ਸ਼ਬਦ ਦੇ ਬੋਧੀ ਬਿਰਛ ਦੀ ਛਾਂਵੇਂ ਬੈਠਣ ਦਾ ਅਨੁਭਵ - ਗੁਰਬਚਨ ਸਿੰਘ ਭੁੱਲਰ
ਜਗਿਆਸੂ ਜਦੋਂ ਸ੍ਰਿਸ਼ਟੀ ਬਾਰੇ ਅਤੇ ਉਸ ਵਿਚ ਮਨੁੱਖ ਦੀ ਹੋਂਦ ਤੇ ਹੈਸੀਅਤ ਬਾਰੇ ਚਿੰਤਨ-ਮੰਥਨ ਕਰਨ ਵਾਸਤੇ ਇਕ ਬਿਰਛ ਦੀ ਓਟ ਵਿਚ ਬੈਠਾ, ਉਹ ਸਿਧਾਰਥ ਸੀ ਤੇ ਉਹ ਬਿਰਛ ਸੀ। ਜਦੋਂ ਲੰਮੇ ਤੇ ਸਿਰੜੀ ਚਿੰਤਨ-ਮੰਥਨ ਨੇ ਅੰਦਰ ਚਾਨਣ ਕੀਤਾ, ਉਹ ਬੁੱਧ ਹੋ ਗਿਆ ਤੇ ਉਹ ਬੋਧੀ ਬਿਰਛ ਹੋ ਗਿਆ। ਜੇ ਦੋ ਜਾਂ ਵੱਧ ਸ਼ਬਦ-ਜੀਵੀ ਗੰਭੀਰ ਸੋਚ-ਵਿਚਾਰ ਦੇ ਉਦੇਸ਼ ਨਾਲ ਸ਼ਬਦਾਂ ਦੀ ਛਾਂਵੇਂ ਮਿਲ ਬੈਠਣ, ਬੋਧੀ ਬਿਰਛ ਦੀ ਛਾਂਵੇਂ ਬੈਠੇ ਸਿਧਾਰਥ ਵਾਂਗ ਬੁੱਧ ਬਣਾ ਦੇਣ ਵਾਲ਼ਾ ਚਮਤਕਾਰੀ ਜਲੌਅ ਵਾਪਰਨਾ ਤਾਂ ਭਾਵੇਂ ਅਸੰਭਵ ਹੈ, ਤਾਂ ਵੀ ਕੁਝ ਨਾ ਕੁਝ ਚਾਨਣ ਤਾਂ ਅੰਦਰ ਹੋ ਹੀ ਜਾਂਦਾ ਹੈ। ਸੰਵਾਦ ਦਾ ਇਹੋ ਮਹਾਤਮ ਹੈ। ਸੰਵਾਦ ਦੀ ਸਮਾਪਤੀ ਵੇਲੇ ਹਰੇਕ ਸੰਵਾਦੀ ਨੂੰ ਗਿਆਨ-ਸਰੋਵਰ ਵਿਚੋਂ, ਵੱਧ ਨਹੀਂ ਤਾਂ, ਚੂਲ਼ੀ ਤਾਂ ਪ੍ਰਾਪਤ ਹੋ ਹੀ ਜਾਂਦੀ ਹੈ। ਗਿਆਨ ਦੇ ਸੰਸਾਰ ਵਿਚ ਇਕ ਤੇ ਇਕ ਦੋ ਹੀ ਨਹੀਂ, ਵੱਧ ਵੀ ਹੋ ਜਾਂਦੇ ਹਨ!
ਸਾਹਿਤ ਦੇ ਕਿਸੇ ਪੱਖ ਜਾਂ ਪੱਖਾਂ ਨੂੰ ਸਾਹਮਣੇ ਰੱਖ ਕੇ ਇਕ ਲੇਖਕ ਦਾ ਦੂਜੇ ਲੇਖਕ ਨਾਲ ਗੱਲਬਾਤ ਕਰਨਾ ਹੁਣ ਪੰਜਾਬੀ ਸਾਹਿਤ ਵਿਚ ਖਾਸਾ ਪ੍ਰਚੱਲਤ ਰਵੀਰਾ ਬਣ ਗਿਆ ਹੈ। ਸਗੋਂ ਅਜਿਹੀਆਂ ਗੱਲਾਂਬਾਤਾਂ ਤੇ ਮੁਲਾਕਾਤਾਂ ਨੂੰ ਇਕ ਵੱਖਰੀ ਵਿਧਾ ਆਖਣਾ ਵੀ ਕੋਈ ਵਧਾ-ਚੜ੍ਹਾ ਕੇ ਕਹੀ ਹੋਈ ਗੱਲ ਨਹੀਂ। ਕਦੀ-ਕਦੀ ਸੱਜਨ-ਮਿੱਤਰ ਵੰਨਸੁਵੰਨੇ ਸਾਹਿਤਕ ਮੁੱਦਿਆਂ ਬਾਰੇ, ਪੰਜਾਬੀ ਸਾਹਿਤਕ ਖੇਤਰ ਬਾਰੇ ਮੇਰੇ ਨਾਲ ਵੀ ਗੱਲਬਾਤ ਕਰਦੇ ਰਹੇ ਹਨ। ਕਿਸੇ ਲੇਖਕ ਨਾਲ ਸਾਹਿਤਕ ਚਰਚਾ ਦਾ ਉਦੇਸ਼ ਸਾਹਿਤ ਵਿਚ ਉਠਦੇ ਰਹਿੰਦੇ ਸਵਾਲਾਂ ਬਾਰੇ, ਰਚਨਾਤਮਿਕ ਕਾਰਜ ਬਾਰੇ, ਉਹਦੀ ਆਪਣੀ ਰਚਨਾ ਬਾਰੇ ਤੇ ਸਵਾਲ ਕਰਨ ਵਾਲ਼ੇ ਦੇ ਮਨ ਵਿਚ ਆਈ ਕਿਸੇ ਵੀ ਹੋਰ ਸਾਹਿਤਕ ਗੱਲ ਬਾਰੇ ਉਹਦੇ ਵਿਚਾਰ ਜਾਣਨਾ ਹੁੰਦਾ ਹੈ। ਜਵਾਬ ਦੇਣ ਵਾਲੇ ਦਾ ਈਮਾਨ ਬਣਦਾ ਹੈ ਕਿ ਉਹ ਹਰ ਸਵਾਲ ਦਾ ਆਪਣੀ ਸਮਝ ਤੇ ਸਮਰੱਥਾ ਅਨੁਸਾਰ ਠੀਕ-ਠੀਕ ਜਵਾਬ ਦੇਵੇ।
ਮੈਨੂੰ ਜੇ ਕਿਸੇ ਦੇ ਸਾਹਮਣੇ ਬੈਠਣ ਤੋਂ ‘ਡਰ’ ਲੱਗਿਆ, ਉਹ ਸਨ ਡਾ. ਹਰਿਭਜਨ ਸਿੰਘ। ਉਹਨਾਂ ਦਾ ਵੱਡੇ ਕਵੀ ਤੇ ਵੱਡੇ ਵਾਰਤਿਕਕਾਰ ਹੋਣਾ ਤਾਂ ਮੈਨੂੰ ਵਾਰਾ ਖਾਂਦਾ ਸੀ, ਪਰ ਉਹ ਨਾਲ ਹੀ ਵੱਡੇ ਆਲੋਚਕ ਵੀ ਸਨ। ਆਲੋਚਕ ਵੀ ਅਜਿਹੇ, ਜਿਨ੍ਹਾਂ ਨੇ ਲੰਮੇ ਇਤਿਹਾਸ ਵਾਲ਼ੇ ਦੇਸੀ ਗਿਆਨ ਦੇ ਨਾਲ-ਨਾਲ ਪਰਦੇਸੀਂ ਜਨਮੇ ਸਾਹਿਤਕ ਸਿਧਾਂਤ ਤੇ ਮੱਤ ਵੀ ਗਹੁ ਨਾਲ ਵਾਚੇ-ਘੋਖੇ ਹੋਏ ਸਨ। ਉਹਨਾਂ ਨੂੰ ਇਹ ਨਿਤਾਰਾ ਕਰਨ ਦੀ ਸਮਝ ਵੀ ਹੈ ਸੀ ਕਿ ਪਰਦੇਸੀ ਗਿਆਨ ਵਿਚੋਂ ਕੀ ਕੁਝ ਪੰਜਾਬੀ ਸਾਹਿਤ ਲਈ ਪ੍ਰਸੰਗਕ ਹੈ ਤੇ ਕੀ ਕੁਝ ਵਿਸਾਰਨਜੋਗ ਹੈ। ਉਹਨਾਂ ਵੱਲੋਂ ਪਹਿਲਾਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੱਲਬਾਤ ਉਹਨਾਂ ਨੂੰ ਚੰਗੇ ਲੱਗੇ ਮੇਰੇ ਕਹਾਣੀ-ਸੰਗ੍ਰਹਿ ‘ਮੈਂ ਗ਼ਜ਼ਨਵੀ ਨਹੀਂ’ ਉੱਤੇ ਕੇਂਦਰਿਤ ਹੋਣੀ ਸੀ। ਮੈਨੂੰ ਡਰ ਆਲੋਚਕੀ ਸਵਾਲਾਂ ਦਾ ਸੀ ਜਿਨ੍ਹਾਂ ਦੇ ਜਵਾਬ ਸਕੂਲੀ ਵਿਦਿਆਰਥੀ ਦੇ ਇਮਤਿਹਾਨ ਵਾਂਗ ਦੇਣੇ ਪੈਣੇ ਸਨ। ਉਹ ਪਰ ਮੇਰੇ ਸਾਹਮਣੇ ਨਾ ਵੱਡੇ ਸਾਹਿਤਕਾਰ ਬਣ ਕੇ ਆਏ ਤੇ ਨਾ ਵੱਡੇ ਆਲੋਚਕ ਬਣ ਕੇ, ਸਗੋਂ ਰਸੀਏ ਪਾਠਕ ਦਾ ਅਵਤਾਰ ਧਾਰ ਕੇ ਆਏ।
ਇਸ ‘ਪਾਠਕ’ ਸ਼ਬਦ ਤੋਂ ਇਕ ਦਿਲਚਸਪ ਗੱਲ ਚੇਤੇ ਆ ਗਈ। ਉਹਨਾਂ ਨੇ ਇਹ ਗੱਲਬਾਤ ਪੰਜਾਬੀ ਅਕਾਦਮੀ, ਦਿੱਲੀ ਦੇ ਪੱਤਰ ‘ਸਮਦਰਸ਼ੀ’ ਵਿਚ ਛਪਣੀ ਭੇਜ ਦਿੱਤੀ। ਰਸਾਲਾ ਛਪ ਕੇ ਆਇਆ ਤਾਂ ਰਚਨਾਕਾਰ ਤੇ ਰਚਨਾ ਸੰਬੰਧੀ ਸਿਰਲੇਖ ਹੇਠ ਲੇਖਕ ਦੇ ਨਾਂ ਦੀ ਥਾਂ ਉਹਨਾਂ ਨੇ ਲਿਖਿਆ ਹੋਇਆ ਸੀ, ਪਾਠਕ ਹਰਿਭਜਨ ਸਿੰਘ। ਕੁਝ ਦਿਨਾਂ ਮਗਰੋਂ ਮੈਨੂੰ ਪੰਜਾਬੀ ਅਕਾਦਮੀ ਦੀ ਚਿੱਠੀ ਆਈ, ‘‘ਤੁਹਾਡੇ ਸੰਬੰਧੀ ਲਿਖਤ ਦੇ ਕਰਤਾ ‘ਪਾਠਕ ਹਰਿਭਜਨ ਸਿੰਘ’ ਬਾਰੇ ਸਾਨੂੰ ਕਿਤੋਂ ਜਾਣਕਾਰੀ ਨਹੀਂ ਮਿਲ ਸਕੀ। ਉਹਨਾਂ ਦਾ ਪਤਾ ਲਿਖ ਭੇਜੋ ਤਾਂ ਜੋ ਕਿਰਤ-ਫਲ ਦਾ ਮਨੀ-ਆਰਡਰ ਭੇਜਿਆ ਜਾ ਸਕੇ।’’ ਹਾਸਾ ਆਉਣਾ ਕੁਦਰਤੀ ਸੀ। ਡਾਕਟਰ ਸਾਹਿਬ ਨੂੰ ਦੱਸਿਆ ਤਾਂ ਉਹ ਵੀ ਬਹੁਤ ਪ੍ਰਸੰਨ ਹੋਏ। ਅਕਾਦਮੀ ਨੂੰ ਮੈਂ ਲਿਖਿਆ, ‘‘ਇਹ ਹਰਿਭਜਨ ਸਿੰਘ ਹਨ ਜਿਨ੍ਹਾਂ ਨੇ ਇਹ ਲਿਖਤ ਪਾਠਕ ਵਜੋਂ ਲਿਖੀ ਹੈ। ਸ਼ਬਦ ‘ਪਾਠਕ’ ਨੂੰ ਵਿਸ਼ੇਸ਼ਨ ਸਮਝੋ, ਉਹਨਾਂ ਦੇ ਨਾਂ ਦਾ ਹਿੱਸਾ ਨਹੀਂ!’’
ਖ਼ੈਰ, ਉਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਜਿਸ ਬਰੀਕੀ ਨਾਲ ਪੜ੍ਹੀਆਂ ਤੇ ਉਹਨਾਂ ਦੇ ਅੰਸ਼ ਇਕ ਦੂਜੀ ਨਾਲ ਸੁਮੇਲੇ, ਮੇਰਾ ਉਹਨਾਂ ਦੀ ਨੀਝ-ਪਰਖ ਤੇ ਪਾਠਕੀ ਕਲਾ ਦੇਖ ਕੇ ਹੈਰਾਨ ਹੋਣਾ ਸੁਭਾਵਿਕ ਸੀ। ਮੈਨੂੰ ਆਪਣੀਆਂ ਹੀ ਕਹਾਣੀਆਂ ਦੀਆਂ ਕਈ ਅਜਿਹੀਆਂ ਗੱਲਾਂ ਦਾ ਪਤਾ ਲੱਗਿਆ ਜੋ ਮੇਰੀ ਅਕਲ ਵਿਚ ਨਹੀਂ ਸਨ। ਨਿਰਸੰਦੇਹ ਅਜਿਹੀ ਗੱਲਬਾਤ ਸਿਰਫ਼ ਸੰਬੰਧਿਤ ਲੇਖਕ ਲਈ, ਇਸ ਸੂਰਤ ਵਿਚ ਮੇਰੇ ਲਈ, ਹੀ ਲਾਭਦਾਇਕ ਨਹੀਂ ਰਹਿੰਦੀ ਸਗੋਂ ਉਸ ਵਿਚਲੀਆਂ ਕਈ ਗੱਲਾਂ ਅਨੇਕ ਲੇਖਕਾਂ ਦੇ ਕੰਮ ਆਉਣ ਵਾਲੀਆਂ ਸਿੱਧ ਹੁੰਦੀਆਂ ਹਨ।
ਉਹਨਾਂ ਦਾ ਮੇਰੀ ਪੁਸਤਕ ਬਾਰੇ ਅਜਿਹੀ ਚਰਚਾ ਕਰਨਾ ਮੇਰੇ ਲਈ ਵੱਡਾ ਪੁਰਸਕਾਰ ਸੀ। ਉਹਨਾਂ ਨੇ ਰਸਾਲੇ ਵਿਚ ਛਪਣ ਲਈ ਭੇਜਣ ਸਮੇਂ ਪੰਨਿਆਂ ਨੂੰ ਧਿਆਨ ਵਿਚ ਰੱਖ ਕੇ ਗੱਲਬਾਤ ਕੁਝ ਛੋਟੀ ਕਰ ਦਿੱਤੀ। ਹੁਣ ਝੋਰਾ ਹੈ ਕਿ ਉਹਨਾਂ ਦੇ ਜਿਉਂਦੇ-ਜੀਅ ਸੰਪੂਰਨ ਗੱਲਬਾਤ ਲੈ ਲੈਣ ਦਾ ਖ਼ਿਆਲ ਕਿਉਂ ਨਾ ਆਇਆ! ਦੇਵਿੰਦਰ ਸਤਿਆਰਥੀ ਕਿਹਾ ਕਰਦੇ ਸਨ, ‘‘ਰੱਬਾ, ਮੈਨੂੰ ਨਾ-ਸਮਝਣ-ਵਾਲ਼ਾ ਪਾਠਕ ਨਾ ਦੇ!’’ ਸਾਹਿਤਕ ਜ਼ਿੰਦਗੀ ਵਿਚ ਬੇਸ਼ੁਮਾਰ ਸਮਝਣ-ਵਾਲ਼ੇ ਪਾਠਕਾਂ ਦੇ ਨਾਲ-ਨਾਲ ਜਦੋਂ ਕਈ ਨਾ-ਸਮਝਣ-ਵਾਲ਼ੇ ਪਾਠਕ ਬੇਸਿਰ-ਪੈਰ ਗੱਲਾਂ ਕਰਦੇ ਰਹੇ ਹਨ, ਸਤਿਆਰਥੀ ਜੀ ਦੇ ਕਥਨ ਦਾ ਸੱਚ ਤੇ ਵਜ਼ਨ ਸਮਝ ਵਿਚ ਆਉਂਦਾ ਰਿਹਾ ਹੈ। ਸਮਝਣ-ਵਾਲ਼ਾ ਪਾਠਕ ਮਿਲਿਆਂ ਲੇਖਕ ਨੂੰ ਹੁੰਦੀ ਤਸੱਲੀ ਦਾ ਭਰਵਾਂ ਅਹਿਸਾਸ ਡਾ. ਹਰਿਭਜਨ ਸਿੰਘ ਨੇ ਕਰਵਾਇਆ।
ਚੰਡੀਗੜ੍ਹ ਦੇ ਵੇਲ਼ੇ ਤੋਂ ਮਿੱਤਰ ਬਣੇ ਪ੍ਰੋ. ਹਰਭਜਨ ਸਿੰਘ ਨਾਲ ਗੱਲਬਾਤ ਦੀ ਦਾਸਤਾਨ ਹੋਰ ਵੀ ਅਜੀਬ ਤੇ ਦਿਲਚਸਪ ਹੈ। ਕਈ ਸਾਲਾਂ ਮਗਰੋਂ ਉਹ ਮੇਰੀ ਅਮਰੀਕਾ ਦੀ ਫੇਰੀ ਸਮੇਂ ਪਰਵਾਸੀ ਬਣੇ ਹੋਏ ਮਿਲੇ। ਇਕ ਸ਼ਾਮ ਇਕ ਸਾਂਝੇ ਦੋਸਤ ਦੇ ਘਰ ਇਕ ਛੋਟੀ ਜਿਹੀ ਮਹਿਫ਼ਲ ਸਜੀ ਤਾਂ ਕੋਈ ਰਸਮੀ ਗੱਲਬਾਤ, ਕੋਈ ਸੰਵਾਦ ਸਾਡੀ ਕਾਰਜ-ਸੂਚੀ ਵਿਚ ਸ਼ਾਮਲ ਨਹੀਂ ਸੀ। ਗੱਲਾਂ ਚਲਦੀਆਂ ਵਿਚ ਉਹਨਾਂ ਨੇ ਮੈਥੋਂ ਸਿਰਫ਼ ਇਕ ਸਵਾਲ ਪੁੱਛਣ ਦੀ ਇੱਛਾ ਦੱਸੀ। ਫੇਰ ਉਹ ਬੋਲੇ, ਪਰ ਉਸ ਤੋਂ ਪਹਿਲਾਂ ਇਹ ਦੱਸੋ...! ਇਸੇ ਤਰ੍ਹਾਂ ‘‘ਉਸ ਸਵਾਲ ਤੋਂ ਪਹਿਲਾਂ’’ ਉਹ ਹੋਰ-ਹੋਰ ਸਵਾਲ ਕਰਦੇ ਤੇ ਗੱਲਾਂ ਪੁਛਦੇ ਰਹੇ। ਸਾਡੀ ਇਸ ਗੱਲਬਾਤ ਦੌਰਾਨ ਤੇ ਉਹਨਾਂ ਦੇ ਮੁੱਖ ‘‘ਇਕ ਸਵਾਲ’’ ਪੁੱਛਣ ਤੋਂ ਪਹਿਲਾਂ ਭੋਜਨ ਵੀ ਹੋ ਗਿਆ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਸਵੇਰੇ ਮੇਜ਼ਬਾਨਾਂ ਨੇ ਵੀ ਆਪਣੇ-ਆਪਣੇ ਕੰਮ ਜਾਣਾ ਸੀ। ਇਸ ਲਈ ਪ੍ਰੋ. ਹਰਭਜਨ ਸਿੰਘ ਦਾ ਮੈਨੂੰ ਪੁੱਛਿਆ ਜਾਣ ਵਾਲ਼ਾ ਇਕ ਸਵਾਲ ਤੇ ਮੇਰੇ ਵੱਲੋਂ ਦਿੱਤਾ ਜਾਣ ਵਾਲ਼ਾ ਉਸ ਦਾ ਜਵਾਬ ਸਾਨੂੰ ‘‘ਫੇਰ ਕਿਸੇ ਸਮੇਂ ਲਈ’’ ਪਿੱਛੇ ਪਾਉਣੇ ਪਏ। ਇਹ ਗੱਲਬਾਤ ਉਸ ਇਕੋ-ਇਕ ਸਵਾਲ ਤੋਂ ਪਹਿਲਾਂ ਦੀ ਹੈ ਜੋ ਪ੍ਰੋਫ਼ੈਸਰ ਸਾਹਿਬ ਨੇ ਮੈਨੂੰ ਉਸ ਸ਼ਾਮ ਪੁੱਛਣਾ ਸੀ ਤੇ ਜਿਸ ਨੂੰ ਪੁੱਛਣ ਦਾ ਉਸ ਮਗਰੋਂ ਅੱਜ ਤੱਕ ਦੇ ਪੰਦਰਾਂ ਵਰ੍ਹਿਆਂ ਵਿਚ ਕਦੀ ਸਬੱਬ ਨਹੀਂ ਬਣ ਸਕਿਆ!
ਜਸਬੀਰ ਭੁੱਲਰ ਨੇ ਮੇਰੇ ਸਾਹਿਤ ਅਕਾਦਮੀ ਪੁਰਸਕਾਰ ਨੂੰ ਲੈ ਕੇ ਹੀ ਗੱਲਬਾਤ ਕੀਤੀ। ਡਾ. ਜਸਵਿੰਦਰ ਕੌਰ ਬਿੰਦਰਾ ਨੇ ਮੇਰੀਆਂ ਕੁਝ ਕਹਾਣੀਆਂ ਦੇ ਹਿੰਦੀ ਅਨੁਵਾਦ ਦੀ ਇਕ ਪੁਸਤਕ ‘ਗੁਰਬਚਨ ਸਿੰਘ ਭੁੱਲਰ ਕੀ ਚੁਨਿੰਦਾ ਕਹਾਨੀਆਂ’ ਤਿਆਰ ਕੀਤੀ ਸੀ। ਉਸ ਨੂੰ ਲੱਗਿਆ ਕਿ ਇਸ ਪੁਸਤਕ ਵਿਚ ਦੂਜੀ ਭਾਸ਼ਾ ਦੇ ਪਾਠਕਾਂ ਦੀ ਸਹੂਲਤ ਲਈ ਲੇਖਕ ਨਾਲ ਕੁਝ ਸਵਾਲ-ਜਵਾਬ ਕਰਨੇ ਠੀਕ ਰਹਿਣਗੇ। ਡਾ. ਰਵੀ ਰਵਿੰਦਰ ਨੇ ਇਕ ਹਿੰਦੀ ਰਸਾਲੇ ਦੇ ਪੰਜਾਬੀ ਕਹਾਣੀ ਵਿਸ਼ੇਸ਼ ਅੰਕ ਲਈ ਮੈਨੂੰ ਕੁਝ ਸਵਾਲ ਪੁੱਛੇ ਸਨ। ‘ਕਹਾਣੀ ਧਾਰਾ’ ਨੇ ਇਕ ਵਾਰ ਕਈ ਕਹਾਣੀਕਾਰਾਂ ਨੂੰ ਇਕ ਸਵਾਲਨਾਮਾ ਭੇਜ ਕੇ ਜਵਾਬ ਮੰਗੇ ਸਨ। ਇਸੇ ਤਰ੍ਹਾਂ ਕੁਝ ਹੋਰ ਸੱਜਨਾਂ-ਮਿੱਤਰਾਂ ਨੇ ਆਪਣੇ-ਆਪਣੇ ਮਨੋਰਥ ਅਨੁਸਾਰ ਮੇਰੇ ਨਾਲ ਗੱਲਬਾਤ ਕੀਤੀ। ਹਾਂ, ਗੱਲਾਂਬਾਤਾਂ ਦੀ ਇਕ ਵੰਨਸੁਵੰਨੀ ਤਿੱਕੜੀ ਅਮਰੀਕਾ ਵਿਚ ਹੋਈ। ਚਰਨ ਸਿੰਘ ਜੱਜ ਦੀ ਗੱਲਬਾਤ ਅਮਰੀਕਾ ਵਿਚ ਜਨਮੀ-ਵਿਗਸੀ ਗ਼ਦਰ ਲਹਿਰ ਬਾਰੇ ਸੀ, ਸਿਆਸਤ ਸਿੰਘ ਦੀ ਗੱਲਬਾਤ ਉਥੋਂ ਦੇ ਪੰਜਾਬੀ ਸਾਹਿਤ ਤੇ ਪੱਤਰਕਾਰੀ ਬਾਰੇ ਸੀ ਅਤੇ ਗੁੱਡੀ ਸਿੱਧੂ ਦੀ ਗੱਲਬਾਤ ਸਮੁੱਚੇ ਪੰਜਾਬੀ ਸਾਹਿਤ ਤੇ ਉਹਦੇ ਅੰਗ ਵਜੋਂ ਅਮਰੀਕੀ ਪੰਜਾਬੀ ਸਾਹਿਤ ਬਾਰੇ ਸੀ। ਰੱਜ ਦੇ ਪੱਖੋਂ ਚੌਮਾਸਕ ‘ਹੁਣ’ ਨਾਲ ਗੱਲਬਾਤ ਬੇਮਿਸਾਲ ਰਹੀ। ਸਹਿਜ ਨਾਲ ਮਿਲ ਕੇ ਬੈਠਦਿਆਂ ਗੱਲਬਾਤ ਕਰਨ ਸਮੇਂ ਸਾਡੇ ਸਾਹਮਣੇ ਨਾ ਪੰਨਿਆਂ ਦੀ ਕੋਈ ਹੱਦ ਸੀ ਤੇ ਨਾ ਸਵਾਲਾਂ ਦੇ ਕਲਾਵੇ ਦੀ ਕੋਈ ਗਿਣਤੀ-ਮਿਣਤੀ ਸੀ। ਇਸ ਗੱਲਬਾਤ ਦਾ ਬਹੁਤ ਲੰਮੀ ਹੋ ਜਾਣਾ ਸੁਭਾਵਿਕ ਸੀ।
ਅਜਿਹੀਆਂ ਪੁਸਤਕਾਂ ਵਿਚ, ਜਿਥੇ ਕਈ ਲੇਖਕ-ਵਿਦਵਾਨ ਸਵਾਲ ਪੁੱਛਣ ਵਾਲ਼ੇ ਹੋਣ ਤੇ ਜਵਾਬ ਦੇਣ ਵਾਲ਼ਾ ਇਕੋ ਹੋਵੇ, ਦੁਹਰਾਉ ਦਾ ਸ਼ੱਕ ਬਣਿਆ ਰਹਿੰਦਾ ਹੈ। ਪਰ ਲਗਭਗ ਸਾਰੇ ਹੀ ਸਵਾਲ-ਕਰਤਿਆਂ ਦਾ ਮਨੋਰਥ ਇਕ ਦੂਜੇ ਨਾਲੋਂ ਕੁਝ ਨਾ ਕੁਝ ਵੱਖਰਾ ਹੋਣ ਸਦਕਾ ਇਥੇ ਦੁਹਰਾਉ ਦੀ ਕੋਈ ਗੁੰਜਾਇਸ਼ ਨਾ ਰਹੀ। ਇਉਂ ਸਮੁੱਚੇ ਰੂਪ ਵਿਚ ਪੁਸਤਕ ਦੇ ਕਲਾਵੇ ਵਿਚ ਬਹੁਤ ਕੁਝ ਆ ਗਿਆ। ਨਾਲ਼ੇ ਇਕੋ ਲੇਖਕ ਬਾਰੇ ਵੱਖ-ਵੱਖ ਸੱਜਨਾਂ-ਮਿੱਤਰਾਂ ਨੇ ਵੱਖ-ਵੱਖ ਪ੍ਰਭਾਵ ਬਣਾਏ ਹੋਏ ਹੁੰਦੇ ਹਨ ਤੇ ਉਹਨਾਂ ਵਿਚੋਂ ਹਰ ਇਕ ਨੇ ਆਪਣੇ ਹੀ ਨਜ਼ਰੀਏ ਤੋਂ ਸਵਾਲ ਪੁੱਛਣੇ ਹੁੰਦੇ ਹਨ। ਜੇ ਕਈ ਜਣਿਆਂ ਦੇ ਸਵਾਲ-ਜਵਾਬ ਕਿਸੇ ਇਕੋ ਗੱਲ ਬਾਰੇ ਵੀ ਹੋਣ, ਜ਼ਰੂਰੀ ਨਹੀਂ ਕਿ ਉਹ ਇਕੋ ਜਿਹੇ ਹੀ ਹੋਣਗੇ। ਇਕੋ ਮੁੱਦੇ ਬਾਰੇ ਸਵਾਲ ਵੀ ਵੱਖਰੇ ਹੋ ਜਾਂਦੇ ਹਨ ਤੇ ਜਵਾਬਾਂ ਵਿਚ ਵੀ ਫ਼ਰਕ ਆ ਜਾਂਦਾ ਹੈ।
ਬਾਣੀਕਾਰ ਭਗਤ ਜੀ ਕਹਿੰਦੇ ਹਨ, ‘‘ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।’’ ਭਾਵ, ਮਨ ਭਲਾ-ਬੁਰਾ ਸਭ ਕੁਝ ਜਾਣਦਾ ਹੁੰਦਾ ਹੈ ਤੇ ਜਾਣਦਿਆਂ ਹੀ ਔਗੁਣ ਕਰਦਾ ਹੈ। ਅਜਿਹੀ ਗੱਲਬਾਤ ਸਮੇਂ ਵੀ ਸਵਾਲ ਸੁਣ ਕੇ ਮਨ ਉਹਦਾ ਸੱਚਾ ਉੱਤਰ ਸਾਹਮਣੇ ਲਿਆਉਂਦਾ ਹੈ ਤੇ ਇਹ ਉੱਤਰ ਦੇਣ ਵਾਲ਼ੇ ਉੱਤੇ ਨਿਰਭਰ ਹੈ ਕਿ ਉਹਨੇ ਉਹੋ ਸੱਚਾ ਉੱਤਰ ਦੇਣਾ ਹੈ ਜਾਂ ਉਸ ਵਿਚ ਖੋਟ ਰਲ਼ਾਉਣਾ ਹੈ। ਮਿਸਾਲ ਵਜੋਂ ਮਨੁੱਖ ਆਪਣੇ ਪੱਖ ਵਿਚ ਜਾਂਦੀ ਗੱਲ ਨੂੰ ਵਧਾ-ਚੜ੍ਹਾ ਵੀ ਸਕਦਾ ਹੈ ਤੇ ਵਿਰੁੱਧ ਜਾਂਦੀ ਗੱਲ ਦੀ ਸੁਰ ਧੀਮੀ ਵੀ ਕਰ ਸਕਦਾ ਹੈ। ਪਰ ਮੇਰੀ ਕੋਸ਼ਿਸ਼ ਰਹੀ ਕਿ ਕਿਸੇ ਸਵਾਲ ਦਾ ਜੋ ਸਹੀ ਉੱਤਰ ਮੇਰੀ ਸਮਝ ਅਨੁਸਾਰ ਬਣਦਾ ਹੋਵੇ, ਮੈਂ ਉਹੋ ਹੀ ਸਵਾਲ-ਕਰਤਿਆਂ ਸਾਹਮਣੇ ਈਮਾਨਦਾਰੀ ਨਾਲ ਪੇਸ਼ ਕਰਾਂ।
ਕਥਿਤ ਆਲੋਚਕਾਂ ਦੀ ਪੂਰੀ ਤਰ੍ਹਾਂ ਛੇਕੀ ਹੋਈ ਸਵਰਗੀ ਕਲਾਵੰਤ ਕਹਾਣੀਕਾਰ ਸੁਖਵੰਤ ਕੌਰ ਮਾਨ ਨੂੰ ਮੈਂ ਇਕ ਵਾਰ ਉਹਦੇ ਲਿਖਣ ਬਾਰੇ ਪੁੱਛਿਆ, ਤਾਂ ਉਹਦਾ ਉੱਤਰ ਸੀ, ‘‘ਲਿਖ ਤਾਂ ਉਹੋ ਅੱਖਰ ਹੀ ਰਹੀ ਹਾਂ ਜੋ ਕੱਚੀ ਪਹਿਲੀ ਵਿਚ ਸਿੱਖੇ ਸਨ! ... ਹਾਂ, ਸਿਆਣਿਆਂ ਦੇ ਉਹਨਾਂ ਨੂੰ ਇਕ-ਦੂਜੇ ਦੇ ਅੱਗੇ-ਪਿੱਛੇ ਜੋੜ ਕੇ ਬਣਾਏ ਸ਼ਬਦਾਂ ਨੂੰ ਇਕ ਰਚਨਾ ਦੇ ਵਾਕਾਂ ਵਿਚ ਪਰੋਨ ਲੱਗੀ ਹੋਈ ਹਾਂ।’’ ਠੀਕ ਹੀ ਰਚਨਾ ਦੀ ਸਾਰੀ ਸ੍ਰਿਸ਼ਟੀ ਦਾ ਇਹੋ ਭੇਤ ਤੇ ਰਹੱਸ ਹੈ। ਸ਼ਬਦਾਂ ਦੀ ਛਾਂ ਹੀ ਲੇਖਕ ਦੀ ਪਹਿਲੀ ਤੇ ਆਖ਼ਰੀ ਠਾਹਰ ਹੁੰਦੀ ਹੈ। ਇਸੇ ਸਦਕਾ ਸੱਜਨਾਂ-ਮਿੱਤਰਾਂ ਦੀਆਂ ਮੇਰੇ ਨਾਲ ਕੀਤੀਆਂ ਗੱਲਾਂਬਾਤਾਂ ਦੇ ਸੰਗ੍ਰਹਿ ਦਾ ਨਾਂ ਸਹਿਜੇ ਹੀ ‘ਸ਼ਬਦਾਂ ਦੀ ਛਾਂਵੇਂ’ ਟਿਕ ਗਿਆ। (ਪੁਸਤਕ ਆਰਸੀ ਪਬਲਿਸ਼ਰਜ਼, 51, ਪਰਦਾ ਬਾਗ਼, ਦਰਿਆਗੰਜ, ਦਿੱਲੀ ਨੇ ਪ੍ਰਕਾਸ਼ਿਤ ਕੀਤੀ ਹੈ।)