ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14 Dec. 2020
ਭਾਜਪਾ ਸਰਕਾਰ ਦੀਆਂ ਫੁੱਟਪਾਊ ਤੇ ਭੜਕਾਊ ਚਾਲਾਂ ਨੂੰ ਪਛਾੜਨ ਦਾ ਸੱਦਾ- ਉਗਰਾਹਾਂ ਜਥੇਬੰਦੀ
ਜਾਣਾ ਦਰਬਾਰ ਮੈਂ ਦਲੀਲਾਂ ਧਾਰੀਆਂ, ਦੱਸਦਾਂ ਹਕੀਕਤਾਂ ਤਮਾਮ ਸਾਰੀਆਂ।
ਸ਼ਰਦ ਪਵਾਰ ਤੋਂ ਪੀ.ਐਮ. ਬਣਨ ਦੇ ਮੌਕੇ ਖੁੱਸਣ ਦਾ ਮੁੱਦਾ ਬਣਿਆ ਚਰਚਾ ਦਾ ਵਿਸ਼ਾ- ਇਕ ਖ਼ਬਰ
ਅਬ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈ ਖੇਤ।
ਇਕ ਲੱਖ ਕਿਸਾਨਾਂ ਦਾ ਹੋਰ ਜਥਾ ਦਿੱਲੀ ਪਹੁੰਚਿਆ ਧਰਨੇ ‘ਤੇ- ਇਕ ਖ਼ਬਰ
ਚਲ ਚੱਲੀਏ ਅਠੌਲੇ ਵਾਲੇ ਮੇਲੇ, ਹੋਰ ਛੱਡ ਦੇ ਸਭ ਝਮੇਲੇ।
ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਰਾਹ ‘ਚ ਮੁੜ ਅਟਕਾਏ ਪੱਥਰ- ਇਕ ਖ਼ਬਰ
ਲਾਮ ਲੱਦ ਅਸਬਾਬ ਸਭ ਸਾਧ ਚੱਲੇ, ਚੜ੍ਹੇ ਪਰਬਤਾਂ ਦੇ ਉੱਪਰ ਜਾ ਭਾਈ।
ਅੱਖ ‘ਤੇ ਰਬੜ ਦੀ ਬੁਲੇਟ ਵੱਜਣ ਦੇ ਬਾਵਜੂਦ ਨਿਹੰਗ ਸਿੰਘ ਸ਼ੇਰ ਵਾਂਗ ਗਰਜਿਆ- ਇਕ ਖ਼ਬਰ
ਜੱਗਾ ਵੱਢਿਆ ਬੋਹੜ ਦੀ ਛਾਵੇਂ, ਨੌਂ ਮਣ ਰੇਤ ਭਿੱਜ ਗਈ।
ਮੋਦੀ ਨੂੰ ਕੁਰਸੀ ‘ਤੇ ਬਿਠਾਉਣ ਵਾਲੇ ਲੋਕ ਉਤਾਰਨਾ ਵੀ ਜਾਣਦੇ ਹਨ- ਭਾਈ ਬਡਾਲਾ
ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।
ਵਿਆਹ ਦੇ ਦੂਜੇ ਦਿਨ ਹੀ ਵਿਆਹੁਤਾ ਨਕਦੀ ਅਤੇ ਗਹਿਣੇ ਲੈ ਕੇ ਹੋ ਗਈ ਫੁਰਰ..-ਇਕ ਖ਼ਬਰ
ਲੁੱਟ ਕੇ ਲੈ ਗਈ, ਪੱਟ ਕੇ ਲੈ ਗਈ...............................
ਬੇਅਦਬੀ ਕਾਂਡ: ਸੱਤਾ ਤਬਦੀਲੀ ਦੇ ਬਾਅਦ ਵੀ ਕਿਉਂ ਨਹੀਂ ਮਿਲ ਰਿਹਾ ਇਨਸਾਫ਼- ਸੁਖਰਾਜ ਸਿੰਘ
ਸੁਖਰਾਜ ਸਿਆਂ ਚਾਚਾ ਭਤੀਜੇ ਦੇ ਖਿਲਾਫ਼ ਕਿਵੇਂ ਜਾ ਸਕਦੈ!
ਪੰਜਾਬ ਤੇ ਹਰਿਆਣਾ ਦੇ ਸਕੇ ਭਰਾਵਾਂ ਵਾਲੇ ਰਿਸ਼ਤੇ ਉਸਰਨ ‘ਤੇ ਸਾਨੂੰ ਮਾਣ- ਰਾਮੂਵਾਲੀਆ, ਅਖਿਲੇਸ਼
ਰੰਡੀਆਂ ਤਾਂ ਰੰਡ ਕੱਟਦੀਆਂ ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ।
ਮੋਦੀ ਨੇ ਸਿਆਸੀ ਖੇਤਰ ਦੀ ਨੁਹਾਰ ਬਦਲੀ-ਨਕਵੀ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਮੈਂ ਆਪਣੀ ਪਾਰਟੀ ਤੇ ਕਿਸਾਨਾਂ ਨਾਲ਼ ਖੜ੍ਹਾ ਹਾਂ- ਸੰਨੀ ਦਿਓਲ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।
ਖੇਤੀ ਬਿੱਲ ਰੱਦ ਕਰਨ ਲਈ ਬਾਦਲ ਨੇ ਮੋਦੀ ਨੂੰ ਲਿਖਿਆ ਪੱਤਰ- ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
ਦਮਦਮੀ ਟਕਸਾਲ ਵਲੋਂ ਕਿਸਾਨ ਸੰਘਰਸ਼ ਬਾਰੇ ਚੁੱਪੀ ਸਾਧਣਾ ਅਤੀ ਮੰਦਭਾਗਾ- ਤੁੰਗ, ਤਾਲਿਬਪੁਰਾ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।
ਜਦੋਂ ਸਸਤੀ ਅੰਗੇਜ਼ਮੈਂਟ ਰਿੰਗ ਪੁਆਉਣ ਤੋਂ ਮੰਗੇਤਰ ਲੜਕੀ ਨੇ ਕਰ ਦਿੱਤਾ ਇਨਕਾਰ- ਇਕ ਖ਼ਬਰ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਕਿਸਾਨ ਅੰਦੋਲਨ ਦਾ ਹਰਿਆਣਾ ਸਰਕਾਰ ‘ਤੇ ਕੋਈ ਅਸਰ ਨਹੀਂ- ਸਿੱਖਿਆ ਮੰਤਰੀ ਹਰਿਆਣਾ
ਬੇਸ਼ਰਮ ਦੇ ਢੂ.. ‘ਤੇ ਦਰਖ਼ਤ ਉੱਗਿਆ ਕਹਿੰਦਾ ਛਾਵੇਂ ਬੈਠਾਂਗੇ।