ਲਵ-ਜਿਹਾਦ ਕਨੂੰਨ : ਇਸਤਰੀ ਹੱਕਾਂ ‘ਤੇ ਫਾਸ਼ੀਵਾਦੀ ਹਮਲਾ ! - ਰਾਜਿੰਦਰ ਕੌਰ ਚੋਹਕਾ
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਜਿਸ ਦਾ ਜਨਮ 1925 ਨੂੰ ਹੋਇਆ ਅਤੇ ਇਸ ਦੀ ਵਿਚਾਰਧਾਰਾ ਦਾ ਸਾਮਰਾਜੀ, ਬਰਤਾਨਵੀ ਬਸਤੀਵਾਦੀ ਗੋਰਿਆਂ ਵਿਰੁੱਧ ਦੇਸ਼ ਦੇ ‘ਮੁਕਤੀ ਸੰਗਰਾਮ` ਅੰਦਰ ਕੋਈ ਵੀ ਰੋਲ ਨਹੀ ਹੈ ! ਅੱਜ ! ਦੇਸ਼ ਦਾ ਸਭ ਤੋਂ ਵੱਡਾ ਰਖਵਾਲਾ, ਸਭ ਤੋਂ ਵੱਡਾ ਦੇਸ਼ ਭਗਤ ਅਤੇ ਭਾਰਤ ਦੀ ਵ਼ਫਾਦਾਰ ਕਹਾਉਣ ਵਾਲੀ ਆਰ.ਐਸ.ਐਸ. ਅਜਿਹੀ ਸੰਸਥਾ ਹੈ, ‘‘ਜੋ ਨਾਂ ਤਾਂ ਅਜ਼ਾਦ ਭਾਰਤ ਦੇ ਸੰਵਿਧਾਨ, ਕੌਮੀ ਝੰਡਾ ਤੇ ਨਾ ਹੀ ਪ੍ਰਜਾਤੰਤਰਿਕ ਧਰਮ-ਨਿਰਪੱਖਤਾ ਅਤੇ ਦੇਸ਼ ਦੀਆਂ ਕੌਮੀ ਮਾਨਤਾਵਾ ਵਿੱਚ ਕੋਈ ਵਿਸ਼ਵਾਸ਼ ਰੱਖਦੀ ਹੈ ?`` ਦੇਸ਼ ਦੇ ਮੁਕਤੀ ਅੰਦੋਲਨ ਦੌਰਾਨ ਲੱਖਾਂ ਭਾਰਤੀ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਹਰ ਤਰ੍ਹਾਂ ਦੀਆਂ ‘ਕੁਰਬਾਨੀਆਂ` ਕੀਤੀਆਂ, ਉਨ੍ਹਾਂ ਪ੍ਰਤੀ ਇਸ ਦਾ ਫਿਰਕੂ, ਹਿੰਦੂਤਵੀ ਅਤੇ ਇਕ ਪਾਸੜ ਰਵੱਈਆ ਰਿਹਾ ਹੈ। ਦੇਸ਼ ਦੇ ਸੰਘੀ ਢਾਂਚੇ ਪ੍ਰਤੀ ਨਫ਼ਰਤ, ਬਹੁ- ਕੌਮੀ, ਬਹੁ-ਭਾਸ਼ਾਈ ਅਤੇ ਫਿਰਕਿਆਂ ਦੇ ਵਿਰੁੱਧ, ਫਿਰਕੂ ਜ਼ਹਿਰ, ਜੋ ਲੋਕਤੰਤਰੀ ਸਿਧਾਂਤਾ ਦੇ ਉਲੱਟ ਹੈ, ਹਿੰਦੂਤਵ ਵਿਚਾਰਧਾਰਾ ਰਾਂਹੀ, ਭਾਰਤ ਅੰਦਰ ‘ਨਾਜ਼ੀ ਅਤੇ ਫਾਸ਼ੀਵਾਦੀ` ਤਰਜ਼ ਦਾ ਹਿੰਦੂ-ਰਾਜ ਸਥਾਪਿਤ ਕਰਨ ਦੀ ਹੋੜ ਵਿੱਚ ਹੈ ! ਜਦੋਂ ‘ਭਗਤ ਸਿੰਘ, ਰਾਜਗੁਰੂ, ਸੁਖਦੇਵ ਅਸ਼ਫ਼ਾਕ ਉਲਾ, ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਅਜ਼ਾਦ, ਰਾਜਿੰਦਰ ਲਹਿਰੀ` ਵਰਗੇ ਸੈਂਕੜੇ ਨੌਜਵਾਨ ਜਾਤ, ਧਰਮ ਅਤੇ ਫਿਰਕਿਆਂ ਨੂੰ ਭੁਲਾ ਕੇ ਦੇਸ਼ ਦੀ ਅਜ਼ਾਦੀ ਲਈ ਜਾਨਾਂ ਕੁਰਬਾਨ ਕਰ ਰਹੇ ਸਨ , ਤਾਂ ! ਉਸ ਵੇਲੇ ਹੇਡਗੇਵਾਰ ਅਤੇ ਉਸ ਦੇ ਸਾਰੇ ਸਾਥੀ ਪੂਰੇ ਦੇਸ਼ ਅੰਦਰ ਕੇਵਲ, ਹਿੰਦੂ ਰਾਸ਼ਟਰ ਅਤੇ ਹਿੰਦੂ ਸੱਭਿਆਚਾਰ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖ ਰਹੇ ਸਨ।
ਅੱਜ ! ਵੀ ਆਰ.ਐਸ.ਐਸ. ਗੋਲਵਲਕਰ ਦੀਆਂ ਲਿਖਤਾਂ, ਜਿਸ ਵਿੱਚ ‘ਹਿਟਲਰ ਵਲੋਂ ਉਭਾਰੇ ਗਏ ਨਾਜੀਵਾਦੀ ਸੱਭਿਆਚਾਰਕ ਰਾਸ਼ਟਰਵਾਦ ਦਾ ਗਾਉਣ ਗਾਇਆ ਗਿਆ ਹੈ, ਜਿਸ ਰਾਹੀਂ ਦੇਸ਼ ਦੀਆਂ ਘੱਟ ਗਿਣਤੀਆਂ ਸਬੰਧੀ ਦੁਰ-ਮਨਸੂਬੇ ਰੱਚੇ ਗਏ ਹਨ, ‘ਉਹ ਦੇਸ਼ ਦੇ ਟੁਕੜੇ ਕਰਨ ਵਾਲੀ ਅਜਿਹੀ ਕਿਸੇ ਵੀ ਸੰਸਥਾ ਨੂੰ ਮਨਭਾਉਂਦੇ ਲਗਦੇ ਹਨ । ਭਾਵ ! ਘੱਟ ਗਿਣਤੀਆਂ ਨੂੰ ਆਪਣੀ ਵੱਖਰੀ ਪਹਿਚਾਣ ਦੀ ਹਰ ਭਾਵਨਾ ਦਾ ਤਿਆਗ ਕਰਦੇ ਹੋਏ, ਆਪਣੇ ਵਿਦੇਸ਼ੀ ਮੂਲ ਨੂੰ ਭੁੱਲਦੇ ਹੋਏ, ਦੇਸ਼ ਦੀ ਅਬਾਦੀ ਦੇ ਮੁੱਖ ਹਿੱਸੇ, ਭਾਵ ! ‘‘ਰਾਸ਼ਟਰੀ ਨਸਲ (ਹਿੰਦੂ) ਦੇ ਸੱਭਿਆਚਾਰ ਤੇ ਬੋਲੀ ਨੂੰ ਅਪਨਾਉਣਾ ਹੋਵੇਗਾ ? ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ! ਉਹ ਰਾਸ਼ਟਰ ਦੇ ਸਾਰੇ ਬੰਧਨਾਂ ਅਤੇ ਨਿਯਮਾਂ (ਦੇਸ਼ ਅੰਦਰ ਬਹੁ-ਗਿਣਤੀ) ‘ਚ ਬੱਧੇ ਹੋਏ ਰਾਸ਼ਟਰ ਦੀ ਇਜ਼ਾਜ਼ਤ ਅਨੁਸਾਰ ਵਿਦੇਸ਼ੀਆਂ ਦੀ ਤਰ੍ਹਾਂ ਰਹਿ ਸਕਦੇ ਹਨ ! ਉਹ ਦੇਸ਼ ਅੰਦਰ ਕਿਸੇ ਵੀ ਅਧਿਕਾਰ ਜਾਂ ਸਹੂਲਤ ਦੇ ਹੱਕਦਾਰ ਹੋਣਾ ਛੱਡ ਦੇਣ ?`` ਗੋਲਵਲਕਰ ਮੁਤਾਬਿਕ, ‘‘ ਮੁਸਲਮਾਨ, ਸ਼ਹਿਰੀ (ਨਾਗਰਿਕ) ਭਾਰਤ ਅੰਦਰ ਇਕ ਨੰਬਰ ਦੁਸ਼ਮਣ, ਦੋ ਨੰਬਰ ਈਸਾਈ ਅਤੇ ਤਿੰਨ ਨੰਬਰ ਤੇ ਕਮਿਊਨਿਸਟ ਹਨ।`` ਉਹ ਲੁਕਵੇਂ ਅਜੰਡੇ ਰਾਂਹੀ ਮੰਨੂ ਸਿਮ੍ਰਤੀ ਦੇ ਧਰਮ ਗ੍ਰੰਥ, ਜਿਹੜਾ ਹਿੰਦੂ ਰਾਸ਼ਟਰ ਲਈ ਵੇਦਾਂ ਤੋਂ ਬਾਅਦ, ਉਨ੍ਹਾਂ ਲਈ ਪ੍ਰਾਚੀਨ ਕਾਲ ਤੋਂ ਹੀ ਸਾਡੇ ਲਈ ਸੱਭਿਆਚਾਰ, ਰੀਤੀ-ਰਿਵਾਜ਼, ਵਿਚਾਰ,ਆਚਰਣ ਦਾ ਆਧਾਰ ਬਣ ਗਿਆ ਹੈ। ਅੱਜ ! ਮਨੁੂੰ-ਸਿਮ੍ਰਤੀ ਹੀ ਹਿੰਦੂ ਵਿਧੀ ਹੈ ? ਜਿਸ ਅਨੁਸਾਰ ‘ਦਲਿਤਾਂ ਅਤੇ ਇਸਤਰੀਆਂ ਵਾਸਤੇ, ਗੈਰ-ਮਨੁੱਖੀ ਫਲਸਫ਼ੇ ਦਾ ਇਹ ਇਕ ਵਾਹਕ ਹੈ ! ਮੰਨੂ ਸਿਮ੍ਰਤੀ ‘ਚ ਸ਼ੂਦਰਾਂ (ਅਛੂਤਾਂ) ਅਤੇ ਇਸਤਰੀਆਂ ਨੂੰ ਅਜਿਹੇ ਜੀਵ ਮੰਨਿਆ ਗਿਆ ਹੈ, ‘‘ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਨਹੀਂ ਹੈ? ``
ਆਰ.ਐਸ.ਅਸ ਅਤੇ ਉਸ ਦਾ ਸਮੁੱਚਾ ਸੰਘ ਪਰਿਵਾਰ ਭਾਰਤ ਦੇ ‘‘ਪਾਰਲੀਆਮੈਂਟਰੀ ਜਮਹੂਰੀਅਤ`` ਦੀ ਪੌੜੀ ਚੜ੍ਹ ਕੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ, ਪਿੜ੍ਹ ਅੰਦਰ ਬਹੁਲਤਾਵਾਦੀ ਜਮਹੂਰੀ ਢਾਂਚੇ, ਧਰਮਾਂ, ਰਸਮਾਂ, ਰਿਵਾਜ਼, ਭਾਸ਼ਾ ਅਤੇ ਸੱਭਿਆਚਾਰ ਵਾਲੀ ਵੱਖਰੀ ਪਹਿਚਾਣ ਨੂੰ ਆਪਣੀ ਬੁਨਿਆਦੀ, ਮੂਲਵਾਦੀ ਵਿਚਾਰਧਾਰਾ ਰਾਂਹੀ, ਹਿੰਦੂ, ਹਿੰਦੀ ਅਤੇ ਹਿੰਦੂਤਵ ਦਿੱਖ ਵਾਲਾ ਇਕ ਹਿੰਦੂ ਰਾਸ਼ਟਰ ਕਾਇਮ ਕਰਨ ਵੱਲ ਤੁਰ ਪਿਆ ਹੈ ? ਹੁਣ ਉਹ ਹਿੰਦੂਤਵ ਵਿਚਾਰਧਾਰਾ ਦੀ ਮੌਜੂਦਾ ਚੜ੍ਹਾਈ ਵੱਲ ਆਪਣੀ ਯਾਤਰਾ ਸ਼ੁਰੂ ਕਰ ਰਿਹਾ ਹੈ ! ਦੂਸਰੇ ਧਰਮਾਂ ਪ੍ਰਤੀ ਨਫ਼ਰਤ, ਅਸਹਿਣਸ਼ੀਲਤਾ ਅਤੇ ਅੰਧ ਰਾਸ਼ਟਰਵਾਦੀ ਸ਼ਾਵਨਵਾਦ ਦੇ ਪਸਾਰੇ ਅਧੀਨ ਹੁਣ ਇਸਤਰੀ ਦੀ ਮਾਣ-ਮਰਿਆਦਾ ਅਤੇ ਉਸ ਦੇ ਅਧਿਕਾਰਾਂ ਤੇ ਹਮਲੇ ਸੇਧਣ ਵੱਲ ਵੀ ਸੰਘ ਪਰਿਵਾਰ ਤੁਰ ਪਿਆ ਹੈ! ਕੋਈ ਵੀ ਬਾਲਗ ਲੜਕੀ 18-ਸਾਲ ਉਮਰ ਤੇ ਲੜਕਾ 21-ਸਾਲ ਉਮਰ ਵਾਲਾ ਭਾਰਤ ਦੇ ਸੰਵਿਧਾਨ ਅੰਦਰ ਆਪਸੀ ਵਿਆਹ ਕਰਵਾਉਣ ਦਾ ਹੱਕਦਾਰ ਹੈ ! ਸੰਵਿਧਾਨ ਦੀ ਧਾਰਾ 14, 15, 21,29 ਅਨੁਸਾਰ ਲੜਕੀ ਅਤੇ ਲੜਕਾ ਕਿਸੇ ਵੀ ਧਰਮ, ਜਾਤ ਅਤੇ ਫਿਰਕੇ ਦੇ ਹੋਣ, ‘ਆਪਸੀ ਵਿਆਹ ਕਰਵਾ ਸਕਦੇ ਹਨ। ਉਨ੍ਹਾਂ ਨੂੰ ਵਿਆਹ ਕਰਵਾ ਕੇ ਵਿਆਹ ਰਜਿਸਟਰ ਕਰਵਾਉਣ ਦਾ ਅਧਿਕਾਰ ਹੈ?` ਪਰ ! ਅਜਿਹੇ ਪਾਕ ਰਿਸ਼ਤੇ ਨੂੰ ਸੰਘ ਪਰਿਵਾਰ ਦੀਆਂ ਰਾਜ ਸਰਕਾਰਾਂ ਨੇ ‘‘ਲਵ-ਜਿਹਾਦ`` (ਸਿ਼ਊਡੋ ਮੈਰਿਜ) ਦਾ ਨਾਂ ਦੇ ਕੇ ਰੋਕਾਂ ਖੜੀਆਂ ਕਰ ਦਿੱਤੀਆਂ ਹਨ ? ਕੇਂਦਰ ਦੀ ਸਰਕਾਰ ‘‘ਅੰਤਰਜਾਤੀ, ਰਾਜ ਤੇ ਫਿਰਕਿਆ`` ਵਿਚਕਾਰ ਵਿਆਹ ਕਰਾਉਣ ਵਾਲੇ ਭਾਰਤੀ ਜੋੜੇ ਨੂੰ ਹਰ ਤਰ੍ਹਾਂ ਦੀ ‘ਸਹੂਲਤ ਅਤੇ ਹਿਫ਼ਾਜਤ`` ਦੇਣ ਦੇ ਵਾਅਦੇ ਕਰਦੀ ਹੈ ? ਪਰ ! ਸੰਘ ਪਰਵਾਰ ਦੀਆਂ ਰਾਜ ਸਰਕਾਰਾਂ ਕਾਨੂੰਨੀ ਰੋਕਾਂ ਲਾ ਰਹੀਆਂ ਹਨ ਅਤੇ ਕੇਂਦਰ ਦੀ ਸੰਘ ਸਰਕਾਰ ਵੀ ‘‘ਚੁੱਪ ਧਾਰ`` ਬੈਠੀ ਹੋਈ ਹੈ। ‘‘ਨਿਆਂ ਦਾ ਤਰਾਜੂ ਵੀ ਘੇਸ ਮਾਰੀ ਚੁੱਪ ਬੈਠਾ ਹੈ`` ! ਯੂ.ਪੀ., ਮੱਧ-ਪ੍ਰਦੇਸ਼, ਹਰਿਆਣਾ, ਆਸਾਮ ਆਦਿ ਰਾਜਾਂ ਅੰਦਰ ਸੰਘੀ ਸਰਕਾਰਾਂ ‘‘ਲਵ-ਜਿਹਾਦ`` ਦੇ ਨਾਂ ਹੇਠ ਨੌਜਵਾਨ ਬਾਲਗ ਲੜਕੀ ਤੇ ਲੜਕੇ ਨੂੰ ਆਪਸ ਵਿੱਚ ਵਿਆਹ ਕਰਾਉਣ ਤੋਂ ਰੋਕਣ ਲਈ, ਕਨੂੰਨੀ ਰੋਕਾਂ ਖੜੀਆਂ ਕਰਨ ਲਈ, ‘‘ਹਿੰਦੂ ਵਿਆਹ ਕਾਨੂੰਨ`` ਦੇ ਹੁੰਦਿਆ, ‘‘ਹਿੰਦੂਤਵੀ ਧੌਂਸ`` ਜਮਾਂ ਰਹੀਆਂ ਹਨ। ਇਹ ਵਰਤਾਰਾ ਇਸਤਰੀ ਵਰਗ ਦੇ ਅਧਿਕਾਰਾਂ ਵਿਰੁਧ ‘‘ਖੁਲ੍ਹਾ ਡਾਕਾ`` ਹੈ ਅਤੇ ਦੇਸ਼ ਅੰਦਰ ਦੋ ਫਿਰਕਿਆ ਅੰਦਰ ਦੀਵਾਰਾਂ ਖੜੀਆਂ ਕਰਨ ਦੇ ਤੁੱਲ ਹੈ ! ਭਾਰਤ ਦੇ ਮੀਡੀਆ ਰਾਹੀਂ ਦੋ ਫਿਰਕੇ ਦੇ ਬਾਲਗ ਲੜਕੀ ਅਤੇ ਲੜਕੇ ਨੂੰ ਆਪਸੀ ਵਿਆਹ ਕਰਾਉਣ ਤੋਂ ਰੋਕਣ, ਪੁਲੀਸ ਰਾਂਹੀ ਤੰਗ-ਪ੍ਰੇਸ਼ਾਨ ਕਰਨ ਅਤੇ ਸੰਘ ਪਰਵਾਰ ਦੇ ਪਾਲੇ ਗੁੰਡਿਆਂ ਰਾਹੀਂ ਡਰਾਉਣ ਧਮਕਾਉਣ ਦੀਆਂ ਵਾਰਦਾਤਾਂ ਦੀਆਂ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਨਿੱਤ-ਦਿਨ ਸਾਹਮਣੇ ਆ ਰਹੀਆਂ ਹਨ। ਜਦੋਂ ! ਲੜਕਾ ਮੁਸਲਿਮ ਫਿਰਕੇ ਦਾ ਹੋਵੇ ?
ਸਾਡੇ ਦੇਸ਼ ਨੂੰ ਅਜ਼ਾਦ ਹੋਇਆ ਭਾਵੇ ! 73 ਸਾਲ ਹੋ ਗਏ ਹਨ।ਕੇਂਦਰ ਵਿੱਚ ਲੰਬਾ ਸਮਾਂ ਕਾਂਗਰਸ ਪਾਰਟੀ ਦੀ ਦੀ ਗੈਰ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਵੀ ਰਹੀਆਂ ਹਨ। ਸੰਸਦ, ਵਿਧਾਨ ਸਭਾਵਾਂ ਜਾਂ ਚੁਣੇ ਹੋਏ ਜਮਹੂਰੀ ਅਦਾਰਿਆ ਵਿੱਚ ਸੰਵਿਧਾਨ ਅਨੁਸਾਰ ਕਾਰਵਾਈ ਹੁੰਦੀ ਰਹੇ ਤਾਂ ਸੰਸਥਾਵਾਂ ਦੇ ਨਤੀਜੇ ਚੰਗੇ ਨਿਕਲਦੇ ਹਨ। ਪ੍ਰੰਤੂ ! ਜਦੋਂ ਇਹੋ ਜਿਹੇ ਅਦਾਰਿਆ ਵਿੱਚ ਖਾਸ ਕਰਕੇ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ, ਕਿਸੇ ਵੀ ਪਾਰਟੀ ਨੂੰ ਭਾਰੂ ਬਹੁ-ਮਤ ਗਿਣਤੀ ਵਿੱਚ ਜਿੱਤ ਮਿਲ ਜਾਵੇ, ਤਾਂ ! ਉਹ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ ਬਿਨ੍ਹਾਂ ਜਮਹੂਰੀ ਕਾਰਵਾਈ ਕਰਾਏ, ਬਿਨ੍ਹਾਂ ਖਰੜਾ ਵੰਡੇ, ਬਿਨ੍ਹਾਂ ਚਰਚਾ ਕਰਵਾਏ ਆਪ ਹੀ ਆਪਣੀ ਬਹੁ-ਮੱਤ ਨਾਲ ਕਾਨੂੰਨ ਪਾਸ ਕਰਵਾ ਲਵੇ, ਤਾਂ ! ਵਿਰੋਧੀ ਸੰਸਦ ਮੈਂਬਰਾਂ ਵਿੱਚ ‘‘ਰੋਹ`` ਤਾਂ ਆਵੇਗਾ ਹੀ ? ਪ੍ਰੰਤੂ, ਜਦੋਂ ਇਹੋ ਜਿਹੇ, ‘ਲੋਕ ਵਿਰੋਧੀ ਕਾਨੂੰਨ` ਬਣਾਏ ਜਾ ਰਹੇ ਹੋਣ, ਤਾਂ ਉਥੇ ਦੇਸ਼ ਦੀ ਜੰਤਾ ਅੰਦਰ ਵੀ ਰੋਹ ਤਾਂ ਪੈਦਾ ਹੀ ਹੋਣਾ ਹੈ?` -2014 ਤੋਂ ਕੇਂਦਰ ਵਿੱਚ ਬੀ.ਜੇ.ਪੀ. ਦੀ ਮੋਦੀ ਸਰਕਾਰ ਸੀ ਅਤੇ ਦੁਬਾਰਾ 2019 ਵਿੱਚ ਦੂਸਰੀ ਵਾਰੀ ਬੀ.ਜੇ.ਪੀ. ਨੇ ਬਹੁ-ਮਤ ਹਾਸਲ ਕਰਕੇ ਕੇਂਦਰ ਵਿੱਚ ਸਤਾ ਤੇ ਕਬਜ਼ਾ ਕਰ ਲਿਆ। ਇਸ ਜਿੱਤ ਦੇ ‘‘ਨਸ਼ੇ ਦੇ ਗਰੂਰ`` ਵਿੱਚ ਚੂਰ ਹੋਈ ਬੀ.ਜੇ.ਪੀ. ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਅਜਿਹੇ ਲੋਕ ਵਿਰੋਧੀ ਕਾਲੇ ਕਾਨੂੰਨ ਬਨਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨਾਲ ਦੇਸ਼ ਵਿੱਚ ਹਰ ਪਾਸੇ ਆਮ ਲੋਕਾਂ ਵਿੱਚ ਰੋਹ ਫੈਲ ਰਿਹਾ ਹੈ। -2014 ਤੋਂ ਹੀ ਮੋਦੀ ਸਰਕਾਰ ਦੇ ਰਾਜ ਵਿੱਚ ਆਰਥਿਕ ਅਸਮਾਨਤਾ ਵਧਣ ਕਾਰਨ ਨੰਗ, ਭੁੱਖ, ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ। ਨਿਆ-ਕਾਨੂੰਨੀ ਵਿਵਸਥਾ ਤੇ ਮੀਡੀਆ ਵੀ ਸਰਕਾਰਾਂ ਦੇ ਪੱਖ ਵਿਚ ਹੀ ਭੁਗਤ ਰਿਹਾ ਹੈ। ਅੱਜ ! ਸਰਕਾਰ ਕੋਵਿਡ-19 ਦੇ ਛਾਏ ਹੇਠ ਸੰਸਦ ਅੰਦਰ ਕਈ ਅਜਿਹੇ ਕਾਨੂੰਨ ਜੋ ਲੋਕ ਵਿਰੋਧੀ ਹਨ, ਬਿਨਾ ਚਰਚਾ ਕਰਵਾਏ, ਵਿਰੋਧੀ ਧਿਰ ਨੂੰ ਬਿਨ੍ਹਾਂ ਵਿਸ਼ਵਾਸ਼ ਵਿੱਚ ਲਏ ਬਗੈਰ ‘‘ਥੋਕ-ਮਾਲ`` ਦੀ ਤਰ੍ਹਾਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਵਾਏ ਜਾ ਰਹੇ ਹਨ।
5-ਅਗਸਤ 2019 ਨੂੰ ਜੰਮੂ ਕਸ਼ਮੀਰ ਵਿੱਚ 370 ਧਾਰਾ ਖਤਮ ਕਰਨਾ, ਨਾਗਰਿਕਤਾ ਸੋਧ ਬਿਲ, ਤਿੰਨ ਤਲਾਕ ਕਾਨੂੰਨ, ਕਿਰਤ ਵਿਰੋਧੀ 4-ਕਿਰਤ ਕੋਡ ਤੇ ਹੁਣ ਕਿਸਾਨ ਵਿਰੋਧੀ ਤਿੰਨ ਮਾਰੂ ਬਿਲ ਆਪਣੇ ਬਹੁ-ਮੱਤ ਰਾਹੀਂ ਸੰਸਦ ਤੇ ਰਾਜ ਸਭਾ ਵਿੱਚ ਰੌਲੇ ਰੱਪੇ ਦੁਰਾਨ ਹੀ ਪਾਸ ਕਰਵਾ ਕੇ ਰਾਸ਼ਟਰਪਤੀ ਤੋਂ ਮੋਹਰ ਲਗਵਾ ਕੇ ਕਾਨੂੰਨ ਬਣਾ ਲਏ ਗਏ ਹਨ। ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਇਨ੍ਹਾਂ ਬਿਲਾਂ ਨੂੰ ਖਤਮ ਕਰਾਉਣ ਲਈ ਸੰਘਰਸ਼ ਦੇ ਰਾਹ ਪਏ ਹਨ ਅਤੇ ਦਿੱਲੀ ਵਿੱਚ ਲੱਖਾਂ ਦੀ ਗਿਣਤ ਵਿੱਚ ਕਿਸਾਨ ਮੋਦੀ ਨੂੰ ਇਹ ਬਿਲ ਵਾਪਸ ਲੈਣ ਦੀ ਗੁਹਾਰ ਲਗਾ ਰਹੇ ਹਨ। ਪ੍ਰਤੂੰ ਮੋਦੀ ਦੀ ਸਰਕਾਰ ਦੇ ਕੰਨਾਂ ਤੇ ਜੂੰ ਹੀ ਨਹੀਂ ਸਰਕਦੀ ਨਜ਼ਰ ਆ ਰਹੀ ਹੈ, ਅਜੇ ਤੱਕ ਇਹ ਮਸਲਾ ਹੱਲ ਹੁੰਦਾ ਨਜ਼ਰ ਹੀ ਨਹੀਂ ਆ ਰਿਹਾ ਹੈ, ਕਿ ਸੰਘ ਸਰਕਾਰ ਦੀਆਂ ਰਾਜ ਸਰਕਾਰਾਂ ਵੱਲੋਂ (ਬੀ.ਜੇ.ਪੀ.) ਦੇਸ਼ ਭਰ ਅੰਦਰ ‘‘ਲਵ-ਜਿਹਾਦ`` ਦੂਸਰੇ ਧਰਮਾਂ ਵਿੱਚ ਲੜਕੇ ਲੜਕੀ ਵਲੋਂ ਕੀਤੇ ਜਾ ਰਹੇ ਵਿਆਹਾਂ ‘ਚ ਵਿਵਾਦਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਬੀ.ਜੇ.ਪੀ. ਦੀਆਂ ਰਾਜ ਸਰਕਾਰਾਂ ਹਰਿਆਣਾ, ਮੱਧ ਪ੍ਰਦੇਸ਼, ਉਤੱਰ ਪ੍ਰਦੇਸ਼ ਅਸਾਮ ਆਦਿ ਵਿੱਚ ਹਨ, ਉਥੇ ‘‘ਲਵ-ਜਿਹਾਦ ਵਿਰੁਧ ਕਾਨੂੰਨ`` ਬਣਾ ਦਿੱਤੇ ਗਏ ਹਨ; ਜਾਂ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ? ਅੱਜ ! ਅਸੀਂ 21-ਵੀਂ ਸਦੀ ਵਿੱਚ ਪਹੰੁਚ ਗਏ ਹਾਂ, ਤਾਂ ਅਜੇ ! ਵੀ ਸਾਡੀ ਰਾਜਨੀਤਕ ਸੋਚ ਵਿੱਚ ਸੱਜ-ਪਿਛਾਕੜ ਸ਼ਕਤੀਆਂ ਆਪਣੀ ਹੋਂਦ ਕਾਇਮ ਰੱਖਣ ਲਈ ‘‘ਧਰਮ ਤੇ ਜਾਤ`` ਦਾ ਸ਼ਬਦ ਇਕ ਹਥਿਆਰ ਵਜੋਂ ਵਰਤ ਰਹੀਆਂ ਹਨ!
ਅੱਜ ! ਦੇ ਯੁੱਗ ਵਿੱਚ ‘ਪ੍ਰੇਮ ਵਿਆਹ` ਕਰਾਉਣ ਦਾ ਮਤਲਬ ‘‘ਪ੍ਰੇਮ ਯੁੱਧ`` ? ਪ੍ਰੰਤੂ ! ਦੁੱਨੀਆਂ ਭਰ ਵਿੱਚ ਪੇ੍ਰਮ ਤੋਂ ਵੱਡੀ ਕੋਈ ਵੀ ਜਾਤੀ ਜਾਂ ਧਰਮ ਨਹੀਂ ਹੁੰਦਾ ਹੈ। ਇਸ ਤਰ੍ਹਾਂ ਕਿਸੇ ਵੀ ਲੜਕੇ ਅਤੇ ਲੜਕੀ ਨੂੰ ਕਿਸੇ ਵੀ ਧਰਮ ਵਿੱਚ ਵਿਆਹ ਕਰਾਉਣ ਤੋਂ ਰੋਕਿਆ ਵੀ ਨਹੀਂ ਜਾ ਸਕਦਾ। ਅੱਜ! ਵੀ ਸਾਡੀ ਪਿਤਰੀ ਸੋਚ ਇਥੇ ਖੜੀ ਹੈ, ‘‘ਕਿ ਆਪਣੇ ਧਰਮ ਵਿੱਚ ਹੀ ਵਿਆਹ ਕਰਾਉਣ ਲਈ ਲੜਕੇ ਅਤੇ ਲੜਕੀ ਉਪੱਰ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚਾਈ ਜਾ ਰਹੀ ਹੈ।`` ਇਹ ਸੋਚ ਇਸਤਰੀ ਦੇ ਵਿਰੋਧ ‘ਚ ਖੜੀ ਹੈ, ਜਦ ਕਿ ਬੱਚਿਆਂ ਦੇ ਬਾਲਗ ਹੋਣ ਤੇ ਉਹ ਆਪਣੀ ਮਰਜ਼ੀ ਦਾ ਸਾਥੀ ਚੁਨਣ ਦਾ ਫੈਸਲਾ ਲੈ ਸਕਣ ਦਾ ਹੱਕਦਾਰ ਹੁੰਦਾ ਹੈ !
ਇਹ ਅਫ਼ਸੋਸ ਦੀ ਗੱਲ ਹੈ, ‘ਕਿ ਕੇਂਦਰ ਦੀ ਬੀ.ਜੇ.ਪੀ. ਅਤੇ ਰਾਜਾਂ ਅੰਦਰ ਸੰਘ ਪਰਵਾਰ ਸਰਕਾਰਾਂ ਦੇਸ਼ ਵਿੱਚ,ਆਪਸੀ ਵਿਚਾਰਾਂ ਦੀ ਸਾਂਝ ਰਾਹੀਂ ਜਿੰ਼ਦਗੀ ਭਰ ਦਾ ਸਾਥ ਨਿਭਾਉਣ ਵਾਲੇ ਸਾਥੀ ਦੀ ਪਿਆਰ ਰਾਹੀਂ ਚੋਣ ਕਰਨ ਲਈ, ਕਾਨੂੰਨੀ ਰੋਕਾਂ ਪੈਦਾ ਕਰ ਰਹੀਆਂ ਹਨ । ਹਰ ਨੌਜਵਾਨ ਬਾਲਗ ਲੜਕਾ ਲੜਕੀ, ਜੋ ਜਾਤਾਂ, ਧਰਮਾਂ ਤੋਂ ਉੱਪਰ ਉੱਠ ਕੇ ਆਪਣੀ ਜਿ਼ੰਦਗੀ ਨੂੰ ਬਸਰ ਕਰਨ ਲਈ ‘‘ਪਿਆਰ ਅਤੇ ਉਲਹਾਸ`` ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਇਹ ਸੰਘ ਪਰਵਾਰ ਸਰਕਾਰਾਂ ਪਿਆਰ ਅੰਦਰ ਵੀ ਦੀਵਾਰਾਂ ਖੜੀਆਂ ਕਰਨ ਦੇ ਤੁੱਲ ਹੈ। ਪਰ ਸੰਘ ਪਰਿਵਾਰ ਸਰਕਾਰਾਂ ਦੀ ਮਨਮਰਜ਼ੀ ਰਾਂਹੀ ਇਹੋ ਜਿਹੇ ਪਿਆਰ, ਵਿਆਹਾਂ ਨੂੰ ਵੀ ਪ੍ਰਵਾਨਗੀ ਦੇਣ ਲਈ ਇਕ ਹੋਰ ਕਾਲਾ ਕਾਨੂੰਨ ‘‘ਲਵ-ਜਿਹਾਦ`` ਦਾ ਨਾਂ ਦਿੱਤਾ ਗਿਆ ਹੈ, ਬਣਾ ਦਿੱਤੇ ਗਏ ਹਨ। ਅੱਜ ! ਯੂ.ਪੀ., ਮੱਧ-ਪ੍ਰਦੇਸ਼ ਅਤੇ ਹਰਿਆਣਾ ਵਿੱਚ ਆਪਸੀ ਪਿਆਰ ਵਿਆਹ ਨੂੰ ਰੋਕਣ ਲਈ ਲਵ-ਜਿ਼ਹਾਦ ਦੇ ਨਾਂ ਦੇ ਹੇਠ ਲੜਕੇ ਅਤੇ ਲੜਕੀ ਨੂੰ ਸਜ਼ਾ ਦੇਣ ਲਈ ‘ਕਰਨੀ ਸੈਨਾ, ਬਜਰੰਗ ਦਲ` ਆਦਿ ਅਜਿਹੇ ਨਾਵਾਂ ਥੱਲੇ ਮੋਹਰਲੀਆਂ ਸਫਾ ਵਿੱਚ ਖੜੇ ਕੀਤੇ ‘‘ਸੰਘੀ ਲੰਪਨ ਫੌਜ ਦੇ ਗੁੰਡਿਆਂ ਰਾਹੀਂ`` ਲਵ-ਜਿਹਾਦ ਦਾ ਨਾਂ ਦੇ ਕੇ ਵਿਆਹਾਂ ਨੂੰ ਜਬਰੀ ਰੋਕਿਆ,ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ ! ਨੌਜਵਾਨਾਂ ਦੇ ਪ੍ਰੇਮ ਵਿਆਹ ਅਤੇ ਉਨ੍ਹਾਂ ਦੀ ਇੱਛਾ ਦੀ ਜਿਊਣ ਦੀ ਅਜ਼ਾਦੀ ਉੱਤੇ ਹਮਲੇ ਕੀਤੇ ਜਾ ਰਹੇ ਹਨ।
ਅਸਲ ਵਿੱਚ 2008 ਤੋਂ ਪਹਿਲਾਂ ਕਦੀ ਵੀ ਲਵ-ਜਿਹਾਦ ਦਾ ਨਾਂ ਸੁਣਿਆ ਵੀ ਨਹੀਂ ਗਿਆ ਸੀ ? ‘‘ਰੋਮੀਓ`` ਵਰਗੇ ਸ਼ਬਦਾਂ ਦੀ ਚਰਚਾ ਜ਼ੋਰਾ ਤੇ ਸੀ। ਇਕ ਵਿਸ਼ਲੇਸ਼ਣ ਰਾਂਹੀ ਪਤਾ ਲੱਗਿਆ ਹੈ, ‘‘ਕਿ ਰਿਟਾਇਰਡ ਜਸਟਿਸ ਕੇਟੀ ਸ਼ੰਕਰ ` ਨੇ ਮੰਨਿਆ ਸੀ, ‘‘ਕਿ ਕੇਰਲਾ ਅਤੇ ਬੈਂਗਲੂਰ ਵਿੱਚ ਜਬਰਦਸਤ ਧਰਮ ਬਦਲਣ ਦੇ ਸ਼ੰਕੇ ਪੈਦਾ ਹੋਏ ਸਨ, ਤਾਂ ਉਨ੍ਹਾਂ ਨੇ ਕੋਰਟ ਨੂੰ ਇਸ ਤਰ੍ਹਾਂ ਧਰਮ ਬਦਲ ਕੇ ਵਿਆਹਾਂ ਨੂੰ ਕਾਨੂੰਨੀ ਕਾਰਵਾਈ ਕਰਕੇ ਰੁਕਵਾਉਣ ਦੀ ਰਾਏ ਦਿੱਤੀ ਸੀ।`` ਪ੍ਰਤੂੰ ! ਕੋਰਟ ਨੇ ਕਿਹਾ ਸੀ, ‘‘ਕਿ, ਪ੍ਰੇਮ ਦੇ ਨਾਂ ਤੇ ਕਿਸੇ ਨੂੰ ਧੋਖੇ ਜਾਂ ਉਨ੍ਹਾਂ ਦੀ ਮਰਜ਼ੀ ਤੋਂ ਬਿਨ੍ਹਾਂ ਧਰਮ ਤਬਦੀਲ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ?`` ਇਹ ਵੀ ਸੰ਼ਕਾ ਜ਼ਾਹਿਰ ਕੀਤੀ ਜਾ ਰਹੀ ਹੈ, ‘ਕਿ ਲਵ-ਜਿਹਾਦ ਨਾਲ ਕੀਤੇ ਗਏ ਵਿਆਹਾਂ ਬਾਰੇ ਕੋਈ ਵੀ ਅੰਕੜਾ ਗ੍ਰਹਿ ਵਿਭਾਗ/ਮੰਤਰੀ ਕੋਲ ਨਹੀਂ ਹੈ ?`` ਗ੍ਰਹਿ ਮੰਤਰੀ ਜੀ ਕਿਸ਼ਨ ਰੈਡੀ ਨੇ ਫਰਵਰੀ 2020 ‘ਚ ਸੰਸਦ ‘ਚ ਬਿਆਨ ਦਿੱਤਾ ਸੀ, ‘‘ਕਿ ਵਰਤਮਾਨ ਕਾਨੂੰਨ ਵਿੱਚ ‘ਲਵ-ਜਿਹਾਦ` ਜਿਹਾ ਕੋਈ ਵੀ ਸ਼ਬਦ ਨਹੀ ਹੈ ਅਤੇ ਨਾ ਹੀ ਲਵ ਜਿਹਾਦ ਦੇ ਨਾਂ ਤੇ ਕੋਈ ਕੇਸ ਕੇਂਦਰੀ ਏਜੰਸੀ ਵਲੋਂ ਦਰਜ ਕੀਤਾ ਗਿਆ ਹੈ।``
20 ਅਕਤੂਬਰ 2020 ਨੂੰ ‘ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਮਹਾਂਰਾਸ਼ਟਰ ਦੇ ਰਾਜਪਲ` ਨਾਲ ਇਸ ਵਿਸ਼ੇ ਤੇ ਵਿਸਥਾਰ ਸਹਿਤ ਗੱਲ-ਬਾਤ ਕੀਤੀ ਸੀ। ਇਕ ਆਰ.ਟੀ. ਆਈ. ਰਾਹੀਂ ਰਾਸ਼ਟਰੀ ਮਹਿਲਾ ਆਯੋਗ ਨੇ ਦਸਿਆ, ‘‘ਕਿ ਉਨ੍ਹਾਂ ਦੇ ਕੋਲ ‘‘ਲਵ-ਜਿਹਾਦ`` ਨਾਲ ਜੁੜਿਆ ਕੋਈ ਮੁੱਦਾ/ਡੇਟਾ ਜਾਂ ਇਹੋ ਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ।``
ਦੇਸ਼ ਵਿੱਚ ਜੁੜਿਆ ਕਾਨੂੰਨ ਕੀ ਹੈ :- ਭਾਰਤ ਵਿੱਚ ਦੋ ਅਲੱਗ-ਅਲੱਗ ਧਰਮਾਂ ਦੇ ਵਿਸ਼ੇਸ਼ ਵਿਆਹ 1954 ਦੇ ਕਾਨੂੰਨ ਤਹਿਤ ਹਿੰਦੂ ਧਰਮ ਦੇ ਲੋਕ ਹਿੰਦੂ ਵਿਆਹ ਕਾਨੂੰਨ 1955 ਦੇ ਤਹਿਤ, ਮੁਸਲਿਮ ਧਰਮ ਵਾਲੇ ਮੁਸਲਿਮ ਪਰੰਪਰਾਵਾਂ ਨਾਲ ਵਿਆਹ ਕਰ ਸਕਦੇ ਹਨ। ਗਲਤ ਐਫੀਡੈਵਿਟ ਦੇਣ, ਉਮਰ ਜਾਂ ਧਰਮ ਨੂੰ ਲੁਕਾਉਣ, ਵਿਵਿਹਾਕ ਸਥਿਤੀ ਨੂੰ ਲੁਕਾਉਣ ਜਿਹੀਆਂ ਗਲਤ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਕਾਨੂੰਨ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਆਈ.ਪੀ.ਸੀ. ਦੀ ਧਾਰਾ 366 ਤਹਿਤ ਅਗਵਾ ਕਰਨ ਦੇ ਮਾਮਲਿਆਂ ਵਿੱਚ 10 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜੇਕਰ ਕਿਸੇ ਦੇ ਨਾਲ ਤੁਸੀਂ ਧੋਖਾ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਉਂਦੇ ਹੋ, ਉਸ ਉਪੱਰ ਧੋਖਾ-ਧੜੀ ਦਾ ਕੇਸ ਵੀ ਚੱਲ ਸਕਦਾ ਹੈ!
ਸਾਡੇ ਦੇਸ਼ ਵਿੱਚ ਅੱਜ! ਦੀ ਰਾਜਨੀਤੀ ਨੂੰ ਧਰਮਾਂ, ਜਾਤਾਂ, ਮਜ਼ਹਬਾਂ ਤੇ ਖਿੱਤਿਆਂ ਦੇ ਤੌਰ ਤੇ ਇਕ ਮਜ਼ਬੂਤ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ, ਜੋ ਦੇਸ਼ ਦੀ ਪ੍ਰਭੂਸਤਾ ਨੂੰ ਸੱਟ ਮਾਰਦਾ ਹੈ ਅਤੇ ਦੇਸ਼ ਦੀ ਤਰੱਕੀ ਦੀ ਰਾਹ ਵਿੱਚ ਇਕ ਰੋੜਾ ਹੈ। ਇਹ ਸਾਡੀ ਧਰਮ ਨਿਰੱਪਖਤਾ, ਜਮਹੂਰੀਅਤ ਅਤੇ ਸਮਾਜਵਾਦੀ ਸੋਚ ਦੇ ਰਾਹ ਅੱਗੇ ਰੋਕ ਹੈ। ਅੱਜ ਜਿਸ ਤਰ੍ਹਾਂ ਸਤਾਧਾਰੀ ਪਾਰਟੀ ਵੱਲੋੋਂ ‘ਲਵ-ਜਿਹਾਦ` ਦੇ ਨਾਂ ਹੇਠ ‘ਘੱਟ-ਗਿਣਤੀ ਫਿਰਕੇ ਵਿਰੁੱਧ ਜਹਾਦ` ਛੇੜਿਆ ਹੋਇਆ ਹੈ, ਇਹ ਘੱਟ ਗਿਣਤੀ ਲੋਕਾਂ ਵਿਰੁੱਧ ਇਕ ਨਫ਼ਰਤ/ਘਿਰਣਾ ਪੈਦਾ ਕਰਕੇ ਵੰਡੀਆਂ ਪਾਉਣ ਵਾਲਾ ਰਾਹ ਹੈ।
ਸੰਘ ਪਰਿਵਾਰ ਵੱਲ ਕਿਸੇ ਮੁਸਲਮਾਨ ਲੜਕੇ ਵਲੋਂ ਕਿਸੇ ਹਿੰਦੂ ਲੜਕੀ ਨਾਲ ਵਿਆਹ ਕਰਾਉਣਾ, ਸਿਰਫ ਉਸ ਦਾ ਧਰਮ ਪਰੀਵਰਤਨ ਨੀਤੀ ਵਜੋਂ ਹੀ ਦੇਖਿਆ ਤੇ ਦਿਖਾਇਆ ਜਾਂਦਾ ਹੈ, ਜੋ ਠੀਕ ਨਹੀਂ ਹੈ? ਅਸੀਂ ਅੱਜ ! ਤਕ ਇਹ ਨਹੀਂ ਸੋਚਿਆ ਕਿ ਇਸਤਰੀ ਦੀ ਵੀ ਕੋਈ ਮਰਜ਼ੀ ਜਾਂ ਹੈਸੀਅਤ ਵੀ ਹੁੰਦੀ ਹੈ। ਇਸ ਲਈ ਮਰਜ਼ੀ (ਸਹਿਮਤੀ) ਦੇ ਵਿਆਹ ਨੂੰ ਵੀ ਕੱਟੜ-ਪੰਥੀਆਂ ਨੇ ਇਸ ਨੂੰ ਲਵ-ਜਿਹਾਦ ਦਾ ਨਾਂ ਦੇ ਕੇ ਪ੍ਰੇਮ ਤੇ ਵੀ ਸੰਘ ਪ੍ਰੀਵਾਰ ਨੇ ਰਾਜਨੀਤੀ ਰਾਹੀਂ ਕਾਲਖ ਫੇਰਨ ਦੀ ਕੋਸਿ਼ਸ਼ ਕੀਤੀ ਹੈ।
ਕੇਂਦਰ ਅੰਦਰ ਵੀ ਸੰਘ ਪ੍ਰਵਾਰ ਸਰਕਾਰ ਹੈ ਤੇ ਕਈ ਰਾਜਾਂ ਅੰਦਰ ਵੀ ਸੰਘ ਪ੍ਰਵਾਰ ਦੀਆਂ ਸਰਕਾਰਾਂ ਹਨ। ਕੇਂਦਰ ਪਾਸ ਕੌਮੀ ਪੱਧਰ ਤੱਕ ਅੰਤਰ-ਧਰਮ ਸ਼ਾਦੀਆਂ ਸਬੰਧੀ ਕੋਈ ਅੰਕੜਾ ਮੌਜੂਦ ਨਹੀਂ ਹੈ। ਆਈ.ਆਈ.ਫਾਰ ਪੀ.ਐਸ. ਦੀ ਰਿਪੋਰਟ-2013 ਅਨੁਸਾਰ ਇੰਟਰਫੇਥ ਮੈਰਿਜ ਅਨੁੁਸਾਰ 41554 ਪ੍ਰਵਾਰਾਂ ਦੇ ਸਰਵੇਖਣ ਮੁਤਾਬਿਕ 15 ਤੋਂ 49 ਸਾਲ ਦੀਆਂ ਸ਼ਾਦੀ ਸ਼ੁਦਾ ਇਸਤਰੀਆਂ ਵਿਚੋਂ 2.21 ਫੀ ਸਦ ਇਸਤਰੀਆਂ ਨੇ ਦੂਸਰੇ ਧਰਮਾਂ ‘ਚ ਸ਼ਾਦੀਆਂ ਕੀਤੀਆਂ। ਪਰ ਰਿਪੋਰਟ ਅੰਦਰ ਇਹ ਨਹੀਂ ਦੱਸਿਆ ਕਿ ਕਿਸ ਧਰਮ ਦੇ ਲੜਕੇ ਨਾਲ ਸ਼ਾਦੀ ਕਰਾਈ। 2008 ਤੋਂ ਪਹਿਲਾ ‘ਲਵ ਜਿਹਾਦ` ਦੀ ਕੋਈ ਹੋਂਦ ਨਹੀਂ ਸੀ। ਲਵ-ਜਿਹਾਦ ਦੀ ਚਰਚਾ ਕੋਵਿਡ-19 ਦੇ ਸਮੇਂ ਹੋਈ ਜਦੋਂ ਕੇਂਦਰ ਦੀ ਸੰਘ ਪ੍ਰਵਾਰ ਸਰਕਾਰ ਨੂੰ ‘ਲੋਕ ਵਿਰੋਧੀ ਕਨੂੰਨ` ਪਾਸ ਕਰਨ ਲਈ ਵੱਧੀਆ ਮਾਹੌਲ ਮਿਲਿਆ। ਉਸ ਸਮੇਂ ਲੋਕਾਂ ਤੇ ਹਮਲੇ ਸੇਧਣ ਲਈ ਅਜਿਹੇ ਕਈ ਕਨੂੰਨ ਹੋਂਦ ਵਿੱਚ ਲਿਆਂਦੇ ਗਏ। ਅਜਿਹੇ ਕਨੂੰਨਾਂ ਰਾਹੀਂ ਲੋਕਾਂ ਨੂੰ ਕੋਈ ਨਿਆਂ ਦੇਣਾ, ਇਨਸਾਫ਼ ਅਤੇ ਆਰਥਿਕ ਪੱਧਰ ਉੱਚਾ ਚੁਕਣ ਲਈ ਨਹੀਂ ? ਸਗੋਂ ਇਹ ਹਾਕਮੀ ਹੁਲਾਰਾ, ਜੋ ਉਨ੍ਹਾਂ ਨੇ ਆਪਣੀ ਡਿੱਗ ਰਹੀ ਸ਼ਾਖ ਨੂੰ ਠੁੱਮਣਾ ਦੇਣਾ ਹੈ। ਅਮਲ ਵਿੱਚ ਇਹ ਦੇਖਿਆ ਹੈ, ‘ਕਿ ਕੋਈ ਵੀ ਕੱਟੜ ਵਿਚਾਰਧਾਰਾ ਆਜ਼ਾਦ ਪਿਆਰ ਨੂੰ ਬਰਦਾਸ਼ਤ ਨਹੀਂ ਕਰਦੀ ਹੈ। ਕੱਟੜਤਾ , ਹਕੀਕੀ ਧਾਰਮਿਕਤਾ ਦੇ ਖਿਲਾਫ਼ ਹੈ। ਸਾਨੂੰ ਜੋ ਪੁਜਾਰੀ ਦੱਸਦੇ ਜਾਂ ਪ੍ਰਚਾਰਦੇ ਹਨ ? ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ‘‘ਕਿ ਪਿਆਰ ਤਾਂ ਜ਼ਿੰਦਗੀ ਅੰਦਰੋ ਉਪਜਦਾ ਹੈ ਜੋ ਮਨੁੱਖ ਨੇ ਹਜ਼ਾਰਾਂ ਵਰ੍ਹਿਆ ਦੇ ਨੇਮ ਤੇ ਸਤਿ ਰਾਹੀਂ ਪ੍ਰਾਪਤ ਕੀਤਾ ਹੈ। ਪਿਆਰ ਇਕ ਇਨਕਲਾਬ ਹੈ ਜੋ ਫਾਸ਼ੀਵਾਦ ਰਾਹੀ ਨਾਂ ਉਪਜਦਾ ਹੈ ਤੇ ਨਾ ਹੀ ਦਬਾਇਆ ਜਾ ਸਕਦਾ ਹੈ।``
ਸਮਾਜਵਾਦੀ ਵਿਚਾਰਧਾਰਾ ਤੇ ਅਮਲ, ਅੰਦਰ ਜਦੋ ਕੋਈ ਅਟਕਾਅ ਆ ਜਾਂਦਾ ਹੈ, ਤਾਂ ਪ੍ਰਚਲਤ ਪੂੰਜੀਵਾਦੀ ਸੱਭਿਆਚਾਰਕ ਰਾਜਨੀਤੀ, ਮੀਡੀਆ ਤੇ ਕਾਰਪੋਰੇਟ ਜਗਤ ਇਥੋਂ ਤਕ ਕਿ ਧਰਮ ਸਭ ਤੋਂ ਆਪਣੇ ਨਾਂਹ ਪੱਖੀ ਕਿਰਦਾਰਾ ਕਾਰਨ ਦੱਬੇ ਹੋਏ ਹੁੰਦੇ ਹਨ, ਬਾਹਰ ਆਉਂਦੇ ਹਨ। ਖੁਲ੍ਹੇਪਣ,ਜਮਹੂਰੀ ਅਤੇ ਧਰਮ ਨਿਰਪੱਖ ਪੱਖ ਹੇਠਾਂ ਚਲੇ ਜਾਂਦੇ ਹਨ। ਇਨ੍ਹਾਂ ਹਲਾਤਾਂ ਅੰਦਰ ਕਮਜ਼ੋਰ, ਘੱਟ ਗਿਣਤੀ ਅਤੇ ਇਸਤਰੀ ਵਰਗ ਜੋ ਸਭ ਤੋਂ ਹੇਠਾਂ ਹਨ, ਸਮਾਜ ਅੰਦਰ ਰੌਂਦੇ ਜਾਂਦੇ ਹਨ। ਜਦੋਂ ਮਜ਼ਹਬੀ ਰਾਸ਼ਟਰਵਾਦ ਦੀ ਪਿੱਤਰਵਾਦੀ ਵਿਚਾਰਧਾਰਾ ਮਜ਼ਬੂਤ ਹੁੰਦੀ ਹੈ, ਤਾਂ ਫਿਰਕੂ ਸ਼ਕਤੀਆਂ ਵਿੱਚ ਅਜਿਹੇ ਹਊਏ ਖੜੇ ਕਰਕੇ ਇਸਤਰੀ ਵਰਗ ਦੀ ਆਜ਼ਾਦੀ ਨੂੰ ਖਤਮ ਕਰਨ ਵੱਲ ਵਧਦੇ ਹਨ। ਦੇਸ਼ ਅੰਦਰ ਲੋਕ ਭਲਾਈ ਦੀ ਥਾਂ ਸਤਾਵਾਦ ਹੋਂਦ ਦੀ ਕਾਇਮੀ ਲਈ ਪਿੱਤਰ ਸੱਤਾ -ਵਾਦੀ ਅਤੇ ਦਮਨਕਾਰੀ ਬਣਦਾ ਹੈ। ਇਸ ਲਈ ਇਸਤਰੀ ਵਰਗ ਪ੍ਰਤੀ ਸਾਡੀ ਮਾਨਸਿਕਤਾ ਅੱਜੇ ਵੀ ਇਤਨੀ ਪੱਛੜੀ ਹੋਈ ਹੈ, ‘ਕਿ ਅਸੀਂ ਉਸ ਦੇ ਮਨੁੱਖੀ ਅਧਿਕਾਰਾਂ ਨੂੰ ਹਰ ਤਰ੍ਹਾਂ ਨਾਲ ਦਬਾਉਣ ਲਈ ਤੱਤਪਰ ਰਹਿੰਦੇ ਹਾਂ। ਉਹ ਪ੍ਰੇਮ ਵੀ ਨਹੀਂ ਕਰ ਸਕਦੀ ਹੈ। ਸੰਘ ਪ੍ਰਵਾਰ ਦੀਆਂ ਸਰਕਾਰਾਂ ਇਸਤਰੀ ਨੂੰ ਆਰਥਿਕ-ਆਜ਼ਾਦੀ, ਸੁਰੱਖਿਆ ਤੇ ਖੁਦਮੁੱਖਤਾਰੀ ਦੇਣ ਤੋਂ ਤਾਂ ਪਿੱਛੇ ਹੱਟ ਰਹੀਆਂ ਹਨ। ਇਸਤਰੀਆਂ ਨੂੰ 33-ਫੀ ਸਦ ਸੰਸਦ ਤੇ ਅਸੰਬਲੀ ਅੰਦਰ ਸੀਟਾਂ ਦਾ ਰਾਖਵਾਕਰਨ ਦੇਣ ਤੋਂ ਨਾਬਰ ਹਨ। ਇੱਥੋਂ ਤਕ ਇਸਤਰੀ ਦੇ ਬਰਾਬਰ ਨਾਗਰਿਕ ਅਧਿਕਾਰਾਂ ਨੂੰ ਦੋਵਾਂ ਪਾਸਿਆਂ ਤੋਂ ਨਿਸ਼ਾਨਾ ਬਣਾਇਆ ਹੋਇਆ ਹੈ। ਪਰ ਝੂਠ ‘ਤੇ ਅਧਾਰਿਤ ਲਵ-ਜਿਹਾਦ ਦੇ ਨਾਂ ਹੇਠ ਇਸਤਰੀ ਦੇ ਪਿਆਰ, ਵਿਆਹ ਦੇ ਹੱਕ ਨੂੰ ਖਤਮ ਕਰਕੇ ਕਨੂੰਨ ਬਣਾਇਆ ਗਿਆ ਹੈ, ਜੋ ਸੰਘ ਪ੍ਰਵਾਰ ਦਾ ਫਾਸ਼ੀਵਾਦੀ ਇਸਤਰੀ ਵਰਗ ਤੇ ਇਕ ਹੋਰ ਵੱਡਾ ਹਮਲਾ ਹੈ। ਇਸ ਵਿਰੁਧ ਕਦਮ-ਕਦਮ ਤੇ ਲੜਨਾ ਪਏਗਾ।
ਲਾਜਿ਼ਮ ਹੈ ਕਿ ਹਮ ਭੀ ਦੇਖੇਂਗੇ, ਵੋ ! ਦਿਨ ਕੇ: ਜਿਸ ਕਾ ਵਾਹਦਾ ਹੈ, ਹਮ ਦੇਖੇਂਗੇ,
ਰਾਜਿੰਦਰ ਕੌਰ ਚੋਹਕਾ
91-98725-44738
001-403-285-4208
EMail: chohkarajinder@gmail.com