ਪੰਜਾਬ ਵਿੱਚ ਚੋਣ ਧਮੱਚੜ ਤਾਂ ਦਿੱਸ ਰਿਹੈ, ਅਗੇਤ ਦੇ ਅੰਦਾਜ਼ੇ ਅਜੇ ਦੂਰ ਦੀ ਗੱਲ -ਜਤਿੰਦਰ ਪਨੂੰ
ਪੰਜਾਬ ਦੀ ਚਲੰਤ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ ਦੀ ਅਠਾਰਾਂ ਮਾਰਚ ਤੱਕ ਦੀ ਹੈ। ਇਸ ਮਿੱਥੇ ਹੋਏ ਸਮੇਂ ਮੁਤਾਬਕ ਜੇ ਵਿਧਾਨ ਸਭਾ ਦੀ ਅਗਲੀ ਚੋਣ ਕਰਵਾਈ ਗਈ ਤਾਂ ਹੁਣ ਉਸ ਦਾ ਮਸਾਂ ਸਾਢੇ ਨੌਂ ਮਹੀਨੇ ਦਾ ਸਮਾਂ ਰਹਿੰਦਾ ਹੈ ਤੇ ਇਸ ਵਿੱਚੋਂ ਦੋ ਮਹੀਨੇ ਚੋਣ ਜ਼ਾਬਤੇ ਨੇ ਕੋਈ ਕੰਮ ਨਹੀਂ ਹੋਣ ਦੇਣਾ। ਹੁਣ ਵਾਲੀ ਸਰਕਾਰ ਕੋਲ ਇਸ ਤਰ੍ਹਾਂ ਸਾਢੇ ਸੱਤ ਮਹੀਨੇ ਦਾ ਸਮਾਂ ਬਾਕੀ ਹੈ ਤੇ ਪਿਛਲੇ ਦਿਨੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪ੍ਰਤੀਨਿਧ ਮੰਡਲ ਨੂੰ ਜਿਵੇਂ ਇਹ ਗੱਲ ਕਹਿ ਦਿੱਤੀ ਕਿ ਸਿਰਫ ਐਲਾਨ ਨਹੀਂ, ਪਾਣੀ ਦੇ ਮੁੱਦੇ ਉੱਤੇ ਸਰਕਾਰ ਵੀ ਕੁਰਬਾਨ ਕਰ ਸਕਦੇ ਹਾਂ, ਉਸ ਹਿਸਾਬ ਇਹ ਚੋਣ ਅਗੇਤੀ ਵੀ ਹੋ ਸਕਦੀ ਹੈ। ਅਸੀਂ ਏਦਾਂ ਦੀ ਕਿਸੇ ਬੇਮੌਕਾ ਦੀ ਮਾਅਰਕੇਬਾਜ਼ੀ ਨੂੰ ਪਾਸੇ ਰੱਖ ਕੇ ਸੋਚੀਏ ਤਾਂ ਹੁਣ ਵਾਲੀ ਸਰਕਾਰ ਦੇ ਦਿਨ ਲਗਾਤਾਰ ਕਿਰਦੇ ਜਾਂਦੇ ਹਨ ਤੇ ਅਗਲੀਆਂ ਚੋਣਾਂ ਦਾ ਚੱਕਾ ਰਿੜ੍ਹਨਾ ਸ਼ੁਰੂ ਹੋ ਚੁੱਕਾ ਹੈ, ਪਰ ਰਾਜਸੀ ਪਿੜ ਵਿੱਚ ਖਿਲਾਰਾ ਬੜਾ ਬੇਤਰਤੀਬਾ ਜਿਹਾ ਹੈ।
ਸਿਆਸੀ ਗਿਣਤੀਆਂ ਵਿੱਚ ਵੇਖਣ ਦੀ ਪਹਿਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਰਿਵਾਇਤੀ ਆਧਾਰ ਸਿੱਖ ਭਾਈਚਾਰੇ ਵਿੱਚ ਬਾਦਲ ਪਿਤਾ-ਪੁੱਤਰ ਬਾਰੇ ਭਾਵੇਂ ਹੱਦੋਂ ਵੱਧ ਰੋਸ ਹੋਵੇ, ਇਸ ਨੂੰ ਕੇਰਾ ਲਾਉਣ ਲਈ ਉਹ ਸੱਜਣ ਹੀ ਬਾਦਲਾਂ ਦੇ ਮਦਦਗਾਰ ਬਣਦੇ ਦਿਖਾਈ ਦੇਂਦੇ ਹਨ, ਜਿਹੜੇ ਵਿਰੋਧੀ ਗਿਣੇ ਜਾ ਰਹੇ ਸਨ। ਪਿਛਲੇ ਸਾਲ ਜਦੋਂ ਸਰਬੱਤ ਖਾਲਸਾ ਇਕੱਠ ਕੀਤਾ ਗਿਆ ਸੀ, ਉਸ ਵਿੱਚ ਆਮ ਲੋਕ ਭਾਵੁਕ ਹੋ ਕੇ ਆਏ ਸਨ, ਲੀਡਰਸ਼ਿਪ ਦੇ ਬਾਰੇ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਉਸ ਵਿੱਚ ਬਹੁਤੇ ਬੰਦੇ ਉਹੀ ਅੱਗੇ ਲੱਗੇ ਸਨ, ਜਿਨ੍ਹਾਂ ਦੀ ਓਦਾਂ ਪੁੱਛਗਿੱਛ ਨਹੀਂ ਸੀ ਹੋ ਰਹੀ ਤੇ ਉਹ ਰਾਜ ਸਰਕਾਰ ਚਲਾ ਰਹੇ ਬਾਪ-ਬੇਟੇ ਨੂੰ ਆਪਣੀ ਹੋਂਦ ਜਤਾਉਣਾ ਚਾਹੁੰਦੇ ਸਨ। ਇਹ ਗੱਲ ਹੁਣ ਤੱਕ ਭਾਵੇਂ ਮੰਨਣੀ ਔਖੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਆਏ ਦਿਨ ਪੁਲਸ ਫੜਦੀ ਤੇ ਜੇਲ੍ਹਾਂ ਵਿੱਚ ਡੱਕ ਦੇਂਦੀ ਹੈ, ਉਹ ਵੀ ਕਿਸੇ ਤਰ੍ਹਾਂ ਬਾਦਲ ਬਾਪ-ਬੇਟੇ ਨਾਲ ਸਾਂਝ ਰੱਖਣਗੇ। ਹੁਣ ਸਥਿਤੀ ਬਦਲ ਗਈ ਜਾਪਦੀ ਹੈ। ਸਰਬੱਤ ਖਾਲਸਾ ਦੇ ਰੌਣਕ ਵਾਲੇ ਮੰਚ ਤੋਂ ਬਾਦਲ ਬਾਪ-ਬੇਟੇ ਨੂੰ ਨਿੰਦਣ-ਨੌਲਣ ਵਾਲੇ ਸੱਜਣ ਬੀਤੇ ਹਫਤੇ ਬਾਦਲ ਪਿੰਡ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਾ ਮਿਲੇ ਹਨ। ਉਹ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੂੰ ਨਹੀਂ, ਪੰਥਕ ਮੁੱਦਿਆਂ ਲਈ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਨੂੰ ਮਿਲੇ ਸਾਂ। ਡਿਪਟੀ ਮੁੱਖ ਮੰਤਰੀ ਨੂੰ ਮਿਲਣਾ ਸੀ ਤਾਂ ਸਰਕਾਰੀ ਦਫਤਰ ਵਿੱਚ ਮਿਲਦੇ, ਉਸ ਦੇ ਨਾਲ ਹੱਥ ਮਿਲਾਉਣ ਲਈ ਬਾਦਲ ਪਿੰਡ ਵਿਚਲੇ ਕਿਲ੍ਹੇ ਦੀ ਡਿਉਢੀ ਲੰਘਣ ਦੀ ਲੋੜ ਨਹੀਂ ਸੀ। ਸਿੱਖ ਸੰਤ ਤੇ ਕਥਾ ਵਾਚਕ ਹਊਮੈ ਦੇ ਉਬਾਲਿਆਂ ਦਾ ਸ਼ਿਕਾਰ ਹਨ ਤੇ ਜਿਹੜੇ ਆਮ ਸਿੱਖਾਂ ਨੂੰ ਜਜ਼ਬਾਤੀ ਰੋਸ ਹੈ, ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਕੋਈ ਯੋਗ ਆਗੂ ਨਾ ਹੋਣ ਕਾਰਨ ਤਿੰਨ-ਲੱਖੀਏ ਅਫਸਰ ਸਿੱਖੀ ਦੇ ਰਥਵਾਨ ਬਣਾ ਦਿੱਤੇ ਗਏ ਹਨ।
ਪੰਜਾਬ ਵਿੱਚ ਰਾਜਸੀ ਮੁੱਦਾ ਸਿਰਫ ਸਿੱਖੀ ਦਾ ਨਹੀਂ, ਕਿਰਤ ਕਰ ਕੇ ਦੋ ਡੰਗ ਦੀ ਰੋਟੀ ਖਾਣ ਵਾਲਿਆਂ ਦਾ ਵੀ ਹੈ ਤੇ ਉਨ੍ਹਾਂ ਦੀ ਹਾਲਤ ਵੱਲੋਂ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ। ਕਿਸਾਨ ਮਰਦੇ ਹਨ ਤਾਂ ਚਿੰਤਾ ਨਹੀਂ। ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ ਤਾਂ ਫਿਕਰ ਵਾਲੀ ਕੋਈ ਗੱਲ ਨਹੀਂ। ਵੋਟਾਂ ਦਾ ਪਰਾਗਾ ਚੁੱਕਣ ਲਈ ਪੰਜਾਬੀ ਸੂਬਾ ਅੰਦੋਲਨ ਵਿੱਚ ਜਾਣ ਵਾਲਿਆਂ ਨੂੰ ਪੰਜਾਬ ਸਰਕਾਰ ਪੈਨਸ਼ਨਾਂ ਦੇਣ ਲੱਗੀ ਹੈ। ਉਨ੍ਹਾਂ ਦੇ ਜੇਲ੍ਹਾਂ ਕੱਟਣ ਦਾ ਰਿਕਾਰਡ ਨਹੀਂ ਮਿਲ ਸਕਦਾ ਤਾਂ ਇਸ ਦਾ ਹੱਲ ਕੱਢਿਆ ਹੈ ਕਿ ਪਿੰਡ ਦਾ ਸਰਪੰਚ ਵੀ ਲਿਖ ਦੇਵੇ ਕਿ ਪੰਜਾਬੀ ਸੂਬਾ ਮੋਰਚੇ ਵਿੱਚ ਇਸ ਨੇ ਕੈਦ ਕੱਟੀ ਸੀ, ਉਸ ਦਾ ਜਨਮ ਭਾਵੇਂ ਪੰਜਾਬੀ ਸੂਬਾ ਬਣਨ ਤੋਂ ਪਿੱਛੋਂ ਦਾ ਹੋਵੇ, ਪੈਨਸ਼ਨ ਲਈ ਯੋਗ ਮੰਨਿਆ ਜਾਵੇਗਾ। ਸਮਾਜ ਭਲਾਈ ਦੇ ਖਾਤੇ ਵਿੱਚੋਂ ਚਾਲੀ ਸਾਲ ਉਮਰ ਵਾਲੇ ਦੀ ਬੁਢਾਪਾ ਪੈਨਸ਼ਨ ਤੇ ਜਿਉਂਦੇ ਪਤੀ ਵਾਲੀਆਂ ਦੀ ਵਿਧਵਾ ਪੈਨਸ਼ਨ ਲੱਗੀ ਹੋਣ ਦੇ ਕੇਸ ਸਾਡੇ ਪੰਜਾਬ ਵਿੱਚ ਕਈ ਵਾਰੀ ਫੜੇ ਗਏ ਹਨ। ਉਹ ਸਰਪੰਚਾਂ ਦੀ ਤਸਦੀਕ ਦੇ ਨਾਲ ਹੀ ਪੈਨਸ਼ਨਾਂ ਲੈ ਰਹੇ ਸਨ। ਜਿਸ ਘਰ ਧੀ ਨਹੀਂ ਸੀ ਜੰਮੀ, ਉਨ੍ਹਾਂ ਨੇ ਧੀ ਦੇ ਵਿਆਹ ਦਾ ਸਰਕਾਰੀ ਸ਼ਗਨ ਲੈ ਲਿਆ ਸੀ। ਇਹ ਕੰਮ ਇਸ ਲਈ ਹੋ ਗਿਆ ਕਿ ਪਰਵਾਰ ਦਾ ਇੱਕ ਨੌਜਵਾਨ ਅਕਾਲੀ ਦਲ ਦਾ ਕੌਂਸਲਰ ਸੀ।
ਇਨ੍ਹਾਂ ਹਾਲਾਤ ਵਿੱਚ ਅਕਾਲੀ ਦਲ ਦੇ ਟਾਕਰੇ ਲਈ ਆਪਣੇ ਆਪ ਨੂੰ ਮੁੱਖ ਦਾਅਵੇਦਾਰ ਸਮਝਦੀ ਕਾਂਗਰਸ ਦੇ ਮੂਹਰੇ ਫਿਰ ਕੈਪਟਨ ਅਮਰਿੰਦਰ ਸਿੰਘ ਲੱਗਾ ਹੋਇਆ ਹੈ, ਜਿਹੜਾ ਪਿਛਲੀ ਵਾਰ ਜਿੱਤੀ ਹੋਈ ਬਾਜ਼ੀ ਹਾਰਨ ਵਾਸਤੇ ਜ਼ਿਮੇਵਾਰ ਮੰਨਿਆ ਜਾਂਦਾ ਸੀ। ਅਸਲ ਵਿੱਚ ਉਹ ਅਮਰਿੰਦਰ ਸਿੰਘ ਦੀ ਹਾਰ ਨਹੀਂ ਸੀ, ਉਸ ਜੁੰਡਲੀ ਦੇ ਵਿਹਾਰ ਦੀ ਮਾਰ ਸੀ, ਜਿਹੜੀ ਚੋਣ ਲੜਦੇ ਉਮੀਦਵਾਰਾਂ ਦਾ ਫੋਨ ਵੀ ਆਵੇ ਤਾਂ ਪਾਰਟੀ ਆਗੂ ਅਮਰਿੰਦਰ ਸਿੰਘ ਨਾਲ ਗੱਲ ਕਰਨ ਵਿੱਚ ਅੜਿੱਕਾ ਪਾਉਣ ਲਈ ਏਨਾ ਕਹਿ ਦੇਂਦੀ ਸੀ, 'ਮਹਾਰਾਜਾ ਸਾਹਿਬ ਬਿਜ਼ੀ ਹਨ'। ਅਮਰਿੰਦਰ ਸਿੰਘ ਸਿਆਣਾ ਆਗੂ ਹੈ, ਪਰ ਆਪਣੇ ਨਾਲ ਲੱਗੀ ਹੋਈ ਜੁੰਡੀ ਦੀ ਅੱਖ ਨਹੀਂ ਪਛਾਣਦਾ। ਜਦੋਂ ਉਹ ਪੰਜਾਬ ਦਾ ਮੁੱਖ ਮੰਤਰੀ ਸੀ ਤਾਂ ਇੱਕ ਦਿਨ ਇੱਕ ਵੱਡੇ ਅਫਸਰ ਦੀ ਪਤਨੀ ਦੂਸਰੇ ਵੱਡੇ ਅਫਸਰ ਨਾਲ ਹਰਿਆਣੇ ਦੇ ਚੰਡੀਗੜ੍ਹ ਨਾਲ ਦੇ ਸ਼ਹਿਰ ਵਿੱਚ ਇੱਕ ਕੋਠੀ ਵਿੱਚ ਹਰਿਆਣਾ ਪੁਲਸ ਨੇ ਜਾ ਫੜੀ ਸੀ। ਜਦੋਂ ਪੁਲਸ ਨੂੰ ਉਨ੍ਹਾਂ ਬਾਰੇ ਪਤਾ ਲੱਗਾ ਅਤੇ ਛੱਡਣ ਦੀ ਰਾਏ ਬਣੀ ਤਾਂ ਕਾਗਜ਼ ਭਰੇ ਜਾ ਚੁੱਕੇ ਹੋਣ ਕਾਰਨ ਕਿਸੇ ਦੀ ਸਪੁਰਦਦਾਰੀ ਭਰਨੀ ਪੈਣੀ ਸੀ। ਜਿਹੜਾ ਅਫਸਰ ਫੜਿਆ ਸੀ, ਉਸ ਨੂੰ ਉਸ ਦੇ ਡਰਾਈਵਰ ਦੇ 'ਹਵਾਲੇ' ਕਰਨ ਦੇ ਕਾਗਜ਼ ਭਰੇ ਗਏ ਤੇ ਔਰਤ ਦੇ ਪਤੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਧੋਬੀ ਨੂੰ ਸੱਦ ਕੇ ਉਸ ਦੀ ਸਪੁਰਦਦਾਰੀ ਦੇ ਕਾਗਜ਼ ਬਣਾਏ ਸਨ। ਇਹ ਛਾਪਾ ਕਿਸੇ ਹੋਰ ਨੇ ਨਹੀਂ, ਅਮਰਿੰਦਰ ਸਿੰਘ ਦੇ ਦੁਆਲੇ ਘੁੰਮਦੀ ਜੁੰਡੀ ਨੇ ਆਪਸੀ ਖਹਿਬੜ ਵਿੱਚ ਪਵਾਇਆ ਸੀ, ਬਦਨਾਮੀ ਅਮਰਿੰਦਰ ਸਿੰਘ ਦੀ ਸਰਕਾਰ ਦੀ ਹੋਈ ਸੀ। ਪਿਛਲੀ ਹਾਰ ਮਗਰੋਂ ਦੂਰ ਚਲੇ ਗਏ ਉਸ ਜੁੰਡਲੀ ਦੇ ਮੋਹਰੇ ਪਿਛਲੇ ਦੋ ਹਫਤਿਆਂ ਵਿੱਚ ਫਿਰ 'ਮਹਾਰਾਜਾ ਸਾਹਿਬ' ਦੇ ਦਰਬਾਰੀ ਬਣਨ ਵਿੱਚ ਸਫਲ ਹੋ ਗਏ ਹਨ।
ਇੱਕ ਗੱਲ ਅਮਰਿੰਦਰ ਸਿੰਘ ਬਾਰੇ ਹੋਰ ਕਹੀ ਜਾਂਦੀ ਹੈ ਕਿ ਉਹ ਰਾਜਸੀ ਪੈਂਤੜੇ ਲੈਣ ਪੱਖੋਂ ਮਜ਼ਬੂਤ ਹੋਣ ਦੇ ਬਾਵਜੂਦ ਇਹੋ ਜਿਹੇ ਕਦਮ ਚੁੱਕ ਲੈਂਦਾ ਹੈ, ਜਿਹੜੇ ਉਸ ਦੇ ਆਪਣੇ ਤੇ ਉਸ ਦੀ ਪਾਰਟੀ ਦੇ ਜੜ੍ਹੀਂ ਬਹਿ ਜਾਂਦੇ ਹਨ। ਇਸ ਹਫਤੇ ਉਸ ਨੇ ਇਹ ਮੰਗ ਕਰ ਦਿੱਤੀ ਹੈ ਕਿ ਜਾਟ ਭਾਈਚਾਰੇ ਵਾਂਗ ਜੱਟਾਂ ਨੂੰ ਵੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਜਿੰਨੀ ਇਹ ਗੱਲ ਜੱਟਾਂ ਨੂੰ ਚੰਗੀ ਲੱਗੇਗੀ, ਓਨੀ ਹੀ ਗੈਰ-ਜੱਟਾਂ ਨੂੰ ਮਾੜੀ ਲੱਗਣੀ ਹੈ। ਜਿਸ ਵੀ ਬੰਦੇ ਨੇ ਇਹ ਸਲਾਹ ਦਿੱਤੀ ਹੈ, ਉਹ ਅਮਰਿੰਦਰ ਸਿੰਘ ਤੇ ਕਾਂਗਰਸ ਦੋਵਾਂ ਦਾ ਹਿਤੈਸ਼ੀ ਨਹੀਂ। ਜਦੋਂ ਹਰਿਆਣੇ ਵਿੱਚ ਜਾਟ ਐਜੀਟੇਸ਼ਨ ਦੇ ਕੁਚੱਜ ਦੀਆਂ ਕਹਾਣੀਆਂ ਹਾਈ ਕੋਰਟ ਵਿੱਚੋਂ ਨਿਕਲ ਕੇ ਸਾਰੇ ਪਾਸੇ ਲਾਹਨਤਾਂ ਪੈਣ ਦਾ ਕਾਰਨ ਬਣ ਚੁੱਕੀਆਂ ਹਨ, ਜਾਟਾਂ ਦੇ ਨਵੀਂ ਐਜੀਟੇਸ਼ਨ ਸ਼ੁਰੂ ਕਰਨ ਦੇ ਦਬਾਕੜੇ ਦੇ ਟਾਕਰੇ ਲਈ ਕੇਂਦਰ ਸਰਕਾਰ ਸਖਤੀ ਕਰਨ ਨੂੰ ਮਜਬੂਰ ਹੋਈ ਪਈ ਹੈ, ਓਦੋਂ ਅਮਰਿੰਦਰ ਸਿੰਘ ਨੇ ਜਾਟ ਤੇ ਜੱਟ ਦੀ ਰਿਸ਼ਤੇਦਾਰੀ ਕੱਢ ਲਿਆਂਦੀ ਹੈ।
ਇਸ ਵੇਲੇ ਖੱਬੇ ਪੱਖੀ ਪਾਰਟੀਆਂ ਵੀ ਆਪਣੀਆਂ ਮੀਟਿੰਗਾਂ ਕਰ ਕੇ ਮੈਦਾਨ ਵਿੱਚ ਸਾਂਝਾ ਮੋਰਚਾ ਸਾਂਭਣ ਬਾਰੇ ਸੋਚ ਰਹੀਆਂ ਹਨ। ਏਦਾਂ ਕਰਨ ਤਾਂ ਚੰਗਾ ਹੋਵੇਗਾ। ਜਗਮੀਤ ਸਿੰਘ ਬਰਾੜ ਵੀ ਨਵਾਂ ਨਗਾਰਾ ਕੁੱਟਣ ਨੂੰ ਉੱਠ ਖੜੋਤਾ ਹੈ। ਸਵਰਾਜ ਅਭਿਆਨ ਤੋਂ ਟੁੱਟ ਕੇ ਸਵਰਾਜ ਪਾਰਟੀ ਬਣ ਗਈ ਹੈ। ਬਹੁਜਨ ਸਮਾਜ ਪਾਰਟੀ ਵਾਲੇ ਅਜੇ ਤੱਕ ਦਿੱਲੀ ਤੇ ਲਖਨਊ ਵਿਚਾਲੇ ਤੇਜ਼ ਚਾਲ ਘੁੰਮਦੀ ਉਸ ਭੈਣ ਜੀ ਵੱਲ ਵੇਖਦੇ ਪਏ ਹਨ, ਜਿਸ ਦੇ ਲਈ ਮੁੱਖ ਲੜਾਈ ਪੰਜਾਬ ਦੀ ਨਹੀਂ, ਉੱਤਰ ਪ੍ਰਦੇਸ਼ ਦੀ ਹੈ ਤੇ ਚੋਣ ਦੋਵੇਂ ਰਾਜਾਂ ਵਿੱਚ ਇੱਕੋ ਵਕਤ ਹੋਣੀ ਹੈ। ਭਾਜਪਾ ਦੇ ਆਗੂ ਅਕਾਲੀ ਦਲ ਬਾਰੇ ਬੁੜ-ਬੁੜ ਕਰ ਕੇ ਵੀ ਉਨ੍ਹਾਂ ਦੇ ਨਾਲ ਰਹਿਣਗੇ। ਇਸ ਪੱਖੋਂ ਬਹੁਤਾ ਫਰਕ ਨਹੀਂ ਪੈਂਦਾ ਜਾਪਦਾ।
ਫਰਕ ਪੈਣ ਦੀ ਝਾਕ ਆਮ ਆਦਮੀ ਪਾਰਟੀ ਦੇ ਪਾਸੇ ਤੋਂ ਮਹਿਸੂਸ ਕੀਤੀ ਜਾਂਦੀ ਹੈ, ਪਰ ਉਸ ਬਾਰੇ ਚੋਣਾਂ ਦੇ ਮਾਹਰ ਅਜੇ ਬਹੁਤੀ ਕਾਹਲੀ ਵਿੱਚ ਕੋਈ ਰਾਏ ਨਹੀਂ ਬਣਾ ਰਹੇ। ਇਸ ਦੇ ਕਈ ਕਾਰਨ ਹਨ। ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਵੱਖਰੀ ਪੀਪਲਜ਼ ਪਾਰਟੀ ਬਣਾਈ ਤਾਂ ਬਹੁਤ ਸਾਰੇ ਅਕਾਲੀ ਤੇ ਕਾਂਗਰਸੀ ਉਸ ਨਾਲ ਜੁੜਦੇ ਜਾ ਰਹੇ ਸਨ, ਪਰ ਚੋਣਾਂ ਦੇ ਐਨ ਕੰਢੇ ਪਹੁੰਚ ਕੇ ਉਨ੍ਹਾਂ ਨੇ ਉਲਟ-ਬਾਜ਼ੀਆਂ ਲਾ ਦਿੱਤੀਆਂ ਸਨ। ਕੋਈ ਕਾਂਗਰਸ ਵਿੱਚ ਜਾ ਵੜਿਆ ਤੇ ਕੋਈ ਬਾਦਲਾਂ ਦੇ ਚਰਨੀਂ ਜਾ ਲੱਗਾ ਸੀ। ਹੁਣ ਫਿਰ ਉਨ੍ਹਾਂ ਦੋਵਾਂ ਪਾਰਟੀਆਂ ਦੇ ਬੰਦੇ ਇਸ ਨਵੀਂ ਧਿਰ ਵਿੱਚ ਭਾਵੇਂ ਆ ਰਹੇ ਹਨ ਤੇ ਭਾਵੇਂ ਭਿਜਵਾਏ ਜਾ ਰਹੇ ਹਨ, ਪਰ ਸਾਰਾ ਵਰਤਾਰਾ ਓਸੇ ਤਰ੍ਹਾਂ ਦਾ ਜਾਪਦਾ ਹੈ। ਓਦੋਂ ਇੱਕ ਸਾਬਕਾ ਮੰਤਰੀ ਨੇ ਅਕਾਲੀ ਦਲ ਛੱਡਿਆ, ਪੀਪਲਜ਼ ਪਾਰਟੀ ਤੋਂ ਟਿਕਟ ਲਈ ਤੇ ਜਦੋਂ ਕਾਗਜ਼ ਭਰਨ ਵਾਲਾ ਵਕਤ ਖਤਮ ਹੋ ਗਿਆ, ਉਸ ਨੇ ਆਪਣੇ ਉਮੀਦਵਾਰੀ ਦੇ ਕਾਗਜ਼ ਵਾਪਸ ਲਏ ਤੇ ਕਾਰ ਭਜਾਉਂਦਾ ਮੁੱਖ ਮੰਤਰੀ ਬਾਦਲ ਦੇ ਗੋਡੀਂ ਹੱਥ ਲਾਉਣ ਲਈ ਚੰਡੀਗੜ੍ਹ ਜਾ ਵੜਿਆ ਸੀ। ਹੁਣ ਵੀ ਕਈ ਏਦਾਂ ਦੇ ਸੱਜਣ ਸਮਝੇ ਜਾਂਦੇ ਹਨ। ਹਰ ਇੱਕ ਹਲਕੇ ਤੋਂ ਚੋਣ ਲੜਨ ਵਾਲੇ ਆਪੇ ਬਣੇ ਹੋਏ ਉਮੀਦਵਾਰਾਂ ਦੀ ਸੂਚੀ ਸਰਕਾਰੀ ਸਕੂਲ ਦੀ ਪਹਿਲੀ ਜਮਾਤ ਦੇ ਨਿਆਣਿਆਂ ਜਿੰਨੀ ਸੁਣ ਸਕਦੇ ਹਾਂ। ਕਿਸੇ ਨੇ ਕਿਹਾ ਸੀ: ਬਾਬਾ ਜੀ, ਡੇਰੇ ਵਿੱਚ ਚੇਲੇ ਬੜੇ ਹੋ ਗਏ ਨੇ। ਸਾਧ ਨੇ ਕਿਹਾ ਸੀ: ਜਦੋਂ ਭੁੱਖੇ ਮਰਨ ਲੱਗੇ ਤਾਂ ਆਪੇ ਭੱਜ ਜਾਣਗੇ। ਹਰ ਹਲਕੇ ਤੋਂ ਉਮੀਦਵਾਰਾਂ ਦੀ ਅਣਕਿਆਸੀ ਦਾਅਵੇਦਾਰੀ ਨੇ ਦਿੱਲੀ ਦੁਹਰਾਏ ਜਾਣ ਦੇ ਦਾਅਵਿਆਂ ਉੱਤੇ ਸਵਾਲੀਆ ਚਿੰਨ੍ਹ ਲਾਉਣ ਦਾ ਮਾਹੌਲ ਹੁਣੇ ਹੀ ਸਿਰਜ ਛੱਡਿਆ ਹੈ।
ਇਨ੍ਹਾਂ ਸਭਨਾਂ ਦੀ ਅਗਵਾਈ ਅਰਵਿੰਦ ਕੇਜਰੀਵਾਲ ਦੇ ਹੱਥ ਹੈ। ਉਹ ਪੰਜਾਬ ਬਾਰੇ 'ਜਿਨ ਲਾਈ ਗੱਲੀਂ, ਓਸੇ ਨਾਲ ਤੁਰ ਚੱਲੀ' ਦੇ ਹਿਸਾਬ ਚੱਲਦਾ ਹੈ। ਅਕਲ ਨਾਲ ਚੱਲਦਾ ਤਾਂ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਵੀ ਭਾਵੇਂ ਜਾ ਆਉਂਦਾ, ਪਰ ਇਸ ਤੋਂ ਪਹਿਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਭੁਪਿੰਦਰ ਸਿੰਘ ਦੇ ਘਰ ਪਹੁੰਚਦਾ। ਹੁਣ ਲੋਕ ਇਹ ਕਹਿ ਰਹੇ ਹਨ ਕਿ ਮ੍ਰਿਤਕ ਦੇ ਘਰ ਜਾਣ ਦੀ ਥਾਂ ਸਾਧ ਦੇ ਡੇਰੇ ਇਸ ਲਈ ਗਿਆ ਕਿ ਵੋਟਾਂ ਦੀ ਝਾਕ ਸੀ। ਇਹ ਗਲਤੀ ਉਸ ਤੋਂ ਅਕਲ ਦੇ ਅੰਨ੍ਹੇ ਸਲਾਹਕਾਰਾਂ ਕਰਾਈ ਹੈ। ਅਗਲੀ ਵਾਰ ਆਵੇ ਤਾਂ ਉਸ ਨੂੰ ਸੋਚ ਕੇ ਚੱਲਣਾ ਚਾਹੀਦਾ ਹੈ। ਜਣੇ-ਖਣੇ ਦੇ ਆਖੇ ਲੱਗ ਕੇ ਏਦਾਂ ਹੀ ਚੱਲਦਾ ਰਿਹਾ ਤਾਂ ਹੋਰ ਵੀ ਪ੍ਰਭਾਵ ਖਰਾਬ ਕਰਵਾ ਬੈਠੇਗਾ।
ਜਿਸ ਗੱਲ ਦੀ ਸਾਨੂੰ ਹੈਰਾਨੀ ਹੈ, ਉਹ ਇਹ ਕਿ ਵਿਰੋਧ ਦੀਆਂ ਪਾਰਟੀਆਂ ਉੱਕਾ-ਪੁੱਕਾ ਇਹ ਕਹਿੰਦੀਆਂ ਹਨ ਕਿ ਪੰਜਾਬ ਦੇ ਖਜ਼ਾਨੇ ਦੀ ਹਾਲਤ ਮਾੜੀ ਹੈ ਤੇ ਸਰਕਾਰ ਦੇ ਚਾਲੇ ਠੀਕ ਸੇਧ ਵਿੱਚ ਨਹੀਂ, ਪਰ ਜੋ ਕੁਝ ਹੋ ਰਿਹਾ ਸਾਨੂੰ ਪੱਤਰਕਾਰਾਂ ਨੂੰ ਪਤਾ ਲੱਗਦਾ ਹੈ, ਇਨ੍ਹਾਂ ਵਿੱਚੋਂ ਕਿਸੇ ਇੱਕ ਨੇ ਉਸ ਦਾ ਇੱਕ ਫੀਸਦੀ ਵੀ ਨਹੀਂ ਕਿਹਾ। ਜਿਹੜਾ ਥੋੜ੍ਹਾ ਕੁ ਕੰਮ ਹੋ ਰਿਹਾ ਹੈ, ਉਹ ਇਸ ਲਈ ਹੁੰਦਾ ਹੈ ਕਿ ਸੂਚਨਾ ਅਧਿਕਾਰ ਕਾਨੂੰਨ ਨੂੰ ਵਰਤਣ ਵਾਲੇ ਸਿਰੜੀ ਬੰਦੇ ਹਰ ਰੋਜ਼ ਕੁਝ ਅਰਜ਼ੀਆਂ ਪਾਈ ਜਾਂਦੇ ਹਨ ਅਤੇ ਜਿੰਨਾ ਕੁ ਪਤਾ ਲੱਗਦਾ ਹੈ, ਮੀਡੀਏ ਨੂੰ ਦੇ ਦੇਂਦੇ ਹਨ। ਹਾਈ ਕੋਰਟ ਵਿੱਚ ਅਰਜ਼ੀਆਂ ਦੇਣ ਵਾਲਾ ਇੱਕੋ ਬੰਦਾ ਐੱਚ ਸੀ ਅਰੋੜਾ ਪੰਜਾਬ ਦੀ ਵਿਰੋਧੀ ਧਿਰ ਦੀਆਂ ਸਾਰੀਆਂ ਕਿਸਮਾਂ ਤੋਂ ਵੱਧ ਕੰਮ ਕਰੀ ਜਾਂਦਾ ਹੈ। ਸਿਆਸੀ ਪਾਰਟੀਆਂ ਦੀਆਂ ਪ੍ਰੈੱਸ ਕਾਨਫਰੰਸਾਂ ਹੁਣ 'ਫਲਾਣਾ ਬੰਦਾ ਸਾਡੇ ਨਾਲ ਆਣ ਰਲਿਆ' ਵਾਲੇ ਐਲਾਨ ਕਰਨ ਤੱਕ ਸੀਮਤ ਹੋ ਗਈਆਂ ਹਨ। ਇਹੋ ਜਿਹੇ ਦ੍ਰਿਸ਼ ਵਿੱਚੋਂ ਚੋਣ ਦੀ ਭਾਜੜ ਤਾਂ ਦਿਸਦੀ ਹੈ, ਪਰ ਮੈਰਾਥਨ ਵਿੱਚ ਅੱਗੇ ਕੌਣ ਜਾਂਦਾ ਹੈ, ਇਸ ਦਾ ਅੰਦਾਜ਼ਾ ਹਾਲ ਦੀ ਘੜੀ ਕੋਈ ਮਾਹਰ ਵੀ ਨਹੀਂ ਲਾ ਸਕਦਾ।
5 June 2016