ਮਾਂ ਵਿਦਿਆਵਤੀ ਜੀ ( ਸ਼ਕਤੀ ਰੂਪਾ) - ਰਣਜੀਤ ਕੌਰ ਗੁੱਡੀ ਤਰਨ ਤਾਰਨ
ਪੰਜਾਬ ਮਾਤਾ ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਨਾਰੀ ਸ਼ਕਤੀ ਦਾ ਲਾਸਾਨੀ ਰੂਪ--
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਪੂਜਨੀਕ ਮਾਂ ਵਿਦਿਆਵਤੀ ਦਾ ਜਨਮ 1889 ਵਿੱਚ ਪਿੰਡ 'ਮੋਰਾਂਵਾਲੀ'ਵਿਖੇ ਹੋਇਆ।ਮਾਤਾਜੀ ਦਾ ਪਹਿਲਾ ਨਾਮ 'ਇੰਦਰ ਕੌਰ' ਸੀ।ਮਾਤਾਜੀ ਉੱਚੇ ਕੱਦਵਾਲੀ,ਪ੍ਰਭਾਵਸ਼ਾਲੀ ਵਿਅਕਤੀਤਵ ਤੇ ਵੱਡੇ ਦਿਲ ਦਿਮਾਗ ਵਾਲੀ ਸਖ਼ਸ਼ੀਅਤ ਸਨ।ਉਹਨਾਂ ਵਿੱਚ ਨਿੱਕੇ ਹੁੰਦੇ ਤੋਂ ਹੀ ਹਰ ਸੰਕਟ ਦਾ ਦ੍ਰਿੜ ਇਰਾਦੇ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਸੀ।ਇੰਦਰ ਕੌਰ ਦਾ ਵਿਆਹ ਸ੍ਰ.ਕਿਸ਼ਨ ਸਿੰਘ ਸੰਧੂ ਨਾਲ 1903 ਵਿੱਚ ਹੋਇਆ ਤੇ ਉਦੋਂ ਇਹਨਾਂ ਦਾ ਨਾਮ ਵਿਦਿਆਵਤੀ ਕਰ ਦਿੱਤਾ ਗਿਆ। ਕਿਸ਼ਨ ਸਿੰਘ ਦੇ ਪਿਤਾ ਖਟਕੜ ਕਲਾਂ ਦੇ ਉੱਘੈ ਹਕੀਮ ਸਨ।ਹਿਕਮਤ ਦੇ ਨਾਲ ਨਾਲ ਉਹ ਆਪਣੇ ਪਿੰਡ ਤੇ ਨਾਲ ਲਗਦੇ ਪਿੰਡਾਂ ਦੇ ਵਸਨੀਕਾਂ ਦੀ ਸਮਾਜਭਲਾਈ ਵਿੱਚ ਵੀ ਸਰਗਰਮ ਰਹਿੰਦੇ।ਇਸ ਪਰਿਵਾਰ ਨੂੰ ਆਰੀਆਂ ਦਾ ਪਰਿਵਾਰ ਵੀ ਕਿਹਾ ਜਾਂਦਾ ਸੀ।
ਮਾਤਾ ਵਿਦਿਆਵਤੀ ਦੇ ਪਹਿਲੇ ਪੁੱਤਰ ਜਗਤ ਸਿੰਘ ਦਾ ਜਨਮ 1904 ਵਿੱਚ ਹੋਇਆ ਤੇ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਹੋਇਆ।ਇਹਨਾਂ ਦੇ ਜਨਮ ਵੇਲੇ ਹੀ ਇਹਨਾਂ ਦੇ ਦਾਦਾਜੀ ਨੇ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਇਹ ਦੋਨੋਂ ਘਰ ਗ੍ਰਹਿਸਤੀ ਵਿੱਚ ਨਹੀਂ ਪੈਣਗੇ ਤੇ ਆਜ਼ਾਦੀ ਦੀ ਲੜਾਈ ਵਿੱਚ ਵੱਡੀ ਕੁਰਬਾਨੀ ਦੇਣ ਲਈ ਹਾਜ਼ਰ ਰਹਿਣਗੇ।ਮਾਂ ਵਿਦਿਆਵਤੀ ਨੇ ਆਜ਼ਾਦੀ ਸੰਘਰਸ਼ ਵਿੱਚ ਖੁਦ ਸਰਗਰਮ ਹਿੱਸਾ ਨਹੀਂ ਲਿਆ ਪਰ ਇਕ ਸੁਘੜ ਗ੍ਰਹਿਣੀ ਵਾਂਗ ਅਪਨਾ ਘਰ ਚਲਾਇਆ।ਇਹਨਾਂ ਦਾ ਘਰ ਇਨਕਲਾਬੀਆਂ ਦਾ ਗੜ੍ਹ ਹੋਣ ਕਰਕੇ ਆਉਣਾ ਜਾਣਾ ਲਗਿਆ ਰਹਿੰਦਾ ਸੀ ਅਤੇ ਤਿਆਗਸ਼ੀਲ ਸੁਭਾਅ ਹੋਣ ਕਰਕੇ ਖਿੜੇ ਮੱਥੇ ਇਨਕਲਾਬੀਆਂ ਦੀ ਆਓ ਭਗਤ ਕਰਦੇ ਇਕ ਬੰਗਾਲੀ ਇਨਕਲਾਬੀ ਦੇ ਸਬਦਾਂ ਵਿੱਚ ਮਾਤਾ ਜੀ,''ਮਾਤਾਜੀ ਤੁਸੀਂ ਦਿਲ ਖੋਲ੍ਹ ਕੇ ਸਾਨੂੰ ਭੋਜਨ ਪ੍ਰੋਸਦੇ ਹੋ ਤੇ ਆਪਣੇ ਪੁਤਰਾਂ ਨੁੰ ਦੇਸ਼ ਦੇ ਲਈ ਕੁਰਬਾਨ ਹੋਣ ਲਈ ਪ੍ਰੇਰਦੇ ਰਹਿੰਦੇ ਹੋ''।
23,19, 20 ਸਾਲ ਦੀ ਉਭਰਦੀ ਜਵਾਨੀ ਵਿੱਚ ਭਗਤ ਸਿੰਘ,ਸੁਖਦੇਵ,ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ।ਉਹਨਾਂ ਨੇ ਦੂਜੇ ਪੁੱਤਰ ਕੁਲਬੀਰ ਸਿੰਘ ਅਤੇ ਕੁਲਤਾਰ ਸਿੰਘ ਨੂੰ ਜਦ ਨਜ਼ਰਬੰਦ ਕੀਤਾ ਤਾਂ ਮਾਤਾ ਜੀ ਨੇ ਹਉਕਾ ਤੱਕ ਨਾਂ ਭਰਿਆ ਅਤੇ ਨਾਂ ਮੱਥੇ ਤੇ ਕੋਈ ਸ਼ਿਕਨ ਆਈ।ਇਕ ਮਾਂ ਦੇ ਇਕ ਪੁੱਤਰ ਨੂੰ ਫਾਂਸੀ ਤੇ ਲਟਕਾ ਦੇਣਾ ਤੇ ਦੋ ਪੁੱਤਰਾਂ ਨੂੰ ਅੰਗਰੇਜ ਸਾਮਰਾਜ ਵਲੋਂ ਨਜ਼ਰਬੰਦ ਕਰ ਦੇਣਾ,ਸ਼ਾਇਦ ਹੀ ਦੁਨੀਆ ਵਿੱਚ ਕਿਤੇ ਇੰਨੇ ਵਿਸ਼ਾਲ ਜਿਗਰੇ ਵਾਲੀ ਮਾਂ ਕੋਈ ਹੋਰ ਹੋਵੇ।ਹਾਂ- ਮਾਂ 'ਗੁਜਰੀ' ਤੇ ਮਾਤਾ ਜੀਤਾਂ ਜਿਹੀਆਂ ਦੈਵੀ ਸ਼ਕਤੀਰੂਪਾ ਜਰੂਰ ਹੋਈਆਂ ਹਨ।ਪੁੱਤਰ ਹੀ ਨਹੀਂ ਮਾਤਾਜੀ ਨੇ ਆਪਣੀ ਵੱਡੀ ਧੀ 'ਅਮਰ ਕੌਰ'ੰ ਅਵਿਵਾਹਤ ਮੁਟਿਆਰ ਨੂੰ ਇਨਕਲਾਬੀ ਸਰਗਰਮੀਆਂ ਵਿੱਚ ਜਾਣ ਤੋਂ ਕਦੇ ਰੋਕ ਟੋਕ ਨਾਂ ਕੀਤੀ।ਪਰਿਵਾਰ ਤੇ ਅੋਕੜਾਂ ਵਾਰ ਵਾਰ ਆਉਂਦੀਆਂ ਰਹੀਆਂ ਪਰ ਮਾਤਾਜੀ ਹਰ ਸੰਕਟ ਦਾ ਮੁਕਾਬਲਾ ਦਲੇਰੀ ਤੇ ਹੋਸ਼ ਹਵਾਸ ਨਾਲ ਕਰਦੇ ਹੋਏ ਪਰਿਵਾਰ ਵਿੱਚ ਚੜ੍ਹਦੀ ਕਲਾ ਬਣਾਈ ਰਖਦੇ।ਉਹਨਾਂ ਦੇ ਪਰਿਵਾਰਕ ਹਾਲਾਤ ਇਸ ਤਰਾਂ ਦੇ ਵੀ ਸਨ-ਸ੍ਰ.ਕਿਸ਼ਨ ਸਿੰਘ ਦੇ ਛੋਟੇ ਭਰਾ ਸ੍ਰ. ਸਵਰਨ ਸਿੰਘ ਦੀ ਚਿਤਾ ਵਾਂਗ ਸੁਲਗਦੀ ਹੋਈ ਜਵਾਨ ਵਿਧਵਾ'ਹੁਕਮ ਕੌਰ' -ਸਵਰਨ ਸਿੰਘ 23 ਸਾਲ ਦਾ ਛੀਂਹ ਜਵਾਨ ਸੀ,ਉਸਨੂੰ ਜੇਹਲ ਦੀ ਭੈੜੀ ਖੁਰਾਕ ਸਿਲ੍ਹੀ ਰਿਹਾਇਸ਼ ਤੇ ਲੱਕ ਤੋੜਨ ਵਾਲੀ ਕੋਹਲੂ ਦੀ ਮੁਸ਼ੱਕਤ ਨੇ ਉਸਦੇ ਫੇਫੜਿਆਂ ਦੀ ਨਸ਼ਟੀ ਕਰ ਦਿੱਤੀ,ਤੇ ਜਾਲਮ ਮੌਤ ਉਹਨੂੰ ਆਪਣੇ ਨਾਲ ਲੈ ਗਈ।ਹੁਕਮ ਕੌਰ ਨੁੰ ਮਾਤਾਜੀ ਨੇ ਕਦੇ ਆਪਣੇ ਤੋਂ ਵੱਖ ਨਾਂ ਹੋਣ ਦਿੱਤਾ
ਮਾਤਾਜੀ ਹਮੇਸ਼ਾਂ ਦਸਮ ਪਾਤਸ਼ਾਹ ਦੇ ਸਤਾਰਵੇਂ ਸਵਈਏ ਦਾ ਉਚਾਰਣ ਕਰਦੇ ਤੇ ਗੁਰੂ ਨਾਲ ਇਕ ਮਿਕ ਹੋ ਜਾਂਦੇ।''ਦੇਹਿ ਸ਼ਿਵਾ ਵਰ ਮੋਹਿੲ ਇਹੇ'',ਸ਼ੁਭ ਕਰਮਨ ਤੇ ਕਬਹੂੰ ਨਾਂ ਡਰੋਂ''॥ਭਗਤ ਸਿੰਘ ਦੇ ਜਨਮ ਤੇ ਦਾਦਾਜੀ ਦਾ ਕੀਤਾ ਬਚਨ ਭਗਤ ਸਿੰਘ ਦੀ ਫਾਂਸੀ ਤੇ ਸੱਚ ਸਾਬਤ ਹੋਇਆ।
ਦੇਸ਼ ਦੀ ਵੰਡ ਹੋ ਜਾਣ ਤੇ ਪੰਜਾਬ ਦੇ ਮੁਖ ਮੰਤਰੀ ਨੇ ਮਾਤਾਜੀ ਨੂੰ 150 ਰੁਪਏ ਮਹੀਨਾ ਦੀ ਪੈਨਸ਼ਨ ਲਾ ਦਿੱਤੀ।1964 ਤੋਂ ਬਾਦ ਦੇਸ਼ ਦੇ ਨੌਜਵਾਨਾਂ ਵਿੱਚ ਰਾਜਨੀਤਕ ਤੇ ਆਰਥਿਕ ਹਾਲਾਤ ਠੀਕ ਨਾਂ ਹੋਣ ਕਰਕੇ ਨੌਜਵਾਨ ਵਰਗ ਵਿੱਚ ਨਿਰਾਸ਼ਾ ਤੇ ਬੇਚੈਨੀ ਵੱਧ ਰਹੀ ਸੀ।ਮਾਤਾਜੀ ਹਿੰਦਸਤਾਨ ਸ਼ੋਸਲਿਸਟ ਰਿਪਬਲਿਕ ਅੇਸੋਸੀਏਸ਼ਨ ਦੇ ਇਨਕਲਾਬੀਆਂ ਦਾ ਸੰਦੇਸ਼ ਯਾਦ ਕਰਵਾਉਣ ਲਈ ਨੌਜਵਾਨ ਰੈਲੀਆਂ ਵਿੱਚ ਹਾਜਰ ਹੁੰਦੇ ਤੇ ਦਸਦੇ,ਕਿ ਰਾਜਨੀਤਕ ਆਜ਼ਾਦੀ ਤੇ ਸੰਵਿਧਾਨ ਰਾਹੀਂ ਦਿੱਤੀ ਸਮਾਜਿਕ ਬਰਾਬਰੀ ਬੇਅਰਥ ਹਨ,ਜਿੰਨੀ ਦੇਰ ਤੱਕ ਆਰਥਿਕ ਬਰਾਬਰੀ ਨਹੀਂ ਹੋ ਜਾਂਦੀ,ਅਤੇ ਆਰਥਿਕ ਆਜ਼ਾਦੀ ਉਨੀ ਦੇਰ ਤੱਕ ਨਹੀਂ ਮਿਲ ਸਕਦੀ,ਜਿੰਨੀ ਦੇਰ ਤੱਕ ਮੌਕਾਪ੍ਰਸਤ ਜਿਹੜੇ ਕਿ ਦੇਸ਼ ਦੇ ਰਾਜਨੀਤਕ ਸਿਸਟਮ ਵਿੱਚ ਘੁਸ ਚੁਕੇ ਹਨ-ਨੂੰ ਕੱਢਿਆ ਨਹੀਂ ਜਾਂਦਾ'',ਨੌਜਵਾਨ ਵਰਗ ਨੂੰ ਜਾਗਣਾ ਪਵੇਗਾ,ਇਹ ਇਕ ਐੇਸਾ ਵਰਗ ਹੈ ਜੋ ਇਕ ਉੱਚੇ ਸੁੱਚੇ ਸਮਾਜ ਨੂੰ ਸਿਰਜਣ ਲਈ ਸਹਾਈ ਹੁੰਦਾ ਹੈ''।
ਉਹ ਰੈਲੀਆਂ ਵਿੱਚ ਸਵਦੇਸ਼ੀ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਵੀ ਯਤਨ ਕਰਦੇ ਰਹਿੰਦੇ ਤੇ ਸਮਝਾਉਂਦੇ ਕਿ ਵਿਦੇਸ਼ੀ ਦੀ ਭਾਵਨਾ ਰਖਣ ਨਾਲ ਚੋਰ ਬਜਾਰੀ ਤੇ ਸਮਗਲਿੰਗ ਨੂੰ ਪਰੋੜ੍ਹਤਾ ਮਿਲਦੀ ਹੈ।ਉਹ ਦਸਦੇ ਕਿ ਜਦ ਤੱਕ ਕਿਸਾਨ ਅਤੇ ਮਜਦੁਰ ਦੀ ਆਵਾਜ਼ ਸੁਣਵਾਈ ਨਹੀਂ ਹੁੰਦੀ ਤਦ ਤੱਕ ਦੇਸ਼ ਦੀ ਤਰੱਕੀ ਨਾਮੁਮਕਿਨ ਹੈ,ਅਤੇ ਇਹ ਆਜ਼ਾਦੀ ਨਾਮੁਕੰਮਲ ਹੈ।
1ਜਨਵਰੀ 1973 ਨੂੰ ਆਜ਼ਾਦੀ ਦੀ ਸਿਲਵਰ ਜੁਬਲੀ ਮਨਾਉਣ ਵੇਲੇ ਉਸ ਵਕਤ ਦੇ ਮੁਖਮੰਤਰੀ ਗਿਆਨੀ ਜੈਲ ਸਿੰਘ ਨੇ ਮਾਤਾ ਵਿਦਿਆਵਤੀ ਨੂੰ 'ਪੰਜਾਬ ਮਾਤਾ'ਦਾ ਖਿਤਾਬ ਦੇ ਕੇ ਸਨਮਾਨਿਆ।ਸਰਬੰਸ ਵਾਰ ਕੇ ਮਾਤਾਜੀ ਨੂੰ ਜੋ ਮਿਲਿਆ ਬਸ ਇਹੋ ਕੁਝ ਹੈ।ਇਸ ਸਮਾਰੋਹ ਵਿੱਚ ਸ਼ਹੀਦ ਸ੍ਰੀ ਜਤਿੰਦਰਨਾਥ ਦੇ ਛੋਟੇ ਭਰਾ ਕਿਰਨ ਦਾਸ ਕਲਕੱਤਾ ਉਚੇਚੇ ਤੌਰ ਤੇ ਸ਼ਾਮਲ ਹੋਏ।ਇਸੀ ਵਕਤ ਮਾਤਾ ਜੀ ਨੂੰ ਇਕ ਕਾਰ ਭੇਂਟ ਕਰ ਪੈਨਸ਼ਨ ਇਕ ਹਜਾਰ ਰੁਪਏ ਕਰ ਦਿੱਤੀ ਗਈ।ਮਾਤਾ ਜੀ ਕਾਰ ਭੇਂਟ ਲਈ ਸੁਭਾਵਕ ਹੀ ਬੋਲ ਪਏ,'ਹੁਣ ਤਾਂ ਮੈਂ ਕਾਰ ਵਿੱਚ ਬੈਠਣ ਯੋਗ ਹੀ ਨਹੀਂ ਰਹੀ'।
1 ਜੂਨ 1975 ਨੂੰ ਪੰਜਾਬ ਮਾਤਾ ਵਿਦਿਆਵਤੀ ਜੀ ਦਿਲੀ ਵਿਖੇ ਸਦੀਵੀ ਵਿਛੋੜਾ ਦੇ ਗਏ।ਮਾਤਾਜੀ ਦੀ ਇੱਛਾ ਸੀ ਕਿ ਉਹਨਾਂ ਦਾ ਸਸਕਾਰ ਭਗਤ ਸਿੰਘ,ਸੁਖਦੇਵ ਰਾਜਗੁਰੂ ਦੀ ਸਮਾਧੀ ਲਾਗੇ ਕੀਤਾ ਜਾਵੇ,ਇਸ ਲਈ ਮਾਤਾਜੀ ਦੀ ਦੇਹ ਨੂੰ ਪੂਰਨ ਸਰਕਾਰੀ ਸਨਮਾਨਾਂ ਨਾਲ ਖੜਕਲ ਕਲਾਂ ਹੁੰਦੇ ਹੋਏ ਹੁਸੈਨੀਵਾਲਾ ਫਿਰੋਜਪੁਰ ਵਿਖੇ ਲਿਆਂਦਾ ਗਿਆ।ਇਥੇ ਹੀ ਸ੍ਰੀ ਬੀ. ਕ.ੇ ਦੱਤ ਦਾ ਜੁਲਾਈ 1965 ਵਿੱਚ ਸਸਕਾਰ ਕੀਤਾ ਗਿਆ ਸੀ।ਉਸ ਵੇਲੇ ਦੇ ਗਵਰਨਰ ਅੇਮ ਐਮ ਚੌਧਰੀ ਤੇ ਮੁਖ ਮੰਤਰੀ ਗਿਆਨੀ ਜੈਲ ਸਿੰਘ ਤੇ ਮਾਤਾਜੀ ਦੇ ਪੁੱਤਰਾਂ ਨੇ ਸ਼ਮੂਲੀਅਤ ਕੀਤੀ।
ਮਾਨਸਿਕ ਤੌਰ ਤੇ ਇੰਨੀ ਸ਼ਕਤੀਸ਼ਾਲੀ ਤੇ ਦੇਸ਼ ਭਗਤੀ ਵਿੱਚ ਲੀਨ ਤਿਆਗਸ਼ੀਲ ਸੁਭਾਅ ਵਾਲੀ ਸਰਬੰਸ ਦੇਸ਼ ਤੋਂ ਵਾਰ ਦੇਣ ਵਾਲੀ ਮਾਤਾਜੀ ਦਾ ਇਤਿਹਾਸ ਵਿੱਚ ਬਹੁਤ ਘੱਟ ਦਰਜਾ ਹੈ,ਅਜੋਕੀ ਪੀੜ੍ਹੀ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਜੋਕਿ ਪੰਜਾਬ ਮਾਤਾ ਦੀ ਜੀਵਨੀ ਪ੍ਰਸਤਾਵ ਸਿਲੇਬਸ ਵਿੱਚ ਸ਼ਹੀਦਾਂ ਦੀ ਕਤਾਰ ਵਿੱਚ ਲਗਾਇਆ ਜਾਣਾ ਚਾਹੀਦਾ ਹੈ।ਇੰਨੀ ਮਹਾਨ ਮਾਂ ਕੋਈ ਦੂਜੀ ਨਹੀਂ ਹੋਈ,ਜਿਸਦੇ ਜਿਕਰ ਤੇ ਸਿਰ ਝੁਕ ਜਾਏ।
ਰਿਗ੍ਹਵੇਦ ਵਿੱਚ ਦਰਜ ਹੈ ਕਿ,'' ਮਾਂ ਤੇ ਮਾਤਰ ਭੁਮੀ ਦਾ ਦਰਜਾ ਸਵਰਗ ਜਿੰਨਾ ਉੱਚਾ ਤੇ ਸੁੱਚਾ ਹੈ''।ਮਾਤਾਜੀ ਵਿਦਿਆਵਤੀ'ਪੰਜਾਬ ਮਾਤਾ' ਦੀ ਹਸਤੀ ਇਸਦੀ ਜਿੰਦਾ ਮਿਸਾਲ ਹੈ।
ਸਜਦਾ ਹੈ ਇਸ ਬੇਨਜੀਰ ਮਾਂ ਨੂੰ।
= '' ਕਿਸੀ ਕੋ ਰਾਹ ਦਿਖਲਾਈ
ਕਿਸੀ ਕਾ ਜਖ਼ਮ ਸਹਿਲਾਯਾ
ਕਿਸੀ ਕੇ ਅਸ਼ਕ ਪੂੰਛੈ
ਤੋ ਇਬਾਦਤ ਕਾ ਮਜਾ ਆਯਾ ''॥
ਰਣਜੀਤ ਕੌਰ/ ਗੁੱਡੀ ਤਰਨ ਤਾਰਨ