ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
08 Dec. 2020
ਅਕਾਲੀ ਦਲ ਦੀ ਸਹਿਮਤੀ ਨਾਲ ਪਾਸ ਹੋਏ ਖੇਤੀ ਕਾਨੂੰਨ-ਜਾਖੜ
ਜਾਖੜ ਸਾਬ, ਕੈਪਟਨ ਤੇ ਮਨਪ੍ਰੀਤ ਸਿੰਘ ਬਾਦਲ ਵੀ ਮੀਟਿੰਗਾਂ ‘ਚ ਜਾਂਦੇ ਰਹੇ ਐ।
ਪੰਜਾਬੀ ਹੋਣ ਦਾ ਫ਼ਰਜ਼ ਨਿਭਾਉਣ ਪੰਜਾਬ ਦੇ ਭਾਜਪਾ ਨੇਤਾ-ਅਮਨ ਅਰੋੜਾ
ਪੁੱਤਰਾ ਬੰਤੀ ਦਿਆ, ਕਦੇ ਪਿੰਡ ਵਲ ਫੇਰਾ ਪਾ ।
ਹਰਿਆਣਾ ਦੇ ਕਿਸਾਨ ਐਸ.ਵਾਈ.ਐੱਲ. ਨਹਿਰ ਦੀ ਉਸਾਰੀ ਦਾ ਮੁੱਦਾ ਵੀ ਨਾਲ਼ ਜੋੜਨ- ਖੇਤੀ ਮੰਤਰੀ ਦਲਾਲ
ਵਿਆਹ ‘ਚ ਬੀਅ ਦਾ ਲੇਖਾ, ਬੱਲੇ ਬਈ ਦਲਾਲ ਜੀ।
ਮੋਗਾ ਦੇ ਐੱਸ.ਐੱਸ.ਪੀ.ਨੇ ਸਿਆਸੀ ਬਦਲੀਆਂ ਵਿਰੁੱਧ ਚੁੱਕਿਆ ਝੰਡਾ- ਇਕ ਖ਼ਬਰ
ਸੁਤੀ ਹੋਈ ਸੋਨ ਚਿੜੀ, ਲੈਣ ਲੱਗੀ ਅੰਗੜਾਈਆਂ।
ਕਿਸਾਨੀ ਮੋਰਚੇ ‘ਚ ਹੋ ਸਕਦੀ ਹੈ ਘੁਸਪੈਠ- ਜਥੇਦਾਰ ਅਕਾਲ ਤਖ਼ਤ
ਖ਼ਬਰਦਾਰ ਰਹਿਣਾ ਬਈ ਚੌਂਕੀ ਜ਼ਾਲਮਾਂ ਦੀ ਆਈ।
ਈ.ਡੀ. ਜਾਂ ਹੋਰ ਕਿਸੇ ਤੋਂ ਮੈ ਨਹੀਂ ਡਰਦਾ- ਕੈਪਟਨ
ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮਾਰੀ ਬੜ੍ਹਕ ਦਾ ਕੀ ਰਾਜ਼ ਐ ਕੈਪਟਨ ਸਾਬ੍ਹ ?
ਦਿੱਲੀ ‘ਚ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦਾ ਭੂਮੀ ਪੂਜਨ ਕਰਨਗੇ ਮੋਦੀ- ਇਕ ਖ਼ਬਰ
ਰੋਮ ਸੜ ਰਿਹੈ.................................
ਕਿਸਾਨ ਮੋਰਚਾ ਜ਼ਮੀਨ ਦਾ ਹੀ ਨਹੀਂ ਜ਼ਮੀਰਾਂ ਦਾ ਮੋਰਚਾ ਹੈ ਇਹ- ਗੁਰਪ੍ਰੀਤ ਘੁੱਗੀ
ਬਾਬਲ ਧਰਮੀ ਦੀ, ਕੁਲ ਨੂੰ ਦਾਗ਼ ਨਾ ਲਾਈਏ।
ਕੈਨੇਡਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਹਮੇਸ਼ਾ ਸਮਰਥਨ ਕਰੇਗਾ- ਟਰੂਡੋ
ਮੈਨੂੰ ਵੇਖ ਲੈਣ ਦੇ ਮੁੰਡਾ, ਨੀ ਆਹ ਫੜ ਮਾਏਂ ਪੂਣੀਆਂ।
ਕਿਸਾਨ ਅੰਦੋਲਨ ਚਲਦੇ ਖੱਟਰ ਸਰਕਾਰ ਵੀ ਖ਼ਤਰੇ ‘ਚ- ਇਕ ਖ਼ਬਰ
ਨੱਚਾਂ ਮੈਂ ਲੁਧਿਆਣੇ, ਮੇਰੀ ਧਮਕ ਜਲੰਧਰ ਪੈਂਦੀ।
ਕਿਸਾਨਾਂ ਨੂੰ ਖ਼ਾਲਿਸਤਾਨੀ ਕਹਿਣ ਵਾਲ਼ੇ ਮੁਆਫ਼ੀ ਮੰਗਣ- ਲਕਸ਼ਮੀ ਕਾਂਤਾ ਚਾਵਲਾ
ਇਹਨਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।
ਕੇਂਦਰ ਸਰਕਾਰ ਵਿਰੁੱਧ ਜਿੱਤ ਵਾਲ਼ਾ ਹਾਥੀ ਤਾਂ ਲੰਘ ਗਿਆ ਸਿਰਫ਼ ਪੂਛ ਬਾਕੀ ਹੈ- ਕਿਸਾਨ ਆਗੂ
ਗੂੰਜੇ ਚਰਖ਼ਾ ਬਿਸ਼ਨੀਏ ਤੇਰਾ, ਲੋਕਾਂ ਭਾਣੇ ਮੋਰ ਬੋਲਦਾ।
ਕਿਸਾਨਾਂ ਦੀ ਬਦੌਲਤ ਹੀ ਮੈਂ ਸਭ ਕੁਝ ਹਾਂ- ਪ੍ਰਕਾਸ਼ ਸਿੰਘ ਬਾਦਲ
ਬਿਲਕੁਲ ਠੀਕ, ਕਿਸਾਨਾਂ ਨੂੰ ਵੇਚ ਕੇ ਹੀ ਸਭ ਕੁਝ ਬਣਾਇਆ।
ਮਾਲੇਗਾਉਂ ਧਮਾਕਾ ਕੇਸ: ਵਿਸ਼ੇਸ਼ ਅਦਾਲਤ ‘ਚ ਪੇਸ਼ ਨਹੀਂ ਹੋਈ ਪ੍ਰੱਗਿਆ ਸਿੰਘ ਠਾਕੁਰ-ਇਕ ਖ਼ਬਰ
ਮੈਂ ਡਿਪਟੀ ਦੀ ਸਾਲ਼ੀ, ਕੈਦ ਕਰਾ ਦਊਂਗੀ।
ਖੇਤੀ ਕਾਨੂੰਨ ਵਾਪਸ ਨਾ ਹੋਏ ਤਾਂ ਦੇਸ਼ ਭਰ ’ਚ ਪ੍ਰਦਰਸ਼ਨ ਕਰਾਂਗੇ- ਮਮਤਾ ਬੈਨਰਜੀ
ਮੈਨੂੰ ਨਰਮ ਕੁੜੀ ਨਾ ਜਾਣੀ, ਲੜਜੂੰ ਭਰਿੰਡ ਬਣ ਕੇ।