ਪੰਜਾਬ : ਲੜੀ ਦੇ ਮਣਕੇ - ਸਵਰਾਜਬੀਰ

ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਚਲਾਇਆ ਗਿਆ ਅੰਦੋਲਨ ਸਾਰੇ ਦੇਸ਼ ਵਿਚ ਫੈਲ ਗਿਆ ਹੈ। ਜੂਨ ਤੋਂ ਚੱਲੀ ਇਸ ਲਹਿਰ ਦੀਆਂ ਅੰਗੜਾਈਆਂ ਨੇ ਸਾਰੇ ਦੇਸ਼ ਦੇ ਨਾਲ-ਨਾਲ ਆਪਣੇ ਆਗੂਆਂ ਅਤੇ ਅੰਦੋਲਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਵੀ ਅਚੰਭੇ ਵਿਚ ਪਾ ਦਿੱਤਾ ਹੈ। ਇਸ ਅੰਦੋਲਨ ਦੀਆਂ ਮੁੱਖ ਪ੍ਰਾਪਤੀਆਂ ਕਿਸਾਨ ਜਥੇਬੰਦੀਆਂ ਦਾ ਏਕਾ, ਐਕਸ਼ਨ ਦੀ ਸਾਂਝ, ਵਿਆਪਕ ਲੋਕ-ਹੁੰਗਾਰਾ, ਇਸ ਦਾ ਸ਼ਾਂਤਮਈ ਲੀਹਾਂ 'ਤੇ ਚੱਲਣਾ ਅਤੇ ਵੇਗ ਤੇ ਜ਼ਬਤ ਵਿਚਕਾਰ ਤਵਾਜ਼ਨ ਨੂੰ ਕਾਇਮ ਰੱਖਣਾ ਹੈ। ਕੋਈ ਅੰਦੋਲਨ ਲੋਕ-ਅੰਦੋਲਨ ਤਦ ਹੀ ਬਣਦਾ ਹੈ ਜਦ ਉਹ ਉਨ੍ਹਾਂ ਵਰਗਾਂ, ਜਿਹੜੇ ਅੰਦੋਲਨ ਨਾਲ ਸਿੱਧੇ ਤੌਰ 'ਤੇ ਸਬੰਧਿਤ ਨਹੀਂ ਹੁੰਦੇ, ਦੇ ਲੋਕਾਂ ਦੇ ਹਿਰਦਿਆਂ ਨੂੰ ਟੁੰਬਦਾ ਅਤੇ ਉਨ੍ਹਾਂ 'ਚੋਂ ਅੰਦੋਲਨ ਦਾ ਹਿੱਸਾ ਬਣਨ ਦੀਆਂ ਵੇਗਮਈ ਤਰਬਾਂ ਜਗਾਉਂਦਾ ਹੈ। ਅੱਜ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਸਾਰੇ ਵਰਗ ਇਸ ਅੰਦੋਲਨ ਦੀ ਹਮਾਇਤ ਵਿਚ ਆ ਰਹੇ ਹਨ ਅਤੇ ਇਹ ਅੰਦੋਲਨ ਇਕ ਸਰਬ-ਸਾਂਝੇ ਸੰਘਰਸ਼ ਦਾ ਸਰੂਪ ਗ੍ਰਹਿਣ ਕਰ ਰਿਹਾ ਹੈ। ਆਪਣੀਆਂ ਲੋਕ-ਜਮਹੂਰੀ ਕਰਵਟਾਂ ਅਤੇ ਵੇਗ ਕਾਰਨ ਇਹ ਲੋਕ-ਅੰਦੋਲਨ ਬਣ ਗਿਆ ਹੈ।
       ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਨੇ ਕਈ ਵਾਰ ਨਵਾਂ ਪੰਜਾਬ ਬਣਾਉਣ ਦੇ ਵਾਅਦੇ ਕੀਤੇ ਹਨ। ਕਈਆਂ ਨੇ ਇਸ ਨੂੰ ਕੈਲੀਫੋਰਨੀਆ ਵਰਗਾ ਬਣਾਉਣ ਦੀਆਂ ਫੜਾਂ ਮਾਰੀਆਂ। ਇਹ ਸਿਆਸੀ ਆਗੂਆਂ ਦੀ ਹਉਮੈਂ ਸੀ ਜਿਸ ਵਿਚੋਂ ਅਜਿਹੀਆਂ ਅਭਿਮਾਨੀ ਧੁਨਾਂ ਨਿਕਲ ਰਹੀਆਂ ਸਨ ਕਿ ਜੇਕਰ ਉਹ ਸੱਤਾ ਵਿਚ ਆ ਗਏ ਤਾਂ ਉਹ ਨਵਾਂ ਪੰਜਾਬ ਬਣਾਉਣਗੇ। ਅਸਲ ਵਿਚ ਜਿਹੜਾ ਪੰਜਾਬ ਉਹ ਬਣਾਉਣਾ ਲੋਚਦੇ ਸਨ/ਹਨ, ਉਸ ਪੰਜਾਬ ਵਿਚ ਆਪਣੀ ਸੱਤਾ ਨੂੰ ਮਜ਼ਬੂਤ ਹੁੰਦੇ ਦੇਖ ਰਹੇ ਸਨ/ਹਨ। ਨਵੇਂ ਤੇ ਪੁਰਾਣੇ ਵਿਚਲਾ ਫ਼ਰਕ ਕਦੀ ਸਤਹੀ ਅਤੇ ਕਦੀ ਬਹੁਤ ਡੂੰਘਾ ਹੁੰਦਾ ਹੈ।
       ਇਸ ਅੰਦੋਲਨ ਨੇ ਸਿੱਧ ਕੀਤਾ ਹੈ ਕਿ ਨਵਾਂ ਪੰਜਾਬ ਆਗੂਆਂ ਦੇ ਬਿਆਨਾਂ ਦੀ ਬੰਜਰ ਜ਼ਮੀਨ 'ਚੋਂ ਨਹੀਂ ਜਨਮ ਸਕਦਾ, ਸੱਤਾ ਦੇ ਲਾਲਚੀ ਆਗੂਆਂ ਦੇ ਮਨਾਂ ਅਤੇ ਸੋਚ ਦੀ ਜ਼ਮੀਨ ਵਿਚ ਅਜਿਹੇ ਤੰਤ ਤੇ ਤੱਤ ਹੋ ਹੀ ਨਹੀਂ ਸਕਦੇ, ਨਵਾਂ ਪੰਜਾਬ ਸਿਰਫ਼ ਤੇ ਸਿਰਫ਼ ਸੰਘਰਸ਼ ਦੀ ਜ਼ਰਖ਼ੇਜ਼ ਜ਼ਮੀਨ ਵਿਚੋਂ ਜੰਮੇਗਾ, ਨਵਾਂ ਪੰਜਾਬ ਮੌਜੂਦਾ ਸੰਘਰਸ਼ ਦੀ ਧਰਤੀ 'ਚੋਂ ਮੌਲ ਰਿਹਾ ਹੈ, ਇਸ ਦੇ ਨਕਸ਼ ਸੰਘਰਸ਼ਮਈ ਹਨ। ਇਸ ਨੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਰ 'ਤੇ ਪਈਆਂ ਸੰਕੀਰਨਤਾ, ਨਸ਼ਿਆਂ ਦੇ ਫੈਲਾਉ ਅਤੇ ਭਾਈਚਾਰਕ ਸਾਂਝ ਦੇ ਘਟਣ ਦੀਆਂ ਬਿੱਜਾਂ ਨੂੰ ਛੰਡਿਆ ਹੈ। ਨਵਾਂ ਜਾਂ ਪੁਰਾਣਾ ਪੰਜਾਬ, ਅਸੀਂ ਸ਼ਬਦ ਜਿਹੜੇ ਮਰਜ਼ੀ ਵਰਤ ਲਈਏ, ਚੇਤਨ ਅਤੇ ਵਿਸ਼ਾਲ ਹਿਰਦੇ ਵਾਲਾ ਹੈ, ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਨਾਲ-ਨਾਲ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਦਾ ਹੈ, ਇਹ ਪੰਜਾਬ ਬੇਗਮਪੁਰੇ ਦੇ ਸੁਪਨੇ ਲੈਂਦਾ ਹੈ। ਇਹ ਪੰਜਾਬ ਹਮੇਸ਼ਾਂ ਬਾਬਾ ਨਾਨਕ, ਸਿੱਖ ਗੁਰੂਆਂ, ਭਗਤ ਰਵਿਦਾਸ, ਭਗਤ ਕਬੀਰ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਹੋਰ ਸੰਤਾਂ ਤੇ ਸੂਫ਼ੀਆਂ ਦੇ ਬੋਲਾਂ ਦਾ ਜ਼ਾਮਨ ਰਿਹਾ ਹੈ ਅਤੇ ਅੱਜ ਵੀ ਹੈ।
      ਇਸ ਪੰਜਾਬ ਨੂੰ ਅਤਿਵਾਦੀ ਜਾਂ ਨਕਸਲੀ ਦੇ ਲਕਬਾਂ ਨਾਲ ਕੋਹਿਆ ਤੇ ਭੰਡਿਆ ਨਹੀਂ ਜਾ ਸਕਦਾ। ਇਹ ਉਹ ਪੰਜਾਬ ਹੈ ਜਿਸ ਨੇ ਹਮੇਸ਼ਾਂ ਹੱਕ-ਸੱਚ ਦੀ ਲੜਾਈ ਲੜੀ ਹੈ, ਇਹ ਹੜੱਪਾ ਦੀ ਸੱਭਿਅਤਾ ਅਤੇ ਬਾਬਾ ਨਾਨਕ ਦੀ ਬਾਣੀ ਦਾ ਵਾਰਸ ਹੈ, ਇਸ ਦੀ ਆਤਮਾ ਵਿਚ ਨਾਥ-ਜੋਗੀਆਂ, ਸੂਫ਼ੀਆਂ ਅਤੇ ਜਾਬਰਾਂ ਨਾਲ ਲੜਨ ਵਾਲੀਆਂ ਰੂਹਾਂ ਦਾ ਵਾਸ ਹੈ। ਇਹ 'ਟੁਕੜੇ-ਟੁਕੜੇ ਗੈਂਗ' ਨਹੀਂ ਹੈ, ਇਹ ਦਿੱਲੀ ਵੱਲ ਤੁਰਿਆ ਸਮੂਹਿਕ ਲੋਕ-ਰੋਹ ਹੈ। ਮੰਡੀ ਅਤੇ ਕਿਸਾਨੀ ਦੇ ਮਹਾਂ-ਯੁੱਧ ਵਿਚ ਇਹ ਪੰਜਾਬ ਦੀ ਧਰਤੀ ਵਿਚ ਕਈ ਦਹਾਕਿਆਂ ਤੋਂ ਕਰਵਟਾਂ ਲੈ ਰਹੀ ਸੰਘਰਸ਼ਮਈ ਚੇਤਨਾ ਦਾ ਨਾਦ ਹੈ। ਇਹ ਆਪਣੇ ਵਿਰਸੇ ਨਾਲ ਵੀ ਜੁੜਿਆ ਹੋਇਆ ਹੈ ਅਤੇ ਨਵੀਂ ਚੇਤਨਾ ਦਾ ਵਾਹਕ ਵੀ ਹੈ। ਸਵਾਲ ਨਵੇਂ ਪੰਜਾਬ ਅਤੇ ਪੁਰਾਣੇ ਪੰਜਾਬ ਦੇ ਸ਼ਬਦਾਂ ਦੇ ਮੋਹ ਵਿਚ ਪੈਣ ਦਾ ਨਹੀਂ ਹੈ। ਨਵਾਂ ਪੁਰਾਣੇ ਵਿਚੋਂ ਹੀ ਜੰਮਦਾ ਰਿਹਾ। ਨਵਾਂ ਅਤੇ ਪੁਰਾਣਾ ਪੰਜਾਬ ਵੱਖ-ਵੱਖ ਨਹੀਂ, ਇਕੋ ਲੜੀ ਦੇ ਮਣਕੇ ਹਨ। ਪੁਰਾਣਾ ਪੰਜਾਬ ਵੀ ਸਾਡਾ ਸੀ ਅਤੇ ਨਵਾਂ ਪੰਜਾਬ ਵੀ ਸਾਡਾ ਹੈ। ਨਵੇਂ ਦੇ ਪੁਰਾਣੇ 'ਚੋਂ ਜੰਮਣ ਦੇ ਸੱਚ ਨੂੰ ਸਾਹਮਣੇ ਰੱਖਦਿਆਂ ਹੀ ਸ਼ਾਇਦ ਨਾਟਕਕਾਰ ਇਸਹਾਕ ਮੁਹੰਮਦ ਨੇ ਮਹਾਨ ਪੰਜਾਬੀ ਦੁੱਲੇ ਭੱਟੀ ਦੀ ਬਗ਼ਾਵਤ ਬਾਰੇ ਆਪਣੇ ਨਾਟਕ ਦਾ ਨਾਂ 'ਕੁਕਨੂਸ' ਰੱਖਿਆ ਸੀ।
      ਇਸ ਅੰਦੋਲਨ ਨੇ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ਕਿਉਂਕਿ ਇਹ ਅੰਦੋਲਨ ਪੰਜਾਬ ਦੀਆਂ ਇਤਿਹਾਸਕ ਲਹਿਰਾਂ ਅਤੇ ਅੰਦੋਲਨਾਂ 'ਚੋਂ ਪੈਦਾ ਹੋਈਆਂ ਲੋਕ-ਸੱਧਰਾਂ ਅਤੇ ਤਰਬਾਂ ਤੋਂ ਜਨਮਿਆ ਹੈ। ਸਭ ਤੋਂ ਵੱਡੀ ਯਾਦ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਚਿੰਤਨਧਾਰਾ ਦੇ ਪੈਦਾ ਕੀਤੇ ਲੋਕ-ਇਨਕਲਾਬ ਦੀ ਹੈ ਜਿਹੜਾ ਬੰਦਾ ਬਹਾਦਰ ਅਤੇ ਮਿਸਲਾਂ ਦੇ ਸ਼ੁਰੂਆਤੀ ਸਮਿਆਂ ਵਿਚ ਸਿਖ਼ਰਾਂ 'ਤੇ ਪਹੁੰਚਿਆ। ਉੱਘੇ ਇਤਿਹਾਸਕਾਰ ਹਰੀ ਰਾਮ ਗੁਪਤਾ ਦੀਆਂ ਲਿਖ਼ਤਾਂ ਨੂੰ ਆਧਾਰ ਬਣਾ ਕੇ ਵੀਆਈ ਕੋਚਨੇਵ (ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਤਾਬ ਅਤੇ ਪੰਜਾਬ ਦੇ ਇਤਿਹਾਸ ਬਾਰੇ ਲਿਖਿਆ) ਉਨ੍ਹਾਂ ਸਮਿਆਂ ਦੇ ਹਾਲਾਤ ਇਉਂ ਬਿਆਨ ਕਰਦਾ ਹੈ, ''ਉਸ ਸਮੇਂ ਮਿਸਲਾਂ (ਬੰਦਾ ਸਿੰਘ ਬਹਾਦਰ ਤੋਂ ਬਾਅਦ ਹੋਂਦ ਵਿਚ ਆਈਆਂ ਸਿੱਖਾਂ ਦੀਆਂ ਵੱਡੀਆਂ ਜਥੇਬੰਦੀਆਂ) ਨਿਰੋਲ ਫ਼ੌਜੀ ਜਥੇਬੰਦੀਆਂ ਹੁੰਦੀਆਂ ਸਨ, ਜਿਨ੍ਹਾਂ ਦਾ ਆਧਾਰ ਸਿੱਖਾਂ ਦਾ ਸ੍ਵੈ-ਇੱਛਤ ਸੰਗਠਨ ਸੀ। ਹਰ ਸਿੱਖ ਪ੍ਰੰਪਰਾਗਤ ਤੌਰ ਉੱਤੇ ਖ਼ਾਲਸੇ ਦਾ ਪੂਰਨ-ਬਰਾਬਰੀ ਵਾਲਾ ਮੈਂਬਰ ਹੁੰਦਾ ਸੀ, ਇਸ ਲਈ ਉਹ ਆਪਣੇ ਆਪ ਨੂੰ ਕਿਸੇ ਵੀ ਸਰਦਾਰ ਦੇ ਬਰਾਬਰ ਸਮਝਦਾ ਸੀ।'' ਉਨ੍ਹਾਂ ਸਮਿਆਂ ਬਾਰੇ ਹਰੀ ਰਾਮ ਗੁਪਤਾ ਖ਼ੁਦ ਲਿਖਦਾ ਹੈ ਕਿ ਉਸ ਸਮੇਂ ਸਿੱਖ ਧਰਮ ''ਆਪਣੇ ਮੰਨਣ ਵਾਲਿਆਂ ਵਿਚ ਵੱਡੇ-ਛੋਟੇ ਦੀ ਦਰਜਾਬੰਦੀ ਮੰਨਣ ਤੋਂ ਮਨ੍ਹਾਂ ਕਰਦਾ ਸੀ। ਮਿਸਲਾਂ ਦੇ ਆਗੂ ਅਤੇ ਖ਼ਾਲਸਾ ਪੰਥ ਮਿਸਲਾਂ ਤੇ ਮੈਂਬਰਾਂ, ਭਾਵੇਂ ਉਹ ਨਵੇਂ ਹੋਣ ਜਾਂ ਪੁਰਾਣੇ, ਸਭ ਨਾਲ ਇਕੋ ਜਿਹਾ ਵਰਤਾਉ ਕਰਦੇ ਸਨ।'' ਲੋਕ-ਜਮਹੂਰੀਅਤ ਦੇ ਇਸ ਖ਼ਮੀਰ ਨੇ ਹੀ ਪੰਜਾਬ ਨੂੰ ਨਵੀਂ ਜਾਗ ਲਾਈ ਸੀ।
      ਇਸ ਅੰਦੋਲਨ ਨੇ ਪੱਗੜੀ ਸੰਭਾਲ ਜੱਟਾ, ਗ਼ਦਰ ਪਾਰਟੀ, ਗੁਰਦੁਆਰਾ ਸੁਧਾਰ ਲਹਿਰ ਅਤੇ ਕਈ ਹੋਰ ਮੋਰਚਿਆਂ/ਲਹਿਰਾਂ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਹਨ। 1910ਵਿਆਂ 'ਚ ਜਨਮੀ ਗ਼ਦਰ ਲਹਿਰ ਵਿਚ ਅਮਰੀਕਾ ਅਤੇ ਕੈਨੇਡਾ ਦੇ ਪੰਜਾਬੀਆਂ ਨੇ ਬਾਬਾ ਸੋਹਨ ਸਿੰਘ ਭਕਨਾ ਦੀ ਅਗਵਾਈ ਵਿਚ ਦੇਸ਼ ਨੂੰ ਆਜ਼ਾਦ ਕਰਨ ਦਾ ਬੀੜਾ ਚੁੱਕਿਆ ਸੀ। ਧਿਆਨ ਨਾਲ ਦੇਖਣ ਵਾਲੀ ਗੱਲ ਇਹ ਹੈ ਕਿ ਗ਼ਦਰ ਪਾਰਟੀ ਦੇ ਆਗੂ ਅਤੇ ਕਾਰਕੁਨ ਕੋਈ ਸ੍ਵੈ-ਕੇਂਦਰਿਤ ਪਾਰਟੀ ਨਹੀਂ ਸਨ। ਉਹ ਸਿਰਫ਼ ਪੰਜਾਬ ਨਹੀਂ ਸਗੋਂ ਸਾਰੇ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸਨ। ਉਹ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਸਾਰੇ ਆਗੂਆਂ ਅਤੇ ਸਮੂਹ ਖ਼ਲਕਤ ਨੂੰ ਆਪਣੇ ਕਲਾਵੇ ਵਿਚ ਲੈਣਾ ਚਾਹੁੰਦੇ ਸਨ। ਗ਼ਦਰ (ਬਾਅਦ ਵਿਚ ਹਿੰਦੋਸਤਾਨ ਗ਼ਦਰ) ਅਖ਼ਬਾਰ ਵਿਚ ਛਪੀਆਂ ਸੈਂਕੜੇ ਕਵਿਤਾਵਾਂ ਇਸ ਦੀਆਂ ਗਵਾਹ ਹਨ। 30 ਦਸੰਬਰ 1913 ਦੇ ਅੰਕ ਵਿਚ ਛਪੀ ਇਕ ਕਵਿਤਾ ਕਹਿੰਦੀ ਹੈ, ''ਭਾਰਤ ਵਰਸ਼ ਦੇ ਵੀਰ ਬਲਵਾਨ ਬੱਚੇ, ਮਿਸਟਰ ਤਿਲਕ ਵਰਗੇ ਬੇਗੁਮਾਨ ਕਿਉਂ ਨੀ (ਨਹੀਂ)/ ਰਿਸ਼ੀ ਅਰਬਿੰਦੋ ਜੰਗਲ ਮੱਲ ਬੈਠੇ, ਹੀਰਾ ਚਮਕਦਾ ਨੂਰ ਇਨਸਾਨ ਕਿਉਂ ਨੀ/ ਹਰਦਿਆਲ ਜਿੱਥੇ ਹਰਦਿਯਾਲ ਹੋਇਆ, ਪਿਆਰਾ ਅਜੀਤ ਕੁਰਬਾਨ ਕਿਉਂ ਨੀ/ ਜਿਨ੍ਹਾਂ ਵਿਚ ਮੁਸੀਬਤਾਂ ਉਮਰ ਗਾਲੀ, ਬਦਲਾ ਦੇਵਦਾ ਤੁਰੰਤ ਭਗਵਾਨ ਕਿਉਂ ਨੀ।'' ਇਸ ਤਰ੍ਹਾਂ ਗ਼ਦਰ ਪਾਰਟੀ ਨੇ ਤਿਲਕ, ਅਰਬਿੰਦੋ ਅਤੇ ਹੋਰ ਸਭ ਆਗੂਆਂ ਦੇ ਹੱਕ ਵਿਚ ਆਵਾਜ਼ ਉਠਾਈ। ਇਹ ਅੰਦੋਲਨ ਵੀ ਗ਼ਦਰੀ ਬਾਬਿਆਂ ਦੀ ਸੋਚ 'ਤੇ ਪਹਿਰਾ ਦੇਣ ਵਾਲਿਆਂ ਦਾ ਅੰਦੋਲਨ ਹੈ, ਸਵਾਲ ਇਹ ਹੈ ਕਿ ਇਨ੍ਹਾਂ ਤੋਂ ਕਿਉਂ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਲਈ ਆਵਾਜ਼ ਕਿਉਂ ਉਠਾਈ। ਜੋ ਇਹ ਸਵਾਲ ਪੁੱਛ ਰਹੇ ਹਨ, ਉਹ ਪੰਜਾਬ ਦੀ ਵਿਸ਼ਾਲ ਵਿਰਾਸਤ ਤੋਂ ਅਣਜਾਣ ਹਨ, ਉਹ ਭੁੱਲ ਗਏ ਹਨ ਕਿ ਗੁਰੂ ਤੇਗ ਬਹਾਦਰ ਜੀ ਨੇ ਸਮੂਹ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੁਰਬਾਨੀ ਦਿੱਤੀ ਸੀ। ਗੁਰਦੁਆਰਾ ਸੁਧਾਰ ਲਹਿਰ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਤੇ ਪੁਜਾਰੀਆਂ ਤੋਂ ਆਜ਼ਾਦ ਕਰਵਾਉਣ ਦੇ ਨਾਲ-ਨਾਲ ਅਕਾਲੀ ਲਹਿਰ ਨੇ ਦੇਸ਼ ਦੇ ਆਜ਼ਾਦੀ ਅੰਦੋਲਨ ਵਿਚ ਵੀ ਵੱਡਾ ਹਿੱਸਾ ਪਾਇਆ ਸੀ। ਪੰਜਾਬੀਆਂ ਨੇ ਸਦਾ ਆਪਣੇ ਸ੍ਵੈ-ਮਾਣ ਅਤੇ ਦਬੇ-ਕੁਚਲੇ ਲੋਕਾਂ ਦੇ ਹੱਕ ਵਿਚ ਕੁਰਬਾਨੀਆਂ ਦਿੱਤੀਆਂ ਹਨ। ਕਿਸਾਨ ਅੰਦੋਲਨ 'ਤੇ ਊਜਾਂ ਲਾਉਣ ਵਾਲਿਆਂ ਨੂੰ ਸ੍ਵੈ-ਮੰਥਨ ਕਰਕੇ ਆਪਣੀ ਜ਼ਮੀਰ ਸਾਹਮਣੇ ਜਵਾਬਦੇਹ ਹੋਣਾ ਚਾਹੀਦਾ ਹੈ।
      ਇਹੋ ਜਿਹੇ ਪ੍ਰਚਾਰ ਦਾ ਜਵਾਬ ਪੰਜਾਬ ਦੇ ਲੋਕਾਂ ਦੁਆਰਾ ਅਮਲੀ ਰੂਪ ਵਿਚ ਦਿੱਤਾ ਜਾ ਰਿਹਾ ਹੈ। ਸ਼ਨਿਚਰਵਾਰ ਨੂੰ 1500 ਤੋਂ ਵੱਧ ਟਰਾਲੀਆਂ ਦਾ ਕਾਫ਼ਲਾ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਸਨ, ਦਿੱਲੀ ਵੱਲ ਰਵਾਨਾ ਹੋਇਆ। ਜਿਹੜੇ ਪੰਜਾਬੀ ਦਿੱਲੀ-ਹਰਿਆਣਾ ਹੱਦਾਂ 'ਤੇ ਨਹੀਂ ਗਏ, ਉਹ ਵੀ ਪ੍ਰਤੀਕਾਤਮਕ ਤੌਰ 'ਤੇ ਉੱਥੇ ਹਾਜ਼ਰ ਹਨ। ਪੰਜਾਬ ਦਾ ਲੋਕ-ਗੀਤ ਹੈ, ''ਤਨ ਦਾ ਤੰਬੂਰਾ ਰਗਾਂ ਦੀਆਂ ਤਾਰਾਂ ਵੇ/ ਲੂੰ ਲੂੰ ਦੇ ਵਿਚ ਕਰਨ ਪੁਕਾਰਾਂ ਵੇ।'' ਇਸ ਅੰਦੋਲਨ ਵਿਚ ਪੰਜਾਬੀਆਂ ਦੇ ਤਨ ਤੰਬੂਰੇ ਬਣੇ ਹੋਏ ਹਨ, ਉਨ੍ਹਾਂ ਦੀਆਂ ਰਗਾਂ ਦੀਆਂ ਤਾਰਾਂ 'ਚੋਂ ਰੋਹ ਦਾ ਨਾਦ ਉਦੈ ਹੋ ਰਿਹਾ ਹੈ, ਉਨ੍ਹਾਂ ਦੇ ਲੂੰ-ਲੂੰ ਵਿਚਂਂ ਪੁਕਾਰ ਉੱਠ ਰਹੀ ਹੈ ਕਿ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ। ਹਰਿਆਣਾ ਅਤੇ ਦਿੱਲੀ ਦੀਆਂ ਹੱਦਾਂ ਤੇ ਪੰਜਾਬ ਵਿਚ ਗੂੰਜ ਰਹੇ ਇਸ ਲੋਕ-ਸੰਗੀਤ ਦੀਆਂ ਧੁਨੀਆਂ ਅਨੂਠੀਆਂ ਹਨ, ਇਹ ਆਵਾਜ਼ ਬਹੁਤ ਦੇਰ ਬਾਅਦ ਬੁਲੰਦ ਹੋ ਕੇ ਸਿਖ਼ਰਾਂ 'ਤੇ ਪਹੁੰਚੀ ਹੈ।
      ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੋਈ ਗੱਲਬਾਤ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਅਸਫ਼ਲ ਰਹੀ ਹੈ। ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਪਹਿਲੇ ਦਿਨ ਤੋਂ ਹੀ ਸਪੱਸ਼ਟ ਹਨ ਕਿ ਕਿਸਾਨ-ਵਿਰੋਧੀ ਕਾਨੂੰਨ ਵਾਪਸ ਲਏ ਜਾਣ। ਕੇਂਦਰ ਸਰਕਾਰ 'ਉਹੋ ਤੁਣਤੁਣੀ ਉਹੀ ਰਾਗ' ਦੇ ਮੁਹਾਵਰੇ ਅਨੁਸਾਰ ਲਗਾਤਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦੱਸ ਕੇ ਵਾਪਸ ਲੈਣ ਤੋਂ ਇਨਕਾਰ ਕਰ ਰਹੀ ਹੈ ਪਰ ਸਰਕਾਰ ਦੀ ਇਹ ਹੱਠਧਰਮੀ ਵੀ ਕਿਸਾਨਾਂ ਦੇ ਜਜ਼ਬਿਆਂ ਅਤੇ ਸੰਘਰਸ਼ ਕਰਨ ਦੇ ਇਰਾਦਿਆਂ ਨੂੰ ਸੰਨ੍ਹ ਨਹੀਂ ਲਾ ਸਕੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਆਪਕ ਲੋਕ-ਹੁੰਗਾਰੇ ਦਾ ਸਨਮਾਨ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਏ। ਜਮਹੂਰੀਅਤ ਵਿਚ ਲੋਕ-ਮੰਗਾਂ ਨੂੰ ਸਵੀਕਾਰ ਕਰਨਾ ਜਮਹੂਰੀਅਤ ਦੀ ਜ਼ਿਆਰਤ ਕਰਨਾ ਹੈ।