"ਧਾਰ ਪਾਣੀ ਦੀ ਫਿਰ ਬਿਸਾਤ ਕੀ ਹੈ ..." - ਡਾ. ਪ੍ਰਿਤਪਾਲ ਕੌਰ ਚਾਹਲ
ਨਿਭਣ ਪੱਕੇ ਰਿਸ਼ਤੇ ਮਿੱਟੀ ਦੇ
ਹੋਣ ਰਿਸ਼ਤੇ ਕੱਚੇ ਅੱਟੀ ਸੱਟੀ ਦੇ
ਮਿੱਟੀ ਦੇ ਨਾਲ ਮਿੱਟੀ ਹੋਈਏ
ਅੱਖ ਚੁੱਕ ਨਾ ਵੇਖਣ ਦੇਈਏ
ਫਿਰ ਆਪਣੀ ਹੱਕੀ ਖੱਟੀ 'ਤੇ
ਪੱਕੇ ਰਿਸ਼ਤੇ ਨਿਭਦੇ ਮਿੱਟੀ ਦੇ ….
ਦਸਾਂ ਨਹੁੰਆਂ ਦੀ ਕਿਰਤ ਹਾਂ ਕਰਦੇ
ਸੌ ਲੋਕਾਂ ਦਾ ਢਿੱਡ ਹਾਂ ਭਰਦੇ
ਰੁੱਖੀ ਮਿੱਸੀ ਖਾ ਸ਼ੁਕਰ ਹਾਂ ਕਰਦੇ
ਫਿਰ ਵੀ ਸਾਡੇ ਹੱਕ ਨੇ ਮਰਦੇ
ਸੱਭ ਦੇ ਹੱਕ ਬਰਾਬਰ ਕਹਿੰਦੇ
ਪਰ ਸਾਡੇ ਹੱਕ ਨਾ ਵੱਟੀਦੇ ....
ਨਾਲ ਮਿੱਟੀ ਦੇ ਮਿੱਟੀ ਹੋਈਏ
ਨਾਲ ਪਸੀਨੇ ਖ਼ੂਨ ਵੀ ਚੋਈਏ
ਅਸੀਂ ਤਾਂ ਖੇਤਾਂ ਸੰਗ ਹੀ ਸੋਹੀਏ
ਕਿਉਂ ਅਨਿਆਂ ਸਿਰ 'ਤੇ ਢੋਈਏ
ਰੱਖਦੇ ਸਦਾ ਮੁਸਕਾਨ ਬੁੱਲ੍ਹਾਂ ਤੇ
ਕਿ ਪਾ ਛੱਜੀਂ ਦੁੱਖ ਨਹੀਂ ਛੱਟੀਦੇ ….
ਬੇ-ਮੌਸਮੀ ਮੀਂਹ ਜੇ ਪੈ ਜਾਏ
ਜਿਣਸ ਖੇਤੀਂ ਰੁਲਦੀ ਰਹਿ ਜਾਏ
ਸੋਕਾ ਜਾਂ ਹੜ੍ਹ ਫ਼ਸਲ ਵੀ ਲੈ ਜਾਏ
ਡੰਗਰ ਵੱਛਾ ਭੁੱਖਾ ਮਰ ਜਾਏ
ਫਿਰ ਵੀ ਭੋਰਾ ਦਿਲ ਨਾ ਛੱਡਦੇ
ਕਿ ਕਿਸੇ ਅੱਗੇ ਦੁੱਖ ਨਹੀਂ ਰੱਟੀਦੇ ….
ਕਿਸੇ ਅੱਗੇ ਨਾ ਹੱਥ ਫੈਲਾਉਂਦੇ
ਲੋਕੀਂ ਇਹੀ ਗੱਲ ਸਲਾਹੁੰਦੇ
ਈਮਾਨਦਾਰੀ ਨਾਲ ਰਿਜ਼ਕ ਕਮਾਉਂਦੇ
ਖੁਸ਼ੀ 'ਚ ਰੱਬ ਦੇ ਸੋਹਲੇ ਗਾਉਂਦੇ
ਰਹਿੰਦੇ ਰੱਬ ਦੀ ਰਜ਼ਾ 'ਚ ਰਾਜ਼ੀ
ਨਾ ਡਰਦੇ ਪੋਚਣੋਂ ਵੈਰੀ ਦੀ ਫੱਟੀ ਦੇ ....
ਸੱਚ ਹੀ ਜੱਟ ਦੀ ਜੂਨ ਬੁਰੀ ਹੈ
ਵਿੱਚ ਝੋਰਿਆਂ ਹਯਾਤ ਖੁਰੀ ਹੈ
ਸਾਹਵਾਂ ਦੀ ਵੀ ਪੂੰਜੀ ਭੁਰੀ ਹੈ
ਹੱਕਾਂ ਤੇ ਜਦ ਵੀ ਚੱਲੀ ਛੁਰੀ ਹੈ
ਸੰਸਿਆਂ ਦੇ ਵਿੱਚ ਜ਼ਿੰਦ ਗਵਾਚੀ
ਕਿ ਵਿੱਚ ਦੁੱਖਾਂ ਦਿਨ ਨੇ ਕੱਟੀਦੇ …
ਸੱਚੇ ਦਿਲੋਂ ਖ਼ੈਰ ਸੱਭ ਦੀ ਮੰਗਣ
ਨੁਕਸਾਨ/ਘਾਟ ਨੂੰ ਛਿੱਕੇ ਟੰਗਣ
ਦੁਸ਼ਮਣ ਨੂੰ ਨਾ ਦੇਵਣ ਖੰਘਣ
ਪਰ ਇੱਕ ਗੱਲ ਕਹਿਣੋਂ ਵੀ ਨਾ ਸੰਗਣ ...
" ਕੀ ਆਪਣਾ ਹੱਕ ਵੀ ਅਸੀਂ ਮੰਗੀਏ ਨਾ ??
ਜ਼ਮੀਰ ਪੁੱਛਦੀ ਇਸਦੀ ਨਿਜਾਤ ਕੀ ਹੈ ???
ਆਈ 'ਤੇ ਆ ਰੁਖ ਦਰਿਆਵਾਂ ਦੇ ਵੀ ਮੋੜ ਦੇਈਏ,
ਕਕਰੀਲੀ ਧਾਰ ਪਾਣੀ ਦੀ ਫਿਰ ਬਿਸਾਤ ਕੀ ਹੈ … "
ਵਿੰਨੀਪੈਗ, ਕੈਨੇਡਾ
ਸੰਪਰਕ - +1 (431) 557-5005