸੇ ਸੰਤੋਖ ਸਿੰਘ ਨੂੰ ਜਾਣਦੇ ਹੋਵੋ!'' ਫਿਰ ਵੀ ਨਾਂਹ ਵਿਚ ਹੀ ਸਿਰ ਹਿੱਲਿਆ। ਗਿਆਨੀ ਸੰਤੋਖ ਸਿੰਘ ਆਖਿਆਂ ਵੀ ਉਹਨਾਂ ਦੀ ਪਛਾਣ ਵਿਚ ਮੈਂ ਨਹੀਂ ਆਇਆ। ਫਿਰ ਜਦੋਂ ਮੈਂ ਆਖਿਆ ਕਿ ਆਪਾਂ ਏਥੇ ਇਕੱਠੇ ਕੰਮ ਕਰਦੇ ਰਹੇ ਹਾਂ। ਫਿਰ ਗਹੁ ਨਾਲ਼ ਮੇਰੇ ਚੇਹਰੇ ਵੱਲ ਵੇਖ ਕੇ, ਚੇਹਰੇ ਤੇ ਮੁਸਕਰਾਹਟ ਲਿਆ ਕੇ, ਪੇਂਡੂ ਮਝੈਲੀ ਠੇਠ ਬੋਲੀ ਪਰ ਗਹਿਰ ਗੰਭੀਰ ਆਵਾਜ਼ ਵਿਚ ਬੋਲੇ, ''ਓਇ, ਤੂੰ ਉਹ ਤੇ ਨਹੀਂ ਜਿਨੂੰ ਬਾਣੀ ਤੇ ਇਤਿਹਾਹ ਵੜਾ ਆਉਂਦਾ ਹੁੰਦਾ ਹੀ?'' ਮੈਂ ਆਖਿਆ, ''ਹਾਂ ਭਾ ਜੀ ਮੈਂ ਓਹੀ ਹਾਂ।'' ''ਓਇ, ਤੂੰ ਤੇ ਚਿੱਟਾ ਈ ਹੋ ਗਿਆਂ!'' ''ਤੁਸੀਂ ਵੀ ਤੇ ਚਿੱਟੇ ਹੋ ਈ ਗਏ ਓ ਭਾ ਜੀ! ਤੁਸੀਂ ਕੇਹੜੇ ਕਾਲ਼ੇ ਰਹੇ ਓ?'' ਸਤਾਈ ਸਾਲਾਂ ਪਿੱਛੋਂ ਸਾਡੀ ਇਸ ਮੁਲਾਕਾਤ ਵਿਚ ਏਨੀ ਕੁ ਗੱਲ ਈ ਹੋਈ, ਕਿਉਂਕਿ ਉਹ ਜਲੂਸ ਨੂੰ ਤੋਰਨ ਦੇ ਰੁਝੇਵਿਆਂ ਵਿਚ ਰੁਝੇ ਹੋਏ ਸਨ।
ਸਾਡੀ ਆਖਰੀ ਗੱਲ ਬਾਤ ਕੁਝ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚਲੇ ਛੋਟੇ ਜਿਹੇ ਪਾਰਕ ਵਿਚ ਹੋਈ। ਉਹਨਾਂ ਨੇ ਕਿਤੇ ਮੇਰੀ ਦੂਜੀ ਕਿਤਾਬ 'ਊਜਲ ਕੈਹਾਂ ਚਿਲਕਣਾ' ਪੜ੍ਹੀ ਹੋਈ ਸੀ। ਆਂਹਦੇ, ''ਤੈਨੂੰ ਬੜੀਆਂ ਗੱਲਾਂ ਯਾਦ ਆ ਓਇ!''
ਮੇਰੇ ਮਨ ਉਤੇ ਸ. ਮੇਜਰ ਸਿੰਘ ਦੀਆਂ ਕਈ ਵਿਸ਼ੇਸ਼ਤਾਈਆਂ ਦਾ ਖਾਸ ਪ੍ਰਭਾਵ ਹੈ ਜੇਹੜੀਆਂ ਕਿ ਉਹਨਾਂ ਦੇ ਦਰਜੇ ਉਪਰ ਪਹੁੰਚਣ ਵਾਲ਼ੇ ਆਮ ਆਗੂਆਂ ਵਿਚ, ਮੇਰੇ ਦਿਸਣ ਵਿਚ ਨਹੀਂ ਆਈਆਂ। ਬਾਵਜੂਦ ਪੁਰਾਣੀ ਬੀ.ਏ. ਬੀ.ਟੀ. ਦੀਆਂ ਡਿਗਰੀਆਂ ਕਰਨ ਪਿੱਛੋਂ ਫੌਜ ਵਿਚ ਐਨ.ਸੀ.ਓ. ਦੇ ਰੈਂਕ ਵਿਚ ਟੀਚਰ ਦੇ ਦਰਜੇ ਵਿਚ ਸੇਵਾ ਕਰਨ ਦੇ ਵੀ, ਉਹਨਾਂ ਦੀ ਤਕਰੀਰ ਅਤੇ ਬੋਲ ਚਾਲ ਵਿਚ ਮੈਨੂੰ ਕਦੀ ਵੀ ਅੰਗ੍ਰੇਜ਼ੀ ਦਾ ਇਕ ਵੀ ਸ਼ਬਦ ਸੁਣਨ ਨੂੰ ਨਹੀਂ ਸੀ ਮਿਲ਼ਦਾ। ਪੂਰੀ ਠੇਠ ਮਾਝੀ ਪੇਂਡੂ ਬੋਲੀ ਵਿਚ ਹੀ ਗੱਲ ਅਤੇ ਤਕਰੀਰ ਕਰਿਆ ਕਰਦੇ ਸਨ। ਪੰਜਾਬੀ, ਉਰਦੂ ਅਤੇ ਅੰਗ੍ਰੇਜ਼ੀ ਅਖ਼ਬਾਰਾਂ ਰੋਜ਼ਾਨਾ ਪੜ੍ਹਨ ਦੇ ਬਾਵਜੂਦ ਵੀ ਉਹਨਾਂ ਦੀ ਜ਼ਬਾਨ 'ਤੇ ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨਹੀਂ ਸੀ ਚੜ੍ਹੀ। ਇਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੇਂ ਮਕਾਨ ਵਿਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਕੋਲ਼ ਬੈਠਿਆਂ ਕੋਈ ਗੱਲ ਬਾਤ ਚੱਲ ਰਹੀ ਸੀ ਤੇ ਇਹਨਾਂ ਦੇ ਮੂੰਹੋਂ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਬਜਾਇ ਬੰਦੋਬਸਤੀ ਮੈਜਿਸਟ੍ਰੇਟ ਨਿਕਲ਼ਿਆ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਓਸੇ ਦਿਨ ਹੀ ਇਹਨਾਂ ਤੋਂ ਮੈਨੂੰ ਦੋ ਹੋਰ ਨਵੀਆਂ ਗੱਲਾਂ ਦਾ ਵੀ ਪਤਾ ਲੱਗਾ। ਚੱਲਦੀ ਗੱਲ ਬਾਤ ਵਿਚ ਮੇਰੇ ਮੂੰਹੋਂ ਨਿਕਲਿਆ ਕਿ ਕ੍ਰਿਸ਼ਨਾ ਮੈਨਨ ਭਾਵੇਂ ਹੈ ਤੇ ਕੇਰਲਾ ਤੋਂ ਪਰ ਉਹ ਚੋਣ ਉਤਰੀ ਬੰਬਈ ਤੋਂ ਲੜਦਾ ਹੈ। ਇਹਨਾਂ ਨੇ ਕਿਹਾ, ''ਉਤਰੀ ਬੰਬਈ ਦੇ ਪੱਛਮੀ ਹਲਕੇ ਤੋਂ।'' ਦੂਜੀ ਗੱਲ ਪਹਿਲੀ ਵਾਰੀ ਮੈਨੂੰ ਇਹਨਾਂ ਤੋਂ ਪਤਾ ਲੱਗੀ ਕਿ ਰਾਜ ਮੰਤਰੀ ਆਪਣੇ ਮਹਿਕਮੇ ਦਾ ਪੂਰਾ ਇੰਚਾਰਜ ਵੀ ਹੋ ਸਕਦਾ ਹੈ ਪਰ ਉਪ ਮੰਤਰੀ ਪੂਰਾ ਇੰਚਾਰਜ ਨਹੀਂ ਹੋ ਸਕਦਾ।
ਸ. ਮੇਜਰ ਸਿੰਘ ਜੀ, ਏਨੇ ਪੜ੍ਹੇ ਲਿਖੇ ਅਤੇ ਉਚ ਪਦਵੀਆਂ ਉਪਰ ਪਹੁੰਚਣ ਵਾਲ਼ੇ ਹੋਣ ਦੇ ਬਾਵਜੂਦ ਆਪਣੇ ਵਰਤੋਂ ਵਿਹਾਰ, ਬੋਲ ਬਾਣੀ, ਖਾਣ ਪੀਣ ਵਿਚ ਬਿਲਕੁਲ ਮਾਝੇ ਦੇ ਪੇਂਡੂ ਜਥੇਦਾਰ ਦੇ ਆਦਰਸ਼ਕ ਕ੍ਰੈਕਟਰ ਦੇ ਮਾਲਕ ਸਨ। ਆਪਣੇ ਘਰ ਵਿਚ ਰੋਟੀ ਸਾਦੀ ਮੰਜੇ ਉਪਰ ਬਹਿ ਕੇ ਥਾਲ਼ੀ ਵਿਚ ਖਾਇਆ ਕਰਦੇ ਸਨ। ਲਿਬਾਸ ਬਿਲਕੁਲ ਇਕੋ ਜਿਹਾ ਤੇ ਸਦਾ ਹੀ ਸਾਦਾ ਪਹਿਨਿਆ ਕਰਦੇ ਸਨ। ਗਲ਼ ਗੋਡਿਆਂ ਤੱਕ ਲੰਮਾ ਝੱਗਾ, ਤੇੜ ਅੰਮ੍ਰਿਤਸਰੀ ਕਾਟ ਦਾ ਪਜਾਮਾ, ਝੱਗੇ ਉਪਰ ਦੀ ਸਾਦੇ ਕੱਪੜੇ ਦੀ ਫਤੂਹੀ ਪਾਉਂਦੇ ਸਨ। ੧੯੬੩ ਤੋਂ ਲੈ ਕੇ ਆਖਰੀ ਮਿਲਣੀ ਤੱਕ ਮੈਂ ਉਹਨਾਂ ਨੂੰ ਏਹੀ ਲਿਬਾਸ ਪਹਿਨੀਂ ਵੇਖਿਆ। ਹਾਂ, ਸਰਦੀਆਂ ਨੂੰ ਝੱਗੇ ਦੇ ਉਤੋਂ ਦੀ ਗੋਡਿਆਂ ਤੱਕ ਲੰਮਾ ਬੰਦ ਗਲ਼ੇ ਵਾਲ਼ਾ ਕੋਟ ਪਾ ਲਿਆ ਕਰਦੇ ਸਨ।
ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਦੇ ਪਹਿਲਾਂ ਪ੍ਰਧਾਨ ਜੀ ਦੇ ਪੀ.ਏ. ਵਜੋਂ ਮੁਲਾਜ਼ਮ ਰਹੇ ਅਤੇ ਫਿਰ ਲੰਮੇ ਸਮੇ ਤੱਕ ਇਸ ਦੇ ਮੈਂਬਰ, ਜਨਰਲ ਸਕੱਤਰ ਅਤੇ ਐਕਟਿੰਗ ਪ੍ਰਧਾਨ ਵੀ ਰਹੇ। ਏਸੇ ਤਰ੍ਹਾਂ ਪੰਜਾਬ ਦੇ ਮੁਖ ਮੰਤਰੀ ਦੇ ਸਿਆਸੀ ਸਕੱਤਰ ਦੇ ਰੂਪ ਵਿਚ ਮੁਲਾਜ਼ਮ ਅਤੇ ਫਿਰ ਖ਼ੁਦ ਮਾਲ ਮੰਤਰੀ ਰਹੇ।
ਹਿੰਦੁਸਤਾਨੀ ਮੀਡੀਆ ਦੇ ਗੈਰ ਪੰਜਾਬੀ ਬੁਲਾਰਿਆਂ ਨੂੰ ਪੰਜਾਬੀ ਦੀ ਸ਼ਬਦਾਵਲੀ ਦਾ ਗਿਆਨ ਨਾ ਹੋਣ ਕਰਕੇ, ਉਹ ਕਈ ਵਾਰ ਹੋਰ ਦਾ ਹੋਰ ਹੀ ਬੋਲ ਜਾਂਦੇ ਹਨ। ਜਦੋਂ ਜੂਨ ੧੯੮੪ ਵਿਚ ਫੌਜੀ ਹਮਲੇ ਸਮੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਨਾਂ ਵਿਚ ਸ. ਮੇਜਰ ਸਿੰਘ ਵੀ ਸਨ। ਮੀਡੀਆ ਤੋਂ ਕਈ ਵਾਰ ਇਉਂ ਇਹਨਾਂ ਦਾ ਨਾਂ ''ਮੇਜਰ ਉਬੋਕ ਸਿੰਘ'' ਸੁਣਿਆ ਗਿਆ। ਬੁਲਾਰੇ ਨੇ ਇਉਂ ਸਮਝਿਆ ਜਿਵੇਂ ਕੋਈ ਫੌਜ ਦਾ 'ਮੇਜਰ' ਹੋਵੇ ਤੇ ਉਸ ਦਾ ਨਾਂ ''ਉਬੋਕ ਸਿੰਘ'' ਹੋਵੇ। ਸ਼ਾਇਦ ਉਹ ਸਮਝਦੇ ਹੋਣ ਕਿ ਹਿੰਦ ਸਰਕਾਰ ਦੀਆਂ ਫੌਜਾਂ ਦੇ ਦੰਦ ਖੱਟੇ ਕਰਨ ਵਾਲ਼ਾ ਮੇਜਰ ਜਨਰਲ ਸੁਬੇਗ ਸਿੰਘ ਸੀ ਅਤੇ ਇਹ ਵੀ ਉਸ ਤੋਂ ਛੋਟਾ ਕੋਈ ਮੇਜਰ ਹੋਵੇਗਾ। ਉਹ ਅਣਜਾਣ ਸਨ ਕਿ ਇਸ ਸੱਜਣ ਦਾ ਨਾਂ ਹੀ 'ਮੇਜਰ ਸਿੰਘ' ਹੈ ਅਤੇ 'ਉਬੋਕੇ' ਇਸ ਦੇ ਪਿੰਡ ਦਾ ਨਾਂ ਹੈ। (ਗਿਆਨੀ ਸੰਤੋਖ ਸਿੰਘ)