ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
25 Nov. 2020
ਬਾਦਲ ਦਲ ਦੇ ਨੇਤਾਵਾਂ ਨੇ ਆਗਾਮੀ ਚੋਣਾਂ ਲਈ ਆਪਣੇ ਪੁੱਤਰਾਂ ਲਈ ਹਲਕੇ ਰਾਖਵੇਂ ਕੀਤੇ- ਇਕ ਖ਼ਬਰ
ਅੰਨ੍ਹਾਂ ਵੰਡੇ ਸ਼ੀਰਨੀ..................................
ਬਿਹਾਰ ‘ਚ ਅਪਰਾਧਿਕ ਪਿਛੋਕੜ ਵਾਲੇ 1197 ਉਮੀਦਵਾਰਾਂ ਨੇ ਚੋਣ ਲੜੀ- ਇਕ ਖ਼ਬਰ
ਦੇਸ਼ ਨੂੰ ਵਿਸ਼ਵ ਗੁਰੂ ਵੀ ਤਾਂ ਬਣਾਉਣੈਂ ਬਈ!
ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ- ਇਕ ਖ਼ਬਰ
ਛੜਿਆਂ ਦੇ ਗਈ ਅੱਗ ਨੂੰ, ਉਹਨੀਂ ਚੱਪਣੀ ਵਗਾਹ ਕੇ ਮਾਰੀ।
ਜਥੇਦਾਰ ਖਿਲਾਫ਼ ਗ਼ਲਤ ਟਿੱਪਣੀ ਬਰਦਾਸ਼ਤ ਨਹੀਂ- ਲੌਂਗੋਵਾਲ
ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ ਬੜਾ ਦੁਖ ਲੱਗਿਆ ।
ਬਾਬਾ ਕੁਲਵੰਤ ਸਿੰਘ ਨੇ ਅਕਾਲ ਤਖ਼ਤ ਤੋਂ ਖਿਮਾ ਯਾਚਨਾ ਮੰਗੀ- ਇਕ ਖ਼ਬਰ
ਪਰਿਕਰਮਾ ਦਾ ਚੱਕਰ ਲਾ ਕੇ ਤੂੰ ਵੀ ਚਾਰ ਬਾਟੀਆਂ ਮਾਂਜ ਲਈ ਬਾਬਾ।
ਕਾਂਗਰਸੀ ਆਗੂਆਂ ਨੂੰ ‘ਫਾਈਵ ਸਟਾਰ ਕਲਚਰ’ ਛੱਡਣ ਦੀ ਲੋੜ- ਗੁਲਾਮ ਨਬੀ ਆਜ਼ਾਦ
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਮੋਦੀ ਸਰਕਾਰ ਨੂੰ ਝੁਕਾ ਕੇ ਹੀ ਦਮ ਲਵਾਂਗੇ- ਉਗਰਾਹਾਂ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲ਼ੀਏ।
ਕਿਸਾਨ ਹਿਤੈਸ਼ੀ ਹੈ ਭਾਰਤੀ ਜਨਤਾ ਪਾਰਟੀ- ਜਿਆਣੀ
ਪੈਰੀਂ ਝਾਂਜਰਾਂ ਗਲ਼ੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿੱਤਰਾ।
ਕਾਂਗਰਸ ਦੀ ਅੰਦਰੂਨੀ ਖਿੱਚੋਤਾਣ: ਨਾਰਾਜ਼ ਆਗੂਆਂ ਵਲੋਂ ਵਿਚਾਰਾਂ- ਇਕ ਖ਼ਬਰ
ਸਰਵਣ ਵੀਰ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗਠੜੀ।
ਟਰੰਪ ਨੇ ਚੋਣਾਂ ਵਿਚ ਗੜਬੜੀ ਦੇ ਦੋਸ਼ ਦਾ ਖੰਡਨ ਕਰਨ ਵਾਲੇ ਅਧਿਕਾਰੀ ਨੂੰ ਕੀਤਾ ਬਰਖਾਸਤ-ਇਕ ਖ਼ਬਰ
ਸਹੁਰੀ ਦਿਆ! ਮੇਰੀ ਬਿੱਲੀ ਮੈਨੂੰ ਹੀ ਮਿਆਊਂ।
ਸੂਬਿਆਂ ਦੀ ਮਰਜ਼ੀ ਬਿਗੈਰ ਸੀ.ਬੀ.ਆਈ. ਜਾਂਚ ਨਹੀਂ ਕਰ ਸਕੇਗੀ-ਸੁਪਰੀਮ ਕੋਰਟ
ਦਰਸ਼ਨ ਹੋ ਗਏ ਤੇਰੇ, ਹੁਣ ਤੂੰ ਮੁੜ ਜਾ ਵੇ।
ਪੰਜਾਬ ਭਾਜਪਾ ਆਪਣੇ ਦਮ ਉੱਤੇ ਚੋਣਾਂ ਲੜ ਕੇ ਦੇਖ ਲਵੇ- ਸੁਖਬੀਰ
ਪਰੇ ਹਟ ਜਾ ਬਲਦ ਸਿੰਗ ਮਾਰੂ, ਨੀਂ ਸੋਨੇ ਦੇ ਤਵੀਤ ਵਾਲ਼ੀਏ।
ਐੱਸ.ਜੀ.ਪੀ.ਸੀ. ਨੂੰ ਦਰਪੇਸ਼ ਚੁਣੌਤੀਆਂ ਲਈ ਇਕ ਸਲਾਹਕਾਰ ਕਮੇਟੀ ਬਣਾਈ ਜਾਵੇਗੀ- ਲੌਂਗੋਵਾਲ
ਹੁਣ ਤਾਈਂ ਬਣਾਈਆਂ ਏਨੀਆਂ ਕਮੇਟੀਆਂ ਦਾ ਹਿਸਾਬ ਤਾਂ ਸੰਗਤਾਂ ਨੂੰ ਦੇਵੋ ਪਹਿਲਾਂ।
ਕੇਂਦਰ ਨੇ ਬਿਕਰਮ ਮਜੀਠੀਆ ਤੋਂ ਜ਼ੈੱਡ ਸੁਰੱਖਿਆ ਵਾਪਸ ਲਈ-ਇਕ ਖ਼ਬਰ
ਯਾਰੀ ਲੱਗੀ ‘ਤੇ ਲੁਆ ‘ਤੇ ਤਖ਼ਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।
ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ-ਗਰਗ
ਹੌਲੀ ਹੌਲੀ ਨੱਚ, ਜੰਡਿਆਲਾ ਨੇੜੇ ਈ ਆ।
ਟਰੰਪ ਨੇ ਪਹਿਲਾਂ ਦੇ ਮੁਕਾਬਲੇ ਅਮਰੀਕਾ ਨੂੰ ਹੋਰ ਵੱਧ ਵੰਡਿਆ- ਸਿੱਖ ਆਗੂ
ਸਾਰਾ ਪਿੰਡ ਧੜਿਆਂ ਵਿਚ ਵੰਡ ‘ਤਾ, ਜਦੋਂ ਦੀ ਤੂੰ ਆਈ ਸ਼ੂਕਰੇ।