ਰਾਸ਼ਟਰਪਤੀ ਬਾਇਡਨ ਦਾ ਦਮਖ਼ਮ ਤੇ ਚੁਣੌਤੀਆਂ - ਪ੍ਰੋ. ਪ੍ਰੀਤਮ ਸਿੰਘ'
ਦੂਜੇ ਮੁਲਕਾਂ ਵਿਚ ਅਮਰੀਕਾ ਦੀਆਂ ਸਾਮਰਾਜੀ ਦਖ਼ਲਅੰਦਾਜ਼ੀ ਵਾਲੀਆਂ ਵਿਦੇਸ਼ ਤੇ ਰੱਖਿਆ ਨੀਤੀਆਂ ਦੇ ਸਭ ਤੋਂ ਲੰਮੀ ਉਮਰ ਦੇ ਆਲੋਚਕ ਰਹੇ ਉੱਘੇ ਦਾਨਿਸ਼ਵਰ ਨੋਮ ਚੌਮਸਕੀ ਨੇ ਇਕ ਵਾਰ ਡੂੰਘੀ ਬੌਧਿਕ ਟਿੱਪਣੀ ਕਰਦਿਆਂ ਕਿਹਾ ਸੀ ਕਿ ਡੈਮੋਕਰੈਟਿਕ ਰਾਸ਼ਟਰਪਤੀ ਅਤੇ ਰਿਪਬਲਿਕਨ ਰਾਸ਼ਟਰਪਤੀ ਵਿਚ ਫ਼ਰਕ ਬਹੁਤ ਮਾਮੂਲੀ ਹੈ, ਪਰ ਅਮਰੀਕਾ ਦੀ ਆਰਥਿਕ ਅਤੇ ਫ਼ੌਜੀ ਤਾਕਤ ਇੰਨੀ ਵਿਸ਼ਾਲ ਹੈ ਕਿ ਇਹ ਮਾਮੂਲੀ ਫ਼ਰਕ ਵੀ ਦੁਨੀਆਂ ਤੇ ਅਮਰੀਕਾ ਲਈ ਬਹੁਤ ਅਹਿਮ ਬਣ ਜਾਂਦਾ ਹੈ। ਉਂਜ, 2020 ਦੀ ਰਾਸ਼ਟਰਪਤੀ ਦੀ ਚੋਣ ਵਿਚ ਰਿਪਬਲਿਕਨ ਟਰੰਪ ਅਤੇ ਡੈਮੋਕਰੈਟਿਕ ਬਾਇਡਨ ਵਿਚਕਾਰ ਅੰਤਰ ਮਾਮੂਲੀ ਨਾਲੋਂ ਥੋੜ੍ਹਾ ਜ਼ਿਆਦਾ ਹੀ ਹੈ ਅਤੇ ਇਸ ਲਈ ਬਾਇਡਨ ਦੀ ਜਿੱਤ ਡੈਮੋਕਰੈਟਾਂ ਦੀਆਂ ਪਿਛਲੀਆਂ ਜਿੱਤਾਂ ਜਿਨ੍ਹਾਂ 'ਚ 2008 ਦੀ ਓਬਾਮਾ ਦੀ ਜਿੱਤ ਵੀ ਸ਼ਾਮਲ ਹੈ, ਨਾਲੋਂ ਵੀ ਬਹੁਤ ਜ਼ਿਆਦਾ ਅਹਿਮੀਅਤ ਦਾ ਸਬੱਬ ਬਣ ਗਈ ਹੈ।
ਇਹ ਤਬਦੀਲੀ ਅਜਿਹੇ ਮੋੜ 'ਤੇ ਵਾਪਰ ਰਹੀ ਹੈ ਜਦੋਂ ਵੰਗਾਰਾਂ ਇਕ ਬੇਮਿਸਾਲ ਜੁੱਟ ਦੇ ਰੂਪ ਵਿਚ ਸਾਹਮਣੇ ਆ ਰਹੀਆਂ ਹਨ : ਕੋਵਿਡ-19 ਦੀ ਮਹਾਮਾਰੀ ਕਾਰਨ ਅਮਰੀਕਾ ਵਿਚ ਹੋਰ ਕਿਸੇ ਵੀ ਮੁਲਕ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ, ਬਦਤਰ ਹੁੰਦੇ ਜਾ ਰਹੇ ਆਰਥਿਕ ਸੰਕਟ ਕਾਰਨ ਅਜਿਹੀ ਵਿਆਪਕ ਬੇਕਾਰੀ ਫੈਲ ਰਹੀ ਹੈ ਜੋ 1929-33 ਦੀ ਮਹਾਮੰਦੀ ਤੋਂ ਲੈ ਕੇ ਹੁਣ ਤਕ ਕਦੇ ਨਹੀਂ ਦੇਖੀ ਗਈ ਸੀ, ਆਲਮੀ ਜਲਵਾਯੂ ਸੰਕਟ ਇੰਨਾ ਭਿਆਨਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ ਕਿ ਇਸ ਨੇ ਸਮੁੱਚੇ ਧਰਤ ਗ੍ਰਹਿ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ, ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਅਤੇ ਅਮਰੀਕਾ-ਇਰਾਨ ਟਕਰਾਅ ਤੇਜ਼ ਹੋਣ ਕਰ ਕੇ ਪਰਮਾਣੂ ਹਥਿਆਰਾਂ ਦਾ ਖ਼ਤਰਾ ਵਧ ਗਿਆ ਹੈ। ਡੋਨਲਡ ਟਰੰਪ ਕੋਵਿਡ-19 ਦੀ ਮਹਾਮਾਰੀ ਤੋਂ ਮੁਨਕਰ ਹੀ ਹੁੰਦਾ ਰਿਹਾ ਅਤੇ ਉਸ ਨੇ ਅਮਰੀਕਾ ਨੂੰ ਉਸ ਪੈਰਿਸ ਜਲਵਾਯੂ ਸਮਝੌਤੇ ਤੋਂ ਲਾਂਭੇ ਕਰ ਦਿੱਤਾ ਜੋ ਆਪਣੀਆਂ ਕੁਝ ਕਮਜ਼ੋਰੀਆਂ ਦੇ ਬਾਵਜੂਦ ਦੁਨੀਆਂ ਦੇ ਸਿਰ 'ਤੇ ਮੰਡਰਾਅ ਰਹੇ ਵਾਤਾਵਰਨੀ ਸੰਕਟ ਨਾਲ ਸਿੱਝਣ ਦਾ ਸਾਡੇ ਕੋਲ ਇਕੋ ਇਕ ਆਲਮੀ ਸਮਝੌਤਾ ਹੈ। ਟਰੰਪ ਅਜਿਹਾ ਰਾਸ਼ਟਰ ਮੁਖੀ ਸੀ ਜਿਸ ਨੂੰ ਆਲਮੀ ਆਰਥਿਕ ਸੰਕਟ ਦੇ ਕਾਰਨਾਂ ਅਤੇ ਇਸ ਨਾਲ ਸਿੱਝਣ ਦੀਆਂ ਰਣਨੀਤੀਆਂ ਬਾਰੇ ਸਭ ਤੋਂ ਘੱਟ ਸਮਝ ਸੀ। ਚੀਨ ਅਤੇ ਇਰਾਨ ਪ੍ਰਤੀ ਉਸ ਦੀ ਪਹੁੰਚ ਕਰ ਕੇ ਆਲਮੀ ਵਪਾਰ ਅਤੇ ਪਰਮਾਣੂ ਹਥਿਆਰਾਂ ਦੇ ਸਵਾਲਾਂ 'ਤੇ ਟਕਰਾਅ ਹੋਰ ਤੇਜ਼ ਹੋ ਗਏ ਹਨ।
ਅਮਰੀਕਾ ਦੇ ਬਾਹਰਲੀ ਦੁਨੀਆਂ ਨਾਲ ਸਬੰਧਾਂ ਨੂੰ ਲੈ ਕੇ ਅਲੱਗਵਾਦੀ ਤੇ ਸਾਂਝ ਭਿਆਲੀ ਵਾਲੀਆਂ ਪਹੁੰਚਾਂ ਮੁਤੱਲਕ ਅਮਰੀਕਾ ਦੇ ਅੰਦਰ ਮੁੱਢ ਤੋਂ ਹੀ ਵਾਦ ਵਿਵਾਦ ਚੱਲਦਾ ਰਿਹਾ ਹੈ। ਇਨ੍ਹਾਂ ਦੋਵੇਂ ਪਹੁੰਚਾਂ ਦੇ ਖੱਬੇਪੱਖੀ ਅਤੇ ਸੱਜੇਪੱਖੀ ਦੋਵੇਂ ਪਹਿਲੂ ਹਨ। ਖੱਬੇਪੱਖੀ ਅਲੱਗਵਾਦੀ ਪਹੁੰਚ ਦੁਨੀਆਂ ਵਿਚ ਅਮਰੀਕਾ ਦੀ ਸਾਮਰਾਜਵਾਦੀ ਦਖ਼ਲਅੰਦਾਜ਼ੀਆਂ ਦੀ ਤਿੱਖੀ ਆਲੋਚਨਾ ਕਰਦੀ ਹੈ ਜਦੋਂਕਿ ਸੱਜੇਪੱਖੀ ਅਲੱਗਵਾਦੀ ਪਹੁੰਚ ਬਾਕੀ ਦੁਨੀਆਂ ਪ੍ਰਤੀ ਬੇਮੁਖਤਾ ਦੀ ਖੁੱਲ੍ਹ ਕੇ ਪੈਰਵੀ ਕਰਦੀ ਹੈ। ਖੱਬੇਪੱਖੀ ਆਲਮੀ ਸਾਂਝ ਭਿਆਲੀ ਦੀ ਪਹੁੰਚ ਦੁਨੀਆਂ ਵਿਚ ਮਾਨਵੀ ਕਾਰਜਾਂ ਤੇ ਲੋਕਸ਼ਾਹੀ ਦੇ ਹੱਕ ਵਿਚ ਅਮਰੀਕਾ ਦੇ ਯਤਨਾਂ ਦੀ ਪੈਰਵੀ ਕਰਦੀ ਹੈ ਅਤੇ ਸੱਜੇਪੱਖੀ ਆਲਮੀ ਸਾਂਝ ਭਿਆਲੀ ਦੀ ਪਹੁੰਚ ਦੁਨੀਆਂ ਵਿਚ ਸਮਤਾਪੂਰਨ ਅਤੇ ਸਮਾਜਵਾਦੀ ਤਬਦੀਲੀਆਂ ਲਈ ਚੱਲ ਰਹੀਆਂ ਸਿਆਸੀ ਤਹਿਰੀਕਾਂ ਨੂੰ ਕੁਚਲਣ ਵਿਚ ਅਮਰੀਕਾ ਨੂੰ ਮੋਹਰੀ ਕਿਰਦਾਰ ਨਿਭਾਉਣ ਲਈ ਹੱਲਾਸ਼ੇਰੀ ਦਿੰਦੀ ਹੈ। ਡੋਨਲਡ ਟਰੰਪ ਸਿਰੇ ਦੀ ਸੱਜੇਪੱਖੀ ਅਲੱਗਵਾਦੀ ਪਹੁੰਚ ਦਾ ਅਜਿਹਾ ਤਰਜਮਾਨ ਰਿਹਾ ਹੈ ਜਿਸ ਦੀ ਸਾਡੀ ਜਾਚੇ ਕਿਸੇ ਹੋਰ ਅਮਰੀਕੀ ਰਾਸ਼ਟਰਪਤੀ ਤੋਂ ਮਿਸਾਲ ਨਹੀਂ ਮਿਲ ਸਕਦੀ। ਜਲਵਾਯੂ ਸੰਕਟ ਨੂੰ ਮਹਿਜ਼ ਅਫ਼ਵਾਹ ਕਰਾਰ ਦੇਣਾ ਉਸ ਪਹੁੰਚ ਦੀ ਸਭ ਤੋਂ ਬੇਬਾਕ ਮਿਸਾਲ ਹੈ ਜੋ ਵਿਗਿਆਨ ਪ੍ਰਤੀ ਮੂੜਤਾ ਅਤੇ ਆਲਮੀ ਤਪਸ਼ ਵਿਚ ਸਭ ਤੋਂ ਵੱਧ ਵਾਧਾ ਕਰਨ ਵਾਲੀ ਘਰੇਲੂ ਤੇਲ ਸਨਅਤ ਦੀ ਨੰਗੀ ਚਿੱਟੀ ਤਰਫ਼ਦਾਰੀ ਦਾ ਜੋੜ ਕਾਇਮ ਕਰਦੀ ਹੈ।
ਟਰੰਪ ਦੀ ਸੱਜੇਪੱਖੀ ਅਲੱਗਵਾਦੀ ਪਹੁੰਚ ਨੇ ਵਾਰ ਵਾਰ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਨਾਅਰੇ ਉਭਾਰ ਕੇ ਸੱਜੇਪੱਖੀ ਗੋਰੇ ਨਸਲਵਾਦੀ ਗਰੋਹਾਂ ਤੇ ਬਿਰਤੀਆਂ ਨੂੰ ਪਣਪਣ ਲਈ ਹੱਲਾਸ਼ੇਰੀ ਦਿੱਤੀ ਹੈ। ਇਨ੍ਹਾਂ 'ਚੋਂ ਬਹੁਤ ਸਾਰੇ ਗਰੋਹਾਂ ਕੋਲ ਬਹੁਤ ਜ਼ਿਆਦਾ ਹਥਿਆਰ ਹਨ ਅਤੇ ਉਹ ਇਨ੍ਹਾਂ ਦਾ ਬੇਸ਼ਰਮੀ ਨਾਲ ਮੁਜ਼ਾਹਰਾ ਵੀ ਕਰਦੇ ਰਹਿੰਦੇ ਹਨ। ਸ਼ਕਤੀਸ਼ਾਲੀ ਗੰਨ ਲਾਬੀ ਇਨ੍ਹਾਂ ਗਰੋਹਾਂ ਦੀ ਪਿੱਠ ਪੂਰਦੀ ਹੈ ਅਤੇ ਇਹ ਗੁੰਡਾ ਗਰੋਹ ਨਸਲੀ ਘੱਟਗਿਣਤੀਆਂ 'ਤੇ ਵਧ ਰਹੇ ਹਮਲਿਆਂ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਸੂਰਵਾਰ ਹਨ। 'ਬਲੈਕ ਲਾਈਵਜ਼ ਮੈਟਰ' ਅੰਦੋਲਨ ਜਿਸ ਨੇ ਡਰਾਈਆਂ ਧਮਕਾਈਆਂ ਜਾਂਦੀਆਂ ਘੱਟਗਿਣਤੀਆਂ ਨੂੰ ਲਾਮਬੰਦ ਕੀਤਾ ਹੈ, ਇਸੇ ਵਧ ਰਹੀ ਨਸਲਪ੍ਰਸਤੀ ਦਾ ਸਿੱਧਮ-ਸਿੱਧਾ ਸਿੱਟਾ ਹੈ ਜਿਸ ਨੂੰ ਟਰੰਪ ਪ੍ਰਸ਼ਾਸਨ ਦੌਰਾਨ ਹੁਲਾਰਾ ਮਿਲਿਆ ਸੀ।
ਬਾਇਡਨ-ਹੈਰਿਸ ਦੀ ਜੇਤੂ ਟੀਮ ਨੇ ਜਿਹੜੇ ਤਿੰਨ ਸ਼ੁਰੂਆਤੀ ਐਲਾਨ ਕੀਤੇ ਹਨ ਉਹ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੀ ਪਹੁੰਚ ਨਾਲੋਂ ਅੰਸ਼ਕ ਵਖਰੇਵੇਂ ਤੋਂ ਰਤਾ ਜ਼ਿਆਦਾ ਫ਼ਰਕ ਦਰਸਾਉਂਦੇ ਹਨ। ਜੋਅ ਬਾਇਡਨ ਨੇ ਕੋਵਿਡ-19 ਮਹਾਮਾਰੀ ਨਾਲ ਸਿੱਝਣ ਲਈ ਸਾਇੰਸਦਾਨਾਂ ਤੇ ਮੈਡੀਕਲ ਮਾਹਿਰਾਂ ਦੀ ਇਕ ਹੰਗਾਮੀ ਟਾਸਕ ਫੋਰਸ ਕਾਇਮ ਕਰਨ ਦਾ ਐਲਾਨ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਅਮਰੀਕਾ ਪੈਰਿਸ ਸਮਝੌਤੇ ਨਾਲ ਮੁੜ ਜੁੜੇਗਾ। ਆਪਣੀਆਂ ਜੇਤੂ ਮਾਨਤਾ ਤਕਰੀਰਾ ਵਿਚ ਜੋਅ ਬਾਇਡਨ ਤੇ ਕਮਲਾ ਹੈਰਿਸ ਦੋਵਾਂ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਸਮਾਜ ਅਤੇ ਸੰਸਥਾਵਾਂ ਵਿਚ ਘਰ ਕਰ ਚੁੱਕੀ 'ਨਸਲਪ੍ਰਸਤੀ ਦੀ ਅਲਾਮਤ' ਨੂੰ ਜੜ੍ਹੋਂ ਪੁੱਟ ਕੇ ਸੁੱਟ ਦੇਣਗੇ।
ਜੌਰਜੀਆ ਅਤੇ ਐਰੀਜ਼ੋਨਾ ਜਿਹੇ ਰਾਜਾਂ ਜਿੱਥੇ ਦਹਾਕਿਆਂ ਤੋਂ ਰਿਪਬਲਿਕਨਾਂ ਦਾ ਦਬਦਬਾ ਬਣਿਆ ਹੋਇਆ ਸੀ, ਵਿਚ ਬਾਇਡਨ ਤੇ ਹੈਰਿਸ ਦੀਆਂ ਜਿੱਤਾਂ ਬਦਲ ਰਹੇ ਅਮਰੀਕੀ ਰਾਜਸੀ ਧਰਾਤਲ ਦਾ ਸੰਕੇਤ ਹਨ। ਇਸ ਦੇ ਨਾਲ ਹੀ ਡੈਮੋਕਰੈਟਿਕ ਪਾਰਟੀ ਦੀ ਵਧੇਰੇ ਰਸਾਈ ਹੋਣ ਸਦਕਾ ਜੋਅ ਬਾਇਡਨ ਨੂੰ ਹੁਣ ਤਕ ਦੇ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨਾਲੋਂ ਜ਼ਿਆਦਾ ਵੋਟਾਂ ਹਾਸਲ ਹੋਈਆਂ ਹਨ, ਪਰ ਨਾਲ ਹੀ ਇਹ ਮੰਨਣਾ ਪਵੇਗਾ ਕਿ ਟਰੰਪ ਨੇ ਆਪਣਾ ਵੋਟ ਆਧਾਰ ਖੁਰਨ ਨਹੀਂ ਦਿੱਤਾ।
2019 ਦੇ ਅਮਰੀਕੀ ਮਰਦਮਸ਼ੁਮਾਰੀ ਅੰਕੜਿਆਂ ਮੁਤਾਬਕ 60 ਫੀਸਦ ਆਬਾਦੀ ਗੈਰ-ਹਿਸਪਾਨੀ ਗੋਰੀ ਆਬਾਦੀ ਹੈ। ਚਾਰ ਨਵੰਬਰ ਨੂੰ ਕੀਤੇ ਇਕ ਐਗਜ਼ਿਟ ਪੋਲ ਵਿਚ ਦਰਸਾਇਆ ਗਿਆ ਸੀ ਕਿ 55 ਫ਼ੀਸਦ ਗੋਰੀਆਂ ਔਰਤਾਂ ਅਤੇ 58 ਫ਼ੀਸਦ ਗੋਰੇ ਪੁਰਸ਼ਾਂ ਨੇ ਟਰੰਪ ਨੂੰ ਵੋਟਾਂ ਪਾਈਆਂ ਹਨ। ਬਿਨ੍ਹਾਂ ਸ਼ੱਕ ਇਹ ਗੋਰੇ ਵੋਟਰਾਂ ਅੰਦਰ ਟਰੰਪ ਦੇ ਪ੍ਰਭਾਵ ਦਾ ਝਲਕਾਰਾ ਹੈ, ਪਰ ਇਸ ਨੂੰ ਦੂਜੇ ਪਾਸਿਓਂ ਵੇਖਿਆ ਪਤਾ ਚੱਲਦਾ ਹੈ ਕਿ 45 ਫ਼ੀਸਦ ਗੋਰੀਆਂ ਔਰਤਾਂ ਤੇ 42 ਫ਼ੀਸਦ ਗੋਰੇ ਪੁਰਸ਼ਾਂ ਨੇ ਟਰੰਪ ਦੇ ਖਿਲਾਫ਼ ਵੋਟਾਂ ਪਾਈਆਂ ਹਨ।
ਇਹ ਗੋਰੇ ਵੋਟਰਾਂ ਦੀ ਕੋਈ ਛੋਟੀ ਮੋਟੀ ਸੰਖਿਆ ਨਹੀਂ ਹੈ ਜਿਸ ਨੇ ਪਿਛਲੇ ਚਾਰ ਸਾਲਾਂ ਦੇ ਅਜਿਹੇ ਸਮਿਆਂ ਦੌਰਾਨ ਨਸਲੀ ਪਛਾਣ ਦੇ ਪਾਰ ਜਾ ਕੇ ਦੇਖਣ ਦਾ ਸਾਹਸ ਦਿਖਾਇਆ ਹੈ ਜਦੋਂ ਨਸਲੀ ਸਫ਼ਬੰਦੀ ਤਿੱਖੀ ਕਰਨ ਲਈ ਲੱਕ ਬੰਨ੍ਹ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਬਹੁਤੇ ਕਾਲਜ ਗ੍ਰੈਜੂਏਟਾਂ ਨੇ ਡੈਮੋਕਰੈਟਾਂ (ਬਾਇਡਨ) ਨੂੰ ਵੋਟਾਂ ਪਾਈਆਂ ਜਦਕਿ ਕਾਲਜ ਡਿਗਰੀਆਂ ਤੋਂ ਬਗ਼ੈਰ ਬਹੁਤੇ ਯੁਵਕਾਂ ਨੇ ਰਿਪਬਲਿਕਨਾਂ (ਖ਼ਾਸਕਰ ਟਰੰਪ) ਨੂੰ ਵੋਟਾਂ ਪਾਈਆਂ ਹਨ। ਇਹ ਲੋਕਸ਼ਾਹੀ ਵਿਚ ਵਿਸ਼ਵਾਸ ਰੱਖਣ ਵਾਲੇ ਗੋਰੇ ਪੁਰਸ਼ਾਂ ਤੇ ਔਰਤਾਂ (ਜੋ ਸ਼ਾਇਦ ਕਾਲਜੀਏਟ ਸਨ) ਅਤੇ ਨਸਲੀ ਘੱਟਗਿਣਤੀਆਂ ਦੀ ਜੁਗਲਬੰਦੀ ਹੀ ਹੈ ਜਿਸ ਸਦਕਾ ਡੈਮੋਕਰੈਟ ਸੱਤਾ ਵਿਚ ਪਰਤੇ ਹਨ।
ਬਰਨੀ ਸੈਂਡਰਸ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਡੈਮੋਕਰੈਟਿਕ ਪਾਰਟੀ ਨੂੰ ਖੱਬੀ ਧਿਰ ਵੱਲ ਖਿਸਕਾਉਣ ਅਤੇ ਨਸਲੀ ਘੱਟਗਿਣਤੀਆਂ ਤੇ ਗੋਰੇ ਵੋਟਰਾਂ ਦੀ ਉਸ ਯੁਵਾ ਪੀੜ੍ਹੀ ਦੀ ਹਮਾਇਤ ਹਾਸਲ ਕਰਨ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਜੋ ਘੱਟੋਘੱਟ ਉਜਰਤ, ਸਰਬਵਿਆਪੀ ਸਿਹਤ ਸੁਵਿਧਾਵਾਂ, ਜਲਵਾਯੂ ਸੰਕਟ ਅਤੇ ਆਰਥਿਕ, ਲਿੰਗਕ ਤੇ ਨਸਲੀ ਨਾਬਰਾਬਰੀਆਂ ਘਟਾਉਣ ਬਾਰੇ ਅਗਾਂਹਵਧੂ ਸਮਤਾਵਾਦੀ ਨਜ਼ਰੀਏ ਦੀ ਹਮਾਇਤ ਕਰਦੀ ਹੈ। ਪ੍ਰਤੀਨਿਧ ਸਭਾ ਵਿਚ ਚੁਣੇ ਗਏ ਬਹੁਤ ਸਾਰੇ ਅਗਾਂਹਵਧੂ ਮੈਂਬਰਾਂ ਵਿਚ ਨਿਊ ਯਾਰਕ ਤੋਂ ਅਲੈਗਜ਼ੈਂਡਰੀਆ ਓਕੇਸੀਓ ਕਾਰਟੇਜ਼ ਤੇ ਜਮਾਲ ਬੋਅਮੈਨ, ਮਿਨੇਸੋਟਾ ਤੋਂ ਇਲਹਾਨ ਉਮਰ, ਮੈਸਾਚੁਸੈਟਸ ਤੋਂ ਅਯਾਨਾ ਪ੍ਰੈਸਲੀ, ਮਿਸ਼ੀਗਨ ਤੋਂ ਰਾਸ਼ਿਦਾ ਤਲੇਬ, ਵਾਸ਼ਿੰਗਟਨ ਤੋਂ ਪ੍ਰਮਿਲਾ ਜਯਾਪਾਲ, ਵਿਸਕੌਨਸਿਨ ਤੋਂ ਮਾਰਕ ਪੋਕਾਨ ਅਤੇ ਮਿਸੂਰੀ ਤੋਂ ਕੋਰੀ ਬੁਸ਼ ਸ਼ਾਮਲ ਹਨ।
ਇਸ ਕਿਸਮ ਦੀ ਪ੍ਰਤਿਭਾ ਤੇ ਵੰਨ-ਸੁਵੰਨਤਾ ਸਦਕਾ ਡੈਮੋਕਰੈਟ ਜੌਰਜੀਆ ਵਿਚ ਸੈਨੇਟ ਦੀਆਂ ਦੋ ਸੀਟਾਂ ਲਈ 5 ਜਨਵਰੀ ਨੂੰ ਮੁੜ ਹੋਣ ਵਾਲੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਦੇ ਯੋਗ ਬਣ ਸਕਦੇ ਹਨ ਤੇ ਇਨ੍ਹਾਂ ਜਿੱਤਾਂ ਨਾਲ ਸੈਨੇਟ ਵਿਚ ਵੀ ਡੈਮੋਕਰੈਟਾਂ ਨੂੰ ਕੰਮ ਚਲਾਊ ਵਾਧਾ ਹਾਸਲ ਹੋ ਜਾਵੇਗਾ ਚੂੰਕਿ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਆਪਣੀ ਫ਼ੈਸਲਾਕੁਨ ਵੋਟ ਦਾ ਇਸਤੇਮਾਲ ਕਰ ਸਕਣਗੇ। ਲਿਹਾਜ਼ਾ, ਇਸ ਗੱਲ ਦੇ ਕਾਫ਼ੀ ਆਸਾਰ ਹਨ ਕਿ ਜੋਅ ਬਾਇਡਨ ਦੀ ਸਦਰੀਅਤ ਅਮਰੀਕੀ ਰਾਜਸੀ ਇਤਿਹਾਸ ਦੀ ਸਭ ਤੋਂ ਅਗਾਂਹਵਧੂ ਸਦਰੀਅਤ ਅਤੇ ਇਹ ਆਲਮੀ ਰਾਜਸੀ ਨਿਜ਼ਾਮ ਲਈ ਕੋਈ ਮਾਮੂਲੀ ਨਹੀਂ ਸਗੋਂ ਇਕ ਵੱਡਾ ਫੇਰਬਦਲ ਸਾਬਤ ਹੋ ਸਕਦੀ ਹੈ।
'ਵਿਜ਼ਿਟਿੰਗ ਸਕਾਲਰ, ਵੁਲਫਸਨ ਕਾਲਜ, ਔਕਸਫੋਰਡ ਯੂਨੀਵਰਸਿਟੀ (ਯੂਕੇ)
ਸੰਪਰਕ : 00 44 7922 657957