ਲਵ ਜਹਾਦ ਦੇ ਬਹਾਨੇ ... - ਡਾ. ਅਰੁਣ ਮਿਤਰਾ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦੇ ਬਿਆਨ ਕਿ ਉਹ ਲਵ ਜਹਾਦ ਬਾਰੇ ਕਾਨੂੰਨ ਬਣਾਉਣਗੇ, ਕੋਈ ਹੈਰਾਨੀ ਵਾਲੀ ਗੱਲ ਨਹੀਂ। ਹਰਿਆਣਾ ਦੇ ਮੰਤਰੀ ਅਨਿਲ ਵਿਜ ਤਾਂ ਇਸ ਤੋਂ ਵੀ ਅੱਗੇ ਟੱਪ ਗਏ। ਉਨ੍ਹਾਂ ਨੇ ਕਿਹਾ ਕਿ ਉਹ ਕਾਨੂੰਨ ਤਾਂ ਬਣਾਉਣਗੇ ਹੀ, ਪਰ ਜਦੋਂ ਤੋਂ ਹਰਿਆਣਾ ਬਣਿਆ ਹੈ, ਇਸ ਕਿਸਮ ਦੇ ਸਾਰੇ ਕੇਸਾਂ ਦੀ ਜਾਂਚ ਕਰਨਗੇ। ਇਸਤਰੀ, ਪੁਰਸ਼ ਦਾ ਆਪਣੇ ਜੀਵਨ ਸਾਥੀ ਦੀ ਚੋਣ ਕਰਨਾ, ਉਸ ਨੂੰ ਪਸੰਦ ਕਰਨਾ, ਉਸ ਨਾਲ ਪ੍ਰੇਮ ਕਰਨਾ ਤੇ ਵਿਆਹ ਕਰਨਾ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਸਾਡਾ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜੇ ਬੱਚੇ ਕਾਨੂੰਨੀ ਤੌਰ 'ਤੇ ਮਿੱਥੀ ਗਈ ਵਿਆਹ ਲਈ ਉਮਰ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਹੱਕ ਹੈ ਕਿ ਉਹ ਕਿਸੇ ਨਾਲ ਵੀ ਵਿਆਹ ਕਰਾ ਸਕਦੇ ਹਨ। ਜੇ ਤੁਸੀਂ ਕਿਸੇ ਧਾਰਮਿਕ ਰੀਤੀ ਰਿਵਾਜ ਰਾਹੀਂ ਵਿਆਹ ਕਰਵਾਉਣਾ ਹੈ ਤਾਂ ਇਕ ਪੱਖ ਨੂੰ ਦੂਸਰੇ ਪੱਖ ਦਾ ਧਰਮ ਅਪਨਾਉਣਾ ਪੈਂਦਾ ਹੈ ਕਿਉਂਕਿ ਧਾਰਮਿਕ ਵਿਆਹ ਕੇਵਲ ਉਸੇ ਧਰਮ ਦੇ ਲੋਕਾਂ ਵਿਚ ਹੀ ਹੋ ਸਕਦੇ ਹਨ ਜੋ ਉਸ ਧਰਮ ਨੂੰ ਮੰਨਦੇ ਹਨ। ਪਰ ਜਿਵੇਂ ਜਿਵੇਂ ਸਮਾਜ ਬਦਲ ਰਿਹਾ ਹੈ ਉਵੇਂ ਉਵੇਂ ਲੋਕ ਸੰਕੀਰਣ ਸੋਚ ਨੂੰ ਛੱਡ ਕੇ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਰਹੇ ਹਨ।
ਇਸ ਗੱਲ ਨੂੰ ਸਾਹਮਣੇ ਰੱਖ ਕੇ ਸਾਡੇ ਦੇਸ਼ ਨੇ 1954 ਵਿਚ ਇਕ ਕਾਨੂੰਨ, ਸਪੈਸ਼ਲ ਮੈਰਿਜ ਐਕਟ ਬਣਾਇਆ ਸੀ। ਇਸ ਅਧੀਨ ਇਸ ਗੱਲ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਜੇ ਕਾਨੂੰਨੀ ਤੌਰ 'ਤੇ ਮਿੱਥੀ ਉਮਰ ਹੋ ਜਾਣ ਤੋਂ ਬਾਅਦ ਲੜਕਾ ਲੜਕੀ ਵਿਆਹ ਕਰਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਦਾ ਧਰਮ ਅਲੱਗ ਹੈ ਤਾਂ ਵੀ ਉਹ ਵਿਆਹ ਕਰਵਾ ਸਕਦੇ ਹਨ ਤੇ ਉਨ੍ਹਾਂ ਨੂੰ ਦੂਸਰੇ ਵਿਅਕਤੀ ਦਾ ਧਰਮ ਅਪਣਾਉਣਾ ਕੋਈ ਜ਼ਰੂਰੀ ਨਹੀਂ ਹੈ ਤੇ ਉਨ੍ਹਾਂ ਦਾ ਵਿਆਹ ਸਪੈਸ਼ਲ ਮੈਰਿਜ ਐਕਟ ਅਧੀਨ ਰਜਿਸਟਰ ਹੋਵੇਗਾ। ਵਿਆਹ ਤੋਂ ਬਾਅਦ ਵੀ ਦੋਵੇਂ ਆਪਣੇ ਆਪਣੇ ਧਰਮ ਦੀ ਪਾਲਣਾ ਕਰ ਸਕਦੇ ਹਨ। ਇਹ ਅਗਾਂਹਵਧੂ ਕਦਮ ਹੈ ਜਿਸ ਨੇ ਸਮਾਜ ਦੀਆਂ ਸੰਕੀਰਣ ਦੀਵਾਰਾਂ ਨੂੰ ਤੋੜਿਆ ਹੈ। ਇਹ ਗੱਲ ਠੀਕ ਹੈ ਕਿ ਇਸ ਵਿਚ ਵੀ ਕਈ ਕਮੀਆਂ ਹਨ ਕਿਉਂਕਿ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ ਤੇ ਫੇਰ ਉੱਥੇ ਗਵਾਹ ਪੇਸ਼ ਕਰਨੇ ਪੈਂਦੇ ਹਨ ਜਿਸ ਨਾਲ ਕਈ ਵਾਰ ਮੁਸ਼ਕਿਲਾਂ ਆਉਂਦੀਆਂ ਹਨ, ਪਰ ਮੋਟੇ ਤੌਰ 'ਤੇ ਇਹ ਅਗਾਂਹਵਧੂ ਕਦਮ ਹੈ।
ਆਰਐੱਸਐੱਸ ਦੇ ਪ੍ਰਮੁੱਖ ਮੋਹਨ ਭਾਗਵਤ ਵੱਲੋਂ ਇੰਦੌਰ ਵਿਖੇ 6 ਜਨਵਰੀ 2013 ਨੂੰ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਸੀ ਕਿ ਵਿਆਹ ਇਸਤਰੀ ਅਤੇ ਪੁਰਸ਼ ਵਿਚ ਇਕ ਸਮਝੌਤਾ ਹੈ ਜਿਸ ਦੀ ਸ਼ਰਤ ਹੈ ਕਿ ਔਰਤ ਪੁਰਸ਼ ਨੂੰ ਸੁਖ ਦੇਵੇ ਤੇ ਪੁਰਸ਼ ਉਸ ਨੂੰ ਕਮਾ ਕੇ ਧੰਨ। ਮਤਲਬ ਇਹ ਕਿ ਔਰਤ ਦਾ ਕੰਮ ਪੁਰਸ਼ ਨੂੰ ਸੁਖ ਦੇਣਾ ਹੈ, ਜਦੋਂ ਕਿ ਅੱਜ ਔਰਤਾਂ ਬਰਾਬਰ ਦੇ ਕੰਮ ਹੀ ਨਹੀਂ ਬਲਕਿ ਕਈ ਖੇਤਰਾਂ ਵਿਚ ਤਾਂ ਪੁਰਸ਼ਾਂ ਨਾਲੋਂ ਕਿਤੇ ਅੱਗੇ ਲੰਘ ਗਈਆਂ ਹਨ। ਉਨ੍ਹਾਂ ਨੇ ਅੱਗੇ ਆਪਣੇ ਬਿਆਨ ਵਿਚ ਇਹ ਵੀ ਗੱਲ ਕਹੀ ਹੈ ਕਿ ਉਹੀ ਵਿਆਹ ਸਫ਼ਲ ਰਹਿੰਦਾ ਹੈ ਜਿੱਥੇ ਔਰਤ ਘਰ ਦਾ ਕੰਮ ਦੇਖਦੀ ਹੈ ਤੇ ਮਰਦ ਬਾਹਰ ਦੇ ਕੰਮ ਦੇਖਦਾ ਹੈ। ਇਹ ਅਤਿ ਦੀ ਪਿਛਾਂਹ ਖਿੱਚੂ ਸੋਚ ਹੈ ਜੋ ਔਰਤ ਨੂੰ ਕੇਵਲ ਇਕ ਵਸਤੂ ਦੇ ਤੌਰ 'ਤੇ ਮਰਦ ਨੂੰ ਸੁਖ ਪ੍ਰਦਾਨ ਕਰਨ ਵਾਲੀ ਬਣਾ ਕੇ ਰੱਖਣਾ ਚਾਹੁੰਦੀ ਹੈ।
ਜਦੋਂ ਇਹ ਲੋਕ ਲਵ ਜਹਾਦ ਦੀ ਗੱਲ ਕਰਦੇ ਹਨ ਤਾਂ ਉਹ ਇਹ ਜਾਣ ਕੇ ਅੱਗ ਬਬੂਲਾ ਹੋ ਜਾਂਦੇ ਹਨ ਕਿ ਲੜਕੀ ਹਿੰਦੂ ਹੈ ਤੇ ਲੜਕਾ ਮੁਸਲਮਾਨ ਹੈ। ਇਨ੍ਹਾਂ ਦੀ ਸੋਚ ਮੁਤਾਬਕ ਵੰਸ਼ ਪੁਰਸ਼ ਨਾਲ ਚੱਲਦਾ ਹੈ, ਕਿਉਂਕਿ ਸਾਡਾ ਸਮਾਜ ਪਿੱਤਰੀ ਪ੍ਰਧਾਨ ਹੈ। ਪਰ ਜੇ ਇਸ ਦੇ ਉਲਟ ਲੜਕੀ ਮੁਸਲਮਾਨ ਹੈ ਅਤੇ ਲੜਕਾ ਹਿੰਦੂ ਹੈ ਤਾਂ ਇਨ੍ਹਾਂ ਨੂੰ ਲਵ ਜੇਹਾਦ ਦੀ ਕੋਈ ਫ਼ਿਕਰ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਆਗੂਆਂ ਦੇ ਬੱਚਿਆਂ ਦੇ ਵਿਆਹ ਅੰਤਰ ਧਰਮ ਹੋਏ ਹਨ। ਉਸ ਬਾਰੇ ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੈ। ਇਹ ਸੌੜੀ ਵਿਚਾਰਧਾਰਾ ਕੇਵਲ ਆਮ ਜਨਤਾ 'ਤੇ ਲਾਗੂ ਕਰਨ ਲਈ ਹੈ। ਯੋਗੀ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਹੈ ਕਿ ਜੋ ਲਵ ਜਹਾਦ ਕਰਨਗੇ ਉਨ੍ਹਾਂ ਦਾ ਰਾਮ ਨਾਮ ਸੱਤ ਕਰ ਦਿੱਤਾ ਜਾਏਗਾ, ਭਾਵ ਜਾਨੋ ਮਾਰ ਦਿੱਤਾ ਜਾਏਗਾ।
ਇਸ ਕਿਸਮ ਦੀ ਸੋਚ ਵਾਲੇ ਨਾ ਸਿਰਫ਼ ਅੰਤਰ ਧਰਮ ਬਲਕਿ ਅੰਤਰ ਜਾਤੀ ਵਿਆਹ ਦੇ ਵੀ ਵਿਰੁੱਧ ਹਨ। ਆਰਐੱਸਐੱਸ ਵੱਲੋਂ ਇਸ ਕਿਸਮ ਦੀ ਮਾਨਸਿਕਤਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਦੂਸਰੇ ਕਈ ਦੇਸ਼ਾਂ ਵਿਚ ਵੀ ਇਸ ਕਿਸਮ ਦੇ ਅੰਤਰ ਧਰਮ ਵਿਆਹ 'ਤੇ ਪਾਬੰਦੀ ਹੈ। ਹਿਟਲਰ ਦੇ ਜ਼ਮਾਨੇ ਵਿਚ ਜਰਮਨੀ ਵਿਚ ਇਸਾਈਆਂ ਤੇ ਯਹੂਦੀਆਂ ਵਿਚ ਵਿਆਹ 'ਤੇ ਪਾਬੰਦੀ ਲਾ ਦਿੱਤੀ ਸੀ। ਇਹ ਲੋਕ ਉੱਸੇ ਸੋਚ ਦੇ ਪ੍ਰਣਾਏ ਹੋਏ ਹਨ। ਆਰਐੱਸਐੱਸ ਦੇ ਪ੍ਰਮੁੱਖ ਵਿਚਾਰਕ ਗੋਲਵਲਕਰ ਨੇ ਹਿਟਲਰ ਦੀ ਤਾਰੀਫ਼ ਵਿਚ ਲਿਖਿਆ ਹੈ ਕਿ ਸਾਨੂੰ ਹਿਟਲਰ ਤੋਂ ਸਿੱਖਣਾ ਚਾਹੀਦਾ ਹੈ ਜਿਸਨੇ ਜਰਮਨ ਸਮਾਜ ਦੀ ਯਹੂਦੀਆਂ ਖਿਲਾਫ਼ ਫੈਸਲੇ ਲੈ ਕੇ ਸਫ਼ਾਈ ਕੀਤੀ ਤੇ ਜਰਮਨੀ ਨੂੰ ਉੱਚਾ ਲੈ ਕੇ ਗਏ। ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ ਇਸ ਕਿਸਮ ਦੀਆਂ ਗੱਲਾਂ ਵਧ ਗਈਆਂ ਹਨ। ਘੱਟ ਗਿਣਤੀਆਂ ਉੱਪਰ ਅੱਤਿਆਚਾਰ ਵਧ ਗਏ ਹਨ। ਬਿਨਾਂ ਕਿਸੇ ਸਬੂਤ ਦੇ ਡਾ. ਕਫੀਲ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਤੇ ਬਾਅਦ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਖਿਲਾਫ਼ ਕੋਈ ਕੇਸ ਨਹੀਂ ਬਣਦਾ। ਅਨੇਕਾਂ ਥਾਵਾਂ 'ਤੇ ਭੀੜ ਵੱਲੋਂ ਬਿਨਾਂ ਵਜ੍ਹਾ ਕਤਲ ਕਰਵਾਏ ਗਏ। ਇਸ ਸੰਕੀਰਣ ਸੋਚ ਨੂੰ ਬਦਲਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਸੰਪਰਕ : 94170-00360