ਅੰਮ੍ਰਿਤਸਰ : 1981 ਦੀ ਇਕ ਘਟਨਾ - ਗੁਰਬਚਨ ਜਗਤ
ਪਿਛਲੇ ਕੁਝ ਸਾਲ ਸੰਵੇਦਨਸ਼ੀਲ ਅਤੇ ਸੂਝਵਾਨ ਲੋਕਾਂ ਲਈ ਔਖੇ ਗੁਜ਼ਰ ਰਹੇ ਹਨ ਅਤੇ ਸਾਡੇ 'ਚੋਂ ਕਈ ਸਮੇਂ ਸਮੇਂ 'ਤੇ ਆਪਣੀਆਂ ਫ਼ਿਕਰਮੰਦੀਆਂ ਉਭਾਰਦੇ ਆ ਰਹੇ ਹਨ। ਦੇਸ਼ ਅੰਦਰ ਇਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਹੈ ਜਿਸ ਵਿਚ ਕੁੜੱਤਣ, ਤਫ਼ਰਕੇ ਅਤੇ ਦੂਜੇ ਪ੍ਰਤੀ ਨਫ਼ਰਤ, ਦੂਜੇ ਦੀ ਰਾਇ ਪ੍ਰਤੀ ਅਸਹਿਣਸ਼ੀਲਤਾ ਤਾਰੀ ਹੈ ਅਤੇ ਹਰ ਕਿਸਮ ਦੇ ਵਿਰੋਧ ਨੂੰ ਦੇਸ਼ ਧਰੋਹ ਅਤੇ ਰਾਸ਼ਟਰ ਵਿਰੋਧੀ ਗਿਣਿਆ ਜਾ ਰਿਹਾ ਹੈ। ਪ੍ਰਮੁੱਖ ਸਿਆਸੀ, ਧਾਰਮਿਕ ਅਤੇ ਸਭਿਆਚਾਰਕ ਆਗੂਆਂ ਦੀਆਂ ਤਕਰੀਰਾਂ ਅਤੇ ਲਿਖਤਾਂ ਵੰਡੀਆਂ ਨੂੰ ਹੋਰ ਪਕੇਰਾ ਕਰਦੀਆਂ ਹਨ। ਆਖ਼ਰ ਇੱਥੋਂ ਅਸੀਂ ਕਿੱਧਰ ਜਾਵਾਂਗੇ? ਅਸੀਂ ਪਹਿਲਾਂ ਵੀ ਫ਼ਸਾਦੀ ਤੇ ਆਪਣੀ ਸ਼ਖ਼ਸੀ ਪੂਜਾ ਕਰਾਉਣ ਵਾਲੇ ਆਗੂ ਪੈਦਾ ਕੀਤੇ ਸਨ ਤੇ ਇਸ ਕੰਮ ਵਿਚ ਹਰ ਰੰਗ ਦੇ ਸਿਆਸੀ ਆਗੂਆਂ ਨੇ ਆਪਣਾ ਯੋਗਦਾਨ ਪਾਇਆ ਸੀ। ਆਖ਼ਰ ਕਠਪੁਤਲੀਆਂ ਹੀ ਮਦਾਰੀਆਂ ਨੂੰ ਨਚਾਉਣ ਲੱਗ ਪੈਂਦੀਆਂ ਹਨ ਤਾਂ ਕਿ ਉਨ੍ਹਾਂ ਵੱਲੋਂ ਫੈਲਾਈ ਹਫ਼ੜਾ-ਦਫ਼ੜੀ ਤੇ ਹਿੰਸਾ ਨੂੰ ਕੁਝ ਦੇਰ ਲਈ ਕਾਬੂ ਹੇਠ ਕੀਤਾ ਜਾ ਸਕੇ। ਹੁਣ ਰੁਕ ਕੇ ਅੰਤਰਝਾਤ ਮਾਰਨ ਦਾ ਸਮਾਂ ਹੈ ਕਿ ਅਸੀਂ ਕਿਹੋ ਜਿਹੀਆਂ ਤਾਕਤਾਂ ਨੂੰ ਪੈਦਾ ਕਰ ਰਹੇ ਹਾਂ ਅਤੇ ਕਿਹੋ ਜਿਹੇ ਰੋਹ ਨੂੰ ਹਵਾ ਦੇ ਰਹੇ ਹਾਂ - ਬੱਸ ਇਹੋ ਵੇਲਾ ਹੈ।
ਮੈਂ ਇੱਥੇ ਇਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜੋ ਪੰਜਾਬ ਵਿਚ ਦੋ ਦਹਾਕਿਆਂ ਤੋਂ ਵੱਧ ਅਰਸੇ ਤੱਕ ਮੱਚੀ ਤਬਾਹੀ ਦੇ ਸਿਲਸਿਲੇ ਦੀ ਇਕ ਛੋਟੀ ਜਿਹੀ ਕੜੀ ਹੈ। ਮੈਂ ਜਿਨ੍ਹਾਂ ਲੋਕਾਂ ਦਾ ਉਪਰ ਜ਼ਿਕਰ ਕੀਤਾ ਹੈ ਉਨ੍ਹਾਂ ਵਰਗੇ ਲੋਕਾਂ ਵੱਲੋਂ ਛੇੜੀਆਂ ਛੋਟੀਆਂ ਮੋਟੀਆਂ ਕਾਰਵਾਈਆਂ ਮੌਤ ਤੇ ਹਿੰਸਾ ਦੇ ਤਾਂਡਵ ਦਾ ਸਬੱਬ ਬਣ ਜਾਂਦੀਆਂ ਹਨ। ਇਹੋ ਜਿਹੀ ਇਕ ਘਟਨਾ ਤੰਬਾਕੂ ਵਿਰੋਧੀ ਮਾਰਚ ਦੇ ਰੂਪ ਵਿਚ 1981 ਵਿਚ ਅੰਮ੍ਰਿਤਸਰ 'ਚ ਉਦੋਂ ਵਾਪਰੀ ਸੀ ਜਦੋਂ ਮੈਂ ਉੱਥੇ ਐੱਸਐੱਸਪੀ ਵਜੋਂ ਤਾਇਨਾਤ ਸੀ।
ਪੰਜਾਬ ਵਿਚ ਖਾੜਕੂਵਾਦ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਸੀ ਜਿਸ ਦੀ ਅਗਵਾਈ ਦਮਦਮੀ ਟਕਸਾਲ ਦੇ ਹੱਥਾਂ ਵਿਚ ਸੀ ਜਿਸ ਦਾ ਸਦਰ ਮੁਕਾਮ ਬਾਬਾ ਬਕਾਲਾ ਨੇੜੇ ਚੌਕ ਮਹਿਤਾ ਵਿਖੇ ਸੀ। ਸੰਤ ਕਰਤਾਰ ਸਿੰਘ ਦੀ ਇਕ ਹਾਦਸੇ ਵਿਚ ਮੌਤ ਹੋ ਜਾਣ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਮਦਮੀ ਟਕਸਾਲ ਦਾ ਮੁਖੀ ਬਣ ਗਿਆ ਸੀ ਤੇ ਉਦੋਂ ਉਹ ਕਾਫ਼ੀ ਜਵਾਨ ਸਨ, ਪਰ ਬਹੁਤੇ ਲੋਕ ਉਨ੍ਹਾਂ ਨੂੰ ਜਾਣਦੇ ਨਹੀਂ ਸਨ। 13 ਅਪਰੈਲ 1978 ਨੂੰ ਵਿਸਾਖੀ ਮੌਕੇ ਹੋਏ ਹਿੰਸਕ ਟਕਰਾਅ ਦੇ ਮੱਦੇਨਜ਼ਰ ਟਕਸਾਲ ਨਿਰੰਕਾਰੀ ਭਵਨ ਨੂੰ ਬੰਦ ਕਰਵਾਉਣ ਲਈ ਨਿਰੰਕਾਰੀਆਂ ਖ਼ਿਲਾਫ਼ ਜੱਦੋਜਹਿਦ ਚਲਾਉਣ ਵਿਚ ਉਲਝੀ ਹੋਈ ਸੀ। ਸੰਤ ਦੇ ਮਨ 'ਤੇ ਵਿਸਾਖੀ ਵਾਲੇ ਟਕਰਾਅ ਕਾਰਨ ਹੋਏ ਅਪਮਾਨ ਦਾ ਬੋਝ ਸੀ ਤੇ ਉਹ ਸਰਕਾਰ ਨੂੰ ਚੁਣੌਤੀ ਦੇਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦੇਣਾ ਚਾਹੁੰਦੇ ਸਨ। 1981 ਤੱਕ ਸਿੱਖਾਂ ਅੰਦਰ ਉਨ੍ਹਾਂ ਦੀ ਕਾਫ਼ੀ ਪੈਂਠ ਬਣ ਚੁੱਕੀ ਸੀ ਅਤੇ ਉਨ੍ਹਾਂ ਦਾ ਦਬਦਬਾ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ। ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਏਜੰਡੇ ਦੀ ਪੂਰਤੀ ਦੇ ਮਕਸਦ ਨਾਲ ਹੀ ਇਸ ਖਾੜਕੂਵਾਦ ਨੂੰ ਮਜ਼ਬੂਤ ਬਣਾਉਣ ਵਿਚ ਭੂਮਿਕਾ ਨਿਭਾਈ ਗਈ ਸੀ।
ਮੈਂ ਜਿਹੜੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਉਸ ਦੀ ਸ਼ੁਰੂਆਤ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਣ ਦੇ ਵਿਚਾਰ ਨਾਲ ਹੋਈ ਸੀ। ਸ਼ਹਿਰ ਵਿਚ ਤੰਬਾਕੂ ਪੀਣ ਤੇ ਵੇਚਣ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ। ਭਿੰਡਰਾਂਵਾਲਾ ਗੁਰੂ ਰਾਮਦਾਸ ਸਰਾਂ ਵਿਚ ਰਹਿ ਰਿਹਾ ਸੀ ਅਤੇ ਇਹ ਉਦੋਂ ਹੋਇਆ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ। ਪੰਜਾਬ ਵਿਚ ਉਸ ਵੇਲੇ ਦਰਬਾਰਾ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਚੱਲ ਰਹੀ ਸੀ। ਮੈਂ ਇਨ੍ਹਾਂ ਆਗੂਆਂ ਦਾ ਹੀ ਜ਼ਿਕਰ ਕੀਤਾ ਹੈ ਹਾਲਾਂਕਿ ਕਈ ਹੋਰ ਆਗੂ ਵੀ ਸਨ ਜਿਨ੍ਹਾਂ ਕਿਸੇ ਨਾ ਕਿਸੇ ਰੂਪ ਵਿਚ ਉਸ ਤ੍ਰਾਸਦੀ ਦੇ ਉਭਾਰ ਵਿਚ ਯੋਗਦਾਨ ਪਾਇਆ ਸੀ ਜੋ ਜੂਨ 1984 ਵਿਚ ਸਾਕਾ ਨੀਲਾ ਤਾਰਾ ਅਤੇ ਉਸ ਤੋਂ ਬਾਅਦ ਤਕਰੀਬਨ ਇਕ ਦਹਾਕੇ ਤੱਕ ਚੱਲੇ ਕਤਲੇਆਮ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਸੀ।
ਤੰਬਾਕੂਨੋਸ਼ੀ 'ਤੇ ਪਾਬੰਦੀ ਦੀ ਮੰਗ ਵੱਲ ਵਾਪਸ ਆਉਂਦੇ ਹਾਂ। ਭਿੰਡਰਾਂਵਾਲੇ ਨੇ ਐਲਾਨ ਕਰ ਦਿੱਤਾ ਕਿ ਉਹ 29 ਮਈ 1981 ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਾਰਾਂਦਰੀ ਤੱਕ ਹਥਿਆਰਬੰਦ ਮਾਰਚ ਕਰਨਗੇ ਤੇ ਉਹ ਖ਼ੁਦ ਮਾਰਚ ਦੀ ਅਗਵਾਈ ਕਰਨਗੇ। ਇਸ ਐਲਾਨ ਨਾਲ ਰਾਜ ਸਰਕਾਰ ਬਹੁਤ ਚਿੰਤਾਤੁਰ ਸੀ ਅਤੇ ਮਾਰਚ ਨੂੰ ਰੋਕਣ ਲਈ ਅੱਡੋ ਅੱਡਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਮੈਨੂੰ ਕਿਹਾ ਗਿਆ ਬਲਕਿ ਨਿਰਦੇਸ਼ ਦਿੱਤੇ ਗਏ ਕਿ ਮੈਂ ਭਿੰਡਰਾਂਵਾਲੇ ਨੂੰ ਮਿਲ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਨਾ ਕਰਨ ਲਈ ਮਨਾਵਾਂ। ਉਨ੍ਹਾਂ ਨਾਲ ਉਨ੍ਹਾਂ ਦੀ ਥਾਂ 'ਤੇ ਮਿਲਣੀ ਦਾ ਸਮਾਂ ਮੁਕੱਰਰ ਕਰ ਲਿਆ ਗਿਆ ਜਿਸ ਲਈ ਅਮਰੀਕ ਸਿੰਘ (ਸੰਤ ਕਰਤਾਰ ਸਿੰਘ ਦੇ ਪੁੱਤਰ) ਨੂੰ ਵਿਚ ਪਾਇਆ ਗਿਆ ਸੀ। ਅਮਰੀਕ ਸਿੰਘ ਮੁਨਾਸਬ ਗੱਲ ਕਰਨ ਵਾਲਾ ਸ਼ਖ਼ਸ ਸੀ। ਮੁਲਾਕਾਤ ਲਈ ਮੈਨੂੰ ਬਿਨਾਂ ਕਿਸੇ ਸੁਰੱਖਿਆ ਅਮਲੇ ਤੋਂ ਇਕੱਲੇ ਆਉਣ ਲਈ ਕਿਹਾ ਗਿਆ ਸੀ।
ਮੈਨੂੰ ਯਾਦ ਹੈ ਕਿ ਮੈਂ 26 ਜਾਂ 27 ਮਈ 1981 ਦੀ ਸ਼ਾਮ ਨੂੰ ਉਨ੍ਹਾਂ ਨੂੰ ਮਿਲਿਆ ਸਾਂ। ਉਹ ਆਮ ਵਾਂਗ ਆਪਣੇ ਬੈੱਡ 'ਤੇ ਬੈਠੇ ਸਨ ਤੇ ਲਾਗੇ ਮੇਰੇ ਲਈ ਇਕ ਕੁਰਸੀ ਰੱਖੀ ਹੋਈ ਸੀ ਜੋ ਇਕ ਸ਼ੁਭਸ਼ਗਨ ਸੀ ਕਿਉਂਕਿ ਅਕਸਰ ਉਹ ਮਿਲਣ ਆਉਣ ਵਾਲਿਆਂ ਲਈ ਕੁਰਸੀ ਨਹੀਂ ਰਖਵਾਉਂਦੇ ਸਨ। ਫਤਹਿ ਸਾਂਝੀ ਕਰਨ ਤੋਂ ਬਾਅਦ ਮੈਂ ਸਿੱਧਾ ਅਸਲ ਮੁੱਦੇ 'ਤੇ ਆ ਗਿਆ ਅਤੇ ਉਨ੍ਹਾਂ ਨੂੰ ਮਾਰਚ ਦਾ ਆਪਣਾ ਐਲਾਨ ਵਾਪਸ ਲੈਣ ਲਈ ਕਿਹਾ ਤੇ ਦੱਸਿਆ ਕਿ ਸਰਕਾਰ ਸ਼ਹਿਰ ਵਿਚ ਤੰਬਾਕੂ 'ਤੇ ਪਾਬੰਦੀ ਦੇ ਮੁੱਦੇ 'ਤੇ ਵਿਚਾਰ ਚਰਚਾ ਕਰਨ ਲਈ ਤਿਆਰ ਹੈ। ਪਹਿਲਾਂ ਤਾਂ ਉਨ੍ਹਾਂ ਮਾਰਚ ਵਾਪਸ ਲੈਣ ਦੀ ਬੇਨਤੀ ਅਸਵੀਕਾਰ ਕਰ ਦਿੱਤੀ ਤੇ ਕਿਹਾ ਕਿ ਉਹ 'ਸੰਗਤ' ਸਾਹਮਣੇ ਦਿੱਤੀ ਜ਼ੁਬਾਨ ਵਾਪਸ ਨਹੀਂ ਲੈ ਸਕਦੇ। ਤਕਰੀਬਨ ਇਕ ਘੰਟੇ ਦੀ ਗੱਲਬਾਤ ਦੌਰਾਨ ਕਈ ਉਤਰਾਅ ਚੜਾਅ ਆਏ ਤੇ ਆਖ਼ਰ ਮੈਂ ਉਨ੍ਹਾਂ ਨੂੰ ਕਿਹਾ ਕਿ ਜਿੰਨੀ ਦੇਰ ਉਹ ਮੇਰੀ ਬੇਨਤੀ ਸਵੀਕਾਰ ਨਹੀਂ ਕਰਨਗੇ ਤਦ ਤੱਕ ਮੈਂ ਕਮਰੇ 'ਚੋਂ ਬਾਹਰ ਨਹੀਂ ਜਾਵਾਂਗਾ। ਇਸ 'ਤੇ ਉਹ ਕਮਰੇ 'ਚੋਂ ਬਾਹਰ ਚਲੇ ਗਏ ਅਤੇ ਅਮਰੀਕ ਸਿੰਘ ਨਾਲ ਗੱਲਬਾਤ ਕਰ ਕੇ ਵਾਪਸ ਆਏ ਅਤੇ ਉਨ੍ਹਾਂ ਮੈਨੂੰ ਦੱਸਿਆ ਕਿ ਮਾਰਚ ਹਥਿਆਰਾਂ ਤੋਂ ਬਗ਼ੈਰ ਹੋਵੇਗਾ ਅਤੇ 'ਕੋਤਵਾਲੀ' ਪਹੁੰਚ ਕੇ ਖਤਮ ਹੋ ਜਾਵੇਗਾ ਜੋ ਦਰਬਾਰ ਸਾਹਿਬ ਦੇ ਨੇੜੇ ਹੀ ਸੀ। ਉਨ੍ਹਾਂ ਮਾਰਚ ਦੀ ਖ਼ੁਦ ਅਗਵਾਈ ਨਾ ਕਰਨ ਦੀ ਗੱਲ ਵੀ ਮੰਨ ਲਈ। ਉਨ੍ਹਾਂ ਦੀ ਇੱਛਾ ਸੀ ਕਿ ਕੋਤਵਾਲੀ ਵਿਚ ਕੋਈ ਅਫ਼ਸਰ ਮੰਗ ਪੱਤਰ ਹਾਸਲ ਕਰਨ ਲਈ ਮੌਜੂਦ ਰਹੇ ਤੇ ਉਸ ਤੋਂ ਬਾਅਦ ਮਾਰਚ ਖ਼ਤਮ ਕਰ ਦਿੱਤਾ ਜਾਵੇਗਾ। ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਰਾਜ ਸਰਕਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ (ਸ਼ਾਇਦ ਕੁਝ ਜ਼ਿਆਦਾ ਹੀ ਜਲਦੀ ਦੇ ਦਿੱਤੀ ਗਈ)।
ਉਂਜ, ਅਗਲੇ ਦਿਨ ਘਟਨਾਵਾਂ ਨੇ ਕੁਝ ਵੱਖਰਾ ਹੀ ਮੋੜ ਅਖ਼ਤਿਆਰ ਕਰ ਲਿਆ। 28 ਮਈ ਨੂੰ ਜਦੋਂ ਮੈਂ ਦੁਪਹਿਰ ਦੇ ਖਾਣੇ ਮਗਰੋਂ ਵਾਪਸ ਆਪਣੇ ਦਫ਼ਤਰ ਵੱਲ ਜਾ ਰਿਹਾ ਸਾਂ ਤਾਂ ਮੈਨੂੰ ਕਾਫ਼ੀ ਰੌਲਾ-ਗ਼ੌਲਾ ਸੁਣਾਈ ਦਿੱਤਾ। ਦਫ਼ਤਰ ਪਹੁੰਚਣ 'ਤੇ ਮੈਨੂੰ ਪਤਾ ਚੱਲਿਆ ਕਿ ਭਾਜਪਾ ਵਿਧਾਇਕ ਹਰਬੰਸ ਲਾਲ ਖੰਨਾ ਦੀ ਅਗਵਾਈ ਹੇਠ ਇਕ ਖ਼ਾਸ ਫ਼ਿਰਕੇ ਦੇ ਕੁਝ ਨੌਜਵਾਨਾਂ ਨੇ ਵਾਹਨਾਂ 'ਤੇ ਸਵਾਰ ਹੋ ਕੇ ਮਾਰਚ ਕੀਤਾ ਅਤੇ ਉਹ ਖੁੱਲ੍ਹੇਆਮ ਤੰਬਾਕੂਨੋਸ਼ੀ ਕਰ ਰਹੇ ਸਨ। ਉਹ ਇਤਰਾਜ਼ਯੋਗ ਨਾਅਰੇ ਲਾ ਰਹੇ ਸਨ ਤੇ ਉਨ੍ਹਾਂ ਕੁਝ ਰਾਹਗੀਰ ਸਿੱਖਾਂ ਦੀਆਂ ਪੱਗਾਂ ਵੀ ਉਛਾਲੀਆਂ ਸਨ। ਸ਼ਹਿਰ ਵਿਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਤੇ ਖ਼ਾਸਕਰ ਦਰਬਾਰ ਸਾਹਿਬ ਦੇ ਆਲੇ-ਦੁਆਲੇ ਮਾਹੌਲ ਤਣਾਅਪੂਰਨ ਬਣ ਗਿਆ। 29 ਮਈ ਦੇ ਪ੍ਰਦਰਸ਼ਨ ਵਾਲਾ ਪਹਿਲਾ ਐਲਾਨ ਬਹਾਲ ਕਰ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਇਸ ਦੀ ਅਗਵਾਈ ਭਿੰਡਰਾਂਵਾਲੇ ਹੀ ਕਰਨਗੇ। ਰਾਜ ਸਰਕਾਰ ਵੱਲੋਂ ਮੈਨੂੰ ਇਕ ਵਾਰ ਫਿਰ ਸੰਤ ਭਿੰਡਰਾਂਵਾਲੇ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ, ਪਰ 28 ਮਈ ਵਾਲੇ ਜ਼ਾਹਰਾ ਤੌਰ 'ਤੇ ਭੜਕਾਊ ਤੇ ਸ਼ਰਾਰਤਪੂਰਨ ਮਾਰਚ ਦੇ ਮੱਦੇਨਜ਼ਰ ਮੈਂ ਇਸ ਤੋਂ ਮਨ੍ਹਾਂ ਕਰ ਦਿੱਤਾ ਤੇ ਮੈਂ ਜਾਣਦਾ ਸਾਂ ਕਿ ਭਿੰਡਰਾਂਵਾਲੇ ਆਪਣਾ ਹਥਿਆਰਬੰਦ ਮਾਰਚ ਕਰਨ ਦਾ ਐਲਾਨ ਕਰ ਕੇ ਜਵਾਬੀ ਕਾਰਵਾਈ ਕਰਨਗੇ।
ਅਸੀਂ ਕੋਤਵਾਲੀ ਵਿਚ ਆਪਣੇ ਅਫ਼ਸਰਾਂ ਨਾਲ ਲੰਮੀ ਮੀਟਿੰਗ ਕੀਤੀ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਮਾਰਚ ਦੇ ਰੂਟ ਦੇ ਨਾਲੋ ਨਾਲ ਅਫ਼ਸਰਾਂ ਦੀ ਬੱਝਵੇਂ ਢੰਗ ਨਾਲ ਤਾਇਨਾਤੀ ਕੀਤੀ ਜਾਵੇਗੀ। ਪਿਛਲੇ ਪਾਸਿਓਂ ਗੜਬੜ ਹੋਣ ਦਾ ਅੰਦੇਸ਼ਾ ਸੀ ਜਿਸ ਕਰਕੇ ਤਜਰਬੇਕਾਰ ਅਫ਼ਸਰ ਪਿੱਛੇ ਤਾਇਨਾਤ ਕੀਤੇ ਜਾਣ। ਇਕ ਹੋਰ ਅਹਿਮ ਫ਼ੈਸਲਾ ਇਹ ਕੀਤਾ ਗਿਆ ਕਿ ਪ੍ਰਦਰਸ਼ਨ ਖ਼ਤਮ ਹੋਣ ਮਗਰੋਂ ਭੀੜ ਦੇ ਵੱਖੋ ਵੱਖਰੀਆਂ ਦਿਸ਼ਾਵਾਂ ਵੱਲ ਰੁਖ਼ਸਤ ਹੋਣ ਤੱਕ ਅਫ਼ਸਰ ਤਾਇਨਾਤ ਰਹਿਣ। ਮੈਂ ਪ੍ਰਬੰਧਾਂ ਦੀ ਤਫ਼ਸੀਲ ਨਹੀਂ ਦੇਵਾਂਗਾ, ਪਰ ਅਸੀਂ ਆਪਣੇ ਸਾਂਝੇ ਤਜਰਬੇ ਦੇ ਆਧਾਰ 'ਤੇ ਵੱਧ ਤੋਂ ਵੱਧ ਪ੍ਰਬੰਧ ਕੀਤੇ ਸਨ।
ਅਗਲੇ ਦਿਨ ਸੁਵਖ਼ਤੇ ਹੀ ਭੱਜ ਨੱਸ ਸ਼ੁਰੂ ਹੋ ਗਈ ਤੇ ਧੁੱਪ ਵੀ ਆਮ ਨਾਲੋਂ ਤਿੱਖੀ ਸੀ। ਮਾਰਚ ਸ਼ੁਰੂ ਹੋ ਗਿਆ ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ ਜਿਨ੍ਹਾਂ ਕੋਲ ਹਰ ਕਿਸਮ ਦੇ ਹਥਿਆਰ ਸਨ। ਬਾਜ਼ਾਰ ਬੰਦ ਹੋ ਗਏ ਅਤੇ ਰਸਤੇ ਵਿਚ ਕੋਈ ਵੀ ਬੰਦਾ ਨਜ਼ਰ ਨਹੀਂ ਆ ਰਿਹਾ ਸੀ। ਮੈਂ ਟਕਸਾਲ ਲੀਡਰਸ਼ਿਪ ਦੇ ਨਾਲ ਅੱਗੇ ਅੱਗੇ ਚੱਲ ਰਿਹਾ ਸੀ ਤੇ ਅਸੀਂ ਵਾਹੋਦਾਹੀ ਚੱਲ ਰਹੇ ਸਾਂ ਜਿਸ ਕਰਕੇ ਪਸੀਨੇ ਛੁੱਟ ਰਹੇ ਸਨ ਅਤੇ ਪਿਆਸ ਲੱਗ ਰਹੀ ਸੀ। ਟਕਸਾਲ ਦੇ ਵਾਲੰਟੀਅਰ ਸਿੱਖ ਪ੍ਰੰਪਰਾ ਮੁਤਾਬਿਕ ਮਾਰਚਕਾਰੀਆਂ ਦੇ ਨਾਲੋ ਨਾਲ ਪੁਲੀਸ ਕਰਮੀਆਂ ਨੂੰ ਵੀ ਜਲ ਛਕਾ ਰਹੇ ਸਨ। ਇਸੇ ਦੌਰਾਨ ਵਾਇਰਲੈੱਸ ਕਰਮੀ ਝੜਪਾਂ ਤੇ ਮੌਤਾਂ ਹੋਣ ਦੀਆਂ ਰਿਪੋਰਟਾਂ ਭੇਜ ਰਹੇ ਸਨ। ਮੈਂ ਆਪਣੇ ਮਨ ਵਿਚ ਸੋਚ ਰਿਹਾ ਸਾਂ ਕਿ ਪਹਿਲਾਂ ਮਾਰਚ ਆਪਣੇ ਮੁਕਾਮ 'ਤੇ ਪਹੁੰਚ ਜਾਵੇ ਤੇ ਫਿਰ ਸਥਿਤੀ ਦਾ ਜਾਇਜ਼ਾ ਲਿਆ ਜਾਵੇ। ਅਸੀਂ ਰਿਕਾਰਡ ਸਮੇਂ 'ਚ ਬਾਰਾਂਦਰੀ ਪਹੁੰਚ ਗਏ ਜੋ ਦਰਬਾਰ ਸਾਹਿਬ ਤੋਂ ਕੁਝ ਕਿਲੋਮੀਟਰ ਦੂਰ ਪੈਂਦੀ ਸੀ। ਉੱਥੇ ਪਹੁੰਚ ਕੇ ਕੁਝ ਤਕਰੀਰਾਂ ਹੋਈਆਂ ਤੇ ਲੋਕ ਵਾਪਸ ਮੁੜਨ ਲੱਗ ਪਏ। ਮੈਂ ਕੋਤਵਾਲੀ ਆ ਗਿਆ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਸਿੱਝਣ ਲਈ 15 ਮੋਬਾਈਲ ਗਰੁੱਪ ਬਣਾ ਲਏ। ਭੀੜ ਦੇ ਖਿੰਡਣ ਸਮੇਂ ਇਹ ਗਰੁੱਪ ਬਹੁਤ ਕਾਰਗਰ ਸਿੱਧ ਹੋਏ ਅਤੇ ਮੈਂ ਨਾਜ਼ੁਕ ਥਾਵਾਂ 'ਤੇ ਇਨ੍ਹਾਂ ਗਰੁੱਪਾਂ ਨੂੰ ਭੇਜਦਾ ਰਿਹਾ। ਆਖ਼ਰ ਮੈਂ ਇਕੱਲਾ ਰਹਿ ਗਿਆ ਤੇ ਆਪਣੀ ਗੱਡੀ ਕੋਲ ਖੜ੍ਹਾ ਸੀ ਜਿੱਥੇ ਅਮਰੀਕ ਸਿੰਘ ਅਤੇ ਅਵਿਨਾਸ਼ੀ ਸਿੰਘ (ਜਥੇਦਾਰ ਟੌਹੜਾ ਦਾ ਪੀਏ) ਮੇਰੇ ਕੋਲ ਆਏ ਅਤੇ ਉਨ੍ਹਾਂ ਮੈਨੂੰ ਕਿਹਾ ਕਿ ਉਨ੍ਹਾਂ ਮੇਰੇ ਨਾਲ ਕੀਤਾ ਇਹ ਵਾਅਦਾ ਨਿਭਾਇਆ ਹੈ ਕਿ ਮਾਰਚ ਦੌਰਾਨ ਕੋਈ ਹਿੰਸਾ ਨਹੀਂ ਹੋਣ ਦਿੱਤੀ ਜਾਵੇਗੀ। ਉਸੇ ਵਕਤ ਸੂਚਨਾ ਮਿਲੀ ਕਿ ਤੇਜ਼ ਤਰਾਰ ਬੀਬੀ ਅਮਰਜੀਤ ਕੌਰ ਆਪਣੇ ਕੁਝ ਸਾਥੀਆਂ ਨਾਲ ਸ਼ਹਿਰ ਦੇ ਅੰਦਰਲੇ ਇਲਾਕੇ ਵਿਚ ਡਾ. ਬਲਦੇਵ ਪ੍ਰਕਾਸ਼ ਦੇ ਕਲੀਨਿਕ ਵੱਲ ਵਧ ਰਹੀ ਹੈ। ਮੇਰੇ ਕੋਲ ਉੱਥੇ ਭੇਜਣ ਲਈ ਕੋਈ ਵੀ ਨਹੀਂ ਸੀ ਅਤੇ ਮੈਂ ਅਮਰੀਕ ਸਿੰਘ ਤੇ ਅਵਿਨਾਸ਼ੀ ਸਿੰਘ ਨੂੰ ਆਪਣੀ ਕਾਰ ਵਿਚ ਜਾ ਕੇ ਬੀਬੀ ਨੂੰ ਵਾਪਸ ਲਿਆਉਣ ਦੀ ਬੇਨਤੀ ਕੀਤੀ। ਡਾ. ਬਲਦੇਵ ਪ੍ਰਕਾਸ਼ ਭਾਜਪਾ ਦੇ ਸੀਨੀਅਰ ਆਗੂ ਤੇ ਬਹੁਤ ਹੀ ਨਫ਼ੀਸ ਇਨਸਾਨ ਸਨ। ਚੰਗੇ ਭਾਗੀਂ ਅਮਰੀਕ ਸਿੰਘ ਤੇ ਅਵਿਨਾਸ਼ੀ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਬੀਬੀ ਨੂੰ ਵਾਪਸ ਕੋਤਵਾਲੀ ਲੈ ਆਏ। ਮੈਂ ਅਫ਼ਸਰਾਂ ਦੇ ਵਾਪਸ ਆ ਕੇ ਰਿਪੋਰਟ ਕਰਨ ਤੱਕ ਉੱਥੇ ਰੁਕਿਆ ਰਿਹਾ। ਵੱਡੇ ਧਰਵਾਸ ਦੀ ਗੱਲ ਸੀ ਕਿ ਕਿਤੇ ਕੋਈ ਝੜਪ ਜਾਂ ਮੌਤ ਨਹੀਂ ਹੋਈ ਤੇ ਹਿੰਸਾ ਦੀਆਂ ਜੋ ਵੀ ਰਿਪੋਰਟਾਂ ਭੇਜੀਆਂ ਜਾ ਰਹੀਆਂ ਸਨ ਉਹ ਕੋਰਾ ਝੂਠ ਸਨ। ਬੇਸ਼ੱਕ ਵੱਡੇ ਪੱਧਰ 'ਤੇ ਹਿੰਸਾ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸਨ ਅਤੇ ਪੁਲੀਸ ਦੀ ਨਫ਼ਰੀ ਵੀ ਘੱਟ ਸੀ ਤੇ ਉਸ ਕੋਲ ਬਹੁਤੇ ਹਥਿਆਰ ਵੀ ਨਹੀਂ ਸਨ ਤਾਂ ਵੀ ਕੋਈ ਘਟਨਾ ਨਹੀਂ ਵਾਪਰਨ ਦਿੱਤੀ ਗਈ।
ਕੁਝ ਦਿਨਾਂ ਬਾਅਦ ਮੈਂ ਘਟਨਾਵਾਂ ਦੀ ਲੜੀ 'ਤੇ ਮੁੜ ਗੌਰ ਕੀਤਾ ਤੇ ਇਹ ਸਿੱਟਾ ਕੱਢਿਆ ਕਿ 28 ਮਈ ਨੂੰ ਤੰਬਾਕੂਨੋਸ਼ੀ ਦੇ ਹੱਕ ਵਿਚ ਕੀਤੇ ਗਏ ਮਾਰਚ ਨੇ ਸਾਡੇ ਲਈ ਫੌਰੀ ਮੁਸੀਬਤ ਪੈਦਾ ਕਰ ਦਿੱਤੀ ਸੀ ਜੋ ਬਾਅਦ ਵਿਚ ਹੋਰ ਵਧ ਗਈਆਂ। ਕੁਝ ਮਹੀਨੇ ਬਾਅਦ ਮੈਨੂੰ ਸੀਬੀਆਈ ਵਿਚ ਡੈਪੂਟੇਸ਼ਨ ਦੀ ਪੇਸ਼ਕਸ਼ ਹੋਈ ਜੋ ਮੈਂ ਸਵੀਕਾਰ ਕਰ ਲਈ। ਜਦੋਂ ਮੈਂ ਫਾਰਗ ਹੋ ਕੇ ਸੀਬੀਆਈ ਜੁਆਇਨ ਕਰਨ ਲਈ ਦਿੱਲੀ ਪਹੁੰਚਿਆ ਤਾਂ ਰੇਲਵੇ ਸਟੇਸ਼ਨ 'ਤੇ ਆਪਣੇ ਕੁਝ ਸਹਿਕਰਮੀਆਂ ਨੂੰ ਮਿਲਿਆ ਜਿਨ੍ਹਾਂ ਮੈਨੂੰ ਜਾਣਕਾਰੀ ਦਿੱਤੀ ਕਿ ਉਸ ਦਿਨ ਚੌਕ ਮਹਿਤਾ ਵਿਚ ਵੱਡੀ ਗੜਬੜ ਹੋਈ ਸੀ ਅਤੇ ਪੁਲੀਸ ਗੋਲੀਬਾਰੀ ਵਿਚ ਕੁਝ ਲੋਕ ਮਾਰੇ ਗਏ ਸਨ। ਸ਼ਰਾਰਤ ਕਰਨ ਦੀ ਪੂਰੀ ਵਾਹ ਲਾਈ ਗਈ, ਪਰ ਸਮਾਂ ਰਹਿੰਦੇ ਮੈਂ ਬਾਹਰ ਆ ਗਿਆ ਸੀ। ਅੱਜ ਇਕ ਵਾਰ ਫਿਰ ਵੰਡ ਪਾਊ ਤਾਕਤਾਂ ਸਰਗਰਮ ਹਨ ਅਤੇ ਉਸ ਤਰ੍ਹਾਂ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਸੀਂ ਇਤਿਹਾਸ ਦੇ ਚੁਰਾਹੇ 'ਤੇ ਖੜ੍ਹੇ ਹਾਂ ਤੇ ਨਹੀਂ ਜਾਣਦੇ ਕਿ ਇਹ ਦੇਸ਼ ਕਿਹੜੇ ਪਾਸੇ ਜਾਵੇਗਾ। ਵਰਦੀਧਾਰੀ ਹਰ ਪੁਲੀਸ ਕਰਮੀ ਨੂੰ ਮੈਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੁਹਾਡੇ ਮੁਸਤੈਦ ਰਹਿਣ ਦਾ ਸਮਾਂ ਹੈ ਅਤੇ ਇਨ੍ਹਾਂ ਔਖੇ ਵੇਲਿਆਂ ਵਿਚ ਆਪਣੇ ਹਲਫ਼ ਨੂੰ ਚੇਤੇ ਰੱਖੋ ਅਤੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੋ।
' ਸਾਬਕਾ ਚੇਅਰਮੈਨ ਯੂਪੀਐੱਸਸੀ ਅਤੇ ਸਾਬਕਾ ਰਾਜਪਾਲ ਮਨੀਪੁਰ।