ਦਰਦ - ਨਿਰਮਲ ਸਿੰਘ ਕੰਧਾਲਵੀ
ਸ਼੍ਰੀਮਤੀ ਜੀ ਨੇ ਰਸੋਈ ‘ਚੋਂ ਆਵਾਜ਼ ਮਾਰੀ, “ ਮਖਿਆ ਜੀ ਰੋਟੀ ਬਣ ਗਈ ਆ, ਖਾ ਲਉ ਆ ਕੇ।” ਰੋਟੀ ਥਾਲ਼ੀ ‘ਚ ਪਾਉਂਦਿਆਂ ਉਹ ਬੋਲੀ, “ ਮਖਿਆ ਜੀ, ਚਮਚਾ ਕੁ ਦੇਸੀ ਘਿਉ ਪਾ ਦਿਆਂ ਦਾਲ਼ ‘ਚ, ‘ਮਰੀਕਾ ਦੇ ਡਾਕਟਰਾਂ ਨੇ ਕਿਹੈ ਬਈ ਹਰੇਕ ਬੰਦੇ ਨੂੰ ਚਮਚਾ ਕੁ ਦੇਸੀ ਘਿਉ ਜ਼ਰੂਰ ਖਾਣਾ ਚਾਹੀਦੈ ਰੋਜ਼। ਉਹਨੀਂ ਤਾਂ ਇਹ ਬੀ ਆਖਿਐ ਬਈ ਉਹ ਤਾਂ ਐਵੇਂ ਹੀ ਦੇਸੀ ਘਿਉ ਨੂੰ ਭੰਡਦੇ ਰਹੇ ਏਨੇ ਸਾਲ, ਪੁਆੜਿਆਂ ਦੀ ਜੜ੍ਹ ਤਾਂ ਚਿੱਟੀ ਖੰਡ ਐ।” ਸ਼੍ਰੀਮਤੀ ਪੂਰੀ ਡਾਇਟੀਸ਼ਨ ਦੇ ਰੂਪ ‘ਚ ਗਿਆਨ ਦਾ ਘੋਟਾ ਫੇਰ ਰਹੀ ਸੀ।
ਮੈਂ ਕਿਹਾ, “ ਇਕ ਦੀ ਬਜਾਇ ਦੋ ਪਾ ਦੇ ਭਾਵੇਂ, ਡਾਕਟਰਾਂ ਦਾ ਆਖਿਆ ਥੋੜ੍ਹੀ ਮੋੜਨਾ, ਇਹ ਡਾਕਟਰ ਵੀ ਤੀਜੇ ਕੁ ਦਿਨ ਘਤਿੱਤਾਂ ਕੱਢਦੇ ਰਹਿੰਦੇ ਆ, ਕਦੇ ਕਹਿੰਦੇ ਆ ਆਹ ਚੀਜ਼ ਖਾਉ, ਕਦੇ ਕਹਿੰਦੇ ਆ ਚੀਜ਼ ਨਾ ਖਾਉ।”
ਰੋਟੀ ਖਾ ਕੇ ਮੈਂ ਥੋੜ੍ਹੀ ਦੇਰ ਆਰਾਮ ਕਰਨ ਲਈ ਆਰਾਮ ਕੁਰਸੀ ‘ਤੇ ਅੱਧਲੇਟਾ ਜਿਹਾ ਹੋ ਗਿਆ। ਕੁਰਸੀ ਖਿੜਕੀ ਦੇ ਕੋਲ਼ ਸੀ ਤੇ ਅੱਜ ਕਈ ਦਿਨਾਂ ਬਾਅਦ ਧੁੱਪ ਵੀ ਸੋਹਣੀ ਨਿੱਕਲੀ ਸੀ, ਆਮ ਤੌਰ ‘ਤੇ ਤਾਂ ਵਲੈਤ ਵਿਚ ਧੁੱਪ ਦੇ ਦਰਸ਼ਨ ਵੀ ਗਰੁੜ ਭਗਵਾਨ ਵਾਂਗ ਦੁਰਲੱਭ ਹੀ ਹੁੰਦੇ ਹਨ । ਖਿੜਕੀ ਦੇ ਸ਼ੀਸ਼ਿਆਂ ਰਾਹੀਂ ਅੰਦਰ ਆਉਂਦੀ ਕੋਸੀ ਕੋਸੀ ਧੁੱਪ ਨੇ ਲਾਊਂਜ ਚੰਗੀ ਖਾਸੀ ਨਿੱਘੀ ਕਰ ਦਿੱਤੀ ਸੀ।
ਅਖ਼ਬਾਰ ‘ਚ ਮਾਂ-ਬੋਲੀ ਬਾਰੇ ਇਕ ਲੇਖ ਛਪਿਆ ਹੋਇਆ ਸੀ, ਮੈਂ ਉਸ ਨੂੰ ਪੜ੍ਹਨ ਲੱਗ ਪਿਆ। ਪਤਾ ਨਹੀਂ ਦੇਸੀ ਘਿਉ ਦੀ ਘੂਕੀ ਸੀ ਜਾਂ ਨਿੱਘ ਦਾ ਅਸਰ ਸੀ, ਲੇਖ ਪੜ੍ਹਦਿਆਂ ਪੜ੍ਹਦਿਆਂ ਹੀ ਨੀਂਦ ਰਾਣੀ ਨੇ ਮੈਨੂੰ ਆਪਣੀ ਗੋਦ ਵਿਚ ਲੈ ਲਿਆ ਤੇ ਸੁਪਨ ਸੰਸਾਰ ਨੇ ਆਪਣੀ ਰੀਲ੍ਹ ਚਲਾ ਦਿਤੀ। ਸੁਪਨੇ ‘ਚ ਦੇਖਿਆ ਕਿ ਮੇਰੀਆਂ ਅੱਖਾਂ ਤਾਂ ਬੰਦ ਸਨ ਪਰ ਮੈਂ ਫਿਰ ਵੀ ਤੁਰਿਆ ਜਾ ਰਿਹਾ ਸਾਂ। ਤੁਰੇ ਜਾਂਦਿਆਂ ਠੇਡਾ ਵੱਜਿਆ ਤੇ ਮੇਰੀ ਅੱਖ ਖੁੱਲ੍ਹ ਗਈ ਤਾਂ ਦੇਖਿਆ ਕਿ ਕਾਲੇ-ਕਲੂਟੇ, ਉੱਚੇ ਲੰਮੇ ਦੋ ਬੰਦੇ, ਜਿਹਨਾਂ ਨੇ ਕਾਲ਼ੀਆਂ ਵਰਦੀਆਂ ਪਾਈਆਂ ਹੋਈਆਂ ਸਨ, ਮੈਨੂੰ ਆਪਣੇ ਨਾਲ ਤੋਰ ਕੇ ਲਿਜਾ ਰਹੇ ਸਨ। ਮੈਨੂੰ ਸਮਝਣ ‘ਚ ਦੇਰ ਨਾ ਲੱਗੀ ਕਿ ਇਹ ਤਾਂ ਉਹੋ ਹੀ ਜਮਦੂਤ ਸਨ ਜਿਹਨਾਂ ਨੂੰ ਕਥਾ ਕਹਾਣੀਆਂ ‘ਚ ਬਚਪਨ ਤੋਂ ਸੁਣਦੇ ਪੜ੍ਹਦੇ ਆਏ ਸਾਂ ਤੇ ਅੱਜ ਮੈਂ ਉਹਨਾਂ ਦੇ ਵੱਸ ਪੈ ਗਿਆ ਸਾਂ। ਓ ਮੇਰਿਆ ਰੱਬਾ! ਐਹ ਕੀ ਭਾਣਾ ਵਰਤ ਗਿਆ, ਕੀ ਮੈਂ ਮਰ ਗਿਆ ਸਾਂ? ਹੁਣ ਮੇਰਾ ਕੀ ਹੋਵੇਗਾ? ਮੇਰਾ ਸਾਰਾ ਸਰੀਰ ਕੰਬ ਗਿਆ।
ਉਹ ਦੋਵੇਂ ਆਪਣੀ ਭਾਸ਼ਾ ‘ਚ ਗੱਲਾਂ ਕਰਦੇ ਜਾ ਰਹੇ ਸਨ, ਜਿਸ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈ ਰਹੀ। ਮੈਂ ਸੋਚਿਆ ਕਿ ਜੇ ਉਹ ਮੇਰੀ ਗੱਲ ਨਾ ਵੀ ਸਮਝੇ ਤਾਂ ਘੱਟੋ ਘੱਟ ਮੈਨੂੰ ਇਸ਼ਾਰਿਆਂ ਨਾਲ਼ ਤਾਂ ਕੁਝ ਦੱਸਣਗੇ ਹੀ। ਸੋ ਹੌਸਲਾ ਕਰ ਕੇ ਮੈਂ ਪੁੱਛ ਹੀ ਲਿਆ ਕਿ ਉਹ ਮੈਨੂੰ ਕਿੱਥੇ ਲੈ ਕੇ ਜਾ ਰਹੇ ਸਨ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਇਕ ਜਮਦੂਤ ਨੇ ਠੇਠ ਪੰਜਾਬੀ ਬੋਲਦਿਆਂ ਕਿਹਾ,” ਪ੍ਰਾਣੀ, ਤੇਰੀ ਅਉਧ ਪੁੱਗ ਚੁੱਕੀ ਐ ਤੇ ਅਸੀਂ ਯਮਰਾਜ ਜੀ ਦੇ ਹੁਕਮਾਂ ਅਨੁਸਾਰ ਯਮਲੋਕ ਨੂੰ ਲਿਜਾ ਰਹੇ ਹਾਂ ਤੈਨੂੰ।”
“ ਪਰ ਮੈਂ ਤਾਂ ਘਰੇ ਸੁੱਤਾ ਹੋਇਆ ਸਾਂ, ਤੁਸੀਂ ਸੁੱਤੇ ਪਏ ਨੂੰ ਹੀ ਚੁੱਕ ਲਿਆਏ,” ਮੈਂ ਰੋਸ ਪ੍ਰਗਟਾਇਆ।
“ ਪ੍ਰਾਣੀ, ਇਹਦੇ ‘ਚ ਸਾਡਾ ਕੋਈ ਦੋਸ਼ ਨਹੀਂ, ਅਸੀਂ ਤਾਂ ਯਮਰਾਜ ਜੀ ਦੇ ਹੁਕਮ ਮੁਤਾਬਕ ਹੀ ਕੰਮ ਕਰਦੇ ਹਾਂ, ਸਾਨੂੰ ਦਿੱਤੀ ਗਈ ਲਿਸਟ ‘ਤੇ ਤੇਰਾ ਨਾਮ, ਪਤਾ ਅਤੇ ਤੇਰੀ ਕੁੱਲ ਉਮਰ ਮਿੰਟਾਂ ਸਕਿੰਟਾਂ ਤੱਕ ਲਿਖੀ ਹੋਈ ਐ, ਜੇ ਤੂੰ ਦੇਖਣੀ ਚਾਹੇਂ ਤਾਂ ਦੇਖ ਸਕਦਾ ਹੈਂ। ਤੂੰ ਜ਼ਰੂਰ ਕਦੀ ਸੁਣਿਆਂ ਹੋਵੇਗਾ ਕਿ ਫਲਾਣਾ ਬੰਦਾ ਰੋਟੀ ਖਾਂਦਿਆਂ ਖਾਂਦਿਆਂ ਹੀ ਪੂਰਾ ਹੋ ਗਿਆ ਤੇ ਕੋਈ ਗੱਲਾਂ ਕਰਦਾ ਕਰਦਾ ਚਲ ਵਸਿਆ। ਸਾਡੀ ਵੀ ਮਜਬੂਰੀ ਐ, ਸਾਨੂੰ ਬੰਦਾ ਲਿਆਉਣਾ ਹੀ ਪੈਂਦਾ ਹੈ ਨੌਕਰੀ ਜੁ ਹੋਈ । ਪ੍ਰਾਣੀ, ਇੱਥੇ ਇਕ ਸਕਿੰਟ ਵੀ ਇਧਰ ਉੱਧਰ ਨਹੀਂ ਹੋ ਸਕਦਾ। ਜਿੰਨੀ ਕਿਸੇ ਦੀ ਲਿਖੀ ਹੋਈ ਹੁੰਦੀ ਹੈ ਉਸੇ ਅਨੁਸਾਰ ਉਸ ਨੂੰ ਵਾਪਸ ਮੁੜਨਾ ਪੈਂਦਾ ਹੈ। ਤੁਹਾਡੇ ਤਾਂ ਇਕ ਗ੍ਰੰਥ ਵਿਚ ਵੀ ਲਿਖਿਆ ਹੋਇਆ ਹੈ, ‘ ਮਰਣੁ ਲਿਖਾਇ ਮੰਡਲ ਮਹਿ ਆਏ’। ਪ੍ਰਾਣੀ, ਸਾਡੀ ਈਸ਼ਵਰੀ ਦੁਨੀਆ ਹੈ, ਤੁਹਾਡੀ ਦੁਨੀਆ ਵਾਂਗ ਥੋੜ੍ਹੀ ਐ ਜਿੱਥੇ ਰਿਸ਼ਵਤਾਂ ਦੇ ਕੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾਂਦੈ।”
“ ਪਰ ਜਮਦੂਤ ਜੀ, ਇਕ ਗੱਲ ਦੱਸੋ ਕਿ ਹੁਣੇ ਤਾਂ ਤੁਸੀਂ ਆਪਣੀ ਕਿਸੇ ਭਾਸ਼ਾ ‘ਚ ਗੱਲ ਬਾਤ ਕਰ ਰਹੇ ਸੀ, ਜਿਸ ਦਾ ਇਕ ਅੱਖਰ ਵੀ ਮੇਰੇ ਖਾਨੇ ਨਹੀਂ ਪਿਆ ਪਰ ਹੁਣ ਤੁਸੀਂ ਪੂਰੀ ਠੇਠ ਪੰਜਾਬੀ ਮੇਰੇ ਨਾਲ ਬੋਲਦੇ ਪਏ ਓ, ਇਹ ਕੀ ਚੱਕਰ ਐ, ਯਾਰ,” ਮੈਂ ਥੋੜ੍ਹਾ ਖੁੱਲ੍ਹਦਿਆਂ ਹੌਸਲਾ ਕਰ ਕੇ ਪੁੱਛ ਹੀ ਲਿਆ।
“ ਪ੍ਰਾਣੀ, ਅਸੀਂ ਆਪਣੀ ਮਾਤ-ਭਾਸ਼ਾ ‘ਚ ਗੱਲਾਂ ਕਰ ਰਹੇ ਸਾਂ, ਉਂਜ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਸਾਨੂੰ ਸਿਖਾਈਆਂ ਗਈਆਂ ਸਨ ਭਰਤੀ ਹੋਣ ਤੋਂ ਬਾਅਦ,” ਜਮਦੂਤ ਨੇ ਦੱਸਿਆ।
“ ਭਰਤੀ ਹੋਣ ਤੋਂ ਬਾਅਦ? ਜਮਦੂਤ ਜੀ ਮੈਂ ਸਮਝਿਆ ਨਹੀਂ,” ਮੈਂ ਹੈਰਾਨ ਹੋ ਕੇ ਕਿਹਾ
“ ਹੇ ਪ੍ਰਾਣੀ, ਅਸੀਂ ਦੋਵੇਂ ਹਮ-ਉਮਰ ਚਚੇਰੇ ਭਰਾ ਹਾਂ, ਅਸੀਂ ਇਕੱਠਿਆਂ ਨੇ ਡਿਗਰੀਆਂ ਕੀਤੀਆਂ ਤੇ ਲੱਗੇ ਨੌਕਰੀ ਦੀ ਤਲਾਸ਼ ਕਰਨ। ਇਕ ਦਿਨ ਅਸੀਂ ਅਖ਼ਬਾਰ ‘ਚ ਵਾਈ. ਪੀ. ਐੱਸ. ਸੀ. ਦਾ ਇਸ਼ਤਿਹਾਰ ਦੇਖਿਆ ਜਿਸ ਵਿਚ ਭਰਤੀ ਲਈ ਡਿਗਰੀ ਹੋਲਡਰ ਮੰਗੇ ਹੋਏ ਸਨ,” ਜਮਦੂਤ ਨੇ ਦੱਸਣਾ ਸ਼ੁਰੂ ਕੀਤਾ।
“ ਪਰ ਜਮਦੂਤ ਜੀ, ਯੂ.ਪੀ.ਐੱਸ.ਸੀ. ਤਾਂ ਸੁਣਿਆਂ ਸੀ ਪਰ ਇਹ ਵਾਈ.ਪੀ.ਐਸ.ਸੀ. ਕੀ ਹੋਇਆ, ਮੈਂ ਸਮਝਿਆ ਨਹੀਂ?” ਮੈਂ ਵਿਚੋਂ ਹੀ ਟੋਕ ਕੇ ਪ੍ਰਸ਼ਨ ਕੀਤਾ।
“ ਪ੍ਰਾਣੀ, ਇਹ ਯਮਰਾਜ ਜੀ ਦਾ ਮਹਿਕਮਾ ਹੈ ਯਾਨੀ ਕਿ ‘ਯਮਰਾਜ ਪਬਲਿਕ ਸਰਵਿਸ ਕਮਿਸ਼ਨ’। ਅਸੀਂ ਅਰਜ਼ੀਆਂ ਦਿੱਤੀਆਂ ਤੇ ਸਾਨੂੰ ਚੁਣ ਲਿਆ ਗਿਆ। ਇੰਟਰਵੀਊ ‘ਤੇ ਸਾਨੂੰ ਪੁੱਛਿਆ ਗਿਆ ਕਿ ਪੜ੍ਹਾਈ ਦੇ ਨਾਲ ਨਾਲ ਹੋਰ ਕੀ ਸ਼ੁਗਲ ਸਨ ਸਾਡੇ। ਜਦੋਂ ਅਸੀਂ ਦੱਸਿਆ ਕਿ ਸਾਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਐ, ਤੇ ਸਕੂਲ ਕਾਲਜ ਦੀਆਂ ਛੁੱਟੀਆਂ ਸਮੇਂ ਵੀ ਅਸੀਂ ਕੁੱਤੇ ਖੱਸੀ ਕਰਨ ਤੁਰੇ ਰਹਿੰਦੇ ਸਾਂ ਤਾਂ ਯਮਰਾਜ ਜੀ ਬੜੇ ਖੁਸ਼ ਹੋਏ ਤੇ ਉਹਨਾਂ ਸਾਨੂੰ ਦੋਨਾਂ ਨੂੰ ਆਰ.ਓ. ਦੀ ਪੋਸਟ ਦੇ ਨਿਯੁਕਤੀ ਪੱਤਰ ਦੇ ਦਿੱਤੇ,” ਜਮਦੂਤ ਨੇ ਆਪਣਾ ਬੈਜ ਦਿਖਾਉਂਦਿਆ ਦੱਸਿਆ।
“ ਜਮਦੂਤ ਜੀ, ਇਹ ਆਰ.ਓ. ਦਾ ਕੀ ਮਤਲਬ ਐ ਜੀ,” ਮੈਂ ਪੁੱਛਿਆ
“ ਆਰ. ਓ. ਯਾਨੀ ਕਿ ‘ਰੀਟਰਨਿੰਗ ਆਫ਼ੀਸਰ’ ਮਤਲਬ ਕਿ ਦੁਨੀਆ ‘ਚ ਭੇਜੇ ਗਏ ਬੰਦਿਆਂ ਨੂੰ ਵਾਪਸ ਲਿਆਉਣ ਵਾਲ਼ਾ ਅਫ਼ਸਰ। ਸਾਡੇ ਘੁੰਮਣ ਫਿਰਨ ਦੇ ਸ਼ੌਕ ਕਰ ਕੇ ਨੌਕਰੀ ਦੇ ਇਕਰਾਰਨਾਮੇ ਵਿਚ ਲਿਖਿਆ ਗਿਆ ਕਿ ਇਸ ਕੰਮ ਲਈ ਸਾਨੂੰ ਦੁਨੀਆਂ ਦੇ ਕਿਸੇ ਹਿੱਸੇ ‘ਚ ਵੀ ਭੇਜਿਆ ਜਾ ਸਕਦਾ ਹੈ।” ਜਮਦੂਤ ਨੇ ਖੁਲਾਸਾ ਕੀਤਾ।
“ ਪਰ ਜਮਦੂਤ ਜੀ, ਫਿਰ ਤੁਸੀਂ ਵੱਖ ਵੱਖ ਦੇਸ਼ਾਂ ‘ਚੋਂ ਬੰਦਿਆਂ ਨੂੰ ਲਿਆਉਣ ਵੇਲੇ ਉਹਨਾਂ ਨਾਲ ਕਿਹੜੀ ਭਾਸ਼ਾ ‘ਚ ਗੱਲ ਕਰਦੇ ਹੋ?” ਮੈਂ ਪ੍ਰਸ਼ਨ ਕੀਤਾ।
“ ਪ੍ਰਾਣੀ, ਇਸ ਕੰਮ ਲਈ ਮਹਿਕਮੇ ਨੇ ਸਾਨੂੰ ਕਈ ਕੋਰਸ ਕਰਵਾਏ। ਹੁਣ ਅਸੀਂ ਕਿਸੇ ਦੇਸ਼ ਵਿਚ ਕੋਈ ਵੀ ਭਾਸ਼ਾ ਬੋਲ ਸਕਦੇ ਹਾਂ। ਸਾਡਾ ਕੰਮ-ਕਾਰ ਹਜ਼ਾਰਾਂ ਭਾਸ਼ਾਵਾਂ ‘ਚ ਹੈ ਪਰ ਅਸੀਂ ਆਪਸ ਵਿਚ ਹਮੇਸ਼ਾ ਆਪਣੀ ਮਾਂ-ਬੋਲੀ ‘ਚ ਹੀ ਗੱਲ ਕਰਦੇ ਹਾਂ ਤੇ ਸੱਚ ਜਦ ਕਦੇ ਅਸੀਂ ਆਪਣੀ ਜੰਮਣ ਭੋਇਂ ਤੋਂ ਵੀ ਕਿਸੇ ਨੂੰ ਲਿਆਉਣਾ ਹੁੰਦਾ ਹੈ ਤਾਂ ਉਸ ਵਿਅਕਤੀ ਨਾਲ ਵੀ ਆਪਣੀ ਮਾਂ-ਬੋਲੀ ‘ਚ ਹੀ ਗੱਲ ਕਰਦੇ ਹਾਂ, ਹਮ ਕੋ ਤੁਮ ਕੋ ਕਰ ਕੇ ਉਸ ‘ਤੇ ਰੋਅਬ ਨਹੀਂ ਝਾੜਦੇ।” ਜਮਦੂਤ ਨੇ ਬੜੇ ਮਾਣ ਨਾਲ ਮੈਨੂੰ ਦੱਸਿਆ।
“ ਮੇਰਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਮੇਰੇ ਲੋਕ ਤਾਂ ਆਪਣੀ ਮਾਂ-ਬੋਲੀ ‘ਚ ਗੱਲ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ। ਤੇ ਇੱਥੇ ਹਜ਼ਾਰਾਂ ਬੋਲੀਆਂ ਦੇ ਗਿਆਤਾ ਜਮਦੂਤ ਵੀ ਆਪਣੀ ਮਾਂ-ਬੋਲੀ ਨੂੰ ਹਿੱਕ ਨਾਲ ਲਾਈ ਫਿਰਦੇ ਹਨ। ਸਾਡੇ ਕਈ ਲੋਕ ਤਾਂ ਇੰਨੇ ਗ਼ਰਕ ਗਏ ਹਨ ਕਿ ਆਪਣੀ ਮਾਂ-ਬੋਲੀ ਨੂੰ ਗੰਵਾਰਾਂ ਦੀ ਭਾਸ਼ਾ ਕਹਿਣ ਤੱਕ ਜਾਂਦੇ ਹਨ। ਪੰਜਾਬੀ ਦਾ ਅਖ਼ਬਾਰ, ਰਿਸਾਲਾ ਪੜ੍ਹਨਾ ਤਾਂ ਦੂਰ, ਉਸ ਨੂੰ ਹੱਥ ਲਾਉਣਾ ਵੀ ਗੁਨਾਹ ਸਮਝਦੇ ਹਨ। ਪੰਜਾਬੀ ਦੀ ਕਿਤਾਬ ‘ਤੇ ਦੁਆਨੀ ਖ਼ਰਚ ਕੇ ਰਾਜ਼ੀ ਨਹੀਂ ਪਰ ਘਰ ਆਏ ਮਹਿਮਾਨ ਨੂੰ ਸ਼ੋਅ-ਕੇਸ ਵਿਚ ਸਜਾਈਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਹੁੱਬ ਹੁੱਬ ਕੇ ਦਿਖਾਉਣਗੇ।”
“ ਪ੍ਰਾਣੀ, ਚੁੱਪ ਹੋ ਗਿਐਂ, ਅਸਾਂ ਕੁਝ ਕਹਿ ਦਿਤੈ?” ਜਮਦੂਤ ਨੇ ਮੈਨੂੰ ਚੁੱਪ ਹੋਇਆ ਦੇਖ ਕੇ ਪੁੱਛਿਆ
ਮੈਂ ਕੀ ਦੱਸਦਾ ਜਮਦੂਤਾਂ ਨੂੰ, ਝੱਗਾ ਚੁੱਕਦਾ ਤਾਂ ਆਪਣਾ ਹੀ ਢਿੱਡ ਨੰਗਾ ਕਰਦਾ, ਮੈਂ ਏਨਾ ਹੀ ਕਹਿ ਸਕਿਆ, “ ਨਹੀਂ, ਨਹੀਂ ਜੀ, ਅਜਿਹੀ ਕੋਈ ਗੱਲ ਨਹੀਂ, ਬਸ ਉਂਜ ਹੀ, ਪਿੱਛੇ ਘਰ ਦੀ ਯਾਦ ਆ ਗਈ ਸੀ,” ਮੈਂ ਝੂਠ ਬੋਲ ਕੇ ਅਸਲੀ ਦਰਦ ਛੁਪਾ ਲਿਆ।
ਗੱਲਾਂ ਗੱਲਾਂ ‘ਚ ਪਤਾ ਹੀ ਨਾ ਲੱਗਾ ਕਦੋਂ ਅਸੀਂ ਇਕ ਵੱਡੇ ਸਾਰੇ ਕਾਲ਼ੇ ਰੰਗ ਦੇ ਦਰਵਾਜ਼ੇ ਕੋਲ਼ ਪਹੁੰਚ ਗਏ। ਇਕ ਜਮਦੂਤ ਨੇ ਅੱਗੇ ਹੋ ਕੇ ਘੰਟੀ ਦਾ ਬਟਣ ਦਬਾਇਆ, ਉੱਧਰ ਜ਼ੋਰ ਜ਼ੋਰ ਦੀ ਟਰਨ ਟਰਨ ਹੋਈ ਤੇ ਇੱਧਰ ਮੈਂ ਅੱਭੜਵਾਹੇ ਉੱਠਿਆ, ਮੇਰੇ ਕੋਲ ਪਏ ਫੋਨ ਦੀ ਘੰਟੀ ਵੱਜ ਰਹੀ ਸੀ।