ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
21 Dec. 2020
ਭਾਜਪਾ ਸਰਕਾਰ ਕਿਸਾਨਾਂ ਨਾਲ਼ ਕਈ ਵਾਰ ਵਾਅਦੇ ਕਰ ਕੇ ਮੁਕਰੀ-ਅਰਥ ਸ਼ਾਸਤਰੀ ਸਾਈਂ ਨਾਥ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਖੇਤੀ ਕਾਨੂੰਨਾਂ ਦੇ ‘ਫਾਇਦੇ’ ਗਿਣਾਉਣ ਲਈ ਹੰਸ ਦੀ ਦਿੱਲੀ ਨੇੜਲੇ ਪਿੰਡਾਂ ‘ਚ ਉਡਾਰੀ- ਇਕ ਖ਼ਬਰ
ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ, ਕਸੀਦੇ ਝੂਠ ਦੇ ਕੋਈ ਗਾਉਂਦਾ ਹੋਵੇਗਾ।
ਦਿੱਲੀ ‘ਚ ਕਿਸਾਨ ਨਹੀਂ ਖਾਲਿਸਤਾਨ ਵਾਲੇ ਬੈਠੇ ਹਨ- ਭਾਜਪਾ ਵਿਧਾਇਕ ਲੀਲਾ ਰਾਮ
ਲੀਲਾ ਰਾਮਾ ਇਕ ਵਾਰੀ ਦਿੱਲੀ ਦੇ ਬਾਰਡਰਾਂ ‘ਤੇ ਪ੍ਰਭੂ ਦੀ ਲੀਲ੍ਹਾ ਵਰਤਦੀ ਦੇਖ ਆਉਂਦਾ।
ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਕੈਂਸਲ ਕਰਨ ਦੀ ਹਰਸਿਮਰਤ ਵਲੋਂ ਨਿਖੇਧੀ- ਇਕ ਖ਼ਬਰ
ਜੇ ਸੈਸ਼ਨ ਹੁੰਦਾ ਬੀਬੀ ਫੇਰ ਵੀ ਤੂੰ ਇਹੀ ਕਹਿਣਾ ਸੀ ਕਿ ਕਿਸਾਨਾਂ ਨੂੰ ‘ਬ੍ਰਹਮ’ ਹੈ।
ਕੈਨੇਡਾ ਦੇ ਸਮਰਥਨ ਕਰ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਰੁਖ਼ ਹੋਇਆ ਸਖ਼ਤ- ਇਕ ਖ਼ਬਰ
ਮੁੰਡਾ ਮੈਨੂੰ ਵੇਖ ਲੈਣ ਦੇ, ਨੀਂ ਆਹ ਫੜ ਮਾਏਂ ਪੂਣੀਆਂ।
ਛਾਪਿਆਂ ਦੇ ਬਾਵਜੂਦ ਆੜ੍ਹਤੀਏ ਕਿਸਾਨ ਅੰਦੋਲਨ ਦੀ ਹਮਾਇਤ ਜਾਰੀ ਰੱਖਣਗੇ- ਰਵਿੰਦਰ ਸਿੰਘ ਚੀਮਾ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
ਅਕਾਲੀ ਦਲ ਨੇ ਭਾਜਪਾ ਦੀ ਪਿੱਠ ‘ਚ ਛੁਰਾ ਮਾਰਿਆ- ਸ਼ਵੇਤ ਮਲਿਕ
ਲਾਉਣੀ ਜੇ ਕਮਲ਼ੀਏ, ਨਿਭਾਉਣੀ ਕਿਉਂ ਨਾ ਸਿੱਖੀ।
ਐਮ.ਐਸ.ਪੀ. ਖਤਮ ਹੋਈ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ- ਖੱਟੜ
ਖੱਟੜ ਜੀ ਤੁਸੀਂ ਤਾਂ ਪਹਿਲਾਂ ਹੀ ਰਾਜਨੀਤਕ ਨਹੀਂ ਹੋ, ਮਹਿਜ਼ ਆਰ.ਐਸ.ਐਸ. ਦੇ ਪ੍ਰਚਾਰਕ ਹੋ।
ਜਿਹੋ ਜਿਹੇ ਲੋਕਾਂ ਦੀ ਸਰਕਾਰ, ਉਹੋ ਜਿਹੀਆਂ ਨੀਤੀਆਂ- ਆਰ. ਐਸ. ਘੁੰਮਣ
ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ।
ਇਲੈਕਟੋਰਲ ਕਾਲੇਜ ਨੇ ਬਾਇਡਨ ਦੀ ਜਿੱਤ ‘ਤੇ ਲਗਾਈ ਮੋਹਰ- ਇਕ ਖ਼ਬਰ
ਅਬ ਤੇਰਾ ਕਿਆ ਹੋਗਾ ਕਾਲੀਆ ?
ਦੋ ਔਰਤਾਂ 20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ- ਇਕ ਖ਼ਬਰ
ਮਰਦਾਂ ਤੋਂ ਕਿਹੜੀ ਗੱਲੇ ਘੱਟ ਅਸੀਂ, ਸਾਡੇ ਹੱਕ ਵੀ ਬਰਾਬਰ ਨੇ।
ਪੰਜਾਬ ਵਿਚੋਂ ਧੜਾ ਧੜ ਭਾਜਪਾ ਆਗੂਆਂ ਦੇ ਅਸਤੀਫ਼ੇ ਆਉਣ ਲੱਗੇ- ਇਕ ਖ਼ਬਰ
ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।
ਕੇਜਰੀਵਾਲ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਨੂੰ ਮੂਰਖ ਨਹੀਂ ਬਣਾ ਸਕਦਾ- ਹਰਸਿਮਰਤ
ਤੇ ਬੀਬੀ ਜੀ ਤੁਸੀਂ ਵੀ ਹੁਣ ਲੋਕਾਂ ਨੂੰ ਹੋਰ ਮੂਰਖ ਨਹੀਂ ਬਣਾ ਸਕਦੇ।
ਭਾਜਪਾ ਵਰਗੀ ਲੋਕ ਵਿਰੋਧੀ ਸਰਕਾਰ ਅੱਜ ਤੱਕ ਨਹੀਂ ਆਈ- ਅਖਿਲੇਸ਼ ਯਾਦਵ
ਕਾਦਰਯਾਰ ਅਣਹੋਣੀਆਂ ਕਰਨ ਜੇਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਜੀ।
ਸੱਤਾ ਤੋਂ ਬਾਹਰ ਹੋ ਕੇ ਹੀ ਬਾਦਲਾਂ ਨੂੰ ਪੰਥ, ਪੰਜਾਬ ਤੇ ਕਿਸਾਨ ਚੇਤੇ ਆਉਂਦੇ ਹਨ- ‘ਆਪ’ ਪਾਰਟੀ
ਨਹੀਂ ਪੰਥ ਦੇ ਵਲ ਧਿਆਨ ਤੇਰਾ, ਮਤਲਬ ਆਪਣੇ ਦਾ ਨਿਰਾ ਯਾਰ ਏਂ ਤੂੰ।
ਕਿਸਾਨ ਅੰਦੋਲਨ ਵਿਚੋਂ ਸਿਆਸੀ ਜ਼ਮੀਨ ਲੱਭ ਰਿਹਾ ਹੈ ਬਾਦਲ ਪਰਵਾਰ- ਬਡਹੇੜੀ
ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ਼ ਟੁੱਕ ਦਿੰਦੀ ਸੀ।