ਕਿਸਾਨਾਂ ਦੀ ਵੰਗਾਰ - ਅਮਰਜੀਤ ਸਿੰਘ ਸਿੱਧੂ
ਸਾਡੇ ਹੱਕ ਤੂੰ ਖੋਹਣ ਦੀ ਖਾਤਰ, ਲਾ ਰਹੀਂ ਏਂ ਆਪਣਾ ਜੋਰ ਨੀ ਦਿੱਲੀਏ।
ਪਹਿਲਾਂ ਜਰ ਲਿਆ ਜ਼ੁਲਮ ਬਥੇਰਾ, ਹੁਣ ਨਹੀਂ ਜਰਨਾ ਹੋਰ ਨੀ ਦਿੱਲੀਏ।
ਜਦ ਤੂੰ ਮੱਦਦ ਮੰਗੀ ਸਾਥੋਂ, ਤੇ ਨੀਵੀਂ ਹੋ ਵਾਸਤਾ ਪਾਇਆ ਨੀ।
ਜਾਨ ਤਲੀ ਤੇ ਰੱਖ ਕੇ ਅਸੀਂ, ਤੇਰਾ ਹਰ ਬੋਲ ਪੁਗਾਇਆ ਨੀ।
ਜਦ ਵੀ ਹੱਕ ਮੰਗਿਆ ਅਸੀਂ ਤੈਥੋਂ, ਤੂੰ ਬਣ ਗਈ ਆਦਮਖੋਰ ਨੀ ਦਿੱਲੀਏ।
ਪਹਿਲਾਂ ਜਰ ਲਿਆ *******
ਦੇਸ਼ ਦੀ ਆਬਰੂ ਦੇ ਲਈ ਹੱਸ ਅਸੀਂ , ਤੇਰੇ ਬੋਲ ਪੁਗਾਏ ਨੀ,
ਜੇ ਕਿਹਾ ਹੈ ਲੋੜ ਅੰਨ ਦੁੱਧ ਦੀ, ਉਹ ਵਾਧੂ ਕਰ ਵਖਾਏ ਨੀ,
ਰਾਣੀ ਬਣਾਕੇ ਜੱਗ ਵਿਚ ਤੈਨੂੰ , ਹੈ ਤੋਰਿਆ ਮਟਕਣੀ ਤੋਰ ਨੀ ਦਿੱਲੀਏ।
ਪਹਿਲਾਂ ਜਰ ਲਿਆ - - - - - - - - - - - - - -
ਜਬਰ ਜੁਲਮ ਅਸੀਂ ਹੁਣ ਤੱਕ ਤੇਰਾ, ਆਪਣੀ ਜਾਣਕੇ ਜਰਦੇ ਰਹੇ,
ਇੱਜਤ ਤੇਰੀ ਨੂੰ ਮੰਨ ਕੇ ਆਪਣੀ, ਮੂਹਰੇ ਹੋ ਹੋ ਮਰਦੇ ਰਹੇ।
ਮੁੱਲ ਕੁਰਬਾਨੀ ਦਾ ਕੀ ਸੀ ਪਾਉਣਾ, ਤੂੰ ਸਮਝੇਂ ਸਾਨੂੰ ਢੋਰ ਨੀ ਦਿੱਲੀਏ।
ਪਹਿਲਾਂ ਜਰ ਲਿਆ - - - - - - - - - - - - - -
ਮਾਂ ਮਿੱਟੀ ਸਾਡੀ ਨਾਲ ਚਾਲ ਦੇ, ਸਾਥੋਂ ਖੋਹਣਾ ਚਹੁੰਦੀ ਏਂ,
ਸਬਜਬਾਗ ਵਿਖਾ ਗੱਲੀਂ ਬਾਤੀਂ, ਸਾਨੂੰ ਮੋਹਣਾ ਚਹੁੰਦੀ ਏਂ,
ਕਹਿਣੀ, ਕਰਨੀ, ਸੱਚ ਹੈ ਪੱਲੇ, ਦਿਮਾਗੋਂ ਵੀ ਨਹੀਂ ਕਮਜ਼ੋਰ ਨੀ ਦਿੱਲੀਏ।
ਪਹਿਲਾਂ ਜਰ ਲਿਆ - - - - - - - - - - - - - -
ਮਾਂ ਦੀ ਆਬਰੂ ਖਾਤਰ ਹਾਂ ਅਸੀਂ, ਕੱਫਣ ਸਿਰਾਂ ਤੇ ਬੰਨ ਤੁਰੇ,
ਮੌਤ ਦਾ ਸਾਨੂੰ ਡਰ ਨਹੀਂ ਸਿੱਧੂਆ, ਰੁਕਦੇ ਮੰਜਲੋਂ ਨਹੀ ਉਰੇ,
ਹੁਣ ਤਾਈਂ ਸਾਡਾ ਤੂੰ ਪਿਆਰ ਵੇਖਿਆ, ਹੁਣ ਵੇਖ ਲਈਂ ਖੋਰ ਨੀ ਦਿੱਲੀਏ।
ਪਹੀਲਾਂ ਜਰ ਲਿਆ ਜ਼ੁਲਮ ਬਥੇਰਾ, ਹੁਣ ਨਹੀਂ ਜਰਨਾ ਹੋਰ ਨੀ ਦਿੱਲੀਏ।
ਸਾਡੇ ਹੱਕ ਤੂੰ ਖੋਹਣ ਦੀ ਖਾਤਰ, ਲਾ ਰਹੀਂ ਏਂ ਆਪਣਾ ਜੋਰ ਨੀ ਦਿੱਲੀਏ।