ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

16 Nov. 2020

ਬਿਹਾਰ ਦੀ ਜਿੱਤ ਨੂੰ ਭਾਜਪਾ ਕਿਸਾਨਾਂ ਦੀ ਜਿੱਤ ਆਖ ਰਹੀ ਹੈ- ਇਕ ਖ਼ਬਰ
ਵਧ ਗਈ ਵੇਲ ਦੀ ਤਰ੍ਹਾਂ, ਤੇਰੇ ਘੱਗਰਾ ਮੇਚ ਨਾ ਆਵੇ।

26-27 ਨਵੰਬਰ ਦੀ ਕਿਸਾਨ ਰੈਲੀ ‘ਚ ਕੇਂਦਰ ਸਰਕਾਰ ਵਲੋਂ ਕਰੋਨਾ ਦਾ ਅੜਿੱਕਾ-ਇਕ ਖ਼ਬਰ
ਸਰਕਾਰ ਜੀ, ਬਿਹਾਰ ਦੀਆਂ ਰੈਲੀਆਂ ਵੇਲੇ ਕਰੋਨਾ ਛੁੱਟੀ ਗਿਆ ਹੋਇਆ ਸੀ !

ਨੋਟਬੰਦੀ ਨਾਲ ਕਾਲ਼ੇ ਧਨ ਨੂੰ ਘਟਾਉਣ ਵਿਚ ਮਦਦ ਮਿਲੀ- ਮੋਦੀ
ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ ।

ਭਾਜਪਾ ਨੇਤਾਵਾਂ ਵਲੋਂ ਅਰਨਬ ਗੋਸਵਾਮੀ ਦੇ ਹੱਕ ‘ਚ ਮੁਜ਼ਾਹਰੇ ਦੀ ਕੋਸ਼ਿਸ਼- ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਮੋਦੀ ਨੇ ਅਡਵਾਨੀ ਦੇ ਪੈਰ ਛੂਹ ਕੇ ਦਿਤੀ ਜਨਮ ਦਿਨ ਦੀ ਵਧਾਈ- ਇਕ ਖ਼ਬਰ
ਤੇਰੇ ਵਰਗੇ ਨੂੰ, ਗੱਲੀਂ ਰਾਤ ਲੰਘਾਵਾਂ।

ਅਸੀਂ ਦੇਸ਼ ਦੇ ਨਹੀਂ , ਭਾਜਪਾ ਦੇ ਦੁਸ਼ਮਣ ਹਾਂ- ਸ਼ੇਖ਼ ਅਬਦੁੱਲਾ
ਬਈ ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਬਾਦਲ ਅਕਾਲੀ ਦਲ ਆਗੂ ਨੇ ਬਾਦਲਾਂ ‘ਤੇ ਕਿਸਾਨਾਂ ਨਾਲ ਸਿਆਸਤ ਖੇਡਣ ਦੇ ਦੋਸ਼ ਲਾਏ- ਇਕ ਖ਼ਬਰ
ਨੀ ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ, ਮੈਂ ਜਾਣਾ ਤਖ਼ਤ ਹਜ਼ਾਰੇ ਨੂੰ।

ਅਣਦੇਖੀ ਦਾ ਸ਼ਿਕਾਰ ਹੋਏ ਕਾਂਗਰਸੀਆਂ ਨੇ ਰਾਵਤ ਕੋਲ਼ ਰੋਏ ਦੁੱਖੜੇ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਬਿਹਾਰ ਤੋਂ ਬਾਅਦ ਹੁਣ ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਸ਼ੁਰੂ- ਮਿੱਤਲ
ਕਾਹਨੂੰ ਬੰਨ੍ਹਦੀ ਛੱਪੜੀਏ ਦਾਅਵੇ, ਨਾਲ਼ ਦਰਿਆਵਾਂ ਦੇ ।

ਪੰਜਾਬ ਨੂੰ ਭਾਜਪਾ ਬਿਹਾਰ ਨਾ ਸਮਝੇ- ਰਾਵਤ
ਮੈਨੂੰ ਨਰਮ ਕੁੜੀ ਨਾ ਜਾਣੀਂ, ਲੜ ਜੂੰ ਭਰਿੰਡ ਬਣ ਕੇ।

ਸ਼ਰਾਬ ਦੇ ਸ਼ੌਕੀਨਾਂ ਨੇ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰਿਆ- ਇਕ ਖ਼ਬਰ
ਨਦੀਆਂ ਦਾਰੂ ਦੀਆਂ, ਭਰ ਭਰ ਵਹਿੰਦੀਆਂ ਰਹਿਣਗੀਆਂ।

ਟਰੰਪ ਦੇ ਸਮਰਥਕ ਅਤੇ ਵਿਰੋਧੀ ਨਿਊਯਾਰਕ ਵਿਚ ਭਿੜੇ- ਇਕ ਖ਼ਬਰ
ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।

ਭਾਜਪਾ ਵਲੋਂ ਕਿਸਾਨਾਂ ਦੀ ਬੇਇਜ਼ਤੀ ਪੰਜਾਬ ਬਰਦਾਸ਼ਤ ਨਹੀਂ ਕਰੇਗਾ- ਭਗਵੰਤ ਮਾਨ   
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ ।

ਦਿੱਲੀ ਦੇ ਅਖਾਉਤੀ ਅਕਾਲੀ ਆਗੂ ਕੌਮ ਸਿਰ ਸੁਆਹ ਪਾਉਣ ‘ਚ ਰੁਝੇ- ਸਰਬਜੀਤ ਸਿੰਘ ਭੂਟਾਨੀ
ਉਜੜੀਆਂ ਭਰਜਾਈਆਂ, ਵਲੀ ਜਿਹਨਾਂ ਦੇ ਜੇਠ।

ਭਾਰਤ ‘ਚ ਪਹਿਲੀ ਵਾਰ ਗੰਭੀਰ ਮੰਦੀ- ਆਰ.ਬੀ.ਆਈ.
ਪੱਖੇ ਵਾਂਗੂੰ ਝੂਲਦੀ ਫਿਰੇਂ, ਕੀ ਹੋ ਗਿਆ ਜਵਾਨੀਏ ਤੈਨੂੰ।