ਅੱਜ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਸ਼ਹੀਦੀ ਹਫਤਾ ਸ਼ੁਰੂ ਹੈ - ਕੁਲਵੰਤ ਕੌਰ ਚੰਨ
ਅੱਜ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਸ਼ਹੀਦੀ ਹਫਤਾ ਸ਼ੁਰੂ ਹੈ । ਸ਼ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਫ਼ਤੇ ਨੂੰ 'ਕੁਲਵੰਤ' ਕੌਰ ਚੰਨ ਫਰਾਂਸ ਦਾ ਲਿਖਿਆ ਹੋਇਆ ਗੀਤ ਚਾਰੇ ਲਾਲਾਂ ਦੇ ਪਵਿੱਤਰ ਚਰਨਾਂ ਵਿਚ ਕਬੂਲ ਹੋਵੇ ਜੀ
ਗੋਬਿੰਦ ਨੇ ਬਣਾਈਆਂ ਦੋ ਦੋ ਪੁੱਤਾਂ ਦੀਆਂ ਜੋੜੀਆਂ , ਮਾਂਵਾਂ ਨੇ ਵੀ ਗਾਈਆਂ ਅੱਜ ਰੱਜ ਰੱਜ ਘੋੜੀਆਂ ਗੋਬਿੰਦ ਨੇ ਬਣਾਈਆਂ ਦੋ ਦੋ............
ਵੱਡਿਆਂ ਦੀ ਜੰਞ ਚਲੀ ਛੱਡ ਮਹਿਲ ਮਾੜੀਆਂ , ਦੋਵਾਂ ਦੀਆਂ ਇਕੋ ਘਰੋਂ ਆਉਣੀਆਂ ਨੇ ਲਾੜੀਆਂ , ਲਾੜਿਆਂ ਦੇ ਨਾਲ ਸੱਜੇ ਪੰਜ ਪੰਜ ਸਾਂਝੀ ਚੱਲੇ , ਲੱਖ ਲੱਖ ਮੇਲੀਆ ਨੂੰ ਮਿਲਣਗੇ ਕੱਲੇ ਕੱਲੇ , ਜੰਗ ਦੇ ਮੈਦਾਨ ਵਿੱਚ , ਵੰਡਣੀਆਂ ਲੋਹੜੀਆਂ
ਗੋਬਿੰਦ ਨੇ ਬਣਾਈਆਂ......
ਘੋੜਿਆਂ ਦੇ ਖੰਡੇ ਟੰਗੇ ਕਿੰਨਾ ਕੁਝ ਕਹਿ ਗਏ , ਦੱਸਦੇ ਨੇ ਕਿੰਨੇ ਗਾਟੇ ਬਾਗੀਆਂ ਦੇ ਲਹਿ ਗਏ , ਨੂਰ ਵੇਖ ਹੀਰਿਆਂ ਦਾ ਦੁਸ਼ਮਣ ਅੱਗੇ ਨੱਸੇ , ਮਾਏ ਤੇਰੇ ਦੋਵੇਂ ਲਾਲ ਦਾਦਾ ਸੀ ਦੇ ਕੋਲ ਵੱਸੇ, ਚੜੀਆਂ ਜਵਾਨੀਆਂ ਸ਼ਹੀਦਾਂ ਨਾਮ ਜੋੜੀਆਂ
ਗੋਬਿੰਦ ਨੇ ਬਣਾਈਆਂ.......
ਸਰਸਾ ਇਹ ਚੰਦਰੀ ਨੇ ਹੋਰ ਡਾਢੇ ਕਾਰੇ ਕੀਤੇ , ਖਵਰੇ ਕਿਹੜੇ ਜਨਮਾਂ ਦੇ ਬੱਚਿਆਂ ਤੋਂ
ਵੈਰ ਲੀਤੇ , ਤੋਤਲੀਆਂ ਬੋਲੀਆਂ ਤੇ ਜਿੰਦਾਂ ਨੇ ਮਸੂਮ ਜਿਹੀਆਂ ,ਕਦੀ ਦਾਦੀ ਵੇਖਦੇ ਤੇ ਕਦੀ ਮਾਵਾਂ ਪਿੱਛੇ ਰਹੀਆਂ
ਪਿੰਡ ਦੀ ਥਾਂ ਗੰਗੂ ਵਾਗਾਂ ਨੀਹਾਂ ਵਲ ਮੋੜੀਆਂ ਗੋਬਿੰਦ ਨੇ ਬਣਾਈਆਂ...........
ਵੇਖਣੇ ਨੂੰ ਨਿੱਕੇ ਤੇ ਬੁਲੰਦ ਨੇ ਇਰਾਦੇ ਤਿੱਖੇ ਸੂਬਾ ਸਰਹੰਦ ਤੇ ਜਲਾਦ ਰੰਗ ਪੈ ਗਏ ਫਿੱਕੇ
ਵੇਖ ਕੇ ਤਸੀਹਾ ਏਡਾ ਪੋਣਾਂ ਵੀ ਬੇਹੋਸ਼ ਹੋਈਆਂ ਲੱਗ 'ਕੁਲਵੰਤ' ਗਲ ਕੰਧਾਂ ਛੰਮ ਛੰਮ ਰੋਈਆਂ , ਵਾਰ ਸਰਬੰਸ ਮਿਸਾਲਾਂ ਜੱਗ ਉਤੇ ਛੋੜੀਆਂ
ਗੋਬਿੰਦ ਨੇ ਬਣਾਈਆਂ ਦੋ ਦੋ ਪੁੱਤਾਂ ਦੀਆਂ ਜੋੜੀਆਂ , ਮਾਵਾਂ ਨੇ ਗਾਈਆਂ ਅੱਜ ਰੱਜ ਰੱਜ ਘੋੜੀਆਂ